ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 514 ਪਉੜੀ ॥ ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥ ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥ ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥ ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥ ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥ {ਪੰਨਾ 514} ਪਦਅਰਥ: ਕਾਇਆ = ਮਨੁੱਖਾ ਸਰੀਰ। ਅਤੀਤੁ = ਵਿਰਕਤ। ਅਲਿਪਤੁ = ਜਿਸ ਉਤੇ (ਮਾਇਆ ਦਾ) ਅਸਰ ਨਾ ਹੋ ਸਕੇ। ਨਿਰਜੋਗੁ = ਨਿਰਬੰਧ, ਮੁਕਤ, ਅਨ = ਜੁੜਿਆ। ਵਿਜੋਗੀ = ਵਿਛੋੜੇ, ਵਿਜੋਗ। ਅਰਥ: ਮਨੁੱਖਾ-ਸਰੀਰ (ਮਾਨੋ,) ਇਕ ਵੱਡਾ ਕਿਲ੍ਹਾ ਹੈ ਜੋ ਮਨੁੱਖ ਨੂੰ ਭਾਗਾਂ ਨਾਲ ਮਿਲਦਾ ਹੈ, ਇਸ ਸਰੀਰ ਵਿਚ ਪ੍ਰਭੂ ਆਪ ਵੱਸ ਰਿਹਾ ਹੈ ਤੇ (ਕਿਤੇ ਤਾਂ) ਰਸ ਭੋਗ ਰਿਹਾ ਹੈ, (ਕਿਤੇ) ਆਪ ਜੋਗੀ ਪ੍ਰਭੂ ਵਿਰਕਤ ਹੈ, ਮਾਇਆ ਦੇ ਅਸਰ ਤੋਂ ਪਰੇ ਹੈ ਤੇ ਅਨ-ਜੁੜਿਆ ਹੈ। ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕਰਦਾ ਹੈ, ਜੋ ਕੁਝ ਪ੍ਰਭੂ ਕਰਦਾ ਹੈ ਉਹੀ ਹੁੰਦਾ ਹੈ (ਜੀਵਾਂ ਨੂੰ 'ਰਸ ਭੋਗੀ' ਬਨਾਣ ਵਾਲਾ ਭੀ ਆਪ ਹੈ ਤੇ 'ਅਤੀਤੁ ਅਲਿਪਤੁ' ਬਨਾਣ ਵਾਲਾ ਭੀ ਆਪ)। ਜੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਮਾਇਕ ਰਸ-ਰੂਪ) ਸਾਰੇ ਵਿਛੋੜੇ (ਭਾਵ, ਪ੍ਰਭੂ ਤੋਂ ਵਿਛੋੜੇ ਦਾ ਮੂਲ) ਦੂਰ ਹੋ ਜਾਂਦੇ ਹਨ।੧੩। ਸਲੋਕੁ ਮਃ ੩ ॥ ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥ {ਪੰਨਾ 514} ਪਦਅਰਥ: ਵਾਹੁ ਵਾਹੁ = {ਜਦੋਂ ਅਸੀ ਕਦੇ ਕੋਈ ਬਹੁਤ ਅਚਰਜ ਨਜ਼ਾਰਾ ਵੇਖਦੇ ਹਾਂ, ਕੋਈ ਬੜਾ ਹੀ ਸੁੰਦਰ ਖ਼ਿਆਲ ਸੁਣਦੇ ਹਾਂ ਤਾਂ ਮਸਤ ਜਿਹੇ ਹੋ ਕੇ 'ਵਾਹੁ ਵਾਹੁ' ਆਖਦੇ ਹਾਂ; ਮਾਨੋ, ਅਸੀ ਉਸ ਨਜ਼ਾਰੇ ਜਾਂ ਖ਼ਿਆਲ ਦੀ 'ਸਿਫ਼ਤਿ' ਕਰਦੇ ਹਾਂ। ਸੋ 'ਵਾਹੁ ਵਾਹੁ' ਆਖਣਾ ਇਕ ਤਰ੍ਹਾਂ 'ਸਿਫ਼ਤਿ-ਸਾਲਾਹ' ਕਰਨਾ ਹੈ, ਪਰ ਨਾਲ ਹੀ ਇਹ ਭਾਵ ਭੀ ਹੁੰਦਾ ਹੈ ਕਿ ਇਸ ਦੀ ਸਿਫ਼ਤਿ ਲਈ ਅਸਾਡੇ ਪਾਸ ਢੁਕਵੇਂ ਲਫ਼ਜ਼ ਨਹੀਂ ਹਨ। ਲਫ਼ਜ਼ 'ਵਾਹੁ' ਨੂੰ ਲਫ਼ਜ਼ 'ਵਾਹਿਗੁਰੂ' ਦਾ ਸੰਖੇਪ ਆਖਣਾ ਗ਼ਲਤ ਹੈ, ਇਹ ਖ਼ਿਆਲ ਲਫ਼ਜ਼ 'ਵਾਹਿਗੁਰੂ' ਦੇ ਥਾਂ 'ਵਾਹੁਗੁਰ' ਬਨਾਣ ਲਈ ਟਪਲਾ ਲਾਣ ਵਾਸਤੇ ਸਹਾਈ ਹੁੰਦਾ ਹੈ। ਲਫ਼ਜ਼ 'ਗੁਰੂ' ਤੇ 'ਵਾਹਿ' ਦੇ ਵਖੋ ਵਖਰੇ ਅਰਥ ਹਨ} ਸਿਫ਼ਤਿ-ਸਾਲਾਹ। ਵਾਹੁ ਵਾਹੁ ਬਾਣੀ = ਸਿਫ਼ਤਿ-ਸਾਲਾਹ ਦੀ ਬਾਣੀ। ਸਚੁ ਹੈ– ਪ੍ਰਭੂ ਦਾ ਰੂਪ। ਅਰਥ: ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਹੈ, ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ' ਅਖਵਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਕਰਾਂਦਾ ਹੈ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ। ਹੇ ਨਾਨਕ! ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ ਸਿਫ਼ਤਿ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ।੧। ਮਃ ੩ ॥ ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ੍ਹ ਕਉ ਪਰਜਾ ਪੂਜਣ ਆਈ ॥ ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥ ਅਰਥ: ਗੁਰੂ ਦੇ ਸ਼ਬਦ ਦੁਆਰਾ 'ਵਾਹੁ ਵਾਹੁ' ਆਖਦੀ ਜੀਭ ਸੋਹਣੀ ਲੱਗਦੀ ਹੈ, ਪ੍ਰਭੂ ਮਿਲਦਾ ਹੀ ਗੁਰੂ ਦੇ ਪੂਰਨ ਸ਼ਬਦ ਦੀ ਰਾਹੀਂ ਹੈ। ਵੱਡੇ ਭਾਗਾਂ ਵਾਲਿਆਂ ਦੇ ਮੂੰਹ ਵਿਚੋਂ ਪ੍ਰਭੂ 'ਵਾਹੁ ਵਾਹੁ' ਅਖਵਾਉਂਦਾ ਹੈ, ਜੋ ਮਨੁੱਖ 'ਵਾਹੁ ਵਾਹੁ' ਕਰਦੇ ਹਨ, ਉਹ ਸੋਹਣੇ ਲੱਗਦੇ ਹਨ ਤੇ ਸਾਰੀ ਦੁਨੀਆ ਉਹਨਾਂ ਦੇ ਚਰਨ ਪਰਸਣ ਆਉਂਦੀ ਹੈ। ਹੇ ਨਾਨਕ! ਪ੍ਰਭੂ ਦੀ ਮੇਹਰ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਹੁੰਦੀ ਹੈ ਤੇ ਸੱਚੇ ਦਰ ਤੇ ਸੋਭਾ ਮਿਲਦੀ ਹੈ।੨। ਪਉੜੀ ॥ ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥ ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ ਗੁਰ ਸਬਦੀ ਖੋਲਾਈਅਨ੍ਹ੍ਹਿ ਹਰਿ ਨਾਮੁ ਜਪਾਨੀ ॥ ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥ {ਪੰਨਾ 514} ਅਰਥ: ਅਹੰਕਾਰੀ ਮਨੁੱਖਾਂ ਦੇ ਸਰੀਰ-ਰੂਪ ਕਿਲ੍ਹੇ ਵਿਚ ਕੂੜ ਤੇ ਕੁਸੱਤ-ਰੂਪ ਕਰੜੇ ਫਾਟਕ ਲੱਗੇ ਹੋਏ ਹਨ, ਪਰ ਅੰਨ੍ਹੇ ਤੇ ਅਗਿਆਨੀ ਮਨਮੁਖਾਂ ਨੂੰ ਭਰਮ ਵਿਚ ਭੁੱਲੇ ਹੋਣ ਕਰ ਕੇ ਦਿੱਸਦੇ ਨਹੀਂ ਹਨ। ਭੇਖ ਕਰਨ ਵਾਲੇ ਲੋਕ ਭੇਖ ਕਰ ਕਰ ਕੇ ਥੱਕ ਗਏ ਹਨ, ਪਰ ਉਹਨਾਂ ਨੂੰ ਭੀ ਕਿਸੇ ਉਪਾਉ ਕਰਨ ਨਾਲ (ਇਹ ਫਾਟਕ) ਨਹੀਂ ਦਿੱਸੇ, (ਹਾਂ) ਜੋ ਮਨੁੱਖ ਹਰੀ ਦਾ ਨਾਮ ਜਪਦੇ ਹਨ, ਉਹਨਾਂ ਦੇ ਕਪਾਟ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖੁਲ੍ਹਦੇ ਹਨ। ਪ੍ਰਭੂ (ਦਾ ਨਾਮ) ਅੰਮ੍ਰਿਤ ਦਾ ਰੁੱਖ ਹੈ, ਜਿਨ੍ਹਾਂ ਨੇ (ਇਸ ਦਾ ਰਸ) ਪੀਤਾ ਹੈ ਉਹ ਰੱਜ ਗਏ ਹਨ।੧੪। ਸਲੋਕੁ ਮਃ ੩ ॥ ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥ ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥ ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥ ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥ ਵਾਹੁ ਵਾਹੁ ਕਰਤਿਆ ਸੋਭਾ ਪਾਇ ॥ ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥ ਅਰਥ: ਹੇ ਮੇਰੀ ਮਾਂ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ (ਮਨੁੱਖਾ ਜਨਮ-ਰੂਪ) ਰਾਤ ਸੁਖੀ ਗੁਜ਼ਰਦੀ ਹੈ ਤੇ ਸਦਾ ਮੌਜ ਬਣੀ ਰਹਿੰਦੀ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਨਾਲ ਸੁਰਤਿ ਜੁੜਦੀ ਹੈ, ਪਰ, ਕੋਈ ਵਿਰਲਾ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ ਦਾ ਪ੍ਰੇਰਿਆ ਹੋਇਆ 'ਵਾਹੁ ਵਾਹੁ' ਦੀ ਬਾਣੀ ਉਚਾਰਦਾ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਸੋਭਾ ਮਿਲਦੀ ਹੈ, ਤੇ, ਹੇ ਨਾਨਕ! ਇਹ ਸਿਫ਼ਤਿ-ਸਾਲਾਹ (ਮਨੁੱਖ ਨੂੰ) ਪ੍ਰਭੂ ਦੀ ਰਜ਼ਾ ਵਿਚ ਜੋੜੀ ਰੱਖਦੀ ਹੈ।੧। ਮਃ ੩ ॥ ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥ ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥ ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥ {ਪੰਨਾ 514} ਅਰਥ: ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰਭੂ (ਦਾ ਰੂਪ ਹੀ) ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਨੇ ਭਾਲ ਕੇ ਲੱਭ ਲਈ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ 'ਵਾਹੁ ਵਾਹੁ' ਆਖਦਾ ਹੈ ਤੇ ਹਿਰਦੇ ਨਾਲ (ਪਰੋ ਕੇ ਰੱਖਦਾ ਹੈ। ਗੁਰਮੁਖਾਂ ਨੇ ਸੁਤੇ ਹੀ ਭਾਲ ਕਰ ਕੇ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਨੂੰ ਲੱਭ ਲਿਆ ਹੈ। ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸੰਭਾਲਦੇ ਹਨ।੨। ਪਉੜੀ ॥ ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥ ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥ ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥ ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥ {ਪੰਨਾ 514} ਅਰਥ: ਹੇ ਮਨਮੁਖਿ (ਮਨ!) ਦਰਗਾਹ ਵਿਚ ਵੱਡਾ ਨਾਮ ਤੇ ਉੱਚੀ ਜਾਤਿ, ਨਾਲ ਨਹੀਂ ਜਾਗਦੇ, (ਇਹਨਾਂ ਵਿਚ ਭੁੱਲਾ ਹੋਇਆ) ਦੁੱਖ ਭੋਗੇਂਗਾ; ਜੀਭ ਨਾਲ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਤੇ ਫਿੱਕਾ (ਭਾਵ, ਮਾਇਆ ਸੰਬੰਧੀ ਬਚਨ ਹੀ) ਬੋਲਦਾ ਹੈਂ। ਹੇ ਸਦਾ ਲੋਭ ਵਿਚ ਰੱਤੇ ਹੋਏ ਵੱਡੇ ਲੋਭੀ ਮਨ! ਮੋਹਣੀ ਮਾਇਆ ਦੀ ਚਾਹ ਦੇ ਕਾਰਨ ਤੂੰ ਦਸੀਂ ਪਾਸੀਂ ਭਉਂਦਾ ਫਿਰਦਾ ਹੈਂ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਅੰਮ੍ਰਿਤ ਚਖਿਆ ਹੈ ਉਹ ਰੱਜ ਗਏ ਹਨ।੧੫। ਸਲੋਕੁ ਮਃ ੩ ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥ ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥ ਨਾਨਕ ਵਾਹੁ ਵਾਹੁ ਇਕੋ ਕਰਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥੧॥ {ਪੰਨਾ 514-515} ਪਦਅਰਥ: ਧੀਰੁ = ਟਿਕਵੇਂ ਸੁਭਾਉ ਵਾਲਾ। ਸਬਾਹਿ = ਇਕੱਠਾ ਕਰ ਕੇ। ਜਿ = ਜੋ। ਇਕੋ ਕਰਿ = ਇਹ ਜਾਣ ਕੇ ਕਿ ਉਸ ਵਰਗਾ ਉਹ ਇਕ ਆਪ ਹੀ ਹੈ। ਅਰਥ: ਜੋ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਤੇ ਵੱਡੇ ਜਿਗਰੇ ਵਾਲਾ ਹੈ, (ਜੋ ਆਪਣੇ ਭਗਤਾਂ ਨੂੰ) ਗੁਣ ਬਖ਼ਸ਼ਣ ਵਾਲਾ ਹੈ ਤੇ ਅਡੋਲ ਮੱਤ ਵਾਲਾ ਹੈ, ਜੋ ਸਾਰੇ ਜੀਵਾਂ ਵਿਚ ਵਿਆਪਕ ਹੈ ਤੇ ਜੋ ਸਭ ਨੂੰ ਰਿਜ਼ਕ ਅਪੜਾਉਂਦਾ ਹੈ, ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਹੇ ਨਾਨਕ! ਉਸ ਨੂੰ ਲਾ-ਸ਼ਰੀਕ ਜਾਣ ਕੇ ਉਸ ਦੀ ਵਡਿਆਈ ਕਰੀਏ; ਉਸ ਦਾ ਦਰਸਨ ਸਤਿਗੁਰੂ ਹੀ ਕਰਾਉਂਦਾ ਹੈ।੧। |
Sri Guru Granth Darpan, by Professor Sahib Singh |