ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 229

ਗਉੜੀ ਮਹਲਾ ੧ ॥ ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥ ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥ ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥ {ਪੰਨਾ 229}

ਪਦ ਅਰਥ: ਬੂਝਿ ਲੇ = ਸਮਝ ਲੈ। ਤਉ = ਤਦੋਂ। ਨਿਬੇਰਾ = ਨਿਰਨਾ, ਖ਼ਲਾਸੀ, ਮਾਇਆ ਦੇ ਮੋਹ ਦੇ ਹਨੇਰੇ ਤੋਂ ਖ਼ਲਾਸੀ। ਘਰਿ ਘਰਿ = ਹਰੇਕ ਹਿਰਦੇ-ਘਰ ਵਿਚ। ਠਾਕੁਰੁ = ਪਾਲਣਹਾਰ, ਮਾਲਕ।1।

ਨ ਛੂਟੀਐ = (ਮਾਇਆ ਦੇ ਮੋਹ ਦੇ ਹਨੇਰੇ ਤੋਂ) ਖ਼ਲਾਸੀ ਨਹੀਂ ਹੁੰਦੀ। ਜੇ ਕਮਾਵਹੀ = ਜੇ ਤੂੰ ਕਮਾਏਂ, ਜੇ ਤੂੰ ਕਰੇਂ। ਅੰਧਿਆਰਾ = ਹਨੇਰਾ, ਆਤਮਕ ਹਨੇਰਾ, ਮਾਇਆ ਦੇ ਪ੍ਰਭਾਵ ਦਾ ਹਨੇਰਾ।1। ਰਹਾਉ।

ਅਕਲੀ ਬਾਹਰੇ = ਅਕਲੋਂ ਖ਼ਾਲੀ। ਕਿਆ.......ਕਹੀਐ = ਉਹਨਾਂ ਨੂੰ ਸਮਝਾਣ ਦਾ ਕੋਈ ਲਾਭ ਨਹੀਂ। ਪੰਥੁ = (ਜੀਵਨ ਦਾ ਸਿੱਧਾ) ਰਸਤਾ। ਕਿਤੁ ਬਿਧਿ ਨਿਰਬਹੀਐ = (ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ) ਕਿਸੇ ਤਰ੍ਹਾਂ ਭੀ ਨਿਰਬਾਹ ਨਹੀਂ ਹੋ ਸਕਦਾ, ਸਾਥ ਨਹੀਂ ਨਿਭ ਸਕਦਾ।2।

ਕਹੈ– ਆਖਦਾ ਹੈ। ਸਾਰ = ਕਦਰ, ਕੀਮਤ। ਪਾਰਖੂ = ਸਿਆਣਾ। ਵਿਡਾਣੈ = ਅਸਚਰਜ ਦਾ। ਕਲੀ ਕਾਲ ਵਿਡਾਣੈ = ਅਸਚਰਜ ਕਲਿ ਜੁਗ ਦਾ ਹਾਲ, ਅਸਚਰਜ ਮਾਇਆ-ਵੇੜ੍ਹੀ ਦੁਨੀਆ ਦਾ ਹਾਲ {ਨੋਟ: ਸਤਿਗੁਰੂ ਜੀ ਇਹ ਨਹੀਂ ਕਹਿ ਰਹੇ ਕਿ ਕੋਈ ਜੁਗ ਕਿਸੇ ਦੂਸਰੇ ਜੁਗ ਨਾਲੋਂ ਚੰਗਾ ਹੈ ਜਾਂ ਮਾੜਾ। ਮਾਇਆ-ਮੋਹੇ ਜਗਤ ਦਾ ਜ਼ਿਕਰ ਹੈ। ਜਿਸ ਸਮੇ ਦਾ ਨਾਮ ਬ੍ਰਾਹਮਣ ਨੇ ਕਲਿਜੁਗ ਰੱਖ ਦਿੱਤਾ ਸੀ, ਉਸੇ ਵਿਚ ਆਉਣ ਕਰਕੇ ਆਪ ਲਫ਼ਜ਼ 'ਜਗਤ' ਦੇ ਥਾਂ 'ਕਲੀ ਕਾਲ' ਵਰਤ ਰਹੇ ਹਨ}।3।

ਸੂਤੇ ਕਉ = (ਮਾਇਆ ਦੇ ਮੋਹ ਵਿਚ) ਸੁੱਤੇ ਹੋਏ ਨੂੰ। ਜਾਗਤੁ = ਸੁਚੇਤ। ਜਾਗਤ ਕਉ = ਉਸ ਨੂੰ ਜੋ ਪ੍ਰਭੂ-ਨਾਮ ਵਿਚ ਜੁੜ ਕੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਹੈ। ਮੂਆ = ਦੁਨੀਆ ਦੇ ਭਾ ਦਾ ਗਿਆ-ਗੁਜ਼ਰਿਆ।4।

ਅਰਥ: (ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ, ਹੇ ਭਾਈ!) ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ। (ਹੇ ਭਾਈ!) ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ) ।1। ਰਹਾਉ।

(ਹੇ ਭਾਈ!) ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲਏਂ ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਮਾਲਕ ਹੈ, ਤਾਂ ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਹੋ ਜਾਇਗੀ।1।

ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਕਰ ਦਿੱਤਾ ਹੈ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ। ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ।2।

ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ (ਜੇਹੜਾ ਨਾਮ-ਧਨ) ਅਸਲ ਧਨ (ਹੈ ਉਸ) ਦੀ ਕਦਰ ਹੀ ਨਹੀਂ ਸਮਝਦਾ। ਮਾਇਆ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ– ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ।3।

ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਪਏ ਨੂੰ ਜਗਤ ਆਖਦਾ ਹੈ ਕਿ ਇਹ ਜਾਗਦਾ ਹੈ ਸੁਚੇਤ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ।4।

ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥ ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥ ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥ {ਪੰਨਾ 229}

ਪਦ ਅਰਥ: ਪਰ ਕੀ ਕਉ = ਉਸ ਮਾਇਆ ਨੂੰ ਜੋ ਪਰਾਏ ਦੀ ਬਣ ਜਾਣੀ ਹੈ। ਭਾਇਆ = ਚੰਗਾ ਲੱਗਾ।5।

ਰਾਤੇ ਕੀ = ਨਾਮ-ਰੰਗ ਵਿਚ ਰੰਗੇ ਹੋਏ ਦੀ। ਕਰਹਿ = ਕਰਦੇ ਹਨ। ਕਲਿ ਮਹਿ = ਜਗਤ ਵਿਚ।6।

ਚੇਰੀ = ਪਰਮਾਤਮਾ ਦੀ ਦਾਸੀ, ਮਾਇਆ। ਦੀਸੈ = ਦਿੱਸਦਾ। ਪੋਖਰੁ = ਛੱਪੜ। ਨੀਰੁ = ਪਾਣੀ। ਵਿਰੋਲੀਐ = ਜੇ ਰਿੜਕੀਏ। ਨਹੀ ਰੀਸੈ = ਨਹੀਂ ਨਿਕਲਦਾ।7।

ਪਦ = ਆਤਮਕ ਦਰਜਾ। ਅਰਥਾਇ ਲੇਇ = ਜਤਨ ਨਾਲ ਪ੍ਰਾਪਤ ਕਰ ਲਏ। ਚੀਨੈ = ਪਰਖੇ, ਪਛਾਣੇ। ਅਪਰ = ਮਾਇਆ ਦੇ ਪ੍ਰਭਾਵ ਤੋਂ ਪਰੇ। ਅਪਾਰਾ = ਜਿਸ ਦੇ ਗੁਣਾਂ ਦਾ ਪਾਰ ਨ ਲੱਭ ਸਕੇ।8।

ਸਭੁ = ਹਰ ਥਾਂ। ਆਪੇ = (ਪ੍ਰਭੂ) ਆਪ ਹੀ। ਭਰਮਾਇਆ = ਭੁਲੇਖੇ ਵਿਚ ਪਾਇਆ। ਤੇ = ਤੋਂ, ਨਾਲ।9।

ਅਰਥ: ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿਚ ਆਉਣਾ ਸਫਲ ਹੋਇਆ ਹੈ। ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ।5।

ਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ। ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿਚ ਇਹ ਅਚਰਜ ਤਮਾਸ਼ਾ ਵੇਖਣ ਵਿਚ ਆ ਰਿਹਾ ਹੈ।6।

ਲੋਕ ਪਰਮਾਤਮਾ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ (ਮਾਇਆ ਦਾ) ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ। (ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਪਾਣੀ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ) । ਜੇ ਛੱਪੜ ਨੂੰ ਰਿੜਕੀਏ, ਜੇ ਪਾਣੀ ਰਿੜਕੀਏ, ਉਸ ਵਿਚੋਂ ਮੱਖਣ ਨਹੀਂ ਨਿਕਲ ਸਕਦਾ।7।

ਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਆਪਣਾ ਸਿਰ ਨਿਵਾਂਦਾ ਹਾਂ।8।

(ਪਰ ਮਾਇਆ ਵਿਚ ਤੇ ਜੀਵਾਂ ਵਿਚ) ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ। ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ।9।2। 18।

ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਮਨ ਕਾ ਸੂਤਕੁ ਦੂਜਾ ਭਾਉ ॥ ਭਰਮੇ ਭੂਲੇ ਆਵਉ ਜਾਉ ॥੧॥ ਮਨਮੁਖਿ ਸੂਤਕੁ ਕਬਹਿ ਨ ਜਾਇ ॥ ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥ ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ ਮਰਿ ਮਰਿ ਜੰਮੈ ਵਾਰੋ ਵਾਰ ॥੨॥ ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥ ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥ ਸੂਤਕਿ ਕਰਮ ਨ ਪੂਜਾ ਹੋਇ ॥ ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥ ਸਤਿਗੁਰੁ ਸੇਵਿਐ ਸੂਤਕੁ ਜਾਇ ॥ ਮਰੈ ਨ ਜਨਮੈ ਕਾਲੁ ਨ ਖਾਇ ॥੫॥ ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥ ਵਿਣੁ ਨਾਵੈ ਕੋ ਮੁਕਤਿ ਨ ਹੋਇ ॥੬॥ ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥ ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥ ਸਾਚਾ ਮਰੈ ਨ ਆਵੈ ਜਾਇ ॥ ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥ {ਪੰਨਾ 229}

ਪਦ ਅਰਥ: ਸੂਤਕੁ = ਕਿਸੇ ਬਾਲਕ ਦੇ ਜਨਮ ਨਾਲ ਕਿਸੇ ਘਰ ਵਿਚ ਪੈਦਾ ਹੋਈ ਅਪਵਿਤ੍ਰਤਾ। ਭਾਉ = ਪਿਆਰ। ਦੂਜਾ ਭਾਉ = ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਨਾਲ ਪਾਇਆ ਹੋਇਆ ਪਿਆਰ। ਆਵਉ ਜਾਉ = ਜਨਮ ਮਰਨ ਦਾ ਗੇੜ।1।

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸਬਦਿ = ਸ਼ਬਦ ਵਿਚ। ਭੀਜੈ = ਭਿੱਜਦਾ ਹੈ, ਪਤੀਜਦਾ। ਨਾਇ = ਨਾਮ ਵਿਚ।1। ਰਹਾਉ।

ਸਭੋ = ਸਾਰਾ ਹੀ। ਜੇਤਾ = ਜਿਤਨਾ ਹੀ। ਆਕਾਰੁ = ਇਹ ਦਿੱਸਦਾ ਜਗਤ। ਵਾਰੋ ਵਾਰ = ਮੁੜ ਮੁੜ।2।

ਮਾਹਿ = ਵਿਚ। ਜੇਤਾ ਕਿਛੁ = ਜਿਤਨਾ ਕੁਝ।3।

ਸੂਤਕਿ = ਅਪਵਿਤ੍ਰਤਾ ਦੇ ਕਾਰਨ। ਨਾਮਿ = ਨਾਮ ਵਿਚ।4।

ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਸਰਨ ਲਈ ਜਾਏ। ਜਾਇ = ਦੂਰ ਹੁੰਦਾ ਹੈ। ਕਾਲੁ = ਮੌਤ, ਆਤਮਕ ਮੌਤ।5।

ਸੋਧਿ ਦੇਖਹੁ = ਵਿਚਾਰ ਕੇ ਵੇਖ ਲਵੋ। ਕੋ = ਕੋਈ ਮਨੁੱਖ। ਮੁਕਤਿ = ਸੂਤਕ ਤੋਂ ਖ਼ਲਾਸੀ।6।

ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ। ਸਬਦੁ ਬੀਚਾਰਿ = ਗੁਰੂ ਦੇ ਸ਼ਬਦ ਨੂੰ ਵਿਚਾਰ ਕੇ। ਕਲਿ ਮਹਿ = ਇਸ ਸਮੇ ਵਿਚ ਭੀ ਜਿਸਨੂੰ ਕਲਿਜੁਗ ਕਹਿ ਰਹੇ ਹਾਂ। ਗੁਰਮੁਖਿ = ਗੁਰੂ ਦੀ ਸਰਨ ਪਿਆ ਮਨੁੱਖ (ਹੀ) ।7।

ਸਾਚਾ = ਸਦਾ ਕਾਇਮ ਰਹਿਣ ਵਾਲਾ। ਨ ਆਵੈ ਜਾਇ = ਆਉਂਦਾ ਜਾਂਦਾ ਨਹੀਂ, ਜੰਮਦਾ ਮਰਦਾ ਨਹੀਂ। ਗੁਰਮੁਖਿ = ਗੁਰੂ ਦੀ ਸਰਨਿ ਰਹਿਣ ਵਾਲਾ ਮਨੁੱਖ।8।

ਅਰਥ: (ਹੇ ਭਾਈ!) ਜਿਤਨਾ ਚਿਰ (ਮਨੁੱਖ ਗੁਰੂ ਦੇ) ਸ਼ਬਦ ਵਿਚ ਨਹੀਂ ਪਤੀਜਦਾ, ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜਦਾ (ਉਤਨਾ ਚਿਰ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਤੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਦੇ ਮਨ) ਦੀ ਅਪਵਿਤ੍ਰਤਾ ਕਦੇ ਦੂਰ ਨਹੀਂ ਹੁੰਦੀ।1। ਰਹਾਉ।

(ਹੇ ਭਾਈ! ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ) ਹੋਰ ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿਤ੍ਰਤਾ (ਦਾ ਕਾਰਣ ਬਣਦਾ) ਹੈ (ਇਸ ਅਪਵਿਤ੍ਰਤਾ ਦੇ ਕਾਰਨ ਮਾਇਆ ਦੀ) ਭਟਕਣਾ ਵਿਚ ਕੁਰਾਹੇ ਪਏ ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।1।

(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ) ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ, ਉਹ ਮਨੁੱਖ (ਇਸ ਆਤਮਕ ਮੌਤ ਵਿਚ) ਮਰ ਮਰ ਕੇ ਮੁੜ ਮੁੜ ਜੰਮਦਾ ਰਹਿੰਦਾ ਹੈ।2।

(ਮਨਮੁਖਾਂ ਵਾਸਤੇ) ਅੱਗ ਵਿਚ ਹਵਾ ਵਿਚ ਪਾਣੀ ਵਿਚ ਭੀ ਅਪਵਿਤ੍ਰਤਾ ਹੀ ਹੈ, ਜਿਤਨਾ ਕੁਝ ਭੋਜਨ ਆਦਿਕ ਉਹ ਖਾਂਦੇ ਹਨ ਉਹ ਭੀ (ਉਹਨਾਂ ਦੇ ਮਨ ਵਾਸਤੇ) ਅਪਵਿਤ੍ਰਤਾ (ਦਾ ਕਾਰਨ ਹੀ ਬਣਦਾ) ਹੈ।3।

(ਹੇ ਭਾਈ!) ਸੂਤਕ (ਦੇ ਭਰਮ ਵਿਚ ਗ੍ਰਸੇ ਹੋਏ ਮਨ ਨੂੰ) ਕੋਈ ਕਰਮ-ਕਾਂਡ ਪਵਿਤ੍ਰ ਨਹੀਂ ਕਰ ਸਕਦੇ, ਕੋਈ ਦੇਵ-ਪੂਜਾ ਪਵਿਤ੍ਰ ਨਹੀਂ ਕਰ ਸਕਦੀ। ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਹੀ ਮਨ ਪਵਿਤ੍ਰ ਹੁੰਦਾ ਹੈ।4।

(ਹੇ ਭਾਈ!) ਜੇ ਸਤਿਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿਤ੍ਰਤਾ ਦੂਰ ਹੋ ਜਾਂਦੀ ਹੈ, (ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ) ਨਾਹ ਮਰਦਾ ਹੈ ਨਾਹ ਜੰਮਦਾ ਹੈ ਨਾਹ ਉਸ ਨੂੰ ਆਤਮਕ ਮੌਤ ਖਾਂਦੀ ਹੈ।5।

(ਹੇ ਭਾਈ! ਬੇ-ਸ਼ੱਕ) ਕੋਈ ਧਿਰ ਸਿਮ੍ਰਿਤੀਆਂ ਸ਼ਾਸਤ੍ਰਾਂ ਨੂੰ ਭੀ ਵਿਚਾਰ ਕੇ ਵੇਖ ਲਵੋ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਕ ਅਪਵਿਤ੍ਰਤਾ ਤੋਂ ਖ਼ਲਾਸੀ ਨਹੀਂ ਪਾ ਸਕਦਾ।6।

(ਹੇ ਭਾਈ!) ਚੌਹਾਂ ਹੀ ਜੁਗਾਂ ਵਿਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ (ਪਰਮਾਤਮਾ ਦਾ) ਨਾਮ (ਜਪ ਕੇ ਹੀ ਮਨੁੱਖ) ਉੱਤਮ ਬਣ ਸਕਦਾ ਹੈ, ਇਸ ਜੁਗ ਵਿਚ ਭੀ ਜਿਸ ਨੂੰ ਕਲਿਜੁਗ ਕਿਹਾ ਜਾ ਰਿਹਾ ਹੈ ਉਹੀ ਮਨੁੱਖ (ਵਿਕਾਰਾਂ ਦੇ ਸਮੁੰਦਰਾਂ ਤੋਂ) ਪਾਰ ਲੰਘਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ।7।

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿਚ ਸਦਾ ਲੀਨ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਕਦੇ ਜੰਮਦਾ ਮਰਦਾ ਨਹੀਂ (ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿਤ੍ਰਤਾ ਛੁਹ ਨਹੀਂ ਸਕਦੀ) ।8।1।

TOP OF PAGE

Sri Guru Granth Darpan, by Professor Sahib Singh