ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
![]() |
![]() |
![]() |
![]() |
![]() |
Page 233 ਗਉੜੀ ਮਹਲਾ ੩ ॥ ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ ॥ ਸਬਦਿ ਮਨੁ ਰੰਗਿਆ ਲਿਵ ਲਾਇ ॥ ਨਿਜ ਘਰਿ ਵਸਿਆ ਪ੍ਰਭ ਕੀ ਰਜਾਇ ॥੧॥ ਸਤਿਗੁਰੁ ਸੇਵਿਐ ਜਾਇ ਅਭਿਮਾਨੁ ॥ ਗੋਵਿਦੁ ਪਾਈਐ ਗੁਣੀ ਨਿਧਾਨੁ ॥੧॥ ਰਹਾਉ ॥ ਮਨੁ ਬੈਰਾਗੀ ਜਾ ਸਬਦਿ ਭਉ ਖਾਇ ॥ ਮੇਰਾ ਪ੍ਰਭੁ ਨਿਰਮਲਾ ਸਭ ਤੈ ਰਹਿਆ ਸਮਾਇ ॥ ਗੁਰ ਕਿਰਪਾ ਤੇ ਮਿਲੈ ਮਿਲਾਇ ॥੨॥ ਹਰਿ ਦਾਸਨ ਕੋ ਦਾਸੁ ਸੁਖੁ ਪਾਏ ॥ ਮੇਰਾ ਹਰਿ ਪ੍ਰਭੁ ਇਨ ਬਿਧਿ ਪਾਇਆ ਜਾਏ ॥ ਹਰਿ ਕਿਰਪਾ ਤੇ ਰਾਮ ਗੁਣ ਗਾਏ ॥੩॥ ਧ੍ਰਿਗੁ ਬਹੁ ਜੀਵਣੁ ਜਿਤੁ ਹਰਿ ਨਾਮਿ ਨ ਲਗੈ ਪਿਆਰੁ ॥ ਧ੍ਰਿਗੁ ਸੇਜ ਸੁਖਾਲੀ ਕਾਮਣਿ ਮੋਹ ਗੁਬਾਰੁ ॥ ਤਿਨ ਸਫਲੁ ਜਨਮੁ ਜਿਨ ਨਾਮੁ ਅਧਾਰੁ ॥੪॥ ਧ੍ਰਿਗੁ ਧ੍ਰਿਗੁ ਗ੍ਰਿਹੁ ਕੁਟੰਬੁ ਜਿਤੁ ਹਰਿ ਪ੍ਰੀਤਿ ਨ ਹੋਇ ॥ ਸੋਈ ਹਮਾਰਾ ਮੀਤੁ ਜੋ ਹਰਿ ਗੁਣ ਗਾਵੈ ਸੋਇ ॥ ਹਰਿ ਨਾਮ ਬਿਨਾ ਮੈ ਅਵਰੁ ਨ ਕੋਇ ॥੫॥ ਸਤਿਗੁਰ ਤੇ ਹਮ ਗਤਿ ਪਤਿ ਪਾਈ ॥ ਹਰਿ ਨਾਮੁ ਧਿਆਇਆ ਦੂਖੁ ਸਗਲ ਮਿਟਾਈ ॥ ਸਦਾ ਅਨੰਦੁ ਹਰਿ ਨਾਮਿ ਲਿਵ ਲਾਈ ॥੬॥ ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ ॥ ਹਉਮੈ ਤ੍ਰਿਸਨਾ ਸਭ ਅਗਨਿ ਬੁਝਈ ॥ ਬਿਨਸੇ ਕ੍ਰੋਧ ਖਿਮਾ ਗਹਿ ਲਈ ॥੭॥ ਹਰਿ ਆਪੇ ਕ੍ਰਿਪਾ ਕਰੇ ਨਾਮੁ ਦੇਵੈ ॥ ਗੁਰਮੁਖਿ ਰਤਨੁ ਕੋ ਵਿਰਲਾ ਲੇਵੈ ॥ ਨਾਨਕੁ ਗੁਣ ਗਾਵੈ ਹਰਿ ਅਲਖ ਅਭੇਵੈ ॥੮॥੮॥ {ਪੰਨਾ 233} ਪਦ ਅਰਥ: ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਤਰ ਆਤਮੇ ਹੀ, ਅੰਦਰ ਹੀ ਅੰਦਰ। ਸਵਾਰਿਆ = ਸੋਹਣਾ ਬਣਾ ਲਿਆ। ਭੈ = (ਪਰਾਤਮਾ ਦੇ) ਡਰ-ਅਦਬ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਲਾਇ = ਲਾ ਕੇ। ਨਿਜ ਘਰਿ = ਆਪਣੇ ਘਰ ਵਿਚ, ਪ੍ਰਭੂ-ਚਰਨਾਂ ਵਿਚ। ਰਜਾਇ = ਭਾਣਾ।1। ਸੇਵੀਐ = ਜੇ ਸੇਵਾ ਕਰੀਏ, ਜੇ ਸਰਨ ਪਈਏ। ਗੁਣੀ ਨਿਧਾਨ = ਗੁਣਾਂ ਦਾ ਖ਼ਜ਼ਾਨਾ।1। ਰਹਾਉ। ਬੈਰਾਗੀ = ਬੈਰਾਗਵਾਨ, ਮਾਇਆ ਦੇ ਮੋਹ ਤੋਂ ਬਚਿਆ ਹੋਇਆ। ਜਾ = ਜਦੋਂ। ਭਉ = ਡਰ, ਇਹ ਡਰ ਕਿ ਪਰਮਾਤਮਾ ਸਰਬ-ਵਿਆਪਕ ਤੇ ਅੰਤਰਜਾਮੀ ਹੈ। ਖਾਇ = ਖਾਂਦਾ ਹੈ, ਆਤਮਕ ਖ਼ੁਰਾਕ ਬਣਾਂਦਾ ਹੈ। ਸਭਤੈ = ਹਰ ਥਾਂ। ਤੇ = ਤੋਂ, ਨਾਲ।2। ਕੋ = ਦਾ। ਇਨ ਬਿਧਿ = ਇਸ ਤਰੀਕੇ ਨਾਲ। ਤੇ = ਤੋਂ, ਨਾਲ। ਗਾਏ = ਗਾਂਦਾ ਹੈ।3। ਬਹੁ ਜੀਵਣੁ = ਲੰਮੀ ਉਮਰ, (ਪ੍ਰਾਣਾਯਾਮ ਆਦਿਕ ਨਾਲ ਵਧਾਈ ਹੋਈ) ਲੰਮੀ ਉਮਰ। ਜਿਤੁ = ਜਿਸ ਦੀ ਰਾਹੀਂ, ਜੇ ਉਸ ਦੀ ਰਾਹੀਂ। ਨਾਮਿ = ਨਾਮ ਵਿਚ। ਧ੍ਰਿਗੁ = ਫਿਟਕਾਰ-ਜੋਗ। ਕਾਮਣਿ = ਇਸਤ੍ਰੀ। ਸੁਖਾਲੀ = ਸੁਖ ਦੇਣ ਵਾਲੀ, ਸੁਖਦਾਈ {ਸੁਖਆਲਯ}। ਗੁਬਾਰੁ = ਘੁੱਪ-ਹਨੇਰਾ। ਅਧਾਰੁ = ਆਸਰਾ।4। ਗ੍ਰਿਹੁ = ਗ੍ਰਿਹਸਤ ਜੀਵਨ, ਘਰ। ਕੁਟੰਬੁ = ਪਰਿਵਾਰ।5। ਤੇ = ਤੋਂ। ਗਤਿ = ਉੱਚੀ ਆਤਮਕ ਅਵਸਥਾ। ਪਤਿ = ਇੱਜ਼ਤ।6। ਗੁਰਿ ਮਿਲੀਐ = ਜੇ ਗੁਰੂ ਮਿਲ ਪਏ। ਸਰੀਰ ਸੁਧਿ = ਸਰੀਰ ਦੀ ਸੂਝ, ਸਰੀਰ ਨੂੰ ਪਵਿਤ੍ਰ ਰੱਖਣ ਦੀ ਸੂਝ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣ ਦੀ ਸੂਝ। ਬੁਝਈ = ਬੁੱਝ ਗਈ। ਗਹਿ ਲਈ = ਪਕੜ ਲਈ।7। ਅਲਖ = ਜਿਸ ਦਾ ਸਰੂਪ ਸਮਝ ਵਿਚ ਨਾ ਆ ਸਕੇ। ਅਭੇਵ = ਜਿਸ ਦਾ ਭੇਦ ਨਾਹ ਪਾਇਆ ਜਾ ਸਕੇ।8। ਅਰਥ: (ਹੇ ਭਾਈ!) ਗੁਰੂ ਦੀ ਸ਼ਰਨ ਪਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲ ਪੈਂਦਾ ਹੈ।1। ਰਹਾਉ। (ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜ ਕੇ (ਆਪਣੇ) ਮਨ ਨੂੰ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗ ਲਿਆ ਹੈ, ਉਸ ਨੇ ਪ੍ਰਭੂ ਦੇ ਡਰ-ਅਦਬ ਵਿਚ ਟਿਕ ਕੇ, ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰਭੂ-ਪ੍ਰੇਮ ਵਿਚ ਜੁੜ ਕੇ ਆਪਣੇ ਮਨ ਨੂੰ ਅੰਤਰ ਆਤਮੇ ਹੀ ਸੋਹਣਾ ਬਣਾ ਲਿਆ ਹੈ, (ਗ੍ਰਿਹਸਤ ਛੱਡ ਕੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਈ) । ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ।1। (ਹੇ ਭਾਈ!) ਜਦੋਂ (ਕੋਈ ਮਨੁੱਖ ਇਸ) ਡਰ ਨੂੰ (ਕਿ ਪਰਮਾਤਮਾ ਹਰੇਕ ਦੇ ਅੰਦਰ ਵੱਸ ਰਿਹਾ ਹੈ ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਆਪਣੇ ਆਤਮੇ ਦੀ) ਖ਼ੁਰਾਕ ਬਣਾਂਦਾ ਹੈ, (ਉਸ ਦਾ) ਮਨ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦਾ ਹੈ, ਉਸ ਨੂੰ ਪਵਿਤ੍ਰ-ਸਰੂਪ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ। ਉਹ ਮਨੁੱਖ ਗੁਰੂ ਦੀ ਕਿਰਪਾ ਨਾਲ (ਗੁਰੂ ਦਾ) ਮਿਲਾਇਆ ਹੋਇਆ (ਪਰਮਾਤਮਾ ਨੂੰ) ਮਿਲ ਪੈਂਦਾ ਹੈ।2। (ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ। (ਹੇ ਭਾਈ!) ਇਸ ਤਰੀਕੇ ਨਾਲ (ਹੀ) ਪਿਆਰੇ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ। ਉਹ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।3। (ਹੇ ਭਾਈ! ਪ੍ਰਾਣਾਯਾਮ ਆਦਿਕ ਨਾਲ ਵਧਾਈ ਹੋਈ) ਲੰਮੀ ਉਮਰ (ਸਗੋਂ) ਫਿਟਕਾਰ-ਜੋਗ ਹੈ, ਜੇ ਉਸ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਉਸ ਲੰਮੀ ਉਮਰ ਵਾਲੇ ਦਾ) ਪਿਆਰ ਨਹੀਂ ਬਣਦਾ। (ਦੂਜੇ ਪਾਸੇ, ਹੇ ਭਾਈ! ਸੁੰਦਰ) ਇਸਤ੍ਰੀ ਦੀ ਸੁਖਦਾਈ ਸੇਜ (ਭੀ) ਫਿਟਕਾਰ-ਜੋਗ ਹੈ (ਜੇ ਉਹ) ਮੋਹ ਦਾ ਘੁੱਪ ਹਨੇਰਾ (ਪੈਦਾ ਕਰਦੀ) ਹੈ। (ਹੇ ਭਾਈ! ਸਿਰਫ਼) ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਇਆ ਹੈ।4। (ਹੇ ਭਾਈ!) ਉਹ ਗ੍ਰਿਹਸਤ ਜੀਵਨ ਫਿਟਕਾਰ-ਜੋਗ ਹੈ, ਉਹ ਪਰਿਵਾਰ (ਵਾਲਾ ਜੀਵਨ) ਫਿਟਕਾਰ-ਜੋਗ ਹੈ, ਜਿਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤਿ ਨਹੀਂ ਬਣਦੀ। (ਹੇ ਭਾਈ!) ਸਾਡਾ ਤਾਂ ਮਿੱਤਰ ਉਹੀ ਮਨੁੱਖ ਹੈ, ਜੋ ਉਸ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਸਾਨੂੰ ਭੀ ਸਿਫ਼ਤਿ-ਸਾਲਾਹ ਵਲ ਪ੍ਰੇਰਦਾ ਹੈ) । (ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਦਿੱਸਦਾ।5। (ਹੇ ਭਾਈ!) ਗੁਰੂ ਪਾਸੋਂ ਹੀ ਅਸੀਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਦੇ ਹਾਂ (ਜਿਸ ਦੀ ਬਰਕਤਿ ਨਾਲ ਹਰ ਥਾਂ) ਇੱਜ਼ਤ ਮਿਲਦੀ ਹੈ। (ਗੁਰੂ ਦੀ ਸਰਨ ਪੈ ਕੇ ਜਿਸ ਨੇ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲਿਆ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ ਸਦਾ ਆਨੰਦ ਮਾਣਦਾ ਹੈ।6। (ਹੇ ਭਾਈ!) ਜੇ ਗੁਰੂ ਮਿਲ ਪਏ ਤਾਂ ਅਸੀਂ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਰੱਖਣ ਦੀ ਸੂਝ ਭੀ ਹਾਸਲ ਕਰ ਲੈਂਦੇ ਹਾਂ। (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ ਅੰਦਰੋਂ) ਹਉਮੈ ਤੇ ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਜਾਂਦੀ ਹੈ, (ਉਸ ਦੇ ਅੰਦਰੋਂ) ਕ੍ਰੋਧ ਮੁੱਕ ਜਾਂਦਾ ਹੈ, ਉਹ ਸਦਾ ਖਿਮਾ ਧਾਰਨ ਕਰੀ ਰੱਖਦਾ ਹੈ।7। (ਪਰ, ਹੇ ਭਾਈ!) ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਤੇ ਆਪਣਾ ਨਾਮ ਬਖ਼ਸ਼ਦਾ ਹੈ, ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਗੁਰੂ ਦੀ ਸਰਨ ਪੈ ਕੇ ਇਹ ਨਾਮ-ਰਤਨ ਪੱਲੇ ਬੰਨ੍ਹਦਾ ਹੈ। ਨਾਨਕ (ਤਾਂ ਗੁਰੂ ਦੀ ਕਿਰਪਾ ਨਾਲ ਹੀ) ਉਸ ਅਲੱਖ ਤੇ ਅਭੇਵ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ।8। 8। ੴ ਸਤਿਗੁਰ ਪ੍ਰਸਾਦਿ ॥ ਰਾਗੁ ਗਉੜੀ ਬੈਰਾਗਣਿ ਮਹਲਾ ੩ ॥ ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥ ਅਨਦਿਨੁ ਬਧੇ ਮਾਰੀਅਨਿ ਫਿਰਿ ਵੇਲਾ ਨਾ ਲਹੰਨਿ ॥੧॥ ਹਰਿ ਹਰਿ ਰਾਖਹੁ ਕ੍ਰਿਪਾ ਧਾਰਿ ॥ ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ ॥੧॥ ਰਹਾਉ ॥ ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ ॥ ਆਪੁ ਛੋਡਿ ਸੇਵਾ ਕਰਨਿ ਜੀਵਤ ਮੁਏ ਰਹੰਨਿ ॥੨॥ ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ ॥ ਓਹੁ ਕਿਉ ਮਨਹੁ ਵਿਸਾਰੀਐ ਹਰਿ ਰਖੀਐ ਹਿਰਦੈ ਧਾਰਿ ॥੩॥ ਨਾਮਿ ਮਿਲਿਐ ਪਤਿ ਪਾਈਐ ਨਾਮਿ ਮੰਨਿਐ ਸੁਖੁ ਹੋਇ ॥ ਸਤਿਗੁਰ ਤੇ ਨਾਮੁ ਪਾਈਐ ਕਰਮਿ ਮਿਲੈ ਪ੍ਰਭੁ ਸੋਇ ॥੪॥ ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ ॥ ਧਰਤਿ ਅਸਮਾਨੁ ਨ ਝਲਈ ਵਿਚਿ ਵਿਸਟਾ ਪਏ ਪਚੰਨਿ ॥੫॥ ਇਹੁ ਜਗੁ ਭਰਮਿ ਭੁਲਾਇਆ ਮੋਹ ਠਗਉਲੀ ਪਾਇ ॥ ਜਿਨਾ ਸਤਿਗੁਰੁ ਭੇਟਿਆ ਤਿਨ ਨੇੜਿ ਨ ਭਿਟੈ ਮਾਇ ॥੬॥ ਸਤਿਗੁਰੁ ਸੇਵਨਿ ਸੋ ਸੋਹਣੇ ਹਉਮੈ ਮੈਲੁ ਗਵਾਇ ॥ ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥ ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥ ਜਨੁ ਨਾਨਕੁ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ॥੮॥੧॥੯॥ {ਪੰਨਾ 233-234} ਪਦ ਅਰਥ: ਤੇ = ਤੋਂ। ਜੋ = ਜੇਹੜੇ ਬੰਦੇ। ਤੇ = ਉਹ ਬੰਦੇ। ਦਿਸੰਨਿ = ਦਿੱਸਦੇ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ। ਬਧੇ = (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ। ਮਾਰੀਅਨਿ = ਮਾਰੀਦੇ ਹਨ, ਮੋਹ ਦੀਆਂ ਚੋਟਾਂ ਖਾਂਦੇ ਹਨ। ਵੇਲਾ = ਸਮਾ (ਇਹਨਾਂ ਚੋਟਾਂ ਤੋਂ ਬਚ ਨਿਕਲਣ ਵਾਸਤੇ) । ਲਹੰਨਿ = ਲੈਂਦੇ, ਲੱਭ ਸਕਦੇ।1। ਹਰਿ = ਹੇ ਰਹੀ! ਧਾਰਿ = ਧਾਰ ਕੇ। ਪ੍ਰਭ = ਹੇ ਪ੍ਰਭੂ! ਸਾਰਿ = ਸਾਰੀਂ, ਮੈਂ ਸੰਭਾਲਾਂ।1। ਰਹਾਉ। ਭਗਤ = {ਬਹੁ-ਬਚਨ}। ਭਾਇ = ਪ੍ਰੇਮ ਵਿਚ। ਚਲੰਨਿ = ਤੁਰਦੇ ਹਨ, ਜੀਵਨ ਬਤੀਤ ਕਰਦੇ ਹਨ। ਆਪੁ = ਆਪਾ-ਭਾਵ। ਮੁਏ = ਵਿਕਾਰਾਂ ਵਲੋਂ ਅਛੋਹ।2। ਪਿੰਡੁ = ਸਰੀਰ। ਪਰਾਣ = ਜਿੰਦ। ਸਿਰਿ = ਸਿਰ ਤੇ। ਕਾਰ = ਹਕੂਮਤਿ। ਮਨਹੁ = ਮਨ ਤੋਂ।3। ਨਾਮਿ ਮਿਲਿਐ = ਜੇ ਨਾਮ ਮਿਲ ਜਾਏ। ਪਤਿ = ਇੱਜ਼ਤ। ਨਾਮਿ ਮੰਨੀਐ = ਜੇ ਮਨ ਨਾਮ ਵਿਚ ਪਤੀਜ ਜਾਏ। ਤੇ = ਤੋਂ, ਪਾਸੋਂ। ਕਰਮਿ = ਮਿਹਰ ਨਾਲ।4। ਓਇ = {'ਓਹ' ਤੋਂ ਬਹੁ-ਵਚਨ}। ਭ੍ਰਮਦੇ = ਭਟਕਦੇ। ਝਲਈ = ਝੱਲਦਾ, ਸਹਾਰਾ ਦੇਂਦਾ। ਪਚੰਨਿ = ਦੁਖੀ ਹੁੰਦੇ ਹਨ, ਸੜਦੇ ਹਨ, ਆਤਮਕ ਜੀਵਨ ਸਾੜ ਲੈਂਦੇ ਹਨ।5। ਭਰਮਿ = ਭਟਕਣਾ ਵਿਚ। ਭੁਲਾਇਆ = ਕੁਰਾਹੇ ਪਾਇਆ ਹੈ। ਠਗਉਲੀ = ਠਗ-ਬੂਟੀ, ਠਗ-ਮੂਰੀ। ਭੇਟਿਆ = ਮਿਲਿਆ। ਮਾਇ = ਮਾਇਆ। ਭਿਟੈ = ਢੁਕਦੀ।6। ਸੇਵਨਿ = ਸੇਂਵਦੇ ਹਨ। ਸਬਦਿ = ਸ਼ਬਦ ਵਿਚ। ਰਤੇ = ਰੰਗੇ ਹੋਏ। ਭਾਇ = ਪ੍ਰੇਮ ਵਿਚ।7। ਪ੍ਰਭ = ਹੇ ਪ੍ਰਭੂ! ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇ = (ਆਪਣੇ ਚਰਨਾਂ ਨਾਲ) ਜੋੜ। ਜਨੁ = ਦਾਸ। ਸਰਣਾਗਤੀ = ਸਰਨ ਆਇਆ ਹੈ। ਭਾਵੈ = ਚੰਗਾ ਲੱਗੇ।8। ਅਰਥ: ਹੇ ਹਰੀ! ਹੇ ਹਰੀ! ਮਿਹਰ ਕਰ, (ਮੈਨੂੰ ਮਾਇਆ ਦੇ ਪੰਜੇ ਤੋਂ) ਬਚਾ ਰੱਖ। ਹੇ ਹਰੀ! ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮੇਲ ਰੱਖ, ਤਾ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਾਂ।1। ਰਹਾਉ। (ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਫੇਰੀ ਰੱਖਦੇ ਹਨ, ਗੁਰੂ ਵਲੋਂ ਬੇਮੁਖ ਹੋਏ ਉਹ ਮਨੁੱਖ (ਵੇਖਣ ਨੂੰ ਹੀ ਪਏ) ਭੈੜੇ ਦਿੱਸਦੇ ਹਨ। (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ, (ਇਹਨਾਂ ਚੋਟਾਂ ਤੋਂ ਬਚਣ ਲਈ) ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਆਉਂਦਾ, (ਭਾਵ, ਮਾਰ ਭੀ ਖਾਂਦੇ ਰਹਿੰਦੇ ਹਨ, ਫਿਰ ਭੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿਚੋਂ ਨਿਕਲਣ ਨੂੰ ਜੀ ਭੀ ਨਹੀਂ ਕਰਦਾ) ।1। (ਹੇ ਭਾਈ!) ਪਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ, ਜੇਹੜੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਿਤੀਤ ਕਰਦੇ ਹਨ, ਜੇਹੜੇ (ਗੁਰੂ ਦੇ ਹੁਕਮ ਅਨੁਸਾਰ) ਆਪਾ-ਭਾਵ (ਸੁਆਰਥ) ਛੱਡ ਕੇ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ।2। (ਹੇ ਭਾਈ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਉਸੇ ਦਾ ਹੁਕਮ (ਹੀ) ਹਰੇਕ ਦੇ ਸਰੀਰ ਉਤੇ ਚੱਲ ਰਿਹਾ ਹੈ। ਉਸ ਨੂੰ ਕਿਸੇ ਭੀ ਹਾਲਤ ਵਿਚ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ।3। (ਹੇ ਭਾਈ!) ਜੇ ਪਰਮਾਤਮਾ ਦਾ ਨਾਮ ਮਿਲ ਜਾਏ ਤਾਂ (ਹਰ ਥਾਂ) ਇੱਜ਼ਤ ਮਿਲਦੀ ਹੈ, ਜੇ ਪਰਮਾਤਮਾ ਦੇ ਨਾਮ ਨਾਲ ਮਨ ਗਿੱਝ ਜਾਏ ਤਾਂ ਆਤਮਕ ਆਨੰਦ ਹਾਸਲ ਹੁੰਦਾ ਹੈ, (ਪਰ, ਹੇ ਭਾਈ!) ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਆਪਣੀ ਮਿਹਰ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ।4। (ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਮਨੁੱਖ (ਮਾਇਆ ਦੇ ਮੋਹ ਵਿਚ ਸਦਾ) ਭਟਕਦੇ ਫਿਰਦੇ ਹਨ, ਉਹਨਾਂ ਨੂੰ ਕਦੇ ਆਤਮਕ ਸ਼ਾਂਤੀ ਨਹੀਂ ਲੱਭਦੀ। ਉਹਨਾਂ ਨੂੰ ਨਾਹ ਧਰਤੀ ਨਾਹ ਆਸਮਾਨ ਝੱਲ ਨਹੀਂ ਸਕਦਾ (ਸਾਰੀ ਸ੍ਰਿਸ਼ਟੀ ਵਿਚ ਕੋਈ ਹੋਰ ਜੀਵ ਉਹਨਾਂ ਨੂੰ ਆਤਮਕ ਸਹਾਰਾ ਨਹੀਂ ਦੇ ਸਕਦਾ) ਉਹ ਮਾਇਆ ਦੇ ਮੋਹ ਦੇ ਗੰਦ ਵਿਚ ਪਏ ਹੋਏ ਹੀ ਆਪਣਾ ਆਤਮਕ ਜੀਵਨ ਸਾੜਦੇ ਰਹਿੰਦੇ ਹਨ।5। (ਹੇ ਭਾਈ! ਮਾਇਆ ਨੇ) ਇਸ ਜਗਤ ਨੂੰ (ਆਪਣੇ ਮੋਹ ਦੀ) ਭਟਕਣਾ ਵਿਚ (ਪਾ ਕੇ) ਮੋਹ ਦੀ ਠਗ-ਬੂਟੀ ਖੁਆ ਕੇ ਗ਼ਲਤ ਜੀਵਨ-ਰਾਹ ਤੇ ਪਾਇਆ ਹੋਇਆ ਹੈ, (ਪਰ ਹੇ ਭਾਈ!) ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਇਹ ਮਾਇਆ ਉਹਨਾਂ ਦੇ ਨੇੜੇ ਭੀ ਨਹੀਂ ਢੁੱਕਦੀ (ਉਹਨਾਂ ਉਤੇ ਆਪਣੇ ਮੋਹ ਦਾ ਜਾਦੂ ਨਹੀਂ ਚਲਾ ਸਕਦੀ) ।6। (ਹੇ ਭਾਈ!) ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ। ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ, (ਜੀਵਨ ਬਿਤਾਂਦੇ ਹਨ) ।7। ਹੇ ਹਰੀ! ਹੇ ਪ੍ਰਭੂ! ਸਿਰਫ਼ ਤੂੰ ਹੀ ਹੈਂ ਜੋ (ਗੁਰੂ ਦੀ ਰਾਹੀਂ ਆਪਣੇ ਨਾਮ ਦੀ) ਦਾਤਿ ਦੇਣ ਵਾਲਾ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ। (ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਉਸੇ ਤਰ੍ਹਾਂ (ਇਸ ਮਾਇਆ ਦੇ ਮੋਹ ਦੇ ਪੰਜੇ ਤੋਂ) ਬਚਾ ਲੈ।8।1।9। ਨੋਟ: ਅੰਕ 1 ਦੱਸਦਾ ਹੈ ਕਿ ਇਹ ਅਸ਼ਟਪਦੀ 'ਗਉੜੀ ਬੈਰਾਗਣਿ' ਦੀ ਹੈ, ਪਹਿਲੀਆਂ 8 ਅਸ਼ਟਪਦੀਆਂ 'ਗਉੜੀ ਗੁਆਰੇਰੀ' ਦੀਆਂ ਹਨ। ਕੁੱਲ ਜੋੜ 9 ਹੈ। |
![]() |
![]() |
![]() |
![]() |
Sri Guru Granth Darpan, by Professor Sahib Singh |