ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 139

ਸਲੋਕੁ ਮਃ ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ 139}

ਅਰਥ: ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ) , ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ) , ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ) , ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ) , ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ) , = ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ। ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ।1।

ਮਃ ੨ ॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥ ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥ ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥ ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

ਪਦ ਅਰਥ: ਸਾਉ = ਸੁਆਦ, ਆਨੰਦ। ਰੁਹਲਾ = ਲੂਲ੍ਹਾ, ਪੈਰ-ਹੀਣ। ਟੁੰਡਾ = ਹੱਥ-ਹੀਣ। ਧਾਇ = ਦੌੜ ਕੇ, ਭੱਜ ਕੇ। ਭੈ ਕੇ = (ਪ੍ਰਭੂ ਦੇ) ਡਰ ਦੇ। ਕਰ = ਹੱਥ। ਭਾਵ = ਪਿਆਰ। ਲੋਇਣ = ਅੱਖਾਂ। ਸੁਰਤਿ = ਧਿਆਨ। ਇਵ = ਇਸ ਤਰ੍ਹਾਂ।

ਅਰਥ: (ਪਰਮਾਤਮਾ ਕੁਦਰਤਿ ਵਿਚ ਵੱਸਦਾ) ਦਿੱਸ ਰਿਹਾ ਹੈ, (ਉਸ ਦੀ ਜੀਵਨ-ਰੌ ਸਾਰੀ ਰਚਨਾ ਵਿਚ) ਸੁਣੀ ਜਾ ਰਹੀ ਹੈ, (ਉਸ ਦੇ ਕੰਮਾਂ ਤੋਂ) ਜਾਪ ਰਿਹਾ ਹੈ (ਕਿ ਉਹ ਕੁਦਰਤਿ ਵਿਚ ਮੌਜੂਦ ਹੈ, ਫਿਰ ਭੀ ਉਸ ਦੇ ਮਿਲਾਪ ਦਾ) ਸੁਆਦ (ਜੀਵ ਨੂੰ) ਹਾਸਲ ਨਹੀਂ ਹੁੰਦਾ। (ਇਹ ਕਿਉਂ?) ਇਸ ਵਾਸਤੇ ਕਿ ਪ੍ਰਭੂ ਨੂੰ ਮਿਲਣ ਲਈ (ਜੀਵ ਦੇ) ਨਾਹ ਪੈਰ ਹਨ, ਨਾਹ ਹੱਥ ਹਨ ਤੇ ਨਾਹ ਅੱਖਾਂ ਹਨ (ਫਿਰ ਇਹ) ਕਿਵੇਂ ਭੱਜ ਕੇ (ਪ੍ਰਭੂ ਦੇ) ਗਲ ਜਾ ਲੱਗੇ?

ਜੇ (ਜੀਵ ਪ੍ਰਭੂ ਦੇ) ਡਰ (ਵਿਚ ਤੁਰਨ) ਨੂੰ (ਆਪਣੇ) ਪੈਰ ਬਣਾਏ, ਪਿਆਰ ਦੇ ਹੱਥ ਬਣਾਏ ਤੇ (ਪ੍ਰਭੂ ਦੀ) ਯਾਦ (ਵਿਚ ਜੁੜਨ) ਨੂੰ ਅੱਖਾਂ ਬਣਾਏ, ਤਾਂ ਨਾਨਕ ਆਖਦਾ ਹੈ ਹੇ ਸਿਆਣੀ (ਜੀਵ-ਇਸਤ੍ਰੀਏ) ! ਇਸ ਤਰ੍ਹਾਂ ਖਸਮ-ਪ੍ਰਭੂ ਨਾਲ ਮੇਲ ਹੁੰਦਾ ਹੈ।2।

ਪਉੜੀ ॥ ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥ ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥ ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥ ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥ ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥ ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥ ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥ ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥ {ਪੰਨਾ 139}

ਪਦ ਅਰਥ: ਗਰਬੁ = ਅਹੰਕਾਰ। ਖੜੇ = ਖਲੋ ਕੇ, ਸੁਚੇਤ ਹੋ ਕੇ। ਇਕਿ = ਕਈ ਜੀਵ। ਕਲਤੁ = ਇਸਤ੍ਰੀ। ਅਲਿਪਤੁ = ਨਿਰਲੇਪ, ਨਿਰਮੋਹ। ਓਹਿ = ('ਓਹੁ' ਤੋਂ ਬਹੁ-ਵਚਨ) ਉਹ ਜੀਵ। ਨਾਇ = ਨਾਮ ਵਿਚ।

ਅਰਥ: (ਹੇ ਪ੍ਰਭੂ!) ਤੂੰ ਸਦਾ ਹੀ ਇਕ (ਆਪ ਹੀ ਆਪ) ਹੈਂ, ਇਹ (ਤੈਥੋਂ ਵੱਖਰਾ ਦਿੱਸਦਾ ਤਮਾਸ਼ਾ ਤੂੰ ਆਪ ਹੀ ਰਚਿਆ ਹੈ। (ਤੂੰ ਹੀ ਜੀਵਾਂ ਦੇ ਅੰਦਰ) ਹਉਮੈ ਅਹੰਕਾਰ ਪੈਦਾ ਕਰ ਕੇ ਜੀਵਾਂ ਦੇ ਅੰਦਰ ਲੋਭ (ਭੀ) ਪਾ ਦਿੱਤਾ ਹੈ। (ਸੋ) , ਸਾਰੇ ਜੀਵ ਤੇਰੇ ਹੀ ਪ੍ਰੇਰੇ ਹੋਏ ਕਾਰ ਕਰ ਰਹੇ ਹਨ। ਜਿਵੇਂ ਤੈਨੂੰ ਭਾਵੇ ਤਿਵੇਂ ਇਹਨਾਂ ਦੀ ਰੱਖਿਆ ਕਰ।

ਕਈ ਜੀਵਾਂ ਨੂੰ ਤੂੰ ਬਖ਼ਸ਼ਦਾ ਹੈਂ (ਤੇ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਗੁਰੂ ਦੀ ਸਿੱਖਿਆ ਵਿਚ ਤੂੰ ਆਪ ਹੀ ਉਹਨਾਂ ਨੂੰ ਲਾਇਆ ਹੈ। (ਐਸੇ) ਕਈ ਜੀਵ ਸੁਚੇਤ ਹੋ ਕੇ ਤੇਰੀ ਬੰਦਗੀ ਕਰ ਰਹੇ ਹਨ। ਤੇਰੇ ਨਾਮ (ਦੀ ਯਾਦ) ਤੋਂ ਬਿਨਾ ਕੋਈ ਹੋਰ ਕੰਮ ਉਹਨਾਂ ਨੂੰ ਭਾਉਂਦਾ ਨਹੀਂ (ਭਾਵ, ਕਿਸੇ ਹੋਰ ਕੰਮ ਦੀ ਖ਼ਾਤਰ ਤੇਰਾ ਨਾਮ ਵਿਸਾਰਨ ਨੂੰ ਉਹ ਤਿਆਰ ਨਹੀਂ) । ਜਿਨ੍ਹਾਂ ਐਸੇ ਬੰਦਿਆਂ ਤੂੰ ਇਸ ਸੱਚੀ ਕਾਰ ਵਿਚ ਲਾਇਆ ਹੈ, ਉਹਨਾਂ ਨੂੰ (ਤੇਰਾ ਨਾਮ ਵਿਸਾਰ ਕੇ) ਕੋਈ ਹੋਰ ਕੰਮ ਕਰਨਾ ਮੰਦਾ ਲੱਗਦਾ ਹੈ।

ਇਹ ਜੋ ਪੁਤ੍ਰ ਇਸਤ੍ਰੀ ਤੇ ਪਰਵਾਰ ਹੈ, (ਹੇ ਪ੍ਰਭੂ!) ਜੋ ਬੰਦੇ ਤੈਨੂੰ ਪਿਆਰੇ ਲੱਗਦੇ ਹਨ, ਉਹ ਇਹਨਾਂ ਤੋਂ ਨਿਰਮੋਹ ਰਹਿੰਦੇ ਹਨ; ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਜੁੜੇ ਹੋਏ ਉਹ ਬੰਦੇ ਅੰਦਰੋਂ ਬਾਹਰੋਂ ਸੁੱਚੇ ਰਹਿੰਦੇ ਹਨ।3।

ਸਲੋਕੁ ਮਃ ੧ ॥ ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥ ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥ ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥ ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥ ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥ ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥ {ਪੰਨਾ 139}

ਪਦ ਅਰਥ: ਸੁਇਨੇ ਕੈ ਪਰਬਤਿ = ਸੋਨੇ ਦੇ ਸੁਮੇਰ ਪਹਾੜ ਉਤੇ। ਕਰੀ = ਮੈਂ ਬਣਾ ਲਵਾਂ। ਕੈ = ਜਾਂ, ਭਾਵੇਂ, ਚਾਹੇ। ਪਇਆਲਿ = ਪਾਤਾਲ ਵਿਚ। ਪਾਣੀ ਪਇਆਲਿ = ਹੇਠਾਂ ਪਾਣੀ ਵਿਚ। ਉਰਧਿ = ਉੱਚਾ, ਉਲਟਾ, ਪੁੱਠਾ। ਸਿਰਿ ਭਾਰਿ = ਸਿਰ ਦੇ ਭਾਰ। ਪੁਰੁ = ਪੂਰੇ ਤੌਰ ਤੇ। ਸਦਾਕਾਰਿ = ਸਦਾ ਹੀ। ਕੁਚੀਲੁ = ਗੰਦਾ। ਮਲੁਧਾਰੀ = ਮੈਲਾ।

ਅਰਥ: ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਰਹਾਂ) ; ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ, ਭਾਵੇਂ ਸਰੀਰ ਨੂੰ ਪੂਰੇ ਤੌਰ ਤੇ ਕਪੜਾ ਪਹਿਨਾ ਲਵਾਂ (ਭਾਵ, ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ਤੇ ਕਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ, ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ, ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ = ਇਹ ਸਾਰੇ ਭੈੜੀ ਮਤਿ ਦੇ ਮੰਦੇ ਕਰਮ ਹੀ ਹਨ। ਹੇ ਨਾਨਕ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ) (ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ।1।

ਮਃ ੧ ॥ ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥ ਅੰਧਾ ਭੂਲਿ ਪਇਆ ਜਮ ਜਾਲੇ ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥ ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥ {ਪੰਨਾ 139}

ਪਦ ਅਰਥ: ਵਸਤ੍ਰ = ਕਪੜੇ। ਪਖਾਲਿ = ਧੋ ਕੇ। ਆਪੇ = ਆਪ ਹੀ, ਆਪਣੇ ਵਲੋਂ। ਸੰਜਮਿ = ਸੰਜਮੀ, ਜਿਸ ਨੇ ਕਾਮ ਆਦਿਕ ਵਿਕਾਰਾਂ ਨੂੰ ਵੱਸ ਵਿਚ ਕਰ ਲਿਆ ਹੈ, ਰਿਸ਼ੀ, ਤਪਸ੍ਵੀ। ਅੰਤਰਿ = ਮਨ ਵਿਚ। ਭੂਲਿ = ਖੁੰਝ ਕੇ। ਜਮ ਜਾਲੇ = ਮੌਤ ਦੇ ਜਾਲ ਵਿਚ, ਉਸ ਧੰਦੇ-ਰੂਪ ਜਾਲ ਵਿਚ ਜਿੱਥੇ ਸਦਾ ਮੌਤ ਦਾ ਡਰ ਟਿਕਿਆ ਰਹੇ। ਦੁਖੁ ਘਾਲੇ = ਦੁੱਖ ਸਹਾਰਦਾ ਹੈ। ਨਾਮੇ = ਨਾਮ ਦੀ ਰਾਹੀਂ ਹੀ। ਸੁਖੀ = ਸੁਖ ਵਿਚ।

ਅਰਥ: (ਜੋ ਮਨੁੱਖ ਨਿੱਤ) ਕੱਪੜੇ ਧੋ ਕੇ ਸਰੀਰ ਧੋਂਦਾ ਹੈ (ਤੇ ਸਿਰਫ਼ ਕਪੜੇ ਤੇ ਸਰੀਰ ਸੁੱਚੇ ਰੱਖਣ ਨਾਲ ਹੀ) ਆਪਣੇ ਵੱਲੋਂ ਤਪਸ੍ਵੀ ਬਣ ਬੈਠਦਾ ਹੈ (ਪਰ) ਮਨ ਵਿਚ ਲੱਗੀ ਹੋਈ ਮੈਲ ਦੀ ਉਸ ਨੂੰ ਖ਼ਬਰ ਹੀ ਨਹੀਂ, (ਸਦਾ ਸਰੀਰ ਨੂੰ) ਬਾਹਰੋਂ ਹੀ ਮਲ ਮਲ ਕੇ ਧੋਂਦਾ ਹੈ, (ਉਹ) ਅੰਨ੍ਹਾ ਮਨੁੱਖ (ਸਿੱਧੇ ਰਾਹ ਤੋਂ) ਖੁੰਝ ਕੇ ਮੌਤ ਦਾ ਡਰ ਪੈਦਾ ਕਰਨ ਵਾਲੇ ਜਾਲ ਵਿਚ ਫਸਿਆ ਹੋਇਆ ਹੈ, ਹਉਮੈ ਵਿਚ ਦੁੱਖ ਸਹਾਰਦਾ ਹੈ ਕਿਉਂਕਿ ਪਰਾਈ ਵਸਤ (ਸਰੀਰ ਤੇ ਹੋਰ ਪਦਾਰਥ ਆਦਿਕਾਂ) ਨੂੰ ਆਪਣੀ ਸਮਝ ਬੈਠਦਾ ਹੈ।

ਹੇ ਨਾਨਕ! (ਜਦੋਂ) ਗੁਰੂ ਦੇ ਸਨਮੁਖ ਹੋ ਕੇ (ਮਨੁੱਖ ਦੀ) ਹਉਮੈ ਦੂਰ ਹੁੰਦੀ ਹੈ, ਤਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਜਪਦਾ ਹੈ, ਨਾਮ ਹੀ ਯਾਦ ਕਰਦਾ ਹੈ ਤੇ ਨਾਮ ਦੀ ਹੀ ਬਰਕਤਿ ਨਾਲ ਸੁਖ ਵਿਚ ਟਿਕਿਆ ਰਹਿੰਦਾ ਹੈ।2।

ਪਵੜੀ ॥ ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥ ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥ ਸੁਖਹੁ ਉਠੇ ਰੋਗ ਪਾਪ ਕਮਾਇਆ ॥ ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥ ਮੂਰਖ ਗਣਤ ਗਣਾਇ ਝਗੜਾ ਪਾਇਆ ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥ {ਪੰਨਾ 139}

ਪਦ ਅਰਥ: ਹੰਸ = ਜੀਵ। ਸੰਜੋਗੁ ਮੇਲਿ = ਸੰਜੋਗ ਮੇਲ ਕੇ, ਜੋੜ ਮਿਥ ਕੇ। ਤਿਨ ਹੀ = ਤਿਨਿ ਹੀ; {ਲਫ਼ਜ਼ 'ਜਿਨਿ' ਦੇ ਟਾਕਰੇ ਤੇ ਲਫ਼ਜ਼ 'ਤਿਨਿ' ਹੈ। ਏਥੇ 'ਤਿਨਿ' ਦੇ ਅੱਖਰ 'ਨ' ਦੀ 'ਿ' ਉੱਡ ਗਈ ਹੈ, ਵੇਖੋ 'ਗੁਰਬਾਣੀ ਵਿਆਕਰਣ' 'ਵਾਕ-ਰਚਨਾ' ਵਿਚ ਅੰਕ 'ਹੀ'}। ਜਿਨਿ = ਜਿਸ (ਪ੍ਰਭੂ) ਨੇ। ਤਿਨ ਹੀ = ਉਸ (ਪ੍ਰਭੂ) ਨੇ। ਤਿਨ ਹੀ = ਉਸੇ ਨੇ ਹੀ। ਸਬਾਇਆ = ਸਾਰੇ। ਹਰਖਹੁ = ਖ਼ੁਸ਼ੀ ਤੋਂ। ਗਣਤ ਗਣਾਇ = ਲੇਖਾ ਲਿਖਾ ਕੇ। ਮੂਰਖ ਗਣਤ ਗਣਾਇ = ਮੂਰਖਾਂ ਵਾਲੇ ਕੰਮ ਕਰ ਕੇ। ਝਗੜਾ = ਜਨਮ ਮਰਨ ਦਾ ਲੰਬਾ ਝੰਬੇਲਾ। ਸੁ ਰੋਗੁ = ਉਹੀ ਹੋਵੇਗਾ।

ਅਰਥ: ਸਰੀਰ ਤੇ ਜੀਵ (-ਆਤਮਾ) ਦਾ ਸੰਜੋਗ ਮਿਥ ਕੇ (ਪਰਮਾਤਮਾ ਨੇ ਇਹਨਾਂ ਨੂੰ ਮਨੁੱਖਾ-ਜਨਮ ਵਿਚ) ਇਕੱਠਾ ਕਰ ਦਿੱਤਾ ਹੈ। ਜਿਸ (ਪ੍ਰਭੂ) ਨੇ (ਸਰੀਰ ਤੇ ਜੀਵ ਨੂੰ) ਪੈਦਾ ਕੀਤਾ ਹੈ ਉਸ ਨੇ ਹੀ (ਇਹਨਾਂ ਲਈ) ਵਿਛੋੜਾ (ਭੀ) ਬਣਾ ਰੱਖਿਆ ਹੈ। (ਪਰ ਇਸ ਵਿਛੋੜੇ ਨੂੰ ਭੁਲਾ ਕੇ) ਮੂਰਖ (ਜੀਵ) ਭੋਗ ਭੋਗਦਾ ਰਹਿੰਦਾ ਹੈ (ਜੋ) ਸਾਰੇ ਦੁੱਖਾਂ ਦਾ (ਮੂਲ ਬਣਦਾ) ਹੈ। ਪਾਪ ਕਮਾਣ ਦੇ ਕਾਰਨ (ਭੋਗਾਂ ਦੇ) ਸੁਖ ਤੋਂ ਰੋਗ ਪੈਦਾ ਹੁੰਦੇ ਹਨ। (ਘੋਗਾਂ ਦੀ ਖ਼ੁਸ਼ੀ ਤੋਂ ਚਿੰਤਾ (ਤੇ ਅੰਤ ਨੂੰ) ਵਿਛੋੜਾ ਪੈਦਾ ਕਰ ਕੇ ਜਨਮ ਮਰਨ ਦਾ ਲੰਮਾ ਝੰਬੇਲਾ ਸਹੇੜ ਲੈਂਦਾ ਹੈ।

(ਜਨਮ ਮਰਨ ਦੇ ਗੇੜ ਨੂੰ ਮੁਕਾਣ ਦੀ ਤਾਕਤ ਸਤਿਗੁਰੂ ਦੇ ਹੱਥ ਵਿਚ ਹੈ, (ਜਿਸ ਨੂੰ ਗੁਰੂ ਮਿਲਦਾ ਹੈ ਉਸ ਦਾ ਇਹ) ਝੰਬੇਲਾ ਮੁੱਕ ਜਾਂਦਾ ਹੈ। (ਜੀਵਾਂ ਦੀ ਕੋਈ) ਆਪਣੀ ਚਲਾਈ ਸਿਆਣਪ ਚੱਲ ਨਹੀਂ ਸਕਦੀ, ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ।4।

TOP OF PAGE

Sri Guru Granth Darpan, by Professor Sahib Singh