ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 503

ਗੂਜਰੀ ਅਸਟਪਦੀਆ ਮਹਲਾ ੧ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥ ਚੇਤਹੁ ਬਾਸੁਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥ ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥ ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥ ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥ ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥ ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥ ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥ ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥ ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥੫॥ ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥ ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥ ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥ ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥ ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥ {ਪੰਨਾ 503}

ਪਦਅਰਥ: ਏਕ ਨਗਰੀ = ਇਕੋ ਹੀ (ਸਰੀਰ-) ਸ਼ਹਰ ਵਿਚ। ਪੰਚ = ਪੰਜ। ਬਸੀਅਲੇ = ਵੱਸੇ ਹੋਏ ਹਨ। ਬਰਜਤ = ਰੋਕਦਿਆਂ ਰੋਕਦਿਆਂ, ਵਰਜਦਿਆਂ ਭੀ। ਧਾਵੈ = (ਹਰੇਕ ਚੋਰ ਚੋਰੀ ਕਰਨ ਲਈ) ਦੌੜ ਪੈਂਦਾ ਹੈ। ਤ੍ਰਿਹ = ਮਾਇਆ ਦੇ ਤਿੰਨ ਗੁਣ। ਦਸ = ਇੰਦ੍ਰੇ। ਮਾਲ = ਸਰਮਾਇਆ। ਨਾਨਕ = ਹੇ ਨਾਨਕ! ਸੋ = ਉਹ ਮਨੁੱਖ।੧।

ਬਾਸੁਦੇਉ = ਸਰਬ = ਵਿਆਪਕ ਪ੍ਰਭੂ! ਬਨਮਾਲੀ = ਸਾਰੀ ਬਨਸਪਤੀ ਜਿਸ ਦੀ ਮਾਲਾ ਹੈ, ਪਰਮਾਤਮਾ। ਰਿਦੈ = ਹਿਰਦੇ ਵਿਚ। ਜਪ ਮਾਲੀ = ਮਾਲਾ।੧।ਰਹਾਉ।

ਉਰਧ ਮੂਲ = (ਜੋ) ਉੱਚੀ ਜੜ੍ਹ ਵਾਲੀ (ਹੈ) ਉਹ ਮਾਇਆ ਜਿਸ ਦਾ ਮੂਲ = ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ। ਜਿਸੁ = ਜਿਸ ਮਾਇਆ ਦੀਆਂ। ਸਾਖ = ਟਹਿਣੀਆਂ, ਪਸਾਰਾ। ਤਲਾਹਾ = ਹੇਠਾਂ ਵਲ, ਮਾਇਆ ਦੇ ਅਸਰ ਹੇਠ। ਜਿਤੁ = ਜਿਸ (ਮਾਇਆ) ਵਿਚ, ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ। ਸਹਜ ਭਾਇ = ਸਹਜੇ ਹੀ, ਸੁਖੈਨ ਹੀ। ਜਾਇ = ਚਲੀ ਜਾਂਦੀ ਹੈ, ਪਰੇ ਹਟ ਜਾਂਦੀ ਹੈ। ਤੇ = (ਕਿਉਂਕਿ) ਉਹ ਬੰਦੇ। ਜਾਗੇ = ਜਾਗਦੇ ਰਹਿੰਦੇ ਹਨ, ਸੁਚੇਤ ਰਹਿੰਦੇ ਹਨ।੨।

ਪਾਰਜਾਤੁ = ਸੁਰਗ ਦਾ ਇਕ ਰੁੱਖ ਜੋ ਸਾਰੀਆਂ ਕਾਮਨਾਂ ਪੂਰੀਆਂ ਕਰਨ ਦੇ ਸਮਰਥ ਮਿਥਿਆ ਗਿਆ ਹੈ, ਸਰਬ = ਇੱਛਾ = ਪੂਰਕ ਪ੍ਰਭੂ। ਘਰਿ = ਘਰ ਵਿਚ, ਹਿਰਦੇ ਵਿਚ। ਆਗਨਿ = ਵੇਹੜੇ ਵਿਚ। ਪੁਹਪ = ਫੁੱਲ। ਤਤੁ = ਸਾਰੇ ਜਗਤ ਦਾ ਮੂਲ। ਸੰਭੂ = {स्वयंभु} ਆਪਣੇ ਆਪ ਤੋਂ ਜਨਮਿਆ ਹੋਇਆ।੩।

ਸਿਖਵੰਤੇ = ਹੇ ਸਿੱਖਿਆ ਲੈਣ ਵਾਲੇ! ਮਨਿ = ਮਨ ਵਿਚ। ਬੀਚਾਰਿ = ਵਿਚਾਰ ਵਿਚ। ਪੁਨਰਪਿ {पुनः अपि} ਮੁੜ ਮੁੜ। ਕਾਲਾ = ਕਾਲ, ਮੌਤ।੪।

ਕਥੀਅਲੇ = ਕਿਹਾ ਜਾਂਦਾ ਹੈ। ਵੈਦੁ = ਹਕੀਮ। ਤਿਸੁ ਕਾਰਣਿ = ਉਸ (ਪ੍ਰਭੂ ਦੇ ਸਿਮਰਨ) ਦੀ ਬਰਕਤਿ ਨਾਲ। ਧੰਧੈ = ਧੰਧੇ ਵਿਚ, ਜੰਜਾਲ ਵਿਚ। ਗਿਰਹੀ = ਗ੍ਰਿਹਸਤੀ।੫।

ਤਜੀਅਲੇ = ਤਿਆਗਿਆ। ਤਿਸ = ਤ੍ਰਿਸ਼ਨਾ। ਅਵਿਗਤੁ = {अव्यक्त} ਅਦ੍ਰਿਸ਼ਟ ਪ੍ਰਭੂ।੬।

ਕਥੀਅਲੇ = ਕਹੀ ਜਾਂਦੀ ਹੈ। ਸੇਤ = ਚਿੱਟਾ, ਫਿੱਕਾ। ਬਰਨ = ਰੰਗ। ਸੇਤ ਬਰਨ = ਜਿਨ੍ਹਾਂ ਦੇ ਰੰਗ ਫੱਕ ਹੋ ਜਾਂਦੇ ਹਨ। ਦੂਤਾ = ਕਾਮਾਦਿਕ ਵੈਰੀ। ਮਧੁ = ਸ਼ਹਿਦ। ਤਾਸੁ = {तस्य} ਉਸ (ਸ਼ਹਿਦ) ਦਾ। ਰਸਾਦੰ = {अद् = ਖਾਣਾ, ਰੱਖਣਾ} ਰਸ ਚੱਖਣ ਵਾਲਾ।੭।

ਜੁਆਇਆ = ਜੁੜਿਆ ਹੋਇਆ, ਵਿਆਪਕ। ਮਮ = ਮੇਰਾ। ਪੁਨਹਿ = {पुनः} ਮੁੜ ਫਿਰ। ਗਰਭੰ = ਗਰਭ = ਵਾਸ, ਜਨਮ। ਬਿਖੁ = (ਮਾਇਆ-) ਜ਼ਹਰ। ਤਜਿ = ਛੱਡ ਕੇ।੮।

ਅਰਥ: ਹੇ ਭਾਈ। ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ। ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਓ-(ਇਸ ਨੂੰ ਆਪਣੀ) ਮਾਲਾ (ਬਣਾਉ)।੧।ਰਹਾਉ।

ਇਸ ਇਕੋ ਹੀ (ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ, ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ) ਚੁਰਾਣ ਲਈ ਉੱਠ ਦੌੜਦਾ ਹੈ। (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜੇਹੜਾ ਮਨੁੱਖ (ਇਹਨਾਂ ਪੰਜਾਂ ਤੋਂ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦ੍ਰਿਆਂ ਤੋਂ (ਆਪਣਾ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ! ਉਹ (ਇਹਨਾਂ ਤੋਂ) ਸਦਾ ਲਈ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ।੧।

ਜਿਸ ਮਾਇਆ ਦਾ ਮੂਲ-ਪ੍ਰਭੂ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ, ਚਾਰੇ ਵੇਦ ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ ਲੱਗੇ ਰਹੇ ਹਨ, ਉਹ ਮਾਇਆ ਸਹਜੇ ਹੀ (ਉਹਨਾਂ ਬੰਦਿਆਂ ਤੋਂ) ਪਰੇ ਹਟ ਜਾਂਦੀ ਹੈ (ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ, ਕਿਉਂਕਿ) ਉਹ ਬੰਦੇ, ਹੇ ਨਾਨਕ! ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ।੨।

(ਇਹ ਸਾਰਾ ਜਗਤ ਜਿਸ ਪਾਰਜਾਤ-ਪ੍ਰਭੂ ਦਾ) ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ, ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ (ਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁੱਕ ਗਏ ਹਨ)। (ਹੇ ਭਾਈ! ਤੁਸੀ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ।੩।

ਹੇ (ਮੇਰੀ) ਸਿੱਖਿਆ ਸੁਣਨ ਵਾਲੇ ਭਾਈ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ-(ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ, ਇਸ ਤਰ੍ਹਾਂ ਤੂੰ) ਮਾਇਆ ਦੇ ਬੰਧਨ ਤਿਆਗ ਸਕੇਂਗਾ। ਜਿਸ ਮਨੁੱਖ ਦੇ ਮਨ ਵਿਚ ਸੋਚ-ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੁੰਦਾ।੪।

(ਜਿਸ ਮਨੁੱਖ ਨੇ ਪਰਮਾਤਮਾ ਨੂੰ ਹਿਰਦੇ ਵਿਚ ਵਸਾ ਲਿਆ ਹੈ) ਉਹ ਗੁਰੂ ਕਿਹਾ ਜਾ ਸਕਦਾ ਹੈ, ਉਹ (ਅਸਲ) ਸਿੱਖ ਕਿਹਾ ਜਾ ਸਕਦਾ ਹੈ, ਉਹ (ਅਸਲ) ਵੈਦ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਹੋਰ (ਆਤਮਕ) ਰੋਗੀਆਂ ਦੇ ਰੋਗ ਸਮਝ ਲੈਂਦਾ ਹੈ। ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਦੁਨੀਆ ਦਾ ਕੰਮ-ਧੰਧਾ ਉਸ ਨੂੰ ਵਿਆਪ ਨਹੀਂ ਸਕਦਾ। (ਪ੍ਰਭੂ ਦੇ ਸਿਮਰਨ ਸਦਕਾ) ਉਹ ਮਾਇਆ ਦੇ ਬੰਧਨ ਵਿਚ ਨਹੀਂ (ਫਸਦਾ) , ਉਹ ਗ੍ਰਿਹਸਤੀ (ਹੁੰਦਾ ਭੀ) ਜੋਗੀ ਹੈ।੫।

ਜਿਸ ਮਨੁੱਖ ਨੇ ਗੁਰੂ ਦੀ ਮੇਹਰ ਨਾਲ ਆਪਣੇ ਮਨ ਵਿਚ ਜਗਤ-ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ ਹੈ ਉਸ ਨੇ ਕਾਮ ਕ੍ਰੋਧ ਤੇ ਅਹੰਕਾਰ ਤਿਆਗ ਦਿੱਤਾ ਹੈ, ਉਸ ਨੇ ਲੋਭ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ।੬।

ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਨੀ-ਇਹ ਸਭ ਪ੍ਰਭੂ ਦੀ ਦਾਤਿ ਹੀ ਕਹੀ ਜਾ ਸਕਦੀ ਹੈ, (ਜਿਸ ਨੂੰ ਇਹ ਦਾਤਿ ਮਿਲਦੀ ਹੈ ਉਸ ਨੂੰ ਤੱਕ ਕੇ) ਕਾਮਾਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ, ਕਿਉਂਕਿ ਸਿਮਰਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ, ਮਾਨੋ) ਬ੍ਰਹਮ-ਰੂਪ ਕਮਲ ਦਾ ਸ਼ਹਿਦ (ਚੋਣ ਲੱਗ ਪੈਂਦਾ ਹੈ) ਉਸ (ਨਾਮ-ਅੰਮ੍ਰਿਤ ਸ਼ਹਿਦ ਦਾ) ਰਸ ਉਹ ਮਨੁੱਖ ਚੱਖਦਾ ਹੈ (ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, (ਮਾਇਆ-ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਨਹੀਂ ਹੁੰਦਾ।੭।

ਹੇ ਨਾਨਕ! ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ, ਸਾਰੇ ਪਾਤਾਲ (ਸਾਰਾ ਸੰਸਾਰ ਜਿਸ ਪਾਰਜਾਤ-ਪ੍ਰਭੂ) ਦੇ ਪੱਤਰ (ਪਸਾਰਾ) ਹਨ, ਜੋ ਸਭ ਜੀਵਾਂ ਵਿਚ ਵਿਆਪਕ ਹੈ, ਗੁਰੂ ਦੇ ਉਪਦੇਸ ਦੀ ਬਰਕਤਿ ਨਾਲ ਮੈਂ ਉਸ ਦਾ ਨਾਮ-ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਰ ਤਿਆਗਿਆ ਹੈ, ਹੁਣ ਮੇਰਾ ਮੁੜ ਮੁੜ ਗਰਭ-ਵਾਸ (ਜਨਮ ਮਰਨ) ਨਹੀਂ ਹੋਵੇਗਾ।੮।੧।

ਗੂਜਰੀ ਮਹਲਾ ੧ ॥ ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥ ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥੧॥ ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥ ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥ ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥੨॥ ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦ ਨ ਜੋਤਿ ਅਪਾਰ ॥ ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥੩॥ ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥ ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥੪॥ ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥ ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥ ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥ ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥੬॥ ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥ ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥ ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥ ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥ {ਪੰਨਾ 503-504}

ਪਦਅਰਥ: ਕਵਨ ਕਵਨ = ਕੇਹੜੇ ਕੇਹੜੇ? ਜਾਚਹਿ = ਮੰਗਦੇ ਹਨ। ਪ੍ਰਭ ਦਾਤੇ = ਹੇ ਦਾਤਾਰ ਪ੍ਰਭੂ! ਤਾ ਕੇ = ਉਹਨਾਂ ਜੀਵਾਂ ਦੇ। ਸੁਮਾਰ = ਗਿਣਤੀ, ਲੇਖੇ। ਅਭ ਅੰਤਰਿ = {अभ्यन्तरि} ਧੁਰ ਅੰਦਰ, ਮਨ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ।੧।

ਐ ਜੀ = ਹੇ ਪ੍ਰਭੂ ਜੀ! ਸਚੁ ਅਧਾਰੁ = ਸਦਾ-ਥਿਰ ਰਹਿਣ ਵਾਲਾ ਆਸਰਾ। ਭੰਡਾਰ = ਖ਼ਜ਼ਾਨੇ।੧।ਰਹਾਉ।

ਸੁੰਨ = {शुन्य} ਸੁੰਞ, ਉਹ ਅਵਸਥਾ ਜਿਥੇ ਕੋਈ ਫੁਰਨਾ ਨਾਹ ਉਠੇ। ਰਹਹਿ = ਤੂੰ ਰਹਿੰਦਾ ਹੈਂ। ਏਕਾ ਏਕੀ = ਤੂੰ ਇਕੱਲਾ ਹੀ। ਸਬਦੁ = ਬਚਨ, ਹੁਕਮ, ਇਰਾਦਾ। ਧਰਣਿ = ਧਰਤੀ। ਗਗਨੁ = ਆਕਾਸ਼। ਤਹ = ਤਦੋਂ। ਆਪੁ = ਆਪਣੇ ਆਪ ਨੂੰ। ਕਰਤਾਰ = ਹੇ ਕਰਤਾਰ!੨।

ਤਦਿ = ਤਦੋਂ। ਮਗਨੁ = ਮਸਤ (ਜੀਵ। ਛਾਇਆ = ਮਾਇਆ ਦੇ ਪ੍ਰਭਾਵ (ਵਿਚ)। ਅਪਾਰ = ਅਪਰ, ਅਵਰ, ਕੋਈ ਹੋਰ। ਸਰਬ ਦ੍ਰਿਸਟਿ ਲੋਚਨ = ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਅੱਖ। ਅਭ ਅੰਤਰਿ = {अभ्यन्तर} (ਤੇਰੇ ਆਪਣੇ ਹੀ) ਧੁਰ ਅੰਦਰ। ਸਾਰ = ਸੰਭਾਲ।੩।

ਤਿਨਿ = ਉਸ (ਪਰਮਾਤਮਾ) ਨੇ। ਕੀਆ = (ਜਦੋਂ) ਪੈਦਾ ਕੀਤਾ। ਮਹੇਸ = ਸ਼ਿਵ। ਅਕਾਰ = ਸਰੂਪ, ਵਜੂਦ, ਹਸਤੀ। ਜਾਚਿਕ = ਮੰਗਤੇ। ਕਰੇ = ਕਰਦਾ ਹੈ। ਅਪੁਨੈ ਬੀਚਾਰ = ਆਪਣੇ ਵਿਚਾਰ ਅਨੁਸਾਰ।੪।

ਕੋਟਿ ਤੇਤੀਸ = ਤੇਤੀ ਕ੍ਰੋੜ (ਦੇਵਤੇ। ਨਾਇਕ = (ਸਭ ਦੀ) ਅਗਵਾਈ ਕਰਨ ਵਾਲਾ। ਤੋਟਿ = ਕਮੀ। ਊਂਧੈ ਭਾਂਡੈ = ਪੁੱਠੇ ਪਏ ਭਾਂਡੇ ਵਿਚ। ਸੀਧੈ = ਸਿੱਧੇ ਭਾਂਡੇ ਵਿਚ। ਨਿਹਾਰ = (ਉਸ ਪ੍ਰਭੂ ਦੇ) ਤੱਕਣ ਨਾਲ, ਮੇਹਰ ਦੀ ਨਿਗਾਹ ਨਾਲ।੫।

ਸਿਧ = ਪੁੱਗੇ ਹੋਏ ਜੋਗੀ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਜਾਚਿ = ਮੰਗ ਕੇ। ਤੈਸੋ ਪਰਕਾਰ = ਉਸੇ ਕਿਸਮ ਦਾ। ਦੇਵਹਿ = ਤੂੰ ਦੇਂਦਾ ਹੈਂ।੬।

ਸੇਵਹਿ = ਜੋ ਸੇਂਵਦੇ ਹਨ। ਭੇਦੁ = ਫ਼ਰਕ। ਮੁਰਾਰ = ਪਰਮਾਤਮਾ। ਤਾ ਕਉ = ਉਹਨਾਂ (ਬੰਦਿਆਂ) ਨੂੰ। ਨਾਹੀ ਜੋਹੈ– ਨਹੀਂ ਤੱਕਦਾ। ਕਾਲੁ ਜਮੁ = ਮੌਤ, ਮੌਤ ਦਾ ਸਹਮ, ਆਤਮਕ ਮੌਤ। ਅੰਤਰਿ ਬੀਚਾਰ = ਸੋਚ = ਮੰਡਲ ਵਿਚ। ਬੂਝਹਿ = (ਜੇਹੜੇ ਬੰਦੇ) ਸਮਝਦੇ ਹਨ।੭।

ਅਬ ਤਬ = ਕਦੇ ਭੀ। ਨ ਮਾਗਉ = ਮੈਂ ਨਹੀਂ ਮੰਗਦਾ। ਪਹਿ = ਪਾਸੋਂ। ਪਿਆਰਿ = ਪਿਆਰ ਨਾਲ, ਪਿਆਰ ਦੀ ਨਿਗਾਹ ਨਾਲ। ਚਾਤ੍ਰਿਕ = ਪਪੀਹਾ। ਜਸੁ = ਸਿਫ਼ਤਿ-ਸਾਲਾਹ।੮।

ਅਰਥ: ਹੇ ਪ੍ਰਭੂ ਜੀ! ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ। ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ।੧।ਰਹਾਉ।

ਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ। ਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ) , ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ।੧।

ਹੇ ਕਰਤਾਰ! ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ ਨਾਹ ਧਰਤੀ ਸੀ, ਨਾਹ ਆਕਾਸ਼ ਸੀ, ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ।੨।

ਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ। ਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ।੩।

ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ। ਹੇ ਪ੍ਰਭੂ! ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ। (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ।੪।

ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ। (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ। (ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤਿ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ।੫।

ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ। (ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ।੬।

ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ। ਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ।੭।

(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ। (ਮੈਂ ਇਹ ਅਰਦਾਸ ਕਰਦਾ ਹਾਂ-) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼। ਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤਿ-ਸਾਲਾਹ ਦੇਹ।੮।੨।

TOP OF PAGE

Sri Guru Granth Darpan, by Professor Sahib Singh