ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 123

ਮਾਝ ਮਹਲਾ ੩ ॥ ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥ ਗੁਰ ਕੈ ਸਬਦਿ ਨਾਮਿ ਸਵਾਰੇ ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥ ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥੧॥ ਰਹਾਉ ॥ ਹਰਿ ਜੀਉ ਸਾਚਾ ਸਾਚੀ ਨਾਈ ॥ ਗੁਰ ਪਰਸਾਦੀ ਕਿਸੈ ਮਿਲਾਈ ॥ ਗੁਰ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥੨॥ ਤੁਝ ਤੇ ਬਾਹਰਿ ਕਛੂ ਨ ਹੋਇ ॥ ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥ ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥੩॥ ਕਾਮਣਿ ਗੁਣਵੰਤੀ ਹਰਿ ਪਾਏ ॥ ਭੈ ਭਾਇ ਸੀਗਾਰੁ ਬਣਾਏ ॥ ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥੪॥ ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥ ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥ ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥੫॥ ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥ ਦੂਜੈ ਭਾਇ ਸੁਖੁ ਪਾਏ ਨ ਕੋਈ ॥ ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥੬॥ ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥ ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥ ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥੭॥ ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ ॥ ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ ॥ ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੨॥੨੩॥ {ਪੰਨਾ 123}

ਪਦ ਅਰਥ: ਸੋਹਹਿ-ਸੋਭਦੇ ਹਨ। ਸਾਚੈ ਦਰਬਾਰੇ = ਸਦਾ ਕਾਇਮ ਰਹਿਣ ਵਾਲੇ ਦਰਬਾਰ ਵਿਚ। ਅਨੰਦਿ = ਆਨੰਦ ਵਿਚ। ਕਹਿ-ਆਖ ਕੇ, ਉਚਾਰ ਕੇ। ਗੁਣੀ-ਗੁਣਾਂ ਦੇ ਮਾਲਕ-ਪ੍ਰਭੂ ਵਿਚ।1।

ਸੁਣਿ-ਸੁਣ ਕੇ। ਮੰਨਿ-ਮਨਿ, ਮਨ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ। ਮਾਰਿ-ਮਾਰ ਕੇ।1। ਰਹਾਉ।

ਸਾਚੀ = ਸਦਾ ਕਾਇਮ ਰਹਿਣ ਵਾਲੀ। ਨਾਈ = {Ônw = ਅਰਬੀ ਲ਼ਫ਼ਜ਼} ਵਡਿਆਈ। ਕਿਸੈ-ਕਿਸੇ ਵਿਰਲੇ ਨੂੰ। ਸਬਦਿ-ਸ਼ਬਦ ਦੀ ਰਾਹੀਂ। ਸਹਜੇ-ਸਹਜਿ, ਆਤਮਕ ਅਡੋਲਤਾ ਵਿਚ।2।

ਤੇ-ਤੋਂ। ਵੇਖਹਿ-ਵੇਖਦਾ ਹੈਂ, ਸੰਭਾਲ ਕਰਦਾ ਹੈਂ।3।

ਕਾਮਣਿ-ਇਸਤ੍ਰੀ {kwimnI}। ਭੈ = ਡਰ-ਅਦਬ ਵਿਚ। ਭਾਇ-ਪ੍ਰੇਮ ਵਿਚ। ਸੇਵਿ-ਸੇਵ ਕੇ, ਆਸਰਾ ਬਣ ਕੇ। ਸਚੁ ਉਪਦੇਸਿ = ਸਦਾ-ਥਿਰ ਪ੍ਰਭੂ ਨਾਲ ਮਿਲਾਣ ਵਾਲੇ ਉਪਦੇਸ ਵਿਚ।4।

ਭ੍ਰਮਿ = ਭਟਕਣਾ ਵਿਚ ਪੈ ਕੇ। ਭੂਲੇ = ਕੁਰਾਹੇ ਪੈ ਗਏ। ਘਰਿ-ਘਰ ਵਿਚ। ਕਾਉ-ਕਾਂ। ਹਾਲਤੁ-{ਵ=} ਇਹ ਲੋਕ। ਪਲਤੁ {prnå} ਪਰਲੋਕ। ਦੁਖੇ-ਦੁਖਿ ਹੀ, ਦੁੱਖ ਵਿਚ ਹੀ।5।

ਮਸੁ-ਸਿਆਹੀ। ਖੋਈ-ਮੁਕਾ ਲਈ। ਦੂਜੈ ਭਾਇ-ਮਾਇਆ ਦੇ ਪਿਆਰ ਵਿਚ। ਤੈ = ਅਤੇ। ਜਲਿ ਜਾਵਹਿ = ਸੜ ਜਾਂਦੇ ਹਨ, ਖਿੱਝਦੇ ਹਨ। ਕੂੜਿ-ਕੂੜ ਵਿਚ, ਨਾਸਵੰਤ ਦੇ ਮੋਹ ਵਿਚ।6।

ਸਚੇ = ਸਦਾ-ਥਿਰ ਪ੍ਰਭੂ ਦਾ ਰੂਪ। ਮੋਖ ਦੁਆਰੁ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ। ਸਚੁ-ਸਫਲ। ਮਸਵਾਣੀ-ਦਵਾਤ। ਲਿਖਿ-ਲਿਖ ਕੇ।7।

ਅੰਤਰਿ-(ਜੀਵਾਂ ਦੇ) ਅੰਦਰ। ਲੇਖੈ-ਲੇਖੇ ਵਿਚ, ਪਰਵਾਨ। ਤੇ-ਪਾਸੋਂ।8।

ਅਰਥ: (ਹੇ ਪ੍ਰਭੂ!) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ। (ਹੇ ਭਾਈ!) ਭਗਤ ਜਨ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ।1।

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ। ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ (ਜੀਵਾਂ ਵਾਲੀ 'ਮੈਂ ਮੇਰੀ' ਤੋਂ) ਬਹੁਤ ਉੱਚਾ ਹੈ, (ਵਡ ਭਾਗੀ ਜੀਵ) ਹਉਮੈ ਮਾਰ ਕੇ (ਹੀ) ਉਸ ਵਿਚ ਲੀਨ ਹੁੰਦੇ ਹਨ।1। ਰਹਾਉ।

ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ ਵਡ-ਭਾਗੀ) ਨੂੰ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾਂਦਾ ਹੈ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਵਿਚ) ਮਿਲਦੇ ਹਨ, ਉਹ (ਉਸ ਤੋਂ) ਵਿੱਛੁੜਦੇ ਨਹੀਂ। ਉਹ ਆਤਮਕ ਅਡੋਲਤਾ ਵਿਚ ਤੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹਿੰਦੇ ਹਨ।2।

(ਹੇ ਭਾਈ!) ਤੈਥੋਂ (ਭਾਵ, ਤੇਰੇ ਹੁਕਮ ਤੋਂ) ਬਾਹਰ ਕੁਝ ਨਹੀਂ ਹੋ ਸਕਦਾ। ਤੂੰ (ਜਗਤ) ਪੈਦਾ ਕਰ ਕੇ (ਉਸ ਦੀ) ਸੰਭਾਲ (ਭੀ) ਕਰਦਾ ਹੈਂ, ਤੂੰ (ਹਰੇਕ ਦੇ ਦਿਲ ਦੀ) ਜਾਣਦਾ ਭੀ ਹੈਂ।

(ਹੇ ਭਾਈ!) ਕਰਤਾਰ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ (ਤੇ ਜੀਵਾਂ ਪਾਸੋਂ) ਕਰਾਂਦਾ ਹੈ, ਗੁਰੂ ਦੀ ਮਤਿ ਦੀ ਰਾਹੀਂ ਆਪ ਹੀ ਜੀਵਾਂ ਨੂੰ ਆਪਣੇ ਵਿਚ ਮਿਲਾਂਦਾ ਹੈ।3।

ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਂਦੀ ਹੈ ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ। ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ (ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ) ਸਿੰਗਾਰ ਬਣਾਂਦੀ ਹੈ। ਉਹ ਗੁਰੂ ਨੂੰ ਆਸਰਾ-ਪਰਨਾ ਬਣਾ ਕੇ ਸਦਾ ਲਈ ਖਸਮ-ਪ੍ਰਭੂ ਵਾਲੀ ਬਣ ਜਾਂਦੀ ਹੈ, ਉਹ ਪ੍ਰਭੂ-ਮਿਲਾਪ ਵਾਲੇ ਗੁਰ-ਉਪਦੇਸ਼ ਵਿਚ ਲੀਨ ਰਹਿੰਦੀ ਹੈ।4।

ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦੇਂਦੇ ਹਨ ਉਹਨਾਂ ਨੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕੋਈ ਥਾਂ-ਥਿੱਤਾ ਨਹੀਂ ਮਿਲਦਾ। ਉਹ (= ਮਾਇਆ-ਮੋਹ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। ਜਿਵੇਂ ਕੋਈ ਕਾਂ ਕਿਸੇ ਉੱਜੜੇ ਘਰ ਵਿਚ (ਜਾ ਕੇ ਖਾਣ ਲਈ ਕੁਝ ਨਹੀਂ ਲੱਭ ਸਕਦਾ, ਤਿਵੇਂ ਗੁਰ-ਸ਼ਬਦ ਨੂੰ ਭੁਲਾਣ ਵਾਲੇ ਬੰਦੇ ਆਤਮਕ ਜੀਵਨ ਵੱਲੋਂ ਖ਼ਾਲੀ-ਹੱਥ ਹੀ ਰਹਿੰਦੇ ਹਨ) । ਉਹ ਮਨੁੱਖ ਇਹ ਲੋਕ ਤੇ ਪਰਲੋਕ ਦੋਵੇਂ ਹੀ ਜ਼ਾਇਆ ਕਰ ਲੈਂਦੇ ਹਨ, ਉਹਨਾਂ ਦੀ ਉਮਰ ਸਦਾ ਦੁੱਖ ਵਿਚ ਹੀ ਬੀਤਦੀ ਹੈ।5।

(ਮਾਇਆ-ਵੇੜ੍ਹੇ ਮਨੁੱਖ ਮਾਇਆ ਦੇ ਲੇਖੇ) ਲਿਖਦੇ ਲਿਖਦੇ (ਅਨੇਕਾਂ) ਕਾਗ਼ਜ਼ ਤੇ (ਬੇਅੰਤ) ਸਿਆਹੀ ਮੁਕਾ ਲੈਂਦੇ ਹਨ, ਪਰ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਨੇ ਕਦੇ ਆਤਮਕ ਆਨੰਦ ਨਹੀਂ ਮਾਣਿਆ। ਉਹ ਮਾਇਆ ਦਾ ਹੀ ਲੇਖਾ ਲਿਖਦੇ ਰਹਿੰਦੇ ਹਨ, ਅਤੇ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ, ਉਹ ਸਦਾ ਖਿੱਝਦੇ ਹੀ ਰਹਿੰਦੇ ਹਨ ਕਿਉਂਕਿ ਉਹ ਨਾਸਵੰਤ ਮਾਇਆ ਵਿਚ ਹੀ ਆਪਣਾ ਮਨ ਜੋੜੀ ਰੱਖਦੇ ਹਨ।6।

ਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦੇ ਹਨ। ਉਹਨਾਂ ਮਨੁੱਖਾਂ ਦਾ ਕਾਗ਼ਜ਼ ਸਫਲ ਹੈ, ਉਹਨਾਂ ਦੀ ਕਲਮ ਸਫਲ ਹੈ, ਦਵਾਤ ਭੀ ਸਫਲ ਹੈ, ਜੇਹੜੇ ਸਦਾ-ਥਿਰ ਪ੍ਰਭੂ ਦਾ ਨਾਮ ਲਿਖ ਲਿਖ ਕੇ ਸਦਾ-ਥਿਰ ਪ੍ਰਭੂ ਦੇ ਵਿਚ ਹੀ ਲੀਨ ਰਹਿੰਦੇ ਹਨ।7।

(ਹੇ ਭਾਈ!) ਮੇਰਾ ਪਰਮਾਤਮਾ (ਸਭ ਜੀਵਾਂ ਦੇ) ਅੰਦਰ ਬੈਠਾ (ਹਰੇਕ ਦੀ) ਸੰਭਾਲ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਪਰਵਾਨ ਹੁੰਦਾ ਹੈ।

ਹੇ ਨਾਨਕ! ਪਰਮਾਤਮਾ ਦਾ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪ੍ਰਾਪਤ ਕਰਦਾ ਹੈ।8। 22। 23।

ਮਾਝ ਮਹਲਾ ੩ ॥ ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥ ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥ ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥ ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਆਪੇ ਕਰਤਾ ਕਾਰਣੁ ਕਰਾਏ ॥ ਜਿਤੁ ਭਾਵੈ ਤਿਤੁ ਕਾਰੈ ਲਾਏ ॥ ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥ ਮਰਿ ਮਰਿ ਜੀਵੈ ਤਾ ਕਿਛੁ ਪਾਏ ॥ ਗੁਰ ਪਰਸਾਦੀ ਹਰਿ ਮੰਨਿ ਵਸਾਏ ॥ ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥ ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥ ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥ ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥ ਧਾਵਤੁ ਰਾਖੈ ਠਾਕਿ ਰਹਾਏ ॥ ਗੁਰ ਪਰਸਾਦੀ ਪਰਮ ਪਦੁ ਪਾਏ ॥ ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥ ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥ ਦੂਜੈ ਭਾਇ ਬਿਰਥਾ ਜਨਮੁ ਗਵਾਏ ॥ ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥ ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥ ਭਾਇ ਭਗਤਿ ਜਾ ਹਉਮੈ ਸੋਖੈ ॥ ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥ ਆਪਿ ਕਰਾਏ ਕਰਤਾ ਸੋਈ ॥ ਹੋਰੁ ਕਿ ਕਰੇ ਕੀਤੈ ਕਿਆ ਹੋਈ ॥ ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥ {ਪੰਨਾ 123-124}

ਪਦ ਅਰਥ: ਆਤਮ ਰਾਮ-ਸਭ ਆਤਮਾਵਾਂ ਵਿਚ ਵਿਆਪਕ ਪ੍ਰਭੂ। ਪਰਗਾਸੁ-ਚਾਨਣ, ਆਤਮਕ ਚਾਨਣ। ਆਤਮ ਰਾਮ ਪਰਗਾਸੁ-ਇਸ ਸੱਚਾਈ ਦੀ ਸੂਝ ਕਿ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ। ਤੇ-ਤੋਂ, ਪਾਸੋਂ। ਖੋਵੈ = ਦੂਰ ਕਰਦਾ ਹੈ। ਕਰੇ-ਕਰਿ, ਕਰ ਕੇ।1।

ਕਰਨਿ = ਕਰਦੇ ਹਨ। ਕਉ = ਨੂੰ। ਸਦ = ਸਦਾ। ਕੀਜੈ = ਕਰਨੀ ਚਾਹੀਦੀ ਹੈ। ਅਨਦਿਨੁ = ਹਰ ਰੋਜ਼।1। ਰਹਾਉ।

ਕਾਰਣੁ-(ਭਗਤੀ ਕਰਨ ਦਾ) ਸਬੱਬ। ਜਿਤੁ ਕਾਰੈ-ਜਿਸ ਕਾਰ ਵਿਚ। ਤਿਤੁ-ਉਸ ਵਿਚ।2।

ਮਰਿ-(ਹਉਮੈ ਵਲੋਂ) ਮਾਰ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਕਿਛੁ = (ਭਗਤੀ ਦਾ) ਕੁਝ (ਅਨੰਦ) । ਮੰਨਿ = ਮਨਿ, ਮਨ ਵਿਚ। ਸਹਜੇ-ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ।3।

ਮੁਕਤਿ = (ਹਉਮੈ ਤੋਂ) ਖ਼ਲਾਸੀ। ਦੇਸੰਤਰੁ-ਹੋਰ ਹੋਰ ਦੇਸ {ਅੰਤਰੁ-ਹੋਰ}। ਖੁਆਏ-ਕੁਰਾਹੇ ਪਿਆ ਰਹਿੰਦਾ ਹੈ। ਕਪਟੀ = ਛਲ ਕਰਨ ਵਾਲੇ ਨੇ।4।

ਧਾਵਤੁ = (ਵਿਕਾਰਾਂ ਵਲ) ਦੌੜਦਾ ਮਨ। ਠਾਕਿ = (ਵਿਕਾਰਾਂ ਵਲੋਂ) ਰੋਕ ਕੇ। ਪਰਮ ਪਦੁ-ਸਭ ਤੋਂ ਉੱਚੀ ਆਤਮਕ ਅਵਸਥਾ। ਮੇਲਿ-ਪ੍ਰਭੂ ਦੇ ਮਿਲਾਪ ਵਿਚ, ਪ੍ਰਭੂ ਚਰਨਾਂ ਵਿਚ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ।5।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ। ਬੋਲਿ-ਬੋਲ ਕੇ। ਬਿਖੁ-ਜ਼ਹਰ।6।

ਕੋ-ਕੋਈ ਵਿਰਲਾ। ਗੁਰਮੁਖਿ-ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ। ਭਾਇ-ਪ੍ਰੇਮ ਦੀ ਰਾਹੀਂ। ਜਾ = ਜਦੋਂ। ਸੋਖੈ-ਸੁਕਾਂਦਾ ਹੈ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮੋਨਿਧਾਰੀ = ਸਦਾ ਚੁਪ ਰਹਿਣ ਵਾਲੇ ਸਾਧੂ।7।

ਕੀਤੇ = ਪੈਦਾ ਕੀਤੇ ਹੋਏ ਜੀਵ ਪਾਸੋਂ। ਕਿਆ = ਕੀਹ? ਨਾਮੋ = ਨਾਮੁ ਹੀ, ਨਾਮ ਹੀ।8।

ਅਰਥ: ਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ। ਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ।1।

ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ। ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ।1। ਰਹਾਉ।

ਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ (ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ। ਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ।2।

ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ, (ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ। ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ।3।

(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ। ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ। (ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ।4।

ਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ, ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ।5।

ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ (ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ। ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।6।

(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ, (ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ। ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤਿ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ।7।

(ਪਰ ਜੀਵਾਂ ਦੇ ਕੀਹ ਵੱਸ? ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ। (ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ।

ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤਿ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ।8। 23। 24।

TOP OF PAGE

Sri Guru Granth Darpan, by Professor Sahib Singh