ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 489

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥

ੴ ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥ ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥ ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥ ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥ ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥ ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥ ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥ ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹ੍ਹਾਲੇ ॥ ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥ {ਪੰਨਾ 489}

ਪਦ ਅਰਥ: ਚਨਣਾਠੀਆ = {ਚੰਦਨ ਕਾਠ} ਚੰਦਨ ਦੀ ਲੱਕੜੀ। ਕਰੀ = ਮੈਂ ਕਰਾਂ। ਉਰਸਾ = ਸਿਲ, ਚੰਦਨ ਘਸਾਣ ਵਾਲਾ ਵੱਟਾ। ਕਰਣੀ = ਉੱਚਾ ਆਚਰਨ। ਕੁੰਗੂ = ਕੁੰਕੁਮ, ਕੇਸਰ। ਘਟ = ਹਿਰਦਾ।1।

ਕੀਚੈ = ਕਰਨੀ ਚਾਹੀਦੀ ਹੈ। ਪੂਜ = ਪੂਜਾ।1। ਰਹਾਉ।

ਦੇਵ = ਦੇਵਤੇ, ਮੂਰਤੀਆਂ। ਪਖਾਲੀਅਹਿ = ਧੋਤੇ ਜਾਂਦੇ ਹਨ। ਜੂਠਿ = ਵਿਕਾਰਾਂ ਦੀ ਮੈਲ। ਮਾਜੀਐ = ਮਾਂਜਿਆ ਜਾਂਦਾ ਹੈ, ਸਾਫ਼ ਪਵਿਤ੍ਰ ਹੋ ਜਾਂਦਾ ਹੈ। ਮੋਖ = ਵਿਕਾਰਾਂ ਤੋਂ ਆਜ਼ਾਦ, ਖੁਲ੍ਹਾ। ਪਇਆਣਾ = {pRXwx} ਸਫ਼ਰ।2।

ਖੜੁ = ਘਾਹ। ਅੰਮ੍ਰਿਤੁ = (ਦੁੱਧ ਵਰਗਾ) ਉੱਤਮ ਪਦਾਰਥ। ਵਿਹੂਣੇ = ਸੱਖਣੇ। ਧ੍ਰਿਗੁ = ਫਿਟਕਾਰ-ਜੋਗ। ਕਰੇਹਿ = ਕਰਹਿ, ਕਰਦੇ ਹਨ।3।

ਨੇੜਾ = ਨੇੜਤਾ, ਨੇੜੇ ਦੀ ਸਾਂਝ, ਡੂੰਘੀ ਸਾਂਝ। ਸਾਰੇ = ਸਾਰ ਲੈਂਦਾ ਹੈ। ਸੰਮ੍ਹ੍ਹਾਲੇ = ਸੰਭਾਲ ਕਰਦਾ ਹੈ। ਸਾਚਾ = ਸਦਾ-ਥਿਰ ਰਹਿਣ ਵਾਲਾ। ਹੇ = ਹੈ।4।

ਅਰਥ: (ਹੇ ਪ੍ਰਭੂ!) ਜੇ ਮੈਂ ਤੇਰੇ ਨਾਮ (ਦੀ ਯਾਦ) ਨੂੰ ਚੰਨਣ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ ਬਣ ਜਾਏ, ਜੇ ਮੇਰਾ ਉੱਚਾ ਆਚਰਨ (ਇਹਨਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ।1।

(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਕੋਈ ਪੂਜਾ (ਐਸੀ) ਨਹੀਂ (ਜੋ ਪਰਵਾਨ ਹੋ ਸਕੇ)।1। ਰਹਾਉ।

ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ (ਨਾਮ-ਸਿਮਰਨ ਨਾਲ) ਧੋਵੇ, ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ ਦੀ ਜਿੰਦ ਸੁੱਧ-ਪਵਿਤ੍ਰ ਹੋ ਜਾਂਦੀ ਹੈ, ਉਸ ਦਾ ਜੀਵਨ-ਸਫ਼ਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ।2।

(ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ ਜਾਂਦਾ ਹੈ, ਪਰ) ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਉਹ ਘਾਹ ਖਾਂਦੇ ਹਨ ਤੇ (ਦੁੱਧ ਵਰਗਾ) ਉੱਤਮ ਪਦਾਰਥ ਦੇਂਦੇ ਹਨ। ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰ-ਜੋਗ ਹੈ ਕਿਉਂਕਿ ਉਹ (ਨਾਮ ਵਿਸਾਰ ਕੇ ਹੋਰ ਹੋਰ) ਕੰਮ ਹੀ ਕਰਦੇ ਹਨ।3।

ਹੇ ਨਾਨਕ! (ਆਖ– ਹੇ ਭਾਈ!) ਸਾਡੀ ਤੇ ਪ੍ਰਭੂ ਦੀ ਬੜੀ ਨੇੜੇ ਦੀ ਸਾਂਝ ਹੈ (ਇਤਨੀ ਨੇੜੇ ਦੀ ਕਿ) ਜੋ ਕੁਝ ਉਹ ਸਾਨੂੰ ਦੇਂਦਾ ਹੈ ਉਹੀ ਅਸੀਂ ਖਾਂਦੇ ਹਾਂ (ਖਾ ਕੇ ਜੀਵਨ-ਨਿਰਬਾਹ ਕਰਦੇ ਹਾਂ) , ਉਹ (ਦਾਤਾ) ਹੈ ਭੀ ਸਦਾ (ਸਾਡੇ ਸਿਰ ਉਤੇ) ਕਾਇਮ। ਉਸ ਨੂੰ ਆਪਣੇ ਤੋਂ ਦੂਰ ਨਾਹ ਸਮਝੋ, ਉਹ ਸਦਾ ਸਾਡੀ ਸਾਰ ਲੈਂਦਾ ਹੈ ਸੰਭਾਲ ਕਰਦਾ ਹੈ (ਮੂਰਤੀਆਂ ਦੀ ਪੂਜਾ ਕਰਨ ਦੇ ਥਾਂ ਉਸ ਹਾਜ਼ਰ-ਨਾਜ਼ਰ ਪ੍ਰਭੂ ਦਾ ਨਾਮ ਧਿਆਵੋ)।4।1।

ਗੂਜਰੀ ਮਹਲਾ ੧ ॥ ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥ ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥ ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥ ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥ ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥ ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥ ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥ {ਪੰਨਾ 489}

ਪਦ ਅਰਥ: ਨਾਭਿ = ਧੁੰਨੀ, ਵਿਸ਼ਨੂੰ ਦੀ ਧੁੰਨੀ। ਤੇ = ਤੋਂ। ਉਪਜੇ = ਜੰਮਿਆ। ਬੇਦ = (ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ। ਪੜਹਿ = (ਪੰਡਿਤ ਲੋਕ) ਪੜ੍ਹਦੇ ਹਨ। ਮੁਖਿ = ਮੂੰਹ ਨਾਲ। ਕੰਠਿ = ਗਲੇ ਤੋਂ। ਸਵਾਰਿ = ਸਵਾਰ ਕੇ, ਮਿੱਠੀ ਸੁਰ ਨਾਲ। ਤਾ ਕੋ = ਉਸ ਪਰਮਾਤਮਾ ਦਾ। ਗੁਬਾਰਿ = ਹਨੇਰੇ ਵਿਚ।1।

ਕਿਉ ਬਿਸਰਹਿ = ਨਾਹ ਵਿੱਸਰ। ਪ੍ਰਾਣ ਅਧਾਰ = ਪ੍ਰਾਣਾਂ ਦੇ ਆਸਰੇ। ਜਾ ਕੀ = ਜਿਸ ਦੀ। ਗੁਰ ਵੀਚਾਰਿ = ਗੁਰੂ ਦੀ ਦੱਸੀ ਮਤਿ ਦੇ ਆਸਰੇ। ਸੇਵਹਿ = ਸੇਵਦੇ ਹਨ, ਸਿਮਰਦੇ ਹਨ।1। ਰਹਾਉ।

ਰਵਿ = ਸੂਰਜ। ਸਸਿ = ਚੰਦ੍ਰਮਾ। ਦੀਪਕ = ਦੀਵੇ। ਜਾ ਕੇ = ਜਿਸ ਪ੍ਰਭੂ ਦੇ। ਤ੍ਰਿਭਵਣਿ = ਤਿੰਨ ਭਵਨਾਂ ਵਾਲੇ ਜਗਤ ਵਿਚ। ਏਕਾ ਜੋਤਿ = ਉਸੇ ਦੀ ਹੀ ਜੋਤਿ। ਮੁਰਾਰਿ = {ਮੁਰ ਅਰਿ} ਪਰਮਾਤਮਾ। ਗੁਰਮੁਖਿ = ਗੁਰੂ ਦੇ ਸਨਮੁਖ, ਜਿਸ ਦਾ ਮੂੰਹ ਗੁਰੂ ਵਲ ਹੈ, ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਅਹਿ = ਦਿਨ। ਨਿਸਿ = ਰਾਤ। ਮਨਮੁਖਿ = ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਰੈਣਿ = ਰਾਤ, ਜ਼ਿੰਦਗੀ। ਅੰਧਾਰਿ = ਹਨੇਰੇ ਵਿਚ।2।

ਸਿਧ = ਵੱਡੇ ਵੱਡੇ ਪ੍ਰਸਿੱਧ ਜੋਗੀ। ਝਗਰਾ = ਮਨ ਨਾਲ ਝਗੜਾ, ਮਨ ਨੂੰ ਜਿੱਤਣ ਦੇ ਜਤਨ। ਹੇਰੈ = ਵੇਖਦਾ ਹੈ, ਵੇਖ ਸਕਦਾ ਹੈ। ਕਿਆ ਹੇਰੈ = ਕੀਹ ਵੇਖ ਸਕਦਾ ਹੈ? ਕੁਝ ਨਹੀਂ ਵੇਖ ਸਕਦਾ। ਨਿਬੇਰੈ = ਮੁਕਾ ਦੇਵੇ।3।

ਸੁਰਿ = ਦੇਵਤੇ। ਨਰ = ਮਨੁੱਖ। ਸਾਚੈ ਮਹਲਿ = ਸਦਾ-ਥਿਰ ਰਹਿਣ ਵਾਲੇ ਮਹਲ ਵਿਚ। ਅਪਾਰਾ = ਹੇ ਅਪਾਰ! ਸਹਜਿ = ਅਡੋਲਤਾ ਵਿਚ। ਜਗ ਜੀਵਨ = ਹੇ ਜਗਤ ਦੇ ਜੀਵਨ!।4।

ਅਰਥ: ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ। ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ।1। ਰਹਾਉ।

(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ (ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ।1।

ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ।2।

ਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ। (ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ।3।

ਹੇ ਨਾਨਕ! (ਅਰਦਾਸ ਕਰ =) ਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ! ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ! ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ। ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ।4।2।

TOP OF PAGE

Sri Guru Granth Darpan, by Professor Sahib Singh