ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 231 ਗਉੜੀ ਮਹਲਾ ੩ ॥ ਬ੍ਰਹਮਾ ਮੂਲੁ ਵੇਦ ਅਭਿਆਸਾ ॥ ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥ ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥੧॥ ਹਮ ਹਰਿ ਰਾਖੇ ਸਤਿਗੁਰੂ ਮਿਲਾਇਆ ॥ ਅਨਦਿਨੁ ਭਗਤਿ ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ॥ ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥ ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥੨॥ ਮਨਮੁਖ ਅਗਿਆਨਿ ਕੁਮਾਰਗਿ ਪਾਏ ॥ ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ ॥ ਭਵਜਲਿ ਡੂਬੇ ਦੂਜੈ ਭਾਏ ॥੩॥ ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥ ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥ ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥੪॥ {ਪੰਨਾ 231} ਪਦ ਅਰਥ: ਮੂਲੁ = ਮੁੱਢ। ਤਿਸ ਤੇ = ਉਸ (ਬ੍ਰਹਮਾ) ਤੋਂ। ਦੇਵ = ਦੇਵਤੇ। ਪਿਆਸਾ = ਤ੍ਰਿਸ਼ਨਾ, ਪਿਆਸ। ਭਰਮੇ = ਭਟਕਦੇ ਰਹੇ। ਘਰਿ = ਘਰ ਵਿਚ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ।1। ਹਮ = ਸਾਨੂੰ। ਅਨਦਿਨੁ = ਹਰ ਰੋਜ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।1। ਰਹਾਉ। ਬਾਣੀ ਬ੍ਰਹਮ = ਬ੍ਰਹਮਾ ਦੀ ਰਚੀ ਬਾਣੀ, ਵੇਦ। ਪੜਿ = ਪੜ੍ਹ ਕੇ। ਵਾਦੁ = ਝਗੜਾ, ਬਹਸ। ਸਿਰਿ = ਸਿਰ ਤੇ। ਜਮ ਕਾਲਾ = ਮੌਤ, ਆਤਮਕ ਮੌਤ। ਤਤੁ = ਅਸਲੀਅਤ। ਚੀਨਹਿ = ਪਛਾਣਦੇ। ਪੰਡ ਪਰਾਲਾ = ਪਰਾਲੀ ਦੀਆਂ ਪੰਡਾਂ, ਨਿਕੰਮੇ ਭਾਰ।2। ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ। ਅਗਿਆਨਿ = ਗਿਆਨ-ਹੀਨਤਾ ਦੇ ਕਾਰਨ। ਕੁਮਾਰਗਿ = ਗ਼ਲਤ ਰਸਤੇ ਤੇ, ਕੁਰਾਹੇ। ਬਹੁ ਕਰਮ = ਅਨੇਕਾਂ (ਮਿਥੇ ਹੋਏ ਧਾਰਮਿਕ) ਕੰਮ। ਭਵਜਲਿ = ਸੰਸਾਰ-ਸਮੁੰਦਰ ਵਿਚ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।3। ਮੁਹਤਾਜੁ = ਅਰਥੀਆ, ਲੋੜਵੰਦ। ਬਿਖਿਆ = ਮਾਇਆ। ਰਾਤਾ = ਰੱਤਾ ਹੋਇਆ, ਮਗਨ। ਗਲਿ = ਗਲ ਵਿਚ। ਜੇਵੜਾ = ਫਾਹਾ। ਕਾਲੁ = ਮੌਤ, ਆਤਮਕ ਮੌਤ।4। ਅਰਥ: (ਹੇ ਭਾਈ!) ਸਾਨੂੰ ਪਰਮਾਤਮਾ ਨੇ (ਮਾਇਆ ਦੇ ਪ੍ਰਭਾਵ ਤੋਂ ਬਚਾ) ਲਿਆ ਹੈ, (ਪਰਮਾਤਮਾ ਨੇ ਸਾਨੂੰ) ਗੁਰੂ ਮਿਲਾ ਦਿੱਤਾ ਹੈ, (ਜਿਸ ਗੁਰੂ ਨੇ ਸਾਡੇ ਦਿਲ ਵਿਚ) ਹਰ ਵੇਲੇ (ਪਰਮਾਤਮਾ ਦੀ) ਭਗਤੀ ਪੱਕੀ ਟਿਕਾ ਦਿੱਤੀ ਹੈ, ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ।1। ਰਹਾਉ। (ਹੇ ਭਾਈ! ਜਿਸ) ਬ੍ਰਹਮਾ ਨੂੰ ਵੇਦ-ਅਭਿਆਸ ਦਾ ਰਸਤਾ ਚਲਾਣ ਵਾਲਾ ਮੰਨਿਆ ਜਾਂਦਾ ਹੈ (ਜੇਹੜਾ ਬ੍ਰਹਮਾ ਵੇਦ-ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ) ਉਸ ਤੋਂ (ਸਾਰੇ) ਦੇਵਤੇ ਪੈਦਾ ਹੋਏ (ਮੰਨੇ ਜਾਂਦੇ ਹਨ, ਪਰ ਉਹ ਦੇਵਤੇ ਮਾਇਆ ਦੇ) ਮੋਹ-(ਮਾਇਆ ਦੀ) ਤ੍ਰਿਸ਼ਨਾ ਵਿਚ ਫਸੇ ਹੋਏ ਹੀ ਦੱਸੇ ਜਾ ਰਹੇ ਹਨ, ਉਹ ਦੇਵਤੇ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਭਟਕਦੇ ਰਹੇ, ਉਹਨਾਂ ਨੂੰ ਪ੍ਰਭੂ ਚਰਨਾਂ ਵਿਚ ਟਿਕਾਣਾ ਨਾਹ ਮਿਲਿਆ।1। (ਹੇ ਭਾਈ!) ਬ੍ਰਹਮਾ ਦੀ ਰਚੀ ਹੋਈ ਬਾਣੀ (ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ) ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਰੱਖਦੀ ਹੈ (ਮਾਇਆ ਦੇ) ਜੰਜਾਲ ਵਿਚ ਹੀ ਰੱਖਦੀ ਹੈ, (ਕਿਉਂਕਿ ਇਸ ਨੂੰ) ਪੜ੍ਹ ਕੇ (ਵਿਦਵਾਨ ਪੰਡਿਤ) ਬਹਿਸ ਹੀ ਕਰਦੇ ਹਨ, ਉਹਨਾਂ ਦੇ ਸਿਰ ਤੇ ਆਤਮਕ ਮੌਤ ਆਪਣੀ ਚੋਟ ਕਾਇਮ ਰੱਖਦੀ ਹੈ, ਉਹ ਅਸਲੀਅਤ (ਜੀਵਨ-ਮਨੋਰਥ) ਨੂੰ ਨਹੀਂ ਪਛਾਣਦੇ, ਉਹ (ਧਾਰਮਿਕ ਚਰਚਾ ਦੀਆਂ) ਪਰਾਲੀ ਦੀਆਂ ਪੰਡਾਂ ਹੀ (ਆਪਣੇ ਸਿਰ ਤੇ) ਬੰਨ੍ਹੀ ਰੱਖਦੇ ਹਨ।2। (ਹੇ ਭਾਈ! ਭਾਵੇਂ ਉਹ ਲੋਕ ਬ੍ਰਹਮਾ ਦੀ ਰਚੀ ਬਾਣੀ ਪੜ੍ਹਦੇ ਹਨ, ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਤੋਂ ਸੱਖਣੇ ਰਹਿਣ ਦੇ ਕਾਰਨ ਗ਼ਲਤ ਜੀਵਨ-ਰਾਹ ਤੇ ਪਏ ਰਹਿੰਦੇ ਹਨ। ਉਹ ਪਰਮਾਤਮਾ ਦਾ ਨਾਮ ਤਾਂ ਭੁਲਾ ਦੇਂਦੇ ਹਨ, ਪਰ (ਹੋਰ ਵਰਤ-ਨੇਮ ਆਦਿਕ) ਅਨੇਕਾਂ ਕਰਮ ਕਰਨ ਦੀ ਪਕਿਆਈ ਕਰਦੇ ਹਨ, ਅਜੇਹੇ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਪਿਆਰ ਵਿਚ ਫਸੇ ਰਹਿਣ ਕਰਕੇ ਸੰਸਾਰ-ਸਮੁੰਦਰ ਵਿਚ ਡੁੱਬੇ ਰਹਿੰਦੇ ਹਨ, (ਵਿਕਾਰਾਂ ਵਿਚ ਫਸੇ ਰਹਿੰਦੇ ਹਨ) ।3। (ਹੇ ਭਾਈ! ਬ੍ਰਹਮਾ ਦੀ ਰਚੀ ਬਾਣੀ ਦਾ ਵਿਦਵਾਨ ਮਨੁੱਖ) ਮਾਇਆ ਦਾ ਤ੍ਰਿਸ਼ਨਾਲੂ ਰਹਿੰਦਾ ਹੋਇਆ ਭੀ (ਆਪਣੇ ਆਪ ਨੂੰ) ਪੰਡਿਤ ਅਖਵਾਂਦਾ ਹੈ, ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਅੰਤਰ ਆਤਮੇ) ਉਹ ਬਹੁਤ ਦੁੱਖ ਸਹਿੰਦਾ ਰਹਿੰਦਾ ਹੈ, ਉਸ ਦੇ ਗਲ ਵਿਚ ਆਤਮਕ ਮੌਤ ਦਾ ਫਾਹਾ ਪਿਆ ਰਹਿੰਦਾ ਹੈ, ਆਤਮਕ ਮੌਤ ਉਸ ਨੂੰ ਸਦਾ ਦੁਖੀ ਰੱਖਦੀ ਹੈ।4। ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥ ਹਉਮੈ ਦੂਜਾ ਸਬਦਿ ਜਲਾਵੈ ॥ ਨਾਮੇ ਰਾਤੇ ਹਰਿ ਗੁਣ ਗਾਵੈ ॥੫॥ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ॥ ਚਰਣੀ ਲਾਗੈ ਤਾ ਮਹਲੁ ਪਾਵੈ ॥ ਸਦ ਹੀ ਨਿਰਮਲੁ ਸਹਜਿ ਸਮਾਵੈ ॥੬॥ ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥ ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥ ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥੭॥ ਪੂਰੈ ਸਤਿਗੁਰਿ ਸਬਦੁ ਸੁਣਾਇਆ ॥ ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ ॥ ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥੮॥੪॥ {ਪੰਨਾ 231} ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਦੂਜਾ = ਮਾਇਆ ਦਾ ਪਿਆਰ। ਸਬਦਿ = ਸ਼ਬਦ ਦੀ ਰਾਹੀਂ। ਨਾਮੇ = ਨਾਮਿ ਹੀ, ਨਾਮ ਵਿਚ ਹੀ।5। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਸਦ ਹੀ = ਸਦਾ ਹੀ। ਸਹਿਜ = ਆਤਮਕ ਅਡੋਲਤਾ ਵਿਚ।6। ਸੁਣਹਿ = ਸੁਣਦੇ ਹਨ। ਸੇ = ਉਹ ਬੰਦੇ। ਦਿਸਹਿ = ਦਿੱਸਦੇ ਹਨ। ਜੁਗ ਮਾਹੀ = ਜ਼ਿੰਦਗੀ ਵਿਚ, ਸੰਸਾਰ ਵਿਚ। ਕਉ = ਨੂੰ। ਸਭਿ = ਸਾਰੇ। ਕਰਾਹੀ = ਕਰਾਹਿ, ਕਰਹਿ, ਕਰਦੇ ਹਨ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) । ਰਵਹਿ = ਯਾਦ ਕਰਦੇ ਹਨ।7। ਸਤਿਗੁਰਿ = ਸਤਿਗੁਰੂ ਨੇ। ਚਉਥੈ = ਚੌਥੇ ਦਰਜੇ ਵਿਚ, ਉਸ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ। ਮਾਰਿ = ਮਾਰ ਕੇ।8। ਅਰਥ: (ਪਰ, ਹੇ ਭਾਈ!) ਆਤਮਕ ਮੌਤ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਨੇੜੇ ਨਹੀਂ ਢੁੱਕਦੀ, ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ, ਉਹ ਪਰਮਾਤਮਾ ਦੇ ਨਾਮ ਵਿਚ ਹੀ ਰੰਗਿਆ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।5। (ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ, ਮਾਇਆ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ, ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ। ਜੇਹੜਾ ਮਨੁੱਖ ਉਹਨਾਂ ਭਗਤ ਜਨਾਂ ਦੀ ਚਰਨੀਂ ਲੱਗਦਾ ਹੈ, ਉਹ ਭੀ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ, ਉਹ ਭੀ ਸਦਾ ਹੀ ਪਵਿਤ੍ਰ ਮਨ ਵਾਲਾ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।6। (ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦੇ ਹਨ, ਉਹ ਜਗਤ ਵਿਚ (ਪ੍ਰਤੱਖ) ਧਨਾਢ ਦਿੱਸਦੇ ਹਨ (ਉਹ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਭਟਕਦੇ ਫਿਰਦੇ) , ਸਾਰੇ ਲੋਕ ਉਹਨਾਂ ਅੱਗੇ ਨਿਊਂਦੇ ਹਨ, ਤੇ ਹਰ ਵੇਲੇ ਉਹਨਾਂ ਦਾ ਆਦਰ-ਸਤਕਾਰ ਕਰਦੇ ਹਨ (ਕਿਉਂਕਿ ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਆਪਣੇ ਮਨ ਵਿਚ ਚੇਤੇ ਕਰੀ ਰੱਖਦੇ ਹਨ।7। ਹੇ ਨਾਨਕ! (ਆਖ– ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਈ ਹੈ, ਉਸ ਨੇ ਆਪਣੇ ਅੰਦਰੋਂ ਮਾਇਆ ਦੇ) ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲਿਆ ਹੈ, ਉਸ ਨੇ ਆਪਣਾ ਮਨ ਉਸ ਆਤਮਕ ਅਵਸਥਾ ਵਿਚ ਟਿਕਾ ਲਿਆ ਹੈ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ, (ਗੁਰੂ ਨੇ ਉਸ ਦੇ ਅੰਦਰੋਂ) ਹਉਮੈ ਮਾਰ ਕੇ ਉਸ ਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਹੈ।8।4। ਗਉੜੀ ਮਹਲਾ ੩ ॥ ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥ ਅੰਤਰਿ ਤਾਮਸੁ ਆਪੁ ਨ ਪਛਾਣੈ ॥ ਤਾ ਪ੍ਰਭੁ ਪਾਏ ਗੁਰ ਸਬਦੁ ਵਖਾਣੈ ॥੧॥ ਗੁਰ ਸੇਵਾ ਕਰਉ ਫਿਰਿ ਕਾਲੁ ਨ ਖਾਇ ॥ ਮਨਮੁਖ ਖਾਧੇ ਦੂਜੈ ਭਾਇ ॥੧॥ ਰਹਾਉ ॥ ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ ॥ ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ ॥ ਮੇਰਾ ਪ੍ਰਭੁ ਪਾਇਆ ਗੁਰ ਕੈ ਸਬਦਿ ਸੀਧੇ ॥੨॥ ਸਤਿਗੁਰਿ ਮੇਲੇ ਪ੍ਰਭਿ ਆਪਿ ਮਿਲਾਏ ॥ ਮੇਰੇ ਪ੍ਰਭ ਸਾਚੇ ਕੈ ਮਨਿ ਭਾਏ ॥ ਹਰਿ ਗੁਣ ਗਾਵਹਿ ਸਹਜਿ ਸੁਭਾਏ ॥੩॥ ਬਿਨੁ ਗੁਰ ਸਾਚੇ ਭਰਮਿ ਭੁਲਾਏ ॥ ਮਨਮੁਖ ਅੰਧੇ ਸਦਾ ਬਿਖੁ ਖਾਏ ॥ ਜਮ ਡੰਡੁ ਸਹਹਿ ਸਦਾ ਦੁਖੁ ਪਾਏ ॥੪॥ {ਪੰਨਾ 231} ਪਦ ਅਰਥ: ਬ੍ਰਹਮਾ ਵੇਦੁ = ਬ੍ਰਹਮਾ ਦਾ ਉਚਾਰਿਆ ਹੋਇਆ ਵੇਦ। ਪੜੈ = (ਪੰਡਿਤ) ਪੜ੍ਹਦਾ ਹੈ। ਵਾਦੁ = ਝਗੜਾ, ਬਹਸ, ਚਰਚਾ। ਵਖਾਣੈ = ਆਖਦਾ ਹੈ, ਸੁਣਾਂਦਾ ਹੈ। ਤਾਮਸੁ = ਤਮੋਗੁਣ ਵਾਲਾ ਸੁਭਾਉ, ਹਨੇਰਾ, ਆਤਮਕ ਜੀਵਨ ਵਲੋਂ ਹਨੇਰਾ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਤਾ = ਤਦੋਂ।1। ਕਰਉ = ਮੈਂ ਕਰਦਾ ਹਾਂ। ਕਾਲੁ = ਮੌਤ, ਆਤਮਕ ਮੌਤ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ।1। ਰਹਾਉ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੀਧੇ = ਸਿੱਝ ਜਾਂਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਰੀਧੇ = ਰੀਝ ਗਏ।2। ਸਤਿਗੁਰਿ = ਸਤਿਗੁਰੂ ਨੇ। ਪ੍ਰਭਿ = ਪ੍ਰਭੂ ਨੇ। ਕੈ ਮਨਿ = ਦੇ ਮਨ ਵਿਚ। ਭਾਏ = ਚੰਗੇ ਲੱਗੇ। ਗਾਵਹਿ = ਗਾਂਦੇ ਹਨ। ਸੁਭਾਏ = ਸੁਭਾਇ, ਪ੍ਰੇਮ ਨਾਲ।3। ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਏ = ਕੁਰਾਹੇ ਪੈ ਗਏ। ਬਿਖੁ = ਜ਼ਹਰ। ਜਮ ਡੰਡੁ = ਜਮ ਦੀ ਸਜ਼ਾ।4। ਅਰਥ: (ਹੇ ਭਾਈ!) ਮੈਂ (ਤਾਂ) ਗੁਰੂ ਦੀ ਸੇਵਾ ਕਰਦਾ ਹਾਂ (ਮੈਂ ਤਾਂ ਗੁਰੂ ਦੀ ਸਰਨ ਪਿਆ ਹਾਂ। ਜੇਹੜਾ ਮਨੁੱਖ ਗੁਰੂ ਦਾ ਅਸਰ ਲੈਂਦਾ ਹੈ ਉਸ ਨੂੰ) ਮੁੜ ਕਦੇ ਆਤਮਕ ਮੌਤ ਨਹੀਂ ਖਾਂਦੀ (ਆਤਮਕ ਮੌਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ) । (ਪਰ) ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੇ ਪਿਆਰ ਵਿਚ (ਫਸਣ ਕਰਕੇ) ਉਹਨਾਂ ਦੇ ਆਤਮਕ ਜੀਵਨ ਖ਼ਤਮ ਹੋ ਜਾਂਦੇ ਹਨ।1। ਰਹਾਉ। (ਹੇ ਭਾਈ! ਪੰਡਿਤ ਉਸ) ਵੇਦ ਨੂੰ ਪੜ੍ਹਦਾ ਹੈ (ਜੇਹੜਾ ਉਹ) ਬ੍ਰਹਮਾ ਦਾ ਉਚਾਰਿਆ ਹੋਇਆ (ਸਮਝਦਾ ਹੈ, ਉਸ ਦੇ ਆਸਰੇ) ਬਹਸ (ਦੀਆਂ ਗੱਲਾਂ) ਸੁਣਾਂਦਾ ਹੈ, ਪਰ ਉਸ ਦੇ ਆਪਣੇ ਅੰਦਰ ਆਤਮਕ ਜੀਵਨ ਵਲੋਂ ਹਨੇਰਾ ਹੀ ਰਹਿੰਦਾ ਹੈ, ਕਿਉਂਕਿ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੀ ਨਹੀਂ। ਜਦੋਂ ਮਨੁੱਖ ਗੁਰੂ ਦਾ ਸ਼ਬਦ (ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਹੈ) ਉਚਾਰਦਾ ਹੈ, ਤਦੋਂ ਹੀ ਪ੍ਰਭੂ ਦਾ ਮਿਲਾਪ ਹਾਸਲ ਕਰਦਾ ਹੈ।1। (ਹੇ ਭਾਈ!) ਪਾਪੀ ਮਨੁੱਖ ਭੀ ਗੁਰੂ ਦੀ ਸਰਨ ਪੈ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਟਿਕ ਜਾਂਦੇ ਹਨ, ਉਹਨਾਂ ਦੇ ਅੰਦਰ ਪ੍ਰਭੂ-ਮਿਲਾਪ ਦੀ ਰੀਝ ਪੈਦਾ ਹੋ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦੇ ਹਨ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਫਲ ਜੀਵਨ ਵਾਲੇ ਹੋ ਜਾਂਦੇ ਹਨ।2। (ਹੇ ਭਾਈ!) ਜਿਨ੍ਹਾਂ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜਿਆ ਹੈ, ਉਹਨਾਂ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਣ ਲੱਗ ਪੈਂਦੇ ਹਨ, ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾਂਦੇ ਹਨ।3। (ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਖੁੰਝ ਕੇ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ। ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਉਹ ਸਦਾ (ਇਹ ਮੋਹ ਦਾ ਜ਼ਹਰ ਹੀ ਖਾਂਦੇ ਰਹਿੰਦੇ ਹਨ ਜਿਸ ਕਰਕੇ ਉਹ ਆਤਮਕ ਮੌਤ ਦੀ ਸਜ਼ਾ ਸਹਿੰਦੇ ਹਨ ਤੇ ਸਦਾ ਦੁੱਖ ਪਾਂਦੇ ਹਨ।4। ਜਮੂਆ ਨ ਜੋਹੈ ਹਰਿ ਕੀ ਸਰਣਾਈ ॥ ਹਉਮੈ ਮਾਰਿ ਸਚਿ ਲਿਵ ਲਾਈ ॥ ਸਦਾ ਰਹੈ ਹਰਿ ਨਾਮਿ ਲਿਵ ਲਾਈ ॥੫॥ ਸਤਿਗੁਰੁ ਸੇਵਹਿ ਸੇ ਜਨ ਨਿਰਮਲ ਪਵਿਤਾ ॥ ਮਨ ਸਿਉ ਮਨੁ ਮਿਲਾਇ ਸਭੁ ਜਗੁ ਜੀਤਾ ॥ ਇਨ ਬਿਧਿ ਕੁਸਲੁ ਤੇਰੈ ਮੇਰੇ ਮੀਤਾ ॥੬॥ ਸਤਿਗੁਰੂ ਸੇਵੇ ਸੋ ਫਲੁ ਪਾਏ ॥ ਹਿਰਦੈ ਨਾਮੁ ਵਿਚਹੁ ਆਪੁ ਗਵਾਏ ॥ ਅਨਹਦ ਬਾਣੀ ਸਬਦੁ ਵਜਾਏ ॥੭॥ ਸਤਿਗੁਰ ਤੇ ਕਵਨੁ ਕਵਨੁ ਨ ਸੀਧੋ ਮੇਰੇ ਭਾਈ ॥ ਭਗਤੀ ਸੀਧੇ ਦਰਿ ਸੋਭਾ ਪਾਈ ॥ ਨਾਨਕ ਰਾਮ ਨਾਮਿ ਵਡਿਆਈ ॥੮॥੫॥ {ਪੰਨਾ 231} ਪਦ ਅਰਥ: ਜਮੂਆ = ਵਿਚਾਰਾ ਜਮ। ਨ ਜੋਹੈ– ਤੱਕ ਨਹੀਂ ਸਕਦਾ। ਮਾਰਿ = ਮਾਰ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ। ਨਾਮਿ = ਨਾਮ ਵਿਚ।5। ਸੇਵਹਿ = ਸੇਵਾ ਕਰਦੇ ਹਨ। ਮਨ ਸਿਉ = (ਗੁਰੂ ਦੇ) ਮਨ ਨਾਲ। ਮਿਲਾਇ = ਜੋੜ ਕੇ। ਕੁਸਲੁ = ਸੁਖ। ਤੇਰੈ = ਤੇਰੇ ਅੰਦਰ। ਮੀਤਾ = ਹੇ ਮੀਤ!।6। ਸੋ = ਉਹ ਮਨੁੱਖ। ਹਿਰਦੈ = ਹਿਰਦੇ ਵਿਚ। ਆਪੁ = ਆਪਾ-ਭਾਵ। ਅਨਹਦ = {Anhq} ਬਿਨਾ ਵਜਾਏ, ਇਕ-ਰਸ, ਲਗਾਤਾਰ, ਸਦਾ ਹੀ। ਬਾਣੀ ਵਜਾਏ = ਬਾਣੀ ਵਜਾਂਦਾ ਹੈ, ਬਾਣੀ ਦਾ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ (ਜਿਸ ਕਰਕੇ ਵਿਕਾਰਾਂ ਦੀ ਪ੍ਰੇਰਨਾ ਸੁਣੀ ਨਹੀਂ ਜਾ ਸਕਦੀ) ।7। ਤੇ = ਤੋਂ, ਪਾਸੋਂ। ਸੀਧੋ = ਸਿੱਝਿਆ, ਸਫਲ ਹੋਇਆ। ਭਾਈ = ਹੇ ਭਾਈ! ਦਰਿ = ਦਰ ਤੇ। ਨਾਮਿ = ਨਾਮ ਦੀ ਰਾਹੀਂ।8। ਅਰਥ: (ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ ਵਿਚਾਰਾ ਜਮ ਉਸ ਵਲ ਤੱਕ ਭੀ ਨਹੀਂ ਸਕਦਾ (ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ) । ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜੀ ਰੱਖਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲਿਵ ਲਾਈ ਰੱਖਦਾ ਹੈ।5। (ਹੇ ਭਾਈ!) ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਪਵਿਤ੍ਰ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹ ਗੁਰੂ ਦੇ ਮਨ ਨਾਲ ਆਪਣਾ ਮਨ ਜੋੜ ਕੇ (ਗੁਰੂ ਦੀ ਰਜ਼ਾ ਵਿਚ ਤੁਰ ਕੇ) ਸਾਰੇ ਜਗਤ ਨੂੰ ਜਿੱਤ ਲੈਂਦੇ ਹਨ (ਕੋਈ ਵਿਕਾਰ ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ) । ਹੇ ਮੇਰੇ ਮਿੱਤਰ! (ਜੇ ਤੂੰ ਭੀ ਗੁਰੂ ਦੀ ਸਰਨ ਪਏਂ, ਤਾਂ) ਇਸ ਤਰੀਕੇ ਨਾਲ ਤੇਰੇ ਅੰਦਰ ਭੀ ਆਨੰਦ ਬਣਿਆ ਰਹੇਗਾ।6। (ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਹ) ਫਲ ਹਾਸਲ ਕਰਦਾ ਹੈ (ਕਿ) ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਹਉਮੈ ਅਹੰਕਾਰ) ਦੂਰ ਕਰ ਲੈਂਦਾ ਹੈ। (ਜਿਵੇਂ ਢੋਲ ਵੱਜਿਆਂ ਕੋਈ ਨਿੱਕਾ-ਮੋਟਾ ਹੋਰ ਖੜਾਕ ਸੁਣਾਈ ਨਹੀਂ ਦੇਂਦਾ) ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਸਿਫ਼ਤਿ-ਸਾਲਾਹ ਦਾ ਸ਼ਬਦ ਉਜਾਗਰ ਕਰਦਾ ਹੈ (ਜਿਸ ਦੀ ਬਰਕਤਿ ਨਾਲ ਕੋਈ ਹੋਰ ਮੰਦੀ ਪ੍ਰੇਰਨਾ ਅਸਰ ਨਹੀਂ ਪਾ ਸਕਦੀ।7। ਹੇ ਨਾਨਕ! (ਆਖ–) ਹੇ ਮੇਰੇ ਭਾਈ! ਗੁਰੂ ਦੀ ਸਰਨ ਪਿਆਂ ਕੇਹੜਾ ਕੇਹੜਾ ਮਨੁੱਖ (ਜੀਵਨ ਵਿਚ) ਕਾਮਯਾਬ ਨਹੀਂ ਹੁੰਦਾ? (ਜੇਹੜਾ ਭੀ ਮਨੁੱਖ ਗੁਰੂ ਦਾ ਪੱਲਾ ਫੜਦਾ ਹੈ, ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ) । (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਕਾਮਯਾਬ ਜੀਵਨ ਵਾਲੇ ਹੋ ਜਾਂਦੇ ਹਨ, ਪ੍ਰਭੂ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਨੂੰ (ਹਰ ਥਾਂ) ਵਡਿਆਈ ਮਿਲਦੀ ਹੈ।8।5। |
![]() |
![]() |
![]() |
![]() |
Sri Guru Granth Darpan, by Professor Sahib Singh |