ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 128 ਮਾਝ ਮਹਲਾ ੩ ॥ ਮਨਮੁਖ ਪੜਹਿ ਪੰਡਿਤ ਕਹਾਵਹਿ ॥ ਦੂਜੈ ਭਾਇ ਮਹਾ ਦੁਖੁ ਪਾਵਹਿ ॥ ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥ ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥ ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥ ਵਾਦੁ ਵਖਾਣਹਿ ਮੋਹੇ ਮਾਇਆ ॥ ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥ ਅਕਥੋ ਕਥੀਐ ਸਬਦਿ ਸੁਹਾਵੈ ॥ ਗੁਰਮਤੀ ਮਨਿ ਸਚੋ ਭਾਵੈ ॥ ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥ ਜੋ ਸਚਿ ਰਤੇ ਤਿਨ ਸਚੋ ਭਾਵੈ ॥ ਆਪੇ ਦੇਇ ਨ ਪਛੋਤਾਵੈ ॥ ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥੪॥ ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥ ਗੁਰ ਪਰਸਾਦੀ ਅਨਦਿਨੁ ਜਾਗੈ ॥ ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥ ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥ ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥ ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥੬॥ ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥ ਮਨਮੁਖ ਨ ਬੂਝਹਿ ਦੂਜੈ ਭਾਇਆ ॥ ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥ ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥ ਗੁਰ ਸਬਦੀ ਸਹਸਾ ਦੂਖੁ ਚੁਕਾਏ ॥ ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥ {ਪੰਨਾ 128} ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਪੜਹਿ = ਪੜ੍ਹਦੇ ਹਨ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਬਿਖਿਆ = ਮਾਇਆ। ਮਾਤੇ = ਮਸਤ।1। ਤੇ = ਤੋਂ। ਗੁਰ ਸੇਵਾ ਤੇ = ਗੁਰੂ ਦੀ ਸਰਨ ਪਿਆਂ। ਸਹਜਿ = ਆਤਮਕ ਅਡੋਲਤਾ ਵਿਚ।1। ਰਹਾਉ। ਰਸੁ = ਸੁਆਦ, ਆਨੰਦ। ਵਾਦੁ = ਝਗੜਾ, ਬਹਸ। ਅਗਿਆਨ = ਗਿਆਨ-ਹੀਨਤਾ, ਬੇ-ਸਮਝੀ।2। ਅਕਥੋ = ਅਕੱਥੁ, ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਸੁਹਾਵੈ = ਪਿਆਰਾ ਲੱਗਦਾ ਹੈ। ਸਚੋ = ਸਦਾ-ਥਿਰ ਪ੍ਰਭੂ। ਰਵਹਿ = ਸਿਮਰਦੇ ਹਨ। ਸਚਿ = ਸਦਾ-ਥਿਰ ਪ੍ਰਭੂ ਵਿਚ।3। ਭਾਵੈ = ਚੰਗਾ ਲੱਗਦਾ ਹੈ। ਦੇਇ = ਦੇਂਦਾ ਹੈ। ਜਾਤਾ = ਸਾਂਝ ਪਾ ਲਈ।4। ਜਾਗੈ = ਸੁਚੇਤ ਰਹਿੰਦਾ ਹੈ।5। ਤ੍ਰੈਗੁਣ = ਤ੍ਰਿਗੁਣੀ ਮਾਇਆ ਦੀ ਖ਼ਾਤਰ। ਤਤੁ = ਅਸਲੀਅਤ। ਮੂਲਹੁ = ਮੂਲ ਤੋਂ, ਪ੍ਰਭੂ ਤੋਂ।6। ਤ੍ਰਿਬਿਧਿ = ਤਿੰਨ ਗੁਣਾਂ ਵਾਲੀ।7। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਸਹਸਾ = ਸਹਮ।8। ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਵੇਦ ਆਦਿਕ ਧਰਮ ਪੁਸਤਕਾਂ) ਪੜ੍ਹਦੇ ਹਨ (ਤੇ ਇਸ ਕਾਰਨ ਆਪਣੇ ਆਪ ਨੂੰ) ਪੰਡਿਤ ਵਿਦਵਾਨ ਅਖਵਾਂਦੇ ਹਨ (ਪਰ ਫਿਰ ਭੀ ਉਹ) ਮਾਇਆ ਦੇ ਪਿਆਰ ਵਿਚ (ਟਿਕੇ ਰਹਿੰਦੇ ਹਨ, ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਹਉਮੈ ਆਦਿਕ ਦਾ) ਵੱਡਾ ਦੁੱਖ ਸਹਿੰਦੇ ਰਹਿੰਦੇ ਹਨ। ਮਾਇਆ ਦੇ ਮੋਹ ਵਿਚ ਮਸਤ ਰਹਿਣ ਕਰਕੇ ਉਹਨਾਂ ਨੂੰ (ਆਤਮਕ ਜੀਵਨ ਦੀ) ਕੁਝ ਭੀ ਸਮਝ ਨਹੀਂ ਪੈਂਦੀ, ਉਹ ਮੁੜ ਮੁੜ ਜੂਨਾਂ ਵਿਚ ਪਏ ਰਹਿੰਦੇ ਹਨ।1। (ਹੇ ਭਾਈ!) ਮੈਂ ਤਾਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਉਮੈ ਦੂਰ ਕਰ ਕੇ (ਗੁਰੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ। ਗੁਰੂ ਦੀ ਸਰਨ ਪੈਣ ਦੇ ਕਾਰਨ ਪਰਮਾਤਮਾ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ।1। ਰਹਾਉ। (ਆਪਣੇ ਆਪ ਨੂੰ ਪੰਡਿਤ ਅਖਵਾਣ ਵਾਲੇ ਲੋਕ) ਵੇਦ (ਤਾਂ) ਪੜ੍ਹਦੇ ਹਨ, (ਪਰ) ਉਹਨਾਂ ਨੂੰ ਪਰਮਾਤਮਾ ਦੇ ਮਿਲਾਪ ਦਾ ਆਨੰਦ ਨਹੀਂ ਆਉਂਦਾ। (ਵੇਦ ਆਦਿਕ ਪੜ੍ਹ ਕੇ ਤਾਂ ਉਹ ਸਿਰਫ਼ ਕੋਈ ਨਾ ਕੋਈ) ਧਰਮ-ਚਰਚਾ, ਬਹਸ ਹੀ (ਹੋਰਨਾਂ ਨੂੰ) ਸੁਣਾਂਦੇ ਹਨ (ਆਪ ਉਹ) ਮਾਇਆ ਦੇ ਮੋਹ ਵਿਚ ਹੀ ਟਿਕੇ ਰਹਿੰਦੇ ਹਨ। ਉਹਨਾਂ ਦੀ ਆਪਣੀ ਮਤਿ ਬੇਸਮਝੀ ਵਾਲੀ ਹੀ ਰਹਿੰਦੀ ਹੈ, ਉਹਨਾਂ ਦੇ ਅੰਦਰ ਮਾਇਆ ਦੇ ਮੋਹ ਦਾ ਹਨੇਰਾ ਟਿਕਿਆ ਰਹਿੰਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ (ਹੀ ਗੁਰੂ ਪਾਸੋਂ) ਮਤਿ ਲੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਸਕਦੇ ਹਨ।2। (ਜਿਸ ਹਿਰਦੇ ਵਿਚ) ਅਕੱਥ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹੇ, (ਉਸ ਹਿਰਦੇ ਵਿਚ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪਰਮਾਤਮਾ) ਸੋਹਣਾ ਲੱਗਣ ਲੱਗ ਪੈਂਦਾ ਹੈ। ਗੁਰੂ ਦੇ ਉਪਦੇਸ਼ ਨਾਲ ਸਦਾ-ਥਿਰ ਪ੍ਰਭੂ (ਮਨੁੱਖ ਦੇ) ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ। (ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਦਿਨ ਰਾਤ ਸਦਾ-ਥਿਰ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ, (ਉਹਨਾਂ ਦਾ) ਇਹ ਮਨ ਸਦਾ-ਥਿਰ ਪ੍ਰਭੂ (ਦੇ ਪ੍ਰੇਮ ਰੰਗ) ਵਿਚ ਰੰਗਿਆ ਰਹਿੰਦਾ ਹੈ।3। ਜੇਹੜੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੇ ਪ੍ਰੇਮ ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਿਆਰਾ ਲੱਗਦਾ ਹੈ। (ਇਹ ਦਾਤਿ ਪਰਮਾਤਮਾ) ਆਪ ਹੀ (ਉਹਨਾਂ ਨੂੰ) ਦੇਂਦਾ ਹੈ, (ਇਹ ਦਾਤਿ ਦੇ ਕੇ ਉਹ) ਪਛੁਤਾਂਦਾ ਨਹੀਂ (ਕਿਉਂਕਿ ਇਸ ਦਾਤਿ ਦੀ ਬਰਕਤਿ ਨਾਲ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਤੇ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ ਆਤਮਕ ਆਨੰਦ ਮਾਣਦੇ ਹਨ।4। (ਅਜੇਹੇ ਮਨੁੱਖਾਂ ਦੇ ਹਿਰਦੇ ਨੂੰ) ਝੂਠ ਪੋਹ ਨਹੀਂ ਸਕਦਾ, ਠੱਗੀ ਪੋਹ ਨਹੀਂ ਸਕਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਜਿਸ ਮਨੁੱਖ ਦੇ ਹਿਰਦੇ ਵਿਚ ਪਵਿਤ੍ਰ-ਸਰੂਪ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਸ ਦੀ ਸੁਰਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।5। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ (ਜਗਤ ਦੇ) ਮੂਲ-ਪਰਮਾਤਮਾ (ਦੀ ਯਾਦ) ਤੋਂ ਖੁੰਝੇ ਰਹਿੰਦੇ ਹਨ, ਉਹ ਜਗਤ ਦੇ ਅਸਲੇ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਂਦੇ, ਤੇ ਉਹ ਸਦਾ ਤ੍ਰਿਗੁਣੀ ਮਾਇਆ ਦੇ ਲੇਖੇ ਹੀ ਪੜ੍ਹਦੇ ਰਹਿੰਦੇ ਹਨ। ਮਾਇਆ ਦੇ ਮੋਹ ਵਿਚ ਗ਼ਲਤਾਨ ਉਹਨਾਂ ਮਨੁੱਖਾਂ ਨੂੰ (ਪਰਮਾਤਮਾ ਦੀ ਭਗਤੀ ਕਰਨ ਬਾਰੇ) ਕੁਝ ਭੀ ਨਹੀਂ ਸੁੱਝਦਾ। (ਹੇ ਭਾਈ!) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ।6। (ਪੰਡਿਤ) ਵੇਦ (ਆਦਿਕ ਧਰਮ-ਪੁਸਤਕ) ਨੂੰ ਉੱਚੀ ਉੱਚੀ ਪੜ੍ਹਦਾ ਹੈ, (ਪਰ ਉਸ ਦੇ ਅੰਦਰ) ਤ੍ਰਿਗੁਣੀ ਮਾਇਆ (ਦਾ ਪ੍ਰਭਾਵ ਬਣਿਆ ਰਹਿੰਦਾ ਹੈ) । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਜੀਵਨ ਨੂੰ) ਨਹੀਂ ਸਮਝਦੇ (ਉਹਨਾਂ ਦਾ ਮਨ) ਮਾਇਆ ਦੇ ਪਿਆਰ ਵਿਚ ਹੀ (ਟਿਕਿਆ ਰਹਿੰਦਾ ਹੈ) । ਉਹ (ਇਹਨਾਂ ਧਰਮ-ਪੁਸਤਕਾਂ ਨੂੰ) ਤ੍ਰਿਗੁਣੀ ਮਾਇਆ (ਕਮਾਣ) ਦੀ ਖ਼ਾਤਰ ਪੜ੍ਹਦੇ ਹਨ, ਇੱਕ ਪਰਮਾਤਮਾ ਨਾਲ ਸਾਂਝ ਨਹੀਂ ਪਾਂਦੇ (ਧਰਮ-ਪੁਸਤਕਾਂ ਪੜ੍ਹਦੇ ਹੋਏ ਭੀ ਇਸ ਭੇਤ ਨੂੰ) ਸਮਝਣ ਤੋਂ ਬਿਨਾ ਦੁੱਖ (ਹੀ) ਪਾਂਦੇ ਰਹਿੰਦੇ ਹਨ।7। (ਪਰ ਜੀਵਾਂ ਦੇ ਵੀ ਕੀਹ ਵੱਸ?) ਜਦੋਂ ਪਰਮਾਤਮਾ ਦੀ ਆਪਣੀ ਰਜ਼ਾ ਹੁੰਦੀ ਹੈ, ਤਦੋਂ ਉਹ ਆਪ (ਹੀ ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਹਮ ਤੇ ਦੁੱਖ ਦੂਰ ਕਰਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਸਿਮਰਨ ਦੀ ਸਦਾ-ਥਿਰ ਰਹਿਣ ਵਾਲੀ ਇੱਜ਼ਤ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਨ ਨੂੰ ਹੀ (ਜੀਵਨ ਮਨੋਰਥ) ਮੰਨ ਕੇ ਆਤਮਕ ਆਨੰਦ ਮਾਣਦਾ ਹੈ।8। 30। 31। ਮਾਝ ਮਹਲਾ ੩ ॥ ਨਿਰਗੁਣੁ ਸਰਗੁਣੁ ਆਪੇ ਸੋਈ ॥ ਤਤੁ ਪਛਾਣੈ ਸੋ ਪੰਡਿਤੁ ਹੋਈ ॥ ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥ ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥ ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥ ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥ ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥ ਹਉਮੈ ਕਰੈ ਨਿਹਕਰਮੀ ਨ ਹੋਵੈ ॥ ਗੁਰ ਪਰਸਾਦੀ ਹਉਮੈ ਖੋਵੈ ॥ ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥੩॥ ਹਰਿ ਸਰੁ ਸਾਗਰੁ ਨਿਰਮਲੁ ਸੋਈ ॥ ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥ ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥ ਨਿਰਮਲ ਹੰਸਾ ਪ੍ਰੇਮ ਪਿਆਰਿ ॥ ਹਰਿ ਸਰਿ ਵਸੈ ਹਉਮੈ ਮਾਰਿ ॥ ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥੫॥ ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥ ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥ ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥੬॥ ਰਤਨੁ ਪਦਾਰਥੁ ਘਰ ਤੇ ਪਾਇਆ ॥ ਪੂਰੈ ਸਤਿਗੁਰਿ ਸਬਦੁ ਸੁਣਾਇਆ ॥ ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥੭॥ ਆਪਿ ਉਪਾਏ ਤੈ ਆਪੇ ਵੇਖੈ ॥ ਸਤਿਗੁਰੁ ਸੇਵੈ ਸੋ ਜਨੁ ਲੇਖੈ ॥ ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥੮॥੩੧॥੩੨॥ {ਪੰਨਾ 128-129} ਪਦ ਅਰਥ: ਨਿਰਗੁਣੁ = {inguLx} ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ। ਸਰਗੁਣੁ = {sguLx} ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ। ਤਤੁ = ਅਸਲੀਅਤ।1। ਸਾਦੁ = ਸੁਆਦ, ਆਨੰਦ।1। ਰਹਾਉ। ਨਿਹਕਰਮੀ = ਨਿਰਲੇਪ, ਵਾਸਨਾ-ਰਹਿਤ। ਗਿਆਨਿ = ਗਿਆਨ ਦੀ ਰਾਹੀਂ। ਨਉ ਨਿਧਿ = ਨੌ ਖ਼ਜ਼ਾਨੇ।2। ਬਿਬੇਕੁ = ਚੰਗੇ ਮੰਦੇ ਦੀ ਪਰਖ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ।3। ਸਰੁ = (ਮਾਨ-) ਸਰ। ਹੋਈ = ਹੋਇ, ਹੋ ਕੇ।4। ਹੰਸਾ = ਜੀਵਾਤਮਾ। ਸਰਿ = ਸਰ ਵਿਚ, ਮਾਨਸਰ ਵਿਚ। ਅਹਿ = ਦਿਨ। ਨਿਸਿ = ਰਾਤ। ਸਾਜੈ = ਸਦਾ-ਥਿਰ ਪ੍ਰਭੂ ਵਿਚ।5। ਬਗੁ = ਬਗੁਲਾ, ਬਗਲੇ ਵਾਂਗ ਪਖੰਡੀ। ਪਰੁ = ਪਰੰਤੂ।6। ਘਰ ਤੇ = ਹਿਰਦੇ ਵਿਚੋਂ ਹੀ। ਸਤਿਗੁਰਿ = ਸਤਿਗੁਰ ਨੇ। ਪਰਸਾਦਿ = ਕਿਰਪਾ ਨਾਲ। ਘਟਿ = ਹਿਰਦੇ ਵਿਚ। ਆਪੁ = ਆਪਣਾ ਆਪ।7। ਤੈ = ਅਤੇ। ਵੇਖੈ = ਸੰਭਾਲ ਕਰਦਾ ਹੈ। ਲੇਖੈ = ਲੇਖੇ ਵਿਚ, ਪਰਵਾਨ।8। ਅਰਥ: ਉਹ ਪਰਮਾਤਮਾ ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣਾਂ ਦਾ ਲੇਸ਼ ਨਹੀਂ ਹੁੰਦਾ, ਆਪ ਹੀ ਉਸ ਸਰੂਪ ਵਾਲਾ ਹੈ ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ (ਆਕਾਰ ਤੋਂ ਰਹਿਤ ਭੀ ਆਪ ਹੀ ਹੈ, ਤੇ ਇਹ ਦਿੱਸਦਾ ਆਕਾਰ ਰੂਪ ਭੀ ਆਪ ਹੀ ਹੈ) । ਜੇਹੜਾ ਮਨੁੱਖ ਉਸ ਅਸਲੇ ਨੂੰ ਪਛਾਣਦਾ ਹੈ (ਉਸ ਅਸਲੇ ਨਾਲ ਸਾਂਝ ਪਾਂਦਾ ਹੈ) , ਉਹ ਪੰਡਿਤ ਬਣ ਜਾਂਦਾ ਹੈ। ਉਹ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ।1। ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ (ਉਸ ਦਾ ਆਤਮਕ) ਆਨੰਦ ਮਾਣਦੇ ਹਨ। ਜੇਹੜੇ ਮਨੁੱਖ ਹਰਿ-ਨਾਮ ਦਾ ਰਸ ਚੱਖਦੇ ਹਨ, ਉਹ ਪਵਿਤ੍ਰ ਆਤਮਾ ਹੋ ਜਾਂਦੇ ਹਨ, ਉਹ ਪਵਿਤ੍ਰ ਪ੍ਰਭੂ ਦਾ ਨਾਮ ਸਦਾ ਸਿਮਰਦੇ ਹਨ।1। ਰਹਾਉ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ ਦੁਨੀਆ ਦਾ ਕਾਰ-ਵਿਹਾਰ ਵਾਸਨਾ ਰਹਿਤ ਹੋ ਕੇ ਕਰਦਾ ਹੈ, ਉਸ ਦੇ ਅੰਦਰ ਜਗਤ ਦਾ ਮੂਲ ਪ੍ਰਭੂ ਪਰਗਟ ਹੋ ਜਾਂਦਾ ਹੈ, ਉਹ (ਗੁਰੂ ਦੇ ਬਖ਼ਸ਼ੇ) ਗਿਆਨ ਦੀ ਸਹਾਇਤਾ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ। ਉਹ ਪਰਮਾਤਮਾ ਦਾ ਨਾਮ ਖ਼ਜ਼ਾਨਾ ਲੱਭ ਲੈਂਦਾ ਹੈ (ਜੋ ਉਸਦੇ ਵਾਸਤੇ ਦੁਨੀਆ ਦੇ) ਨੌ ਖ਼ਜ਼ਾਨੇ (ਹੀ ਹੈ) । (ਇਸ ਨਾਮ ਪਦਾਰਥ ਦੀ ਬਰਕਤਿ ਨਾਲ) ਉਹ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਕੇ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ।2। ਜੇਹੜਾ ਮਨੁੱਖ 'ਮੈਂ ਕਰਦਾ ਹਾਂ ਮੈਂ ਕਰਦਾ ਹਾਂ' ਦੀ ਰਟ ਲਗਾਈ ਰੱਖਦਾ ਹੈ, ਉਹ ਵਾਸਨਾ ਰਹਿਤ ਨਹੀਂ ਹੋ ਸਕਦਾ। ਗੁਰੂ ਦੀ ਕਿਰਪਾ ਨਾਲ ਹੀ (ਕੋਈ ਵਿਰਲਾ ਮਨੁੱਖ) ਹਉਮੈ ਦੂਰ ਕਰ ਸਕਦਾ ਹੈ। (ਜੇਹੜਾ ਮਨੁੱਖ ਹਉਮੈ ਦੂਰ ਕਰ ਲੈਂਦਾ ਹੈ) ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ ਆਪਣੇ ਆਤਮਕ ਜੀਵਨ ਨੂੰ ਵਿਚਾਰਦਾ ਰਹਿੰਦਾ ਹੈ।3। (ਹੇ ਭਾਈ!) ਉਹ ਪਰਮਾਤਮਾ ਹੀ ਪਵਿਤ੍ਰ ਮਾਨਸਰੋਵਰ ਹੈ ਪਵਿਤ੍ਰ ਸਮੁੰਦਰ ਹੈ (ਪਵਿਤ੍ਰ ਤੀਰਥ ਹੈ) , ਸੰਤ ਜਨ ਗੁਰੂ ਦੀ ਸਰਨ ਪੈ ਕੇ (ਉਸ ਵਿਚੋਂ) ਸਦਾ (ਪ੍ਰਭੂ ਨਾਮ-ਮੋਤੀ) ਚੁਗਦੇ ਰਹਿੰਦੇ ਹਨ। ਸੰਤ ਜਨ ਸਦਾ ਦਿਨ ਰਾਤ (ਉਸ ਸਰੋਵਰ ਵਿਚ) ਇਸ਼ਨਾਨ ਕਰਦੇ ਹਨ, ਤੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਉਤਾਰਦੇ ਰਹਿੰਦੇ ਹਨ।4। ਉਹ ਮਨੁੱਖ, ਮਾਨੋ, ਸਾਫ਼ ਸੁਥਰਾ ਹੰਸ ਹੈ, ਜੇਹੜਾ ਪ੍ਰਭੂ ਦੇ ਪ੍ਰੇਮ-ਪਿਆਰ ਵਿਚ (ਟਿਕਿਆ ਰਹਿੰਦਾ) ਹੈ। ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਪਰਮਾਤਮਾ-ਸਰੋਵਰ ਵਿਚ ਵਸੇਬਾ ਰੱਖਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਪਰਮਾਤਮਾ ਵਿਚ ਪ੍ਰੀਤਿ ਪਾਂਦਾ ਹੈ, ਤੇ ਇਸ ਤਰ੍ਹਾਂ ਪਰਮਾਤਮਾ ਸਰੋਵਰ ਵਿਚ ਨਿਵਾਸ ਹਾਸਲ ਕਰੀ ਰੱਖਦਾ ਹੈ।5। ਪਰ ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ, ਮਾਨੋ, ਬਗਲਾ ਹੈ, ਉਹ ਸਦਾ ਮੈਲਾ ਹੈ, ਉਸ ਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ। (ਉਹ ਤੀਰਥਾਂ ਉੱਤੇ) ਇਸ਼ਨਾਨ (ਭੀ) ਕਰਦਾ ਹੈ ਪਰ (ਇਸ ਤਰ੍ਹਾਂ ਉਸ ਦੀ) ਹਉਮੈ ਦੀ ਮੈਲ ਦੂਰ ਨਹੀਂ ਹੁੰਦੀ। ਜੇਹੜਾ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ ਆਪਾ-ਭਾਵ ਵੱਲੋਂ ਮਰਿਆ ਰਹਿੰਦਾ ਹੈ, ਜੇਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ।6। ਜਿਸ ਮਨੁੱਖ ਨੂੰ ਅਭੁੱਲ ਗੁਰੂ ਨੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਸੁਣਾ ਦਿੱਤਾ, ਉਸ ਨੇ (ਪ੍ਰਭੂ ਦਾ ਨਾਮ) ਕੀਮਤੀ ਰਤਨ ਆਪਣੇ ਹਿਰਦੇ ਵਿਚੋਂ ਹੀ ਲੱਭ ਲਿਆ, ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ (ਅਗਿਆਨਤਾ ਦਾ, ਮਾਇਆ ਦੇ ਮੋਹ ਦਾ) ਹਨੇਰਾ ਮਿਟ ਗਿਆ, ਉਸਦੇ ਹਿਰਦੇ ਵਿਚ (ਆਤਮਕ ਜੀਵਨ ਵਾਲਾ) ਚਾਨਣ ਹੋ ਗਿਆ, ਉਸ ਨੇ ਆਤਮਕ ਜੀਵਨ ਨੂੰ ਪਛਾਣ ਲਿਆ।7। (ਹੇ ਭਾਈ!) ਪਰਮਾਤਮਾ ਆਪ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ ਅਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ, ਉਹ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ। ਹੇ ਨਾਨਕ! ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ (ਪਰਮਾਤਮਾ ਦਾ) ਮਿਲਾਪ ਹਾਸਲ ਕਰ ਲੈਂਦਾ ਹੈ।8। 31। 32। |
Sri Guru Granth Darpan, by Professor Sahib Singh |