ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 507

ਗੂਜਰੀ ਮਹਲਾ ੪ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥ ਮਨ ਰੇ ਹਰਿ ਕੀਰਤਿ ਤਰੁ ਤਾਰੀ ॥ ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥ ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥ ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥ ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥ ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥ ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥ ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥ ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥ ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥ ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥ ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥ ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥ ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥ ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥ {ਪੰਨਾ 506-507}

ਪਦਅਰਥ: ਜੀਅਰਾ = ਕਮਜ਼ੋਰ ਜਿੰਦ। ਖੀਰ = ਦੁੱਧ। ਅਧਾਰ = ਆਸਰਾ। ਖੀਰ ਅਧਾਰੀ = ਖੀਰ ਅਧਾਰਿ, ਦੁੱਧ ਦੇ ਸਹਾਰੇ ਤੇ। ਅਗਮ = ਅਪਹੁੰਚ। ਅਗੋਚਰ = {ਅ-ਗੋ-ਚ-ਰ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਸਰਨ ਪਿਆਂ। ਕੈ = ਤੋਂ।੧।

ਕੀਰਤਿ = ਸਿਫ਼ਤਿ-ਸਾਲਾਹ। ਤਰੁ ਤਾਰੀ = ਤਾਰੀ ਤਰ, ਪਾਰ ਲੰਘਣ ਦਾ ਉੱਦਮ ਕਰ। ਅੰਮ੍ਰਿਤ ਜਲੁ = ਆਤਮਕ ਜੀਵਨ ਦੇਣ ਵਾਲਾ ਜਲ।ਰਹਾਉ।

ਸੇਵਹਿ = ਸੇਵਾ = ਭਗਤੀ ਕਰਦੇ ਹਨ। ਅਨਦਿਨੁ = ਹਰ ਰੋਜ਼। ਬਨਵਾਰੀ = ਜਗਤ ਦਾ ਮਾਲਕ ਪ੍ਰਭੂ। ਪੈਜ = ਇੱਜ਼ਤ। ਸਵਾਰੀ = ਬਣਾਈ ਰੱਖੀ।੨।

ਅਲਖ = ਅਦ੍ਰਿਸ਼ਟ। ਨਿਰੰਜਨੁ = {ਨਿਰ = ਅੰਜਨ} ਮਾਇਆ = ਕਾਲਖ ਤੋਂ ਰਹਿਤ, ਨਿਰਲੇਪ। ਜਾਚਿਕ = ਮੰਗਤੇ। ਪਸਾਰੀ = ਪਸਾਰਿ, ਪਸਾਰ ਕੇ, ਖਿਲਾਰ ਕੇ।੩।

ਅਕਥ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਨਿਆਰੀ = ਅਨੋਖੀ। ਕੇਰਾ = ਦਾ। ਤਾਰੀ = ਤਾਰ ਲਈ।੪।

ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਬਿਧਾ = ਡਾਵਾਂਡੋਲ ਹਾਲਤ। ਬਿਆਪੇ = ਫਸੇ ਰਹਿੰਦੇ ਹਨ। ਗੁਬਾਰੀ = ਹਨੇਰਾ। ਨ ਭਾਵੈ = ਚੰਗੀ ਨਹੀਂ ਲੱਗਦੀ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}ਸਣੁ = ਸਮੇਤ।੫।

ਕਰਿ = ਕਰ ਕੇ। ਧੋਵੈ = ਧੋਂਦਾ ਹੈ। ਮਲਭਖੁ = ਮੈਲ ਖਾਣ ਵਾਲਾ।੬।

ਪਰਪੰਚ = ਜਗਤ = ਖਿਲਾਰਾ। ਕਰਤੈ = ਕਰਤਾਰ ਨੇ। ਕਲ = ਸੱਤਾ, ਤਾਕਤ। ਜੁਗ ਅੰਤਰਿ = ਜਗਤ ਵਿਚ। {ਨੋਟ: ਪਾਠਕ ਧਿਆਨ ਰੱਖੇ। ਲਫ਼ਜ਼ 'ਜੁਗ' ਕਲਿਜੁਗ ਆਦਿਕ ਕਿਸੇ 'ਜੁਗ' ਵਾਸਤੇ ਨਹੀਂ ਫਬ ਸਕਦਾ}ਖਿੰਚੈ = ਖਿੱਚ ਲੈਂਦਾ ਹੈ।੭।

ਰਸਨਿ ਰਸਨਿ ਰਸਿ = ਪ੍ਰੇਮ ਨਾਲ, ਪ੍ਰੇਮ ਨਾਲ, ਪ੍ਰੇਮ ਨਾਲ। ਰਸਨਾ = ਜੀਭ। ਮਾਗਉ = ਮਾਗਉਂ, ਮੈਂ ਮੰਗਦਾ ਹਾਂ।੮।

ਅਰਥ: ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਦਾ ਜਤਨ ਕਰਿਆ ਕਰ। ਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ। (ਪਰ, ਹੇ ਪ੍ਰਭੂ! ਤੇਰਾ ਨਾਮ-ਜਲ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ।ਰਹਾਉ।

ਹੇ ਭਾਈ! ਮੇਰੀ ਕਮਜ਼ੋਰ ਜਿੰਦ ਪਰਮਾਤਮਾ (ਦੇ ਮਿਲਾਪ) ਤੋਂ ਬਿਨਾ ਧੀਰਜ ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ। ਹੇ ਭਾਈ! ਉਹ ਪ੍ਰਭੂ, ਜੋ ਅਪਹੁੰਚ ਹੈ (ਜਿਸ ਤਕ ਜੀਵ ਆਪਣੀ ਸਿਆਣਪ ਦੇ ਬਲ ਨਾਲ ਨਹੀਂ ਪਹੰੁੰਚ ਸਕਦਾ) , ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ, (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ (ਸਦਾ) ਸਦਕੇ ਜਾਂਦਾ ਹਾਂ।੧।

(ਹੇ ਭਾਈ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਸਨਕ ਸਨੰਦਨ (ਆਦਿਕ ਰਿਸ਼ੀ) ਨਾਰਦ (ਆਦਿਕ) ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ (ਰਹੇ) ਹਨ, ਹਰ ਵੇਲੇ (ਪ੍ਰਭੂ ਦਾ ਨਾਮ ਹੀ) ਜਪਦੇ (ਰਹੇ) ਹਨ। ਪ੍ਰਹਲਾਦ (ਆਦਿਕ ਜੇਹੜੇ ਜੇਹੜੇ) ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ ਇੱਜ਼ਤ ਬਚਾਂਦਾ ਰਿਹਾ।੨।

ਹੇ ਭਾਈ! ਸਾਰੇ ਜਗਤ ਵਿਚ ਇਕ ਅਦ੍ਰਿਸ਼ਟ ਤੇ ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ।

ਹੇ ਪ੍ਰਭੂ! ਇਕ ਤੂੰ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ (ਤੇਰੇ ਦਰ ਤੇ) ਮੰਗਤੇ ਹਨ (ਤੇਰੇ ਅੱਗੇ) ਹੱਥ ਖਿਲਾਰ ਕੇ ਮੰਗ ਰਹੇ ਹਨ।੩।

ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ।੪।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ (ਦੇ ਪ੍ਰਭਾਵ) ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ (ਮਾਇਆ ਦੇ) ਮੋਹ ਦਾ ਹਨੇਰਾ ਪਿਆ ਰਹਿੰਦਾ ਹੈ। (ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ) ਸੰਤ ਜਨਾਂ ਦੀ (ਕੀਤੀ ਹੋਈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ) ਗੱਲ ਨਹੀਂ ਸੁਖਾਂਦੀ (ਇਸ ਵਾਸਤੇ) ਉਹ ਆਪਣੇ ਪਰਵਾਰ ਸਮੇਤ (ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ।੫।

ਹੇ ਭਾਈ! ਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ। ਹੇ ਭਾਈ! ਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ (ਇਸ ਨਿੰਦਾ ਦੇ ਸਮੁੰਦਰ ਵਿਚੋਂ) ਨਾਹ ਉਰਲੇ ਪਾਸੇ ਆ ਸਕਦੇ ਹਨ, ਨਾਹ ਪਰਲੇ ਪਾਸੇ ਲੰਘ ਸਕਦੇ ਹਨ।੬।

(ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ) ? ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ। ਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ (ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ) ਪਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ।੭।

(ਹੇ ਭਾਈ! ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ) ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ।

ਹੇ ਨਾਨਕ! ਆਖ-) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ (ਮੈਂ ਇਹੀ ਚਾਹੁੰਦਾ ਹਾਂ ਕਿ) ਪਰਮਾਤਮਾ ਦੇ ਨਾਮ ਰਸ ਦੀ ਪ੍ਰੀਤਿ ਪਿਆਰੀ ਲੱਗਦੀ ਰਹੇ।੮।੧।੭।

ਗੂਜਰੀ ਮਹਲਾ ੫ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥ ਪਿਤਾ ਮੇਰੋ ਬਡੋ ਧਨੀ ਅਗਮਾ ॥ ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥ ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥ ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥ ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥ ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥ ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥ ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥ ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥ ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥ ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥ {ਪੰਨਾ 507}

ਪਦਅਰਥ: ਕਹੀਅਹਿ = ਤੂੰ ਕਿਹਾ ਜਾਂਦਾ ਹੈਂ। ਭੂਮਾ = ਭੂਮੀ ਦਾ ਮਾਲਕ। ਠਾਕੁਰ = ਮਾਲਕ, ਸਰਦਾਰ। ਠਕੁਰਾਈ = ਸਰਦਾਰੀ। ਕੋਮਾ = (ਉੱਚੀ) ਕੁਲ ਵਾਲਾ। ਸਿਰਿ = ਸਿਰ ਉੱਤੇ, ਸ੍ਰੇਸ਼ਟ। ਕੋਮਨ ਸਿਰਿ = ਉੱਚੀ ਕੁਲ ਵਾਲਿਆਂ ਦੇ ਸਿਰ ਉੱਤੇ।੧।

ਧਨੀ = ਮਾਲਕ। ਅਗਮਾ = ਅਪਹੁੰਚ। ਉਸਤਤਿ = ਵਡਿਆਈ। ਕਰਤੇ = ਹੇ ਕਰਤਾਰ! ਪੇਖਿ = ਵੇਖ ਕੇ। ਬਿਸਮਾ = ਹੈਰਾਨ।੧।ਰਹਾਉ।

ਦਾਤਨ ਸਿਰਿ = ਦਾਤਿਆਂ ਦੇ ਸਿਰ ਉਤੇ, ਦਾਤਿਆਂ ਵਿਚ ਸ਼ਿਰੋਮਣੀ। ਤੇਜਨ ਮਹਿ = ਤੇਜ ਪ੍ਰਤਾਪ ਵਾਲਿਆਂ ਵਿਚ। ਰਸੀਅਨ ਮਹਿ = ਰਸ ਲੈਣ ਵਾਲਿਆਂ ਵਿਚ। ਰਾਤਾ = ਰੱਤਾ ਹੋਇਆ, ਰਸ ਵਿਚ ਮਸਤ।੨।

ਸੂਰਾ = ਸੂਰਮਾ। ਭੋਗਨ ਮਹਿ = ਭੋਗਣ ਵਾਲਿਆਂ ਵਿਚ। ਜੋਗਨ ਮਹਿ = ਵਿਰਕਤਾਂ ਵਿਚ।੩।

ਕਰਤਨ ਮਹਿ = ਨਵੇਂ ਕੰਮ ਕਰਨ ਵਾਲਿਆਂ ਵਿਚ। ਆਚਾਰਨ ਮਹਿ = ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ।੪।

ਸਰਨ ਪਾਲਨ ਟੀਕਾ = ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਟਿੱਕਾ (ਸ਼ਿਰੋਮਣੀ) ਹੈਂ। ਕੇਤਕ = ਕਿਤਨੀ ਕੁ? ਬੇਅੰਤ। ਗਨਿ ਨ ਸਕਉ = ਮੈਂ ਗਿਣ ਨਹੀਂ ਸਕਦਾ। ਸੀਕਾ = ਸਿੱਕੇ, ਰੁਪਏ, ਖ਼ਜ਼ਾਨੇ।੫।

ਨਾਮਨ ਮਨਿ = ਨਾਮਣੇ ਵਾਲਿਆਂ ਵਿਚ। ਨਾਮਾ = ਨਾਮਣਾ। ਜੁਗਤਨ ਮਹਿ = ਚੰਗੀ ਜੀਵਨ = ਜੁਗਤਿ ਵਾਲਿਆਂ ਵਿਚ।੬।

ਸਿਧਨ ਮਹਿ = ਕਰਾਮਾਤੀ ਤਾਕਤਾਂ ਵਾਲਿਆਂ ਵਿਚ। ਸਿਧਾ = ਕਰਾਮਾਤੀ ਤਾਕਤ। ਕਰਮਨ ਸਿਰਿ = ਕਰਮ ਕਰਨ ਵਾਲਿਆਂ ਵਿਚ ਸ਼ਿਰੋਮਣੀ। ਆਗਿਆ = ਹੁਕਮ। ਹੁਕਮਨ ਸਿਰਿ = ਹੁਕਮ ਕਰਨ ਵਾਲਿਆਂ ਵਿਚ ਸ਼ਿਰੋਮਣੀ।੭।

ਬੋਲਾਵਹਿ = ਤੂੰ ਬੁਲਾਂਦਾ ਹੈਂ। ਬੋਲਹ = ਅਸੀ ਬੋਲਦੇ ਹਾਂ। ਸੁਆਮੀ = ਹੇ ਸੁਆਮੀ! ਕੁਦਰਤਿ = ਤਾਕਤ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗਾਇਓ = ਗਾਇਆ।੮।

ਅਰਥ: ਹੇ ਕਰਤਾਰ! ਤੂੰ ਮੇਰਾ ਪਿਤਾ ਹੈਂ, ਤੂੰ ਸਾਡੀ ਸਿਆਣਪ ਦੀ ਪਹੁੰਚ ਤੋਂ ਪਰੇ ਹੈਂ। ਹੇ ਕਰਤਾਰ! ਤੇਰੀ ਕੇਹੜੀ ਕੇਹੜੀ ਵਡਿਆਈ ਅਸੀ ਕਰੀਏ? (ਤੇਰੀ ਲੀਲਾ) ਵੇਖ ਵੇਖ ਕੇ ਅਸੀ ਹੈਰਾਨ ਹੋ ਰਹੇ ਹਾਂ।੧।ਰਹਾਉ।

ਹੇ ਕਰਤਾਰ! ਦੁਨੀਆ ਦੇ) ਰਾਜਿਆਂ ਵਿਚ ਤੂੰ (ਸ਼ਿਰੋਮਣੀ) ਰਾਜਾ ਅਖਵਾਂਦਾ ਹੈਂ, ਭੁਇਂ ਦੇ ਮਾਲਕਾਂ ਵਿਚ ਤੂੰ (ਸਭ ਤੋਂ ਵੱਡਾ) ਭੁਇਂ ਦਾ ਮਾਲਕ ਹੈਂ। ਹੇ ਕਰਤਾਰ! ਦੁਨੀਆ ਦੇ) ਸਰਦਾਰਾਂ ਵਿਚ ਤੇਰੀ ਸਰਦਾਰੀ (ਸਭ ਤੋਂ ਵੱਡੀ) ਹੈ, ਉੱਚੀ ਕੁਲ ਵਾਲਿਆਂ ਵਿਚ ਤੂੰ ਸ਼ਿਰੋਮਣੀ ਕੁਲ ਵਾਲਾ ਹੈਂ।੧।

ਹੇ ਕਰਤਾਰ! ਦੁਨੀਆ ਦੇ) ਸੁਖੀ ਲੋਕਾਂ ਵਿਚ ਤੂੰ (ਸ਼ਿਰੋਮਣੀ) ਸੁਖੀ ਕਿਹਾ ਜਾ ਸਕਦਾ ਹੈਂ, ਦਾਨੀਆਂ ਵਿਚ ਤੂੰ ਹੀ (ਸ਼ਿਰੋਮਣੀ) ਤੇਜਸ੍ਵੀ ਕਹਾ ਸਕਦਾ ਹੈਂ (ਦੁਨੀਆ ਦੇ) ਰਸ ਮਾਣਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਰਸੀਆ ਹੈਂ।੨।

ਹੇ ਕਰਤਾਰ! ਸੂਰਮਿਆਂ ਵਿਚ ਤੂੰ ਸ਼ਿਰੋਮਣੀ ਸੂਰਮਾ ਅਖਵਾਣ ਦਾ ਹੱਕਦਾਰ ਹੈਂ, (ਦੁਨੀਆ ਦੇ ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਭੋਗੀਆਂ ਵਿਚ ਤੂੰ ਹੀ ਭੋਗੀ ਹੈਂ। ਗ੍ਰਿਹਸਤੀਆਂ ਵਿਚ ਤੂੰ ਸਭ ਤੋਂ ਵੱਡਾ ਗ੍ਰਿਹਸਤੀ ਹੈਂ (ਜਿਸ ਦਾ ਇਤਨਾ ਵੱਡਾ ਸੰਸਾਰ-ਟੱਬਰ ਹੈ) , ਜੋਗੀਆਂ ਵਿਚ ਤੂੰ ਸ਼ਿਰੋਮਣੀ ਜੋਗੀ ਹੈਂ (ਇਤਨੇ ਵੱਡੇ ਪਰਵਾਰ ਵਾਲਾ ਹੁੰਦਿਆਂ ਭੀ ਨਿਰਲੇਪ ਹੈਂ)।੩।

ਹੇ ਕਰਤਾਰ! ਨਵੇਂ ਕੰਮ ਕਰਨ ਵਾਲੇ ਸਿਆਣਿਆਂ ਵਿਚ ਤੂੰ ਸ਼ਿਰੋਮਣੀ ਰਚਨਹਾਰ ਹੈ; ਧਾਰਮਿਕ ਰਸਮਾਂ ਕਰਨ ਵਾਲਿਆਂ ਵਿਚ ਭੀ ਤੂੰ ਹੀ ਸ਼ਿਰੋਮਣੀ ਹੈਂ। ਹੇ ਕਰਤਾਰ! ਦੁਨੀਆ ਦੇ) ਸਾਹੂਕਾਰਾਂ ਵਿਚ ਤੂੰ ਸਦਾ ਕਾਇਮ ਰਹਿਣ ਵਾਲਾ (ਸ਼ਿਰੋਮਣੀ) ਸਾਹੂਕਾਰ ਹੈਂ, ਤੇ ਵਾਪਾਰੀਆਂ ਵਿਚ ਤੂੰ ਵੱਡਾ ਵਾਪਾਰੀ ਹੈਂ (ਜਿਸ ਨੇ ਇਤਨਾ ਵੱਡਾ ਜਗਤ-ਪਸਾਰਾ ਪਸਾਰਿਆ ਹੋਇਆ ਹੈ)।੪।

ਹੇ ਕਰਤਾਰ! ਦੁਨੀਆ ਦੇ) ਦਰਬਾਰ ਲਾਣ ਵਾਲਿਆਂ ਵਿਚ ਤੇਰਾ ਦਰਬਾਰ ਸ਼ਿਰੋਮਣੀ ਹੈ, ਸਰਨ ਪਿਆਂ ਦੀ ਲਾਜ ਰੱਖਣ ਵਾਲਿਆਂ ਦਾ ਤੂੰ ਸ਼ਿਰੋਮਣੀ ਟਿੱਕਾ ਹੈਂ। ਹੇ ਕਰਤਾਰ! ਤੇਰੇ ਘਰ ਵਿਚ ਕਿਤਨੀ ਕੁ ਮਾਇਆ ਹੈ-ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਮੈਂ ਤੇਰੇ ਖ਼ਜ਼ਾਨੇ ਗਿਣ ਨਹੀਂ ਸਕਦਾ।੫।

ਹੇ ਪ੍ਰਭੂ! ਦੁਨੀਆ ਦੇ) ਵਡਿਆਈ-ਨਾਮਣੇ ਵਾਲਿਆਂ ਵਿਚੋਂ ਤੇਰਾ ਨਾਮਣਾ ਸ਼ਿਰੋਮਣੀ ਹੈ, ਤੇ ਗਿਆਨਵਾਨਾਂ ਵਿਚ ਤੂੰ ਹੀ ਸ਼ਿਰੋਮਣੀ ਗਿਆਨੀ ਹੈਂ। ਹੇ ਪ੍ਰਭੂ! ਚੰਗੀ ਜੀਵਨ-ਜੁਗਤਿ ਵਾਲਿਆਂ ਵਿਚ ਤੇਰੀ ਜੁਗਤਿ ਸ੍ਰੇਸ਼ਟ ਹੈ, (ਦੁਨੀਆ ਦੇ ਤੀਰਥ-) ਇਸ਼ਨਾਨੀਆਂ ਵਿਚ ਤੂੰ ਸ਼ਿਰੋਮਣੀ ਇਸ਼ਨਾਨੀ ਹੈਂ (ਕਿਉਂਕਿ ਸਾਰੇ ਜਲਾਂ ਵਿਚ ਤੂੰ ਸਦਾ ਆਪ ਹੀ ਵੱਸ ਰਿਹਾ ਹੈਂ)।੬।

ਹੇ ਪ੍ਰਭੂ! ਕਰਾਮਾਤੀ ਤਾਕਤਾਂ ਰੱਖਣ ਵਾਲਿਆਂ ਵਿਚ ਤੇਰੀ ਕਰਾਮਾਤੀ ਤਾਕਤ ਸ਼ਿਰੋਮਣੀ ਹੈ, ਕੰਮ ਕਰਨ ਵਾਲਿਆਂ ਵਿਚ ਤੂੰ ਸ਼ਿਰੋਮਣੀ ਉੱਦਮੀ ਹੈਂ। ਹੇ ਪ੍ਰਭੂ! ਦੁਨੀਆ ਦੇ) ਇਖ਼ਤਿਆਰ ਵਾਲਿਆਂ ਵਿਚ ਤੇਰਾ ਇਖ਼ਤਿਆਰ ਸਭ ਤੋਂ ਵੱਡਾ ਹੈ, (ਦੁਨੀਆ ਦੇ) ਹੁਕਮ ਚਲਾਣ ਵਾਲਿਆਂ ਵਿਚ ਤੂੰ ਸ਼ਿਰੋਮਣੀ ਹਾਕਮ ਹੈਂ।੭।

ਹੇ ਕਰਤਾਰ! ਹੇ ਸੁਆਮੀ! ਸਾਡੀ (ਤੇਰੇ ਪੈਦਾ ਕੀਤੇ ਹੋਏ ਜੀਵਾਂ ਦੀ) ਕੀਹ ਪਾਇਆਂ ਹੈ? ਜਿਵੇਂ ਤੂੰ ਸਾਨੂੰ ਬੁਲਾਂਦਾ ਹੈਂ ਉਸੇ ਤਰ੍ਹਾਂ ਅਸੀ ਬੋਲਦੇ ਹਾਂ।

ਹੇ ਨਾਨਕ! ਆਖ-ਕਰਤਾਰ ਦੀ ਪ੍ਰੇਰਨਾ ਨਾਲ ਹੀ ਮਨੁੱਖ ਨੇ) ਸਾਧ ਸੰਗਤਿ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਇਹ ਸਿਫ਼ਤਿ-ਸਾਲਾਹ ਪ੍ਰਭੂ ਨੂੰ ਬੜੀ ਪਿਆਰੀ ਲੱਗਦੀ ਹੈ।੮।੧।੮।

TOP OF PAGE

Sri Guru Granth Darpan, by Professor Sahib Singh