ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 487

ਆਸਾ ॥ ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥ ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥ ਹਰਿ ਕੇ ਨਾਮ ਕਬੀਰ ਉਜਾਗਰ ॥ ਜਨਮ ਜਨਮ ਕੇ ਕਾਟੇ ਕਾਗਰ ॥੧॥ ਨਿਮਤ ਨਾਮਦੇਉ ਦੂਧੁ ਪੀਆਇਆ ॥ ਤਉ ਜਗ ਜਨਮ ਸੰਕਟ ਨਹੀ ਆਇਆ ॥੨॥ ਜਨ ਰਵਿਦਾਸ ਰਾਮ ਰੰਗਿ ਰਾਤਾ ॥ ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥ {ਪੰਨਾ 487}

ਪਦ ਅਰਥ: ਹਰਿ......ਹਰੇ ਹਰਿ ਸਿਮਰਤ = ਮੁੜ ਮੁੜ ਸੁਆਸ ਸੁਆਸ ਹਰਿਨਾਮ ਸਿਮਰਦਿਆਂ। ਜਨ = (ਹਰੀ ਦੇ) ਦਾਸ। ਗਏ ਤਰੇ = ਤਰੇ ਗਏ, ਤਰ ਗਏ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਨਿਸਤਰਿ = ਚੰਗੀ ਤਰ੍ਹਾਂ ਤਰ ਕੇ।1। ਰਹਾਉ।

ਹਰਿ ਕੇ ਨਾਮ = ਹਰਿ-ਨਾਮ ਦੀ ਬਰਕਤਿ ਨਾਲ। ਉਜਾਗਰ = ਉੱਘਾ, ਮਸ਼ਹੂਰ। ਕਾਗਰ = ਕਾਗ਼ਜ਼। ਜਨਮ ਕੇ ਕਾਗਰ = ਕਈ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ।1।

ਨਿਮਤ = {Skt. inimÙ The instrumental or efficient cause. ਇਹ ਲਫ਼ਜ਼ ਕਿਸੇ 'ਸਮਾਸ' ਦੇ ਅਖ਼ੀਰ ਤੇ ਵਰਤਿਆ ਜਾਂਦਾ ਹੈ ਤੇ ਇਸ ਦਾ ਅਰਥ ਹੁੰਦਾ ਹੈ 'ਇਸ ਕਾਰਨ ਕਰਕੇ'; ਜਿਵੇਂ ikiNnimÙoXmwqzk: ਭਾਵ, ਇਸ ਰੋਗ ਦਾ ਕੀਹ ਕਾਰਨ ਹੈ} ਦੇ ਕਾਰਨ, ਦੀ ਬਰਕਤਿ ਨਾਲ। (ਹਰਿ ਕੇ ਨਾਮ) ਨਿਮਤ = ਹਰਿ-ਨਾਮ ਦੀ ਬਰਕਤਿ ਨਾਲ। ਤਉ = ਤਦੋਂ, ਹਰਿ-ਨਾਮ ਸਿਮਰਨ ਨਾਲ। ਸੰਕਟ = ਕਸ਼ਟ।2।

ਰਾਮ ਰੰਗਿ = ਪ੍ਰਭੂ ਦੇ ਪਿਆਰ ਵਿਚ। ਰਾਤਾ = ਰੰਗਿਆ ਹੋਇਆ। ਇਉ = ਇਸ ਤਰ੍ਹਾਂ, ਪ੍ਰਭੂ ਦੇ ਰੰਗ ਵਿਚ ਰੰਗੇ ਜਾਣ ਨਾਲ। ਪਰਸਾਦਿ = ਕਿਰਪਾ ਨਾਲ।3।

ਅਰਥ: ਸੁਆਸ ਸੁਆਸ ਹਰਿ-ਨਾਮ ਸਿਮਰਨ ਨਾਲ ਹਰੀ ਦੇ ਦਾਸ (ਸੰਸਾਰ-ਸਮੁੰਦਰ ਤੋਂ) ਪੂਰਨ ਤੌਰ ਤੇ ਪਾਰ ਲੰਘ ਜਾਂਦੇ ਹਨ।1। ਰਹਾਉ।

ਹਰਿ-ਨਾਮ ਸਿਮਰਨ ਦੀ ਬਰਕਤਿ ਨਾਲ ਕਬੀਰ (ਭਗਤ ਜਗਤ ਵਿਚ) ਮਸ਼ਹੂਰ ਹੋਇਆ, ਤੇ ਉਸ ਦੇ ਜਨਮਾਂ ਜਨਮਾਂ ਦੇ ਕੀਤੇ ਕਰਮਾਂ ਦੇ ਲੇਖੇ ਮੁੱਕ ਗਏ।1।

ਹਰਿ-ਨਾਮ ਸਿਮਰਨ ਦੇ ਕਾਰਨ ਹੀ ਨਾਮਦੇਵ ਨੇ ('ਗੋਬਿੰਦ ਰਾਇ') ਨੂੰ ਦੁੱਧ ਪਿਆਇਆ ਸੀ, ਤੇ, ਨਾਮ ਜਪਿਆਂ ਹੀ ਉਹ ਜਗਤ ਦੇ ਜਨਮਾਂ ਦੇ ਕਸ਼ਟਾਂ ਵਿਚ ਨਹੀਂ ਪਿਆ।2।

ਹਰੀ ਦਾ ਦਾਸ ਰਵਿਦਾਸ (ਭੀ) ਪ੍ਰਭੂ ਦੇ ਪਿਆਰ ਵਿਚ ਰੰਗਿਆ ਗਿਆ ਹੈ। ਇਸ ਰੰਗ ਦੀ ਬਰਕਤਿ ਨਾਲ ਸਤਿਗੁਰੂ ਦੀ ਮਿਹਰ ਦਾ ਸਦਕਾ, ਰਵਿਦਾਸ ਨਰਕਾਂ ਵਿਚ ਨਹੀਂ ਪਏਗਾ।3।5।

ਨੋਟ: ਹਰੇਕ ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਇਥੇ ਹਰਿ-ਸਿਮਰਨ ਦੀ ਵਡਿਆਈ ਦੱਸੀ ਹੈ ਕਿ ਜਿਨ੍ਹਾਂ ਬੰਦਿਆਂ ਨੇ ਸੁਆਸ ਸੁਆਸ ਪ੍ਰਭੂ ਨੂੰ ਯਾਦ ਰੱਖਿਆ, ਉਹਨਾਂ ਨੂੰ ਜਗਤ ਦੀ ਮਾਇਆ ਵਿਆਪ ਨਹੀਂ ਸਕੀ। ਇਹ ਅਸੂਲ ਦੱਸ ਕੇ ਦੋ ਭਗਤਾਂ ਦੀ ਮਿਸਾਲ ਦੇਂਦੇ ਹਨ। ਕਬੀਰ ਨੇ ਭਗਤੀ ਕੀਤੀ, ਉਹ ਜਗਤ ਵਿਚ ਪ੍ਰਸਿੱਧ ਹੋਇਆ; ਨਾਮਦੇਵ ਨੇ ਭਗਤੀ ਕੀਤੀ, ਤੇ ਉਸ ਨੇ ਪ੍ਰਭੂ ਨੂੰ ਵੱਸ ਵਿਚ ਕਰ ਲਿਆ।

ਇਸ ਵਿਚਾਰ ਵਿਚ ਦੋ ਗੱਲਾਂ ਬਿਲਕੁਲ ਸਾਫ਼ ਹਨ। ਇੱਕ ਇਹ, ਕਿ ਨਾਮਦੇਵ ਨੇ ਕਿਸੇ ਠਾਕੁਰ-ਮੂਰਤੀ ਨੂੰ ਦੁੱਧ ਨਹੀਂ ਪਿਆਇਆ; ਦੂਜੀ, ਦੁੱਧ ਪਿਲਾਉਣ ਤੋਂ ਪਿਛੋਂ ਨਾਮਦੇਵ ਨੂੰ ਭਗਤੀ ਦੀ ਲਾਗ ਨਹੀਂ ਲੱਗੀ, ਪਹਿਲਾਂ ਹੀ ਉਹ ਪ੍ਰਵਾਨ ਭਗਤ ਸੀ। ਕਿਸੇ ਮੂਰਤੀ ਨੂੰ ਦੁੱਧ ਪਿਆ ਕੇ, ਕਿਸੇ ਮੂਰਤੀ ਦੀ ਪੂਜਾ ਕਰ ਕੇ, ਨਾਮਦੇਵ ਭਗਤ ਨਹੀਂ ਬਣਿਆ, ਸਗੋਂ ਸੁਆਸ ਸੁਆਸ ਹਰਿ-ਸਿਮਰਨ ਦੀ ਹੀ ਇਹ ਬਰਕਤਿ ਸੀ, ਕਿ ਪ੍ਰਭੂ ਨੇ ਕਈ ਕੌਤਕ ਵਿਖਾ ਕੇ ਨਾਮਦੇਵ ਦੇ ਕਈ ਕੰਮ ਸਵਾਰੇ ਤੇ ਉਸ ਨੂੰ ਜਗਤ ਵਿਚ ਉੱਘਾ ਕੀਤਾ।

ਭਾਵ: ਨਾਮ ਸਿਮਰਨ ਦੀ ਬਰਕਤਿ ਨਾਲ ਨੀਵੀਂ ਜਾਤਿ ਵਾਲੇ ਬੰਦੇ ਭੀ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ।

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ ॥ ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥ ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥ ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥ ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥ ਕਹਿ ਰਵਿਦਾਸ ਬਾਜੀ ਜਗੁ ਭਾਈ ॥ {ਪੰਨਾ 487}

ਪਦ ਅਰਥ: ਕੋ = ਦਾ। ਪੁਤਰਾ = ਪੁਤਲਾ। ਕੈਸੇ = ਕਿਵੇਂ, ਅਚਰਜ ਤਰ੍ਹਾਂ, ਹਾਸੋ-ਹੀਣਾ ਹੋ ਕੇ।1। ਰਹਾਉ।

ਕਛੁ = ਕੁਝ ਮਾਇਆ। ਪਾਵੈ = ਹਾਸਲ ਕਰਦਾ ਹੈ। ਗਰਬੁ = ਅਹੰਕਾਰ। ਗਈ = ਗੁਆਚ ਜਾਣ ਤੇ। ਰੋਵਨੁ ਲਗਤੁ = ਰੋਂਦਾ ਹੈ, ਦੁੱਖੀ ਹੁੰਦਾ ਹੈ।1।

ਬਚ = ਬਚਨ, ਗੱਲਾਂ। ਕ੍ਰਮ = ਕਰਮ, ਕਰਤੂਤ। ਰਸ ਕਸਹਿ = ਰਸਾਂ ਕਸਾਂ ਵਿਚ, ਸੁਆਦਾਂ ਵਿਚ, ਚਸਕਿਆਂ ਵਿਚ। ਲੁਭਾਨਾ = ਮਸਤ। ਬਿਨਸਿ ਗਇਆ = ਜਦੋਂ ਇਹ ਪੁਤਲਾ ਨਾਸ ਹੋ ਗਿਆ। ਜਾਇ = ਜੀਵ ਇਥੋਂ ਜਾ ਕੇ। ਕਹੂੰ = (ਪ੍ਰਭੂ-ਚਰਨਾਂ ਦੇ ਥਾਂ) ਕਿਸੇ ਹੋਰ ਥਾਂ।2।

ਕਹਿ = ਕਹੇ, ਆਖਦਾ ਹੈ। ਭਾਈ = ਹੇ ਭਾਈ! ਸਉ = ਸਿਉ, ਨਾਲ। ਮੋੁਹਿ = ਮੈਨੂੰ {ਅੱਖਰ 'ਮ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲ ਲਫ਼ਜ਼ ਹੈ 'ਮੋਹਿ', ਪਰ ਇਥੇ ਪੜ੍ਹਨਾ ਹੈ 'ਮੁਹਿ'}।3।

ਅਰਥ: (ਮਾਇਆ ਦੇ ਮੋਹ ਵਿਚ ਫਸ ਕੇ) ਇਹ ਮਿੱਟੀ ਦਾ ਪੁਤਲਾ ਕੇਹਾ ਹਾਸੋ-ਹੀਣਾ ਹੋ ਕੇ ਨੱਚ ਰਿਹਾ ਹੈ (ਭਟਕ ਰਿਹਾ ਹੈ) ; (ਮਾਇਆ ਨੂੰ ਹੀ) ਚਾਰ-ਚੁਫੇਰੇ ਢੂੰਢਦਾ ਹੈ; (ਮਾਇਆ ਦੀਆਂ ਹੀ ਗੱਲਾਂ) ਸੁਣਦਾ ਹੈ (ਭਾਵ, ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ) , (ਮਾਇਆ ਕਮਾਣ ਦੀਆਂ ਹੀ) ਗੱਲਾਂ ਕਰਦਾ ਹੈ, (ਹਰ ਵੇਲੇ ਮਾਇਆ ਦੀ ਖ਼ਾਤਰ ਹੀ) ਦੌੜਿਆ ਫਿਰਦਾ ਹੈ।1। ਰਹਾਉ।

ਜਦੋਂ (ਇਸ ਨੂੰ) ਕੁਝ ਧਨ ਮਿਲ ਜਾਂਦਾ ਹੈ ਤਾਂ (ਇਹ) ਅਹੰਕਾਰ ਕਰਨ ਲੱਗ ਪੈਂਦਾ ਹੈ; ਪਰ ਜੇ ਗੁਆਚ ਜਾਏ ਤਾਂ ਰੋਂਦਾ ਹੈ, ਦੁੱਖੀ ਹੁੰਦਾ ਹੈ।1।

ਆਪਣੇ ਮਨ ਦੀ ਰਾਹੀਂ, ਬਚਨਾਂ ਦੀ ਰਾਹੀਂ, ਕਰਤੂਤਾਂ ਦੀ ਰਾਹੀਂ, ਚਸਕਿਆਂ ਵਿਚ ਫਸਿਆ ਹੋਇਆ ਹੈ, (ਆਖ਼ਰ ਮੌਤ ਆਉਣ ਤੇ) ਜਦੋਂ ਇਹ ਸਰੀਰ ਢਹਿ ਪੈਂਦਾ ਹੈ ਤਾਂ ਜੀਵ (ਸਰੀਰ ਵਿਚੋਂ) ਜਾ ਕੇ (ਪ੍ਰਭੂ-ਚਰਨਾਂ ਵਿਚ ਅਪੜਨ ਦੇ ਥਾਂ) ਕਿਤੇ ਕੁਥਾਂ ਹੀ ਟਿਕਦਾ ਹੈ।2।

ਰਵਿਦਾਸ ਆਖਦਾ ਹੈ– ਹੇ ਭਾਈ! ਇਹ ਜਗਤ ਇਕ ਖੇਡ ਹੀ ਹੈ, ਮੇਰੀ ਪ੍ਰੀਤ ਤਾਂ (ਜਗਤ ਦੀ ਮਾਇਆ ਦੇ ਥਾਂ) ਇਸ ਖੇਡ ਦੇ ਬਣਾਉਣ ਵਾਲੇ ਨਾਲ ਲੱਗ ਗਈ ਹੈ (ਸੋ, ਮੈਂ ਇਸ ਹਾਸੋ-ਹੀਣੇ ਨਾਚ ਤੋਂ ਬਚ ਗਿਆ ਹਾਂ)।3।6।

ਸ਼ਬਦ ਦਾ ਭਾਵ: ਮਾਇਆ ਵਿਚ ਫਸਿਆ ਜੀਵ ਭਟਕਦਾ ਹੈ ਤੇ ਹਾਸੋ-ਹੀਣਾ ਹੁੰਦਾ ਹੈ; ਇਸ ਖ਼ੁਆਰੀ ਤੋਂ ਸਿਰਫ਼ ਉਹੀ ਬਚਦਾ ਹੈ ਜੋ ਮਾਇਆ ਦੇ ਰਚਨਹਾਰ ਪਰਮਾਤਮਾ ਨਾਲ ਪਿਆਰ ਪਾਂਦਾ ਹੈ।6।

ਬਾਜੀਗਰ ਸਉ ਮੋੁਹਿ ਪ੍ਰੀਤਿ ਬਨਿ ਆਈ ॥੩॥੬॥ ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥ ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥ ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥ ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥ ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥ {ਪੰਨਾ 487}

ਪਦ ਅਰਥ: ਭ੍ਰਮਤ = ਭਟਕਦਿਆਂ। ਬਿਲਾਨੇ = ਗੁਜ਼ਰ ਗਏ। ਨਹੀ ਧੀਰੇ = ਨਹੀਂ ਟਿਕਦਾ। ਬਿਖੁ = ਜ਼ਹਰ। ਲੁਬਧ = ਲੋਭੀ। ਰਾਤਾ = ਰੱਤਾ ਹੋਇਆ, ਰੰਗਿਆ ਹੋਇਆ। ਮਨਿ = ਮਨ ਵਿਚੋਂ।1। ਰਹਾਉ।

ਚਾਰ = ਸੁੰਦਰ। ਤੇ = ਤੋਂ, ਵਲੋਂ ਹਟ ਕੇ। ਅਨ ਭਾਂਤੀ = ਹੋਰ ਹੋਰ ਕਿਸਮ ਦੀ।1।

ਜੁਗਤਿ = ਜੀਵਨ-ਜੁਗਤ। ਨਿਵਾਸੀ = ਟਿਕਾਈ। ਜਲਤ = (ਤ੍ਰਿਸ਼ਨਾ ਵਿਚ) ਸੜਦੇ। ਸੰਚਿ = ਇਕੱਠੇ ਕਰ ਕੇ।2।

ਗੁਰਹਿ = ਗੁਰੂ ਨੇ। ਮਨੁ = ਯਕੀਨ, ਸ਼ਰਧਾ। ਅਘਾਨੇ = ਰੱਜ ਗਿਆ।3।

ਜਾ ਕੈ = ਜਿਸ ਮਨੁੱਖ ਦੇ ਵਿਚ। ਅਛਲੀ = ਨਾਹ ਛਲਿਆ ਜਾਣ ਵਾਲਾ। ਧੰਨੈ = ਧੰਨੇ ਨੇ। ਮਿਲਿ ਜਨ = ਸੰਤ ਜਨਾਂ ਨੂੰ ਮਿਲ ਕੇ।4।

ਅਰਥ: (ਮਾਇਆ ਦੇ ਮੋਹ ਵਿਚ) ਭਟਕਦਿਆਂ ਕਈ ਜਨਮ ਗੁਜ਼ਰ ਜਾਂਦੇ ਹਨ, ਇਹ ਸਰੀਰ ਨਾਸ ਹੋ ਜਾਂਦਾ ਹੈ, ਮਨ ਭਟਕਦਾ ਰਹਿੰਦਾ ਹੈ ਤੇ ਧਨ ਭੀ ਟਿਕਿਆ ਨਹੀਂ ਰਹਿੰਦਾ। ਲੋਭੀ ਜੀਵ ਜ਼ਹਿਰ-ਰੂਪ ਪਦਾਰਥਾਂ ਦੇ ਲਾਲਚ ਵਿਚ, ਕਾਮ-ਵਾਸ਼ਨਾਂ ਵਿਚ, ਰੰਗਿਆ ਰਹਿੰਦਾ ਹੈ, ਇਸ ਦੇ ਮਨ ਵਿਚੋਂ ਅਮੋਲਕ ਪ੍ਰਭੂ ਵਿਸਰ ਜਾਂਦਾ ਹੈ।1। ਰਹਾਉ।

ਹੇ ਕਮਲੇ ਮਨ! ਇਹ ਜ਼ਹਿਰ-ਰੂਪ ਫਲ ਤੈਨੂੰ ਮਿੱਠੇ ਲੱਗਦੇ ਹਨ, ਤੈਨੂੰ ਸੋਹਣੀ ਵਿਚਾਰ ਨਹੀਂ ਫੁਰਦੀ; ਗੁਣਾਂ ਵਲੋਂ ਹੱਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ।1।

ਹੇ ਮਨ! ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤਿ ਆਪਣੇ ਅੰਦਰ ਪੱਕੀ ਨਾਹ ਕੀਤੀ; ਤ੍ਰਿਸ਼ਨਾ ਵਿਚ ਸੜਦੇ ਤੈਨੂੰ ਜਮਾਂ ਦਾ ਜਾਲ, ਜਮਾਂ ਦੇ ਫਾਹੇ ਪੈ ਗਏ ਹਨ। ਹੇ ਮਨ! ਤੂੰ ਵਿਸ਼ੇ-ਰੂਪ ਜ਼ਹਿਰ ਦੇ ਫਲ ਹੀ ਇਕੱਠੇ ਕਰ ਕੇ ਸਾਂਭਦਾ ਰਿਹਾ, ਤੇ ਅਜਿਹਾ ਸਾਂਭਦਾ ਰਿਹਾ ਕਿ ਤੈਨੂੰ ਪਰਮ ਪੁਰਖ ਪ੍ਰਭੂ ਭੁੱਲ ਗਿਆ।2।

ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਪ੍ਰਵੇਸ਼-ਰੂਪ ਧਨ ਦਿੱਤਾ, ਉਸ ਦੀ ਸੁਰਤਿ ਪ੍ਰਭੂ ਵਿਚ ਜੁੜ ਗਈ, ਉਸ ਦੇ ਅੰਦਰ ਸ਼ਰਧਾ ਬਣ ਗਈ, ਉਸ ਦਾ ਮਨ ਪ੍ਰਭੂ ਨਾਲ ਇੱਕ-ਮਿੱਕ ਹੋ ਗਿਆ; ਉਸ ਨੂੰ ਪ੍ਰਭੂ ਦਾ ਪਿਆਰ, ਪ੍ਰਭੂ ਦੀ ਭਗਤੀ ਚੰਗੀ ਲੱਗੀ, ਉਸ ਦੀ ਸੁਖ ਨਾਲ ਸਾਂਝ ਬਣ ਗਈ, ਉਹ ਮਾਇਆ ਵਲੋਂ ਚੰਗੀ ਤਰ੍ਹਾਂ ਰੱਜ ਗਿਆ, ਤੇ ਬੰਧਨਾਂ ਤੋੰ ਮੁਕਤ ਹੋ ਗਿਆ।3।

ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ।

ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ; ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿਚ ਲੀਨ ਹੋ ਗਿਆ ਹਾਂ।4।1।

ਨੋਟ: ਭਗਤ ਧੰਨਾ ਜੀ ਆਪਣੀ ਜ਼ਬਾਨੋਂ ਆਖਦੇ ਹਨ ਕਿ ਮੈਨੂੰ ਗੁਰੂ ਨੇ ਨਾਮ-ਧਨ ਦਿੱਤਾ ਹੈ, ਸੰਤਾਂ ਦੀ ਸੰਗਤਿ ਵਿਚ ਮੈਨੂੰ ਧਰਣੀਧਰ ਪ੍ਰਭੂ ਲੱਭਾ ਹੈ। ਪਰ, ਸੁਆਰਥੀ ਲੋਕਾਂ ਨੇ ਆਪਣਾ ਧਾਰਮਿਕ ਜੂਲਾ ਅੰਞਾਣ ਲੋਕਾਂ ਦੇ ਮੋਢੇ ਉੱਤੇ ਪਾਈ ਰੱਖਣ ਵਾਸਤੇ ਇਹ ਕਹਾਣੀ ਚਲਾ ਦਿੱਤੀ ਕਿ ਧੰਨੇ ਨੇ ਇਕ ਬ੍ਰਾਹਮਣ ਤੋਂ ਇਕ ਠਾਕੁਰ ਲੈ ਕੇ ਉਸ ਦੀ ਪੂਜਾ ਕੀਤੀ, ਤੇ ਉਸ ਠਾਕੁਰ-ਪੂਜਾ ਤੋਂ ਉਸ ਨੂੰ ਪਰਮਾਤਮਾ ਮਿਲਿਆ।

ਇਸ ਭੁਲੇਖੇ ਨੂੰ ਦੂਰ ਕਰਨ ਲਈ ਅਤੇ ਭਗਤ ਧੰਨਾ ਜੀ ਦੇ ਸ਼ਬਦ ਦੀ ਅਖ਼ੀਰਲੀ ਤੁਕ ਨੂੰ ਚੰਗੀ ਤਰ੍ਹਾਂ ਸਿੱਖਾਂ ਦੇ ਸਾਹਮਣੇ ਸਪਸ਼ਟ ਕਰਨ ਲਈ ਗੁਰੂ ਅਰਜਨ ਸਾਹਿਬ ਜੀ ਨੇ ਅਗਲਾ ਸ਼ਬਦ ਆਪਣੇ ਵਲੋਂ ਉਚਾਰ ਕੇ ਦਰਜ ਕੀਤਾ ਹੈ।

ਭਗਤ-ਬਾਣੀ ਦੇ ਵਿਰੋਧੀ ਧੰਨਾ ਜੀ ਦੇ ਆਸਾ ਰਾਗ ਵਿਚ ਦਰਜ ਸ਼ਬਦ ਬਾਰੇ ਇਉਂ ਲਿਖਦੇ ਹਨ: ਤਿੰਨ ਸ਼ਬਦ ਰਾਗ ਆਸਾ ਅੰਦਰ ਆਏ ਹਨ, ਜਿਨ੍ਹਾਂ ਦੀ ਵੰਨਗੀ ਹੇਠਾਂ ਦਿੱਤੀ ਜਾਂਦੀ ਹੈ।

ਪਹਿਲਾ ਸ਼ਬਦ 'ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨੁ ਮਨੁ ਧਨੁ ਨਹੀ ਧੀਰੇ' ਤੋਂ ਅਰੰਭ ਹੁੰਦਾ ਹੈ। ਦੂਜਾ, ਜਿਸ ਵਿਚ ਭਗਤ ਜੀ ਆਪਣੇ ਗੁਰੂ ਰਾਮਾਨੰਦ ਜੀ ਅੱਗੇ ਜੋਦੜੀ ਕਰਦੇ ਹਨ। ਅੰਤ ਵਿਚ ਗੋਸਾਈ ਰਾਮਾਨੰਦ ਜੀ ਦੇ ਮੇਲ ਹੋਣ ਪਰ, 'ਧੰਨੈ ਧਨੁ ਪਾਇਆ ਧਰਣੀਧਰੁ, ਮਿਲਿ ਜਨ ਸੰਤ ਸਮਾਨਿਆ' ਦੀ ਖ਼ੁਸ਼ੀ ਪਰਗਟ ਕਰਦੇ ਹਨ।

'ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ' ਵਾਲੇ ਸ਼ਬਦ ਦਾ ਸਿਰਲੇਖ ਮ: 5 ਤੋਂ ਅਰੰਭ ਹੁੰਦਾ ਹੈ, ਜਿਸ ਵਿਚ ਕਈ ਭਗਤਾਂ ਦਾ ਨਾਮ ਲੈ ਕੇ ਦੱਸਿਆ ਹੈ ਕਿ ਅਮਕੇ ਅਮਕੇ ਨਾਮ ਜਪਣ ਕਰ ਕੇ ਤਰ ਗਏ। ਪਰ ਓਨ੍ਹਾਂ ਭਗਤਾਂ ਨੂੰ ਜਾਤ ਪਾਤ ਦੇ ਧੁਰਵਿਆਂ ਨਾਲ ਯਾਦ ਕੀਤਾ ਹੈ। ਸਾਰੇ ਭਗਤਾਂ ਨੂੰ ਗਿਣ ਕੇ ਅਖ਼ੀਰ ਸਿੱਟਾ ਹੈ 'ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡ ਭਾਗਾ ॥4॥' ਜਾਟਰੋ ਲਈ 'ਪ੍ਰਤਖਿ ਗੁਸਾਈਆ' ਸ੍ਵਾਮੀ ਰਾਮਾਨੰਦ ਸੀ। ਪਰ ਇਹ ਸ਼ਬਦ ਭਗਤ ਜੀ ਦੇ ਮੁਖੋਂ ਫਬਦਾ ਨਹੀਂ ਸੀ। ਇਸੇ ਕਰਕੇ ਮ: 5 ਲਿਖਿਆ ਹੈ। ਭਗਤਾਂ ਦੀ ਪ੍ਰਸਿੱਧੀ ਲਈ ਪਿੱਛੋਂ ਭੀ ਉਹਨਾਂ ਦੇ ਨਾਮਾਂ ਪਰ ਉਹਨਾਂ ਦੇ ਸ਼ਰਧਾਲੂ ਰਚਨਾ ਕਰਦੇ ਰਹਿੰਦੇ ਸਨ।

"ਭਗਤ ਧੰਨਾ ਜੀ ਦੇ ਕਈ ਸਿਧਾਂਤ ਗੁਰਮਤਿ ਵਿਰੁੱਧ ਹਨ। "

ਇਸ ਸ਼ਬਦ ਵਿਚ ਧੰਨਾ ਜੀ ਸਾਫ਼ ਲਫ਼ਜ਼ਾਂ ਵਿਚ ਕਹਿ ਰਹੇ ਹਨ ਕਿ ਮੈਨੂੰ ਗੁਰੂ ਨੇ ਨਾਮ-ਧਨ ਦਿੱਤਾ ਹੈ। ਪਰ ਪਾਠਕਾਂ ਦੀਆਂ ਨਜ਼ਰਾਂ ਵਿਚ ਭਗਤ ਜੀ ਦੇ ਵਰਤੇ ਗੁਰੂ-ਪਦ ਦੀ ਕਦਰ ਘਟਾਣ ਦੀ ਖ਼ਾਤਰ ਵਿਰੋਧੀ ਸੱਜਣ ਜਾਣ-ਬੁੱਝ ਕੇ ਲਫ਼ਜ਼ 'ਗੁਰੂ ਰਾਮਾਨੰਦ' 'ਗੁਸਾਈ ਰਾਮਾਨੰਦ' ਵਰਤ ਰਿਹਾ ਹੈ। ਨਹੀਂ ਤਾਂ, ਇਸ ਸ਼ਬਦ ਦਾ ਕੋਈ ਭੀ ਸਿਧਾਂਤ ਗੁਰਮਤਿ ਦੇ ਵਿਰੁੱਧ ਨਹੀਂ ਹੈ। ਪਤਾ ਨਹੀਂ, ਇਸ ਸੱਜਣ ਜੀ ਨੂੰ ਕਿਹੜੇ "ਕਈ ਸਿਧਾਂਤ ਗੁਰਮਤਿ ਵਿਰੁੱਧ" ਦਿੱਸ ਰਹੇ ਹਨ।

ਅਗਲੇ ਸ਼ਬਦ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਬਦ ਮੰਨਣ ਤੋਂ ਸਾਫ਼ ਇਨਕਾਰ ਕੀਤਾ ਗਿਆ ਹੈ, ਭਾਵੇਂ ਇਸ ਦਾ ਸਿਰ-ਲੇਖ ਹੈ "ਮ: 5"। ਦਲੀਲ ਬੜੀ ਅਸਚਰਜ ਦਿੱਤੀ ਹੈ ਕਿ "ਜਾਤ ਪਾਤ ਦੇ ਧ੍ਰੁਵਿਆਂ ਨਾਲ" ਭਗਤਾਂ ਨੂੰ ਯਾਦ ਕੀਤਾ ਗਿਆ ਹੈ। ਕੀ ਜਿੱਥੇ ਵੀ ਕਿਤੇ ਗੁਰੂ ਸਾਹਿਬ ਨੇ ਕਿਸੇ ਭਗਤਿ ਦੀ ਜਾਤਿ ਲਿਖ ਕੇ ਜ਼ਿਕਰ ਕੀਤਾ ਹੈ, ਸਾਡਾ ਇਹ ਵਿਰੋਧੀ ਸੱਜਣ ਉਸ ਸ਼ਬਦ ਤੋਂ ਇਨਕਾਰੀ ਹੋ ਜਾਇਗਾ? ਵੇਖੋ:

ਨੀਚ ਜਾਤਿ ਹਰਿ ਜਪਤਿਆ, ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ ਸੁਤੈ, ਕਿਸਨੁ ਉਤਰਿਆ ਘਰਿ ਜਿਸੁ ਜਾਇ ॥1॥

ਰਵਿਦਾਸ ਚਮਾਰੁ ਉਸਤਤਿ ਕਰੇ, ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ, ਚਾਰ ਵਰਨ ਪਏ ਪਗਿ ਆਇ ॥2॥1॥8॥ {ਸੂਹੀ ਮਹਲਾ 4, ਘਰੁ 6

ਨਾਮਾ ਛੀਬਾ ਕਬੀਰੁ ਜੋੁਲਾਹਾ, ਪੂਰੇ ਗੁਰ ਤੇ ਗਤਿ ਪਾਈ ॥ ਬ੍ਰਹਮ ਕੇ ਬੇਤੇ ਸਬਦੁ ਪਛਾਣਿਹਿ, ਹਉਮੈ ਜਾਤਿ ਗਵਾਈ ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ, ਕੋਇ ਨ ਮੇਟੈ ਭਾਈ ॥3॥5॥22॥

{ਸਿਰੀ ਰਾਗੁ ਮਹਲਾ 3, ਅਸਟਪਦੀਆ

ਅਖ਼ੀਰਲੀ ਤੁਕ 'ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡ ਭਾਗਾ', ਲਿਖ ਕੇ ਵਿਰੋਧੀ ਸੱਜਣ ਜੀ ਨੇ ਝੱਟ ਪਟ ਨਾਲ ਹੀ ਲਿਖ ਦਿੱਤਾ ਹੈ "ਜਾਟਰੋ ਲਈ 'ਪ੍ਰਤਖਿ ਗੁਸਾਈਆ' ਸ੍ਵਾਮੀ ਰਾਮਾਨੰਦ ਸੀ। " ਸੱਜਣ ਜੀ! ਗੁਰਮਤਿ ਦੇ ਵਿਰੁੱਧ ਮਨ-ਘੜਤ ਕਹਾਣੀਆਂ ਤੋਂ ਬੇ-ਸ਼ੱਕ ਮੂੰਹ ਮੋੜੋ, ਪਰ ਇਹ ਦਲੀਲ-ਬਾਜ਼ੀ ਕੋਝੀ ਤੇ ਖੋਟੀ ਹੈ। ਕੀ ਗੁਰੂ ਸਾਹਿਬ ਦੇ ਸ਼ਬਦਾਂ ਵਿਚ ਆਏ ਲਫ਼ਜ਼ 'ਗੋਸਾਈ' ਦਾ ਅਰਥ ਭੀ 'ਗੋਸਾਈ ਰਾਮਾਨੰਦ' ਹੀ ਕਰੋਗੇ?

ਹਉ ਗੋਸਾਈ ਦਾ ਪਹਿਲਵਾਨੜਾ ॥ ਮੈ ਗੁਰ ਮਿਲਿ ਉਚ ਦੁਮਾਲੜਾ ॥ ਸਭ ਹੋਈ ਛਿੰਝ ਇਕਠੀਆ, ਦਯੁ ਬੈਠਾ ਵੇਖੈ ਆਪਿ ਜੀਉ ॥17॥ {ਸਿਰੀਰਾਗੁ ਮਹਲਾ 5

ਪਹਿਲਾਂ ਤਾਂ 'ਮ: 5' ਸਿਰਲੇਖ ਹੁੰਦਿਆਂ ਭੀ ਇਸ ਸ਼ਬਦ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਬਦ ਮੰਨਣ ਤੋਂ ਇਨਕਾਰ ਕੀਤਾ ਹੈ, ਫਿਰ ਇਸ ਨੂੰ ਭਗਤ ਧੰਨਾ ਜੀ ਦਾ ਭੀ ਨਹੀਂ ਮੰਨਿਆ, ਤੇ ਇਹ ਆਖ ਦਿੱਤਾ ਹੈ ਕਿ 'ਇਹ ਸ਼ਬਦ ਭਗਤ ਜੀ ਦੇ ਮੁਖੋਂ ਫਬਦਾ ਨਹੀਂ ਸੀ। ਇਸੇ ਕਰਕੇ ਮ: 5 ਲਿਖਿਆ ਹੈ। ਭਗਤਾਂ ਦੀ ਪ੍ਰਸਿੱਧੀ ਲਈ ਪਿੱਛੋਂ ਭੀ ਉਹਨਾਂ ਦੇ ਨਾਮਾਂ ਪਰ ਉਹਨਾਂ ਦੇ ਸ਼ਰਧਾਲੂ ਰਚਨਾ ਕਰਦੇ ਰਹਿੰਦੇ ਸਨ।

ਇਥੇ ਵਿਰੋਧੀ ਸੱਜਣ ਕਹਾਣੀ-ਘਾੜਿਆਂ ਦੀ ਕਹਾਣੀ ਦਾ ਹੀ ਆਸਰਾ ਲੈ ਕੇ ਕਹਿ ਰਿਹਾ ਹੈ ਕਿ ਭਗਤ ਤਾਂ ਕਿਤੇ ਰਹੇ, ਹੌਲੇ ਮੇਲ ਦੇ ਬੰਦਿਆਂ ਦੀ ਰਚਨਾ ਭੀ ਕਿਸੇ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਲਈ ਗਈ ਸੀ।

ਪਾਠਕ ਸੱਜਣ ਅਗਲੇ ਸ਼ਬਦ ਦੇ ਅਰਥ ਤੇ ਉਸ ਦੀ ਵਿਆਖਿਆ ਧਿਆਨ ਨਾਲ ਪੜ੍ਹਨ।

ਮਹਲਾ ੫ ॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥ ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥ ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ {ਪੰਨਾ 487}

ਪਦ ਅਰਥ: ਗੋਬਿੰਦ ਗੋਬਿੰਦ ਗੋਬਿੰਦ ਸੰਗਿ = ਹਰ ਵੇਲੇ ਗੋਬਿੰਦ ਨਾਲ, ਮੁੜ ਮੁੜ ਗੋਬਿੰਦ ਨਾਲ। ਲੀਣਾ = ਲੀਨ ਹੋਇਆ, ਜੁੜਿਆ। ਆਢ = ਅੱਧੀ। ਦਾਮ = ਕੌਡੀ। ਕੋ = ਦਾ। ਛੀਪਰੋ = ਗਰੀਬ ਛੀਂਬਾ।1। ਰਹਾਉ।

ਜੋਲਾਹਰਾ = ਗ਼ਰੀਬ ਜੁਲਾਹਾ। ਗਹੀਰਾ = ਗੰਭੀਰ, ਡੂੰਘਾ (ਸਮੁੰਦਰ ਵਤ)। ਗੁਨੀਯ ਗਹੀਰਾ = ਗੁਣਾਂ ਦਾ ਸਮੁੰਦਰ।1।

ਤਿਨ੍ਹ੍ਹਿ = ਉਸ ਨੇ। {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}। ਸਾਧ ਸੰਗਿ = ਸਤ ਸੰਗ ਵਿਚ।2।

ਬੁਤਕਾਰੀਆ = ਬੁੱਤੀਆਂ ਕੱਢਣ ਵਾਲਾ, ਦੂਰ ਨੇੜੇ ਦੇ ਨਿੱਕੇ-ਮੋਟੇ ਕੰਮ ਕਰਨ ਵਾਲਾ। ਘਰਿ ਘਰਿ = ਘਰ ਘਰ ਵਿਚ, ਹਰੇਕ ਘਰ ਵਿਚ। ਸੁਨਿਆ = ਸੁਣਿਆ ਗਿਆ, ਸੋਭਾ ਹੋਈ।3।

ਇਹ ਬਿਧਿ = ਇਸ ਤਰ੍ਹਾਂ (ਦੀ ਗੱਲ)। ਜਾਟਰੋ = ਗਰੀਬ ਜੱਟ। ਪ੍ਰਤਖਿ = ਸਾਖਿਆਤ ਤੌਰ ਤੇ।4।

ਅਰਥ: (ਭਗਤ) ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀ (ਉਸ ਹਰ ਵੇਲੇ ਦੀ ਯਾਦ ਦੀ ਬਰਕਤਿ ਨਾਲ) ਅੱਧੀ ਕੌਡੀ ਦਾ ਗਰੀਬ ਛੀਂਬਾ, (ਮਾਨੋ) ਲਖਪਤੀ ਬਣ ਗਿਆ (ਕਿਉਂਕਿ ਉਸ ਨੂੰ ਕਿਸੇ ਦੀ ਮੁਥਾਜੀ ਨਾਹ ਰਹੀ)।1। ਰਹਾਉ।

(ਕੱਪੜਾ) ਉਣਨ (ਤਾਣਾ) ਤਣਨ (ਦੀ ਲਗਨ) ਛੱਡ ਕੇ ਕਬੀਰ ਨੇ ਪ੍ਰਭੂ-ਚਰਨਾਂ ਨਾਲ ਲਗਨ ਲਾ ਲਈ; ਨੀਵੀਂ ਜਾਤਿ ਦਾ ਗਰੀਬ ਜੁਲਾਹਾ ਸੀ, ਗੁਣਾਂ ਦਾ ਸਮੁੰਦਰ ਬਣ ਗਿਆ।1।

ਰਵਿਦਾਸ (ਪਹਿਲਾਂ) ਨਿੱਤ ਮੋਏ ਹੋਏ ਪਸ਼ੂ ਢੋਂਦਾ ਸੀ, (ਪਰ ਜਦੋਂ) ਉਸ ਨੇ ਮਾਇਆ (ਦਾ ਮੋਹ) ਛੱਡ ਦਿੱਤਾ, ਸਾਧ ਸੰਗਤਿ ਵਿਚ ਰਹਿ ਕੇ ਉੱਘਾ ਹੋ ਗਿਆ, ਉਸ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ।2।

ਸੈਣ (ਜਾਤਿ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸੋਭਾ ਹੋ ਤੁਰੀ, ਉਸ ਦੇ ਹਿਰਦੇ ਵਿਚ ਪਰਮਾਤਮਾ ਵੱਸ ਪਿਆ ਤੇ ਉਹ ਭਗਤਾਂ ਵਿਚ ਗਿਣਿਆ ਜਾਣ ਲੱਗ ਪਿਆ।3।

ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ, ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ।4।2।

ਨੋਟ: ਇਸ ਸ਼ਬਦ ਤੋਂ ਪਹਿਲੇ ਸ਼ਬਦ ਦਾ ਸਿਰ-ਲੇਖ ਹੈ "ਆਸਾ ਬਾਣੀ ਭਗਤ ਧੰਨੇ ਕੀ"। ਇਸ ਸਿਰ-ਲੇਖ ਹੇਠ 3 ਸ਼ਬਦ ਹਨ; ਪਰ ਇਸ ਦੂਜੇ ਸ਼ਬਦ ਦਾ ਇਕ ਹੋਰ ਨਵਾਂ ਸਿਰ-ਲੇਖ ਹੈ "ਮਹਲਾ 5"। ਇਸ ਦਾ ਭਾਵ ਇਹ ਹੈ ਕਿ ਇਹਨਾਂ ਤਿੰਨਾਂ ਸ਼ਬਦਾਂ ਵਿਚੋਂ ਇਹ ਦੂਜਾ ਸ਼ਬਦ ਗੁਰੂ ਅਰਜਨ ਸਾਹਿਬ ਦਾ ਆਪਣਾ ਉਚਾਰਿਆ ਹੋਇਆ ਹੈ। ਇਸ ਵਿਚ ਉਹਨਾਂ ਨੇ ਲਫ਼ਜ਼ 'ਨਾਨਕ' ਅਖ਼ੀਰ ਤੇ ਨਹੀਂ ਵਰਤਿਆ। ਭਗਤਾਂ ਦੇ ਸ਼ਬਦਾਂ ਸ਼ਲੋਕਾਂ ਦੇ ਸੰਬੰਧ ਵਿਚ ਉਚਾਰੇ ਹੋਏ ਹੋਰ ਭੀ ਐਸੇ ਵਾਕ ਮਿਲਦੇ ਹਨ, ਜਿਥੇ ਉਹਨਾਂ 'ਨਾਨਕ' ਲਫ਼ਜ਼ ਨਹੀਂ ਵਰਤਿਆ;

(ਵੇਖੋ, ਸਲੋਕ ਫ਼ਰੀਦ ਜੀ ਨੰ: 75, 82, 83, 105, 108, 109, 110, 111)

ਸਿਰ-ਲੇਖ "ਮਹਲਾ 5" ਇਸ ਖ਼ਿਆਲ ਬਾਰੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦੇਂਦਾ ਕਿ ਇਸ ਦੇ ਉਚਾਰਨ ਵਾਲੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਹਨ। ਆਸਾ ਰਾਗ ਵਿਚ ਗੁਰੂ ਅਰਜਨ ਸਾਹਿਬ ਦੇ ਆਪਣੇ ਸਿਰਫ਼ ਸ਼ਬਦ ਹੀ 163 ਹਨ।

(ਵੇਖੋ 1430 ਸਫ਼ੇ ਵਾਲੀ ਬੀੜ ਪੰਨਾ 300 ਤੋਂ 411)

ਫਿਰ ਇਹ ਸ਼ਬਦ ਧੰਨੇ ਭਗਤ ਦੇ ਸ਼ਬਦਾਂ ਵਿਚ ਕਿਉਂ ਦਰਜ ਕੀਤਾ ਗਿਆ? ਸ਼ਬਦ ਦੀ ਅਖ਼ੀਰਲੀ ਤੁਕ ਵਿਚ ਲਫ਼ਜ਼ 'ਨਾਨਕ' ਦੇ ਥਾਂ 'ਧੰਨਾ' ਕਿਉਂ ਵਰਤਿਆ ਹੈ? ਇਸ ਦਾ ਉੱਤਰ ਸਾਫ਼ ਹੈ; ਫ਼ਰੀਦ ਜੀ ਦੇ ਸ਼ਲੋਕਾਂ ਵਿਚ ਗੁਰੂ ਅਰਜਨ ਸਾਹਿਬ ਨੇ ਕੁਝ ਸ਼ਲੋਕ 'ਫਰੀਦ' ਦੇ ਨਾਮ ਹੇਠ ਉਚਾਰੇ ਹਨ, ਉਹਨਾਂ ਦੀ ਪਛਾਣ ਸਿਰਫ਼ ਇਹੀ ਹੈ ਕਿ ਉਹਨਾਂ ਉੱਤੇ ਸਿਰ-ਲੇਖ "ਮਹਲਾ 5" ਲਿਖਿਆ ਹੈ; ਉਹ ਸ਼ਲੋਕ ਫ਼ਰੀਦ ਜੀ ਦੇ ਉਚਾਰੇ ਸ਼ਲੋਕਾਂ ਨਾਲ ਸੰਬੰਧ ਰੱਖਦੇ ਹਨ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਇਹ ਸ਼ਬਦ ਧੰਨੇ ਭਗਤ ਨਾਲ ਸੰਬੰਧ ਰੱਖਦਾ ਹੈ।

ਉਹ ਸੰਬੰਧ ਕੀਹ ਹੈ? ਇਹ ਲੱਭਣ ਵਾਸਤੇ ਸ਼ਬਦ ਦੇ ਚੌਥੇ ਬੰਦ ਦੀ ਪਹਿਲੀ ਤੁਕ ਗਹੁ ਨਾਲ ਪੜ੍ਹੋ:" ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ"। ਕੀਹ ਸੁਣ ਕੇ? ਇਸ ਪ੍ਰਸ਼ਨ ਦਾ ਉੱਤਰ ਪਾਠਕ ਨੂੰ ਹਰੇਕ ਬੰਦ ਪੜ੍ਹਨ ਤੇ ਮਿਲੇਗਾ। ਸੋ ਹਰੇਕ ਬੰਦ ਪੜ੍ਹ ਕੇ "ਇਹ ਬਿਧਿ" ਵਾਲੀ ਤੁਕ ਨਾਲ ਰਲਾਓ। ਧੰਨੇ ਨੇ ਨਾਮਦੇਵ ਦੀ ਸੋਭਾ ਸੁਣੀ, ਕਬੀਰ ਦਾ ਹਾਲ ਸੁਣਿਆ, ਰਵਿਦਾਸ ਦੀ ਚਰਚਾ ਸੁਣੀ ਤੇ ਸੈਣ ਨਾਈ ਦਾ ਉੱਚਾ ਮਰਾਤਬਾ ਸੁਣਿਆ; ਇਹ ਸੁਣ ਕੇ ਉਸ ਨੂੰ ਭੀ ਚਾਉ ਪੈਦਾ ਹੋਇਆ ਭਗਤੀ ਕਰਨ ਦਾ। ਇਸ ਸ਼ਬਦ ਨੂੰ ਜਾਣ-ਬੁੱਝ ਕੇ ਧੰਨੇ ਭਗਤ ਦੀ ਬਾਣੀ ਵਿਚ ਦਰਜ ਕਰਨ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਉਸ ਵੇਲੇ ਧੰਨਾ ਜੀ ਦੇ ਭਗਤੀ ਵਿਚ ਲੱਗਣ ਬਾਰੇ ਅੰਞਾਣ ਲੋਕਾਂ ਵਿਚ ਸੁਆਰਥੀ ਮੂਰਤੀ-ਪੂਜਕ ਪੰਡਿਤ ਲੋਕਾਂ ਨੇ ਮਨ-ਘੜਤ ਕਹਾਣੀਆਂ ਉਡਾਈਆਂ ਹੋਈਆਂ ਸਨ; ਉਹਨਾਂ ਕਹਾਣੀਆਂ ਦੀ ਜ਼ੋਰ-ਦਾਰ ਤਰਦੀਦ ਇਸ ਸ਼ਬਦ ਵਿਚ ਕੀਤੀ ਗਈ ਹੈ; ਲਿਖਿਆ ਹੈ ਕਿ ਧੰਨੇ ਦੇ ਪ੍ਰਭੂ ਭਗਤੀ ਵਿਚ ਲੱਗਣ ਦਾ ਅਸਲ ਕਾਰਨ ਸੀ ਨਾਮਦੇਵ, ਕਬੀਰ, ਰਵਿਦਾਸ ਤੇ ਸੈਣ ਦੀ ਸੁਣੀ ਹੋਈ ਸੋਭਾ।

ਜੇ ਅਸਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸਹੀ ਰਾਹ ਲੱਭਣਾ ਹੈ, ਤਾਂ ਲੋਕਾਂ ਦੀਆਂ ਲਿਖੀਆਂ ਸਾਖੀਆਂ ਨੂੰ ਰਲਾ ਕੇ ਸ਼ਬਦ ਦੇ ਅਰਥ ਕਰਨ ਦੇ ਥਾਂ ਸਿੱਧਾ ਸ਼ਬਦ ਦਾ ਹੀ ਆਸਰਾ ਲਿਆ ਕਰੀਏ; ਨਹੀਂ ਤਾਂ ਬਹੁਤ ਵਾਰੀ ਟਪਲਾ ਲੱਗ ਸਕਦਾ ਹੈ।

ਜੇ ਧੰਨੇ ਭਗਤ ਨੇ ਪੱਥਰ ਪੂਜ ਕੇ ਰੱਬ ਲੱਭਾ ਹੁੰਦਾ, ਤਾਂ ਇਸ ਦਾ ਭਾਵ ਇਹ ਨਿਕਲਦਾ ਕਿ ਪੱਥਰ ਪੂਜ ਕੇ ਰੱਬ ਨੂੰ ਮਿਲਣ ਵਾਲੇ ਦੀ ਬਾਣੀ ਦਰਜ ਕਰ ਕੇ ਗੁਰੂ ਅਰਜਨ ਸਾਹਿਬ ਇਸ ਅਸੂਲ ਨੂੰ ਪ੍ਰਵਾਨ ਕਰ ਬੈਠੇ ਹਨ ਕਿ ਪੱਥਰ ਪੂਜਿਆਂ ਭੀ ਰੱਬ ਮਿਲ ਸਕਦਾ ਹੈ; ਪਰ ਉਹਨਾਂ ਦਾ ਆਪਣਾ ਹੁਕਮ ਇਉਂ ਹੈ:

"ਜਿਸੁ ਪਾਹਨ ਕਉ ਠਾਕੁਰੁ ਕਹਤਾ ॥ ਉਹੁ ਪਾਹਨੁ ਲੈ ਉਸ ਕਉ ਡੁਬਤਾ ॥2॥

ਗੁਨਹਗਾਰੁ ਲੂਣ ਹਰਾਮੀ ॥ ਪਾਹਨ ਨਾਵ ਨ ਪਾਰਗਰਾਮੀ ॥3॥ {ਸੂਹੀ ਮਹਲਾ 5

TOP OF PAGE

Sri Guru Granth Darpan, by Professor Sahib Singh