ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 516 ਮਃ ੩ ॥ ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥ ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥ ਜਿਨ੍ਹ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਜਿਨ੍ਹ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥ ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥ {ਪੰਨਾ 516} ਅਰਥ: ਸਤਿਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਸ਼ਾਂਤੀ ਨਹੀਂ ਆਉਂਦੀ ਤੇ (ਸਤਿਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ (ਜਿਥੇ ਇਹ ਮਿਲ ਸਕੇ) ਭਾਵੇਂ ਕਿਤਨੀ ਹੀ ਤਾਂਘ ਕਰੀਏ, ਮੇਹਰ ਤੋਂ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਲੋਭ ਦਾ ਔਗੁਣ ਹੈ, ਉਹ ਮਾਇਆ ਦੇ ਪਿਆਰ ਵਿਚ ਭੁੱਲੇ ਹੋਏ ਹਨ, ਉਹਨਾਂ ਦਾ ਜੰਮਣਾ ਮਰਣਾ ਮੁੱਕਦਾ ਨਹੀਂ ਤੇ ਉਹ ਅਹੰਕਾਰ ਵਿਚ ਕਲੇਸ਼ ਉਠਾਉਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਹੈ ਉਹਨਾਂ ਵਿਚੋਂ (ਪ੍ਰਭੂ ਦੇ ਮਿਲਾਪ ਤੋਂ) ਵਾਂਜਿਆਂ ਕੋਈ ਨਹੀਂ ਰਿਹਾ, ਨਾਹ ਤਾਂ ਉਹਨਾਂ ਨੂੰ ਜਮ ਦਾ ਸੱਦਾ ਪੈਂਦਾ ਹੈ ਤੇ ਨਾਹ ਉਹ ਦੁੱਖ ਸਹਿੰਦੇ ਹਨ (ਭਾਵ, ਉਹਨਾਂ ਨੂੰ ਮੌਤ ਦਾ ਸਹਮ ਪੋਹ ਨਹੀਂ ਸਕਦਾ)। ਹੇ ਨਾਨਕ! ਜੋ ਮਨੁੱਖ ਗੁਰੂ ਦੇ ਸਨਮੁਖ ਹੋਏ ਹਨ, ਉਹ (ਦੁੱਖਾਂ ਤੋਂ) ਬਚ ਗਏ ਹਨ ਤੇ ਸੱਚੇ ਸ਼ਬਦ ਵਿਚ ਲੀਨ ਰਹਿੰਦੇ ਹਨ।੨। ਪਉੜੀ ॥ ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥ ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥ ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥ ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥ ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥ {ਪੰਨਾ 516} ਪਦਅਰਥ: ਮਹਲੁ = ਨਿਵਾਸ = ਅਸਥਾਨ, ਆਤਮਕ ਅਵਸਥਾ। ਅਗਲਾ = ਉੱਚਾ। ਅਰਥ: ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਪਿਆਰ ਪਾਉਂਦਾ ਹੈ, ਉਹੀ ਪ੍ਰਭੂ ਦਾ ਢਾਢੀ ਅਖਵਾ ਸਕਦਾ ਹੈ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਉਹੀ ਬੰਦਾ ਕਰ ਸਕਦਾ ਹੈ) , ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਉਸ ਦਾ ਸਿਮਰਨ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਜਿਉਂ ਜਿਉਂ ਉਹ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ (ਪ੍ਰਭੂ ਦੀ ਹਜ਼ੂਰੀ ਉਸ ਨੂੰ ਪ੍ਰਾਪਤ ਹੁੰਦੀ ਹੈ) , ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ, ਬੱਸ, ਉਹ ਢਾਢੀ ਇਹੀ ਸੇਵਾ ਕਰਦਾ ਹੈ, ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ, ਤੇ ਪ੍ਰਭੂ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧੮। ਸਲੋਕੁ ਮਃ ੩ ॥ ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥ ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥ ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ ॥ ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥ ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥ ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥ ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥ ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥ ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥ ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥ ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥੧॥ {ਪੰਨਾ 516} ਪਦਅਰਥ: ਗੂਜਰੀ ਜਾਤਿ ਗਵਾਰਿ = {ਕਈ ਟੀਕਾਕਾਰ ਇਸ ਦਾ ਅਰਥ ਕਰਦੇ ਹਨ– ਹੇ ਗਵਾਰ! ਉਮਰਾ ਗੁਜ਼ਰਦੀ ਜਾਂਦੀ ਹੈ। ਇਹ ਅਰਥ ਗ਼ਲਤ ਹੈ, ਲਫ਼ਜ਼ 'ਜਾਤਿ' ਦਾ ਅਰਥ 'ਜਾਂਦੀ' ਨਹੀਂ ਹੋ ਸਕਦਾ, ਉਹ ਲਫ਼ਜ਼ 'ਜਾਤ' ਹੈ, ਜਿਵੇਂ 'ਬਹਤੀ ਜਾਤ ਕਦੇ ਦ੍ਰਿਸਟਿ ਨਾ ਧਾਰਤ' ॥੧॥੨੬॥੩੩॥ (ਸੂਹੀ ਮ: ੫) ਗਵਾਰ ਜਾਤਿ ਵਾਲੀ ਗੁਜਰੀ, ਮੋਟੀ ਜਾਤਿ ਗੂਜਰੀ (ਏਥੇ ਇਸ਼ਾਰਾ ਸ੍ਰੀ ਕ੍ਰਿਸ਼ਨ ਜੀ ਤੇ ਚੰਦ੍ਰਾਵਲਿ ਹੈ}। ਅਨਦਿਨੁ = ਹਰ ਰੋਜ਼। ਭਉ = ਰੱਬ ਦਾ ਡਰ। ਕੁਲਵੰਤੀ = ਚੰਗੀ ਕੁਲ ਵਾਲੀ। ਕਰਤਾਰਿ = ਕਰਤਾਰ ਨੇ। ਕੁਲਖਣੀ = ਭੈੜੇ ਲੱਛਣਾਂ ਵਾਲੀ। ਪਰਹਰਿ ਛੋਡੀ = ਤਿਆਗ ਦਿੱਤੀ। ਭਤਾਰਿ = ਭਤਾਰ ਨੇ। ਭੈ ਪਇਐ = (ਇਹ ਦੋਵੇਂ ਲਫ਼ਜ਼ ਵਿਆਕਰਣ ਅਨੁਸਾਰ 'ਅਧਿਕਰਣ ਕਾਰਕ, ਇਕ = ਵਚਨ' ਵਿਚ ਹਨ। ਇਸ 'ਵਾਕਾਂਸ਼' (Phrase) ਨੂੰ ਅੰਗਰੇਜ਼ੀ ਵਿਚ Locative Absolute ਆਖਦੇ ਹਨ ਤੇ ਪੰਜਾਬੀ ਵਿਚ 'ਪੂਰਬ ਪੂਰਣ ਕਾਰਦੰਤਕ' (ਹਿਰਦੇ ਵਿਚ) ਰੱਬ ਦਾ ਡਰ ਪਿਆਂ। ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ। ਬੈਸੈ = ਬੈਠਦਾ ਹੈ। ਕਰਤਾਰੁ = (ਲਫ਼ਜ਼ 'ਕਰਤਾਰਿ' ਤੇ 'ਕਰਤਾਰੁ' ਦਾ ਵਿਆਕਰਣਿਕ ਫ਼ਰਕ ਚੇਤੇ ਰੱਖਣ = ਜੋਗ ਹੈ)। ਅਰਥ: ਮੋਟੀ ਜਾਤਿ ਦੀ ਗੁਜਰੀ ਕੁਲਵੰਤੀ ਇਸਤ੍ਰੀ ਬਣ ਗਈ (ਉੱਚੀ ਜਾਤਿ ਵਾਲੀ ਹੋ ਗਈ) ਜਦੋਂ ਉਸ ਨੇ ਆਪਣਾ ਖਸਮ ਲੱਭ ਲਿਆ; (ਤਿਵੇਂ ਹੀ) ਉਹ (ਜੀਵ-) ਇਸਤ੍ਰੀ ਕੁਲਵੰਤੀ ਹੋ ਜਾਂਦੀ ਹੈ ਜੋ ਸਤਿਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰ ਕੇ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਦੀ ਹੈ (ਕਿਉਂਕਿ) ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਡਰ ਪੈਦਾ ਹੁੰਦਾ ਹੈ, ਉਹ ਖਸਮ-ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ (ਪਰ ਇਹ ਉਹੀ ਜੀਵ-ਇਸਤ੍ਰੀ ਕਰਦੀ ਹੈ) ਜਿਸ ਤੇ ਕਰਤਾਰ ਨੇ ਆਪ ਮਿਹਰ ਕੀਤੀ ਹੋਵੇ। (ਦੂਜੇ ਪਾਸੇ) ਜਿਸ ਨੂੰ ਖਸਮ ਨੇ ਛੁੱਟੜ ਛੱਡ ਦਿੱਤਾ ਹੋਵੇ, ਉਹ ਇਸਤ੍ਰੀ ਕੁਚੱਜੀ ਤੇ ਖੋਟੇ ਲੱਛਣਾਂ ਵਾਲੀ ਹੁੰਦੀ ਹੈ। ਜੇ ਹਿਰਦੇ ਵਿਚ ਪ੍ਰਭੂ ਦਾ ਡਰ ਆ ਵੱਸੇ, ਤਾਂ ਮਨ ਦੀ ਮੈਲ ਕੱਟੀ ਜਾਂਦੀ ਹੈ, ਸਰੀਰ ਭੀ ਪਵਿੱਤ੍ਰ ਹੋ ਜਾਂਦਾ ਹੈ; ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਿਮਰਨ ਕਰ ਕੇ ਅੰਦਰ ਚਾਨਣ ਹੋ ਜਾਂਦਾ ਹੈ, ਮਤਿ ਉੱਜਲੀ ਹੋ ਜਾਂਦੀ ਹੈ। (ਅਜੇਹੀ ਜੀਵ-ਇਸਤ੍ਰੀ) ਪਰਮਾਤਮਾ ਦੇ ਡਰ ਵਿਚ ਬੈਠਦੀ ਹੈ, ਡਰ ਵਿਚ ਰਹਿੰਦੀ ਹੈ, ਡਰ ਵਿਚ ਕਿਰਤਕਾਰ ਕਰਦੀ ਹੈ, (ਫਿਰ) ਉਸ ਨੂੰ ਇਸ ਜੀਵਨ ਵਿਚ ਆਦਰ ਤੇ ਸੁਖ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜ਼ਾ ਉਸ ਲਈ ਖੁਲ੍ਹ ਜਾਂਦਾ ਹੈ। ਬੇਅੰਤ ਪ੍ਰਭੂ ਦੀ ਜੋਤਿ ਵਿਚ ਆਤਮਾ ਜੋੜਨ ਨਾਲ ਤੇ ਉਸ ਦੇ ਡਰ ਵਿਚ ਰਹਿਣ ਨਾਲ ਉਹ ਨਿਰਭਉ ਪ੍ਰਭੂ ਮਿਲ ਪੈਂਦਾ ਹੈ; ਪਰ, ਹੇ ਨਾਨਕ! ਜਿਸ ਨੂੰ ਕਰਤਾਰ ਆਪ ਬਖ਼ਸ਼ਸ਼ ਕਰੇ ਉਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਚੰਗੀ ਹੈ।੧। ਮਃ ੩ ॥ ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ ॥ ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥੨॥ {ਪੰਨਾ 516} ਅਰਥ: ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਦਾ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਮੈਂ ਪ੍ਰਭੂ ਤੋਂ ਸਦਕੇ ਹਾਂ। ਪਰ, ਹੇ ਨਾਨਕ! ਉਹ ਜੀਭ ਸੜ ਜਾਏ ਜੋ ਇਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ (ਦੀ ਯਾਦ) ਵਿਚ ਲੱਗੇ।੨। ਪਉੜੀ ॥ ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥ ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ ॥ ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹ੍ਹੀ ਨ ਲਹੀਆ ॥ ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥ ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥ ਪਦਅਰਥ: ਅੰਸ = (ਸੰ: ਅੰਸ, ਅੰਸ਼) ਹਿੱਸਾ। ਅੰਸਾ ਅਉਤਾਰ = (ਪਰਮਾਤਮਾ ਦੇ) ਅੰਸਾਂ ਦਾ (ਜਗਤ ਵਿਚ) ਆਉਣਾ, ਦੇਵਤੇ ਆਦਿਕਾਂ ਦਾ ਜਨਮ। ਉਪਾਇਓਨੁ = ਉਸ (ਪ੍ਰਭੂ) ਨੇ ਉਪਾਇਆ। ਦੂਜਾ ਭਾਉ = ਮਾਇਆ ਦਾ ਮੋਹ। ਜਿਉ ਰਾਜੇ = ਰਾਜਿਆਂ ਵਾਂਗ। ਈਸਰ = ਸ਼ਿਵ। ਤਿਨ੍ਹ੍ਹੀ = ਉਹਨਾਂ ਨੇ ਭੀ। ਤਿਥੈ = (ਗੁਰਮੁਖ ਵਾਲੀ) ਅਵਸਥਾ ਵਿਚ। ਸੋਗੁ = ਚਿੰਤਾ। ਵਿਜੋਗੁ = ਵਿਛੋੜਾ। ਜਗਿ = ਜਗਤ ਵਿਚ। ਅਰਥ: ਦੇਵਤੇ ਆਦਿਕਾਂ ਦਾ (ਭੀ) ਜਨਮ ਪ੍ਰਭੂ ਨੇ ਆਪ ਹੀ ਕੀਤਾ ਤੇ ਮਾਇਆ ਦਾ ਮੋਹ ਭੀ ਆਪ ਹੀ ਬਣਾਇਆ। (ਉਹ ਦੇਵਤੇ ਭੀ) ਰਾਜਿਆਂ ਵਾਂਗ ਰਾਜ ਕਰਦੇ ਰਹੇ ਤੇ ਦੁੱਖਾਂ ਸੁਖਾਂ ਦੀ ਖ਼ਾਤਰ ਲੜਦੇ ਰਹੇ। ਬ੍ਰਹਮਾ ਤੇ ਸ਼ਿਵ (ਵਰਗੇ ਵੱਡੇ ਦੇਵਤੇ ਪ੍ਰਭੂ ਨੂੰ) ਸਿਮਰਦੇ ਰਹੇ ਪਰ ਉਹਨਾਂ ਭੀ (ਉਸ ਦੀ ਅਜਬ ਖੇਡ ਦਾ) ਭੇਦ ਨਾਹ ਲੱਭਾ। ਪਰਮਾਤਮਾ ਨਿ-ਡਰ ਹੈ, ਆਕਾਰ-ਰਹਿਤ ਹੈ ਤੇ ਲਖਿਆ ਨਹੀਂ ਜਾ ਸਕਦਾ, ਗੁਰਮੁਖ ਦੇ ਅੰਦਰ ਪਰਗਟ ਹੁੰਦਾ ਹੈ, ਗੁਰਮੁਖ ਅਵਸਥਾ ਵਿਚ ਚਿੰਤਾ ਤੇ (ਪ੍ਰਭੂ ਨਾਲੋਂ) ਵਿਛੋੜਾ ਦਬਾ ਨਹੀਂ ਪਾ ਸਕਦੇ, ਗੁਰਮੁਖ ਜਗਤ ਵਿਚ (ਮਾਇਆ ਦੇ ਮੋਹ ਵਲੋਂ) ਅਡੋਲ ਰਹਿੰਦਾ ਹੈ।੧੯। ਸਲੋਕੁ ਮਃ ੩ ॥ ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥ ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥ ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥ {ਪੰਨਾ 516} ਪਦਅਰਥ: ਜਿਨਿ = ਜਿਸ ਮਨੁੱਖ ਨੇ। ਏਹੁ ਲੇਖਾ ਲਿਖਿਆ = ਇਹ ਗੱਲ ਸਮਝ ਲਈ। ਆਪੁ = ਆਪਣੇ ਆਪ ਨੂੰ। ਗਣਾਇਦਾ = ਵੱਡਾ ਅਖਵਾਂਦਾ। ਅਰਥ: ਜਿਤਨਾ ਇਹ ਜਗਤ ਦਿੱਸ ਰਿਹਾ ਹੈ ਇਹ ਸਾਰਾ ਆਉਣ ਜਾਣ ਵਾਲਾ ਹੈ (ਭਾਵ, ਕਦੇ ਇਕੋ ਹਾਲਤ ਵਿਚ ਨਹੀਂ ਰਹਿੰਦਾ, ਸੋ, ਕਿਸੇ ਰਾਜ ਧਨ ਮਿਲਖ ਆਦਿਕ ਤੇ ਮਾਣ ਕਰਨਾ ਮੂਰਖਤਾ ਹੈ) ਜਿਸ ਮਨੁੱਖ ਨੇ ਇਹ ਗੱਲ ਸਮਝ ਲਈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ; ਪਰ, ਹੇ ਨਾਨਕ! ਜੋ (ਇਸ 'ਆਕਾਰ' ਦੇ ਆਸਰੇ) ਆਪਣੇ ਆਪ ਨੂੰ ਵੱਡਾ ਅਖਵਾਂਦਾ ਹੈ (ਭਾਵ, ਮਾਣ ਕਰਦਾ ਹੈ) ਉਹ ਮੂਰਖ ਹੈ ਉਹ ਗਵਾਰ ਹੈ।੧। ਮਃ ੩ ॥ ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥ ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥ ਪਦਅਰਥ: ਕੁੰਚਰੁ = ਹਾਥੀ। ਪੀਲਕੁ = ਹਾਥੀ ਨੂੰ ਚਲਾਣ ਵਾਲਾ, ਮਹਾਵਤ। ਗਿਆਨ = ਗੁਰੂ ਦੀ ਦਿੱਤੀ ਮਤਿ। ਜਹ = ਜਿਧਰ। ਹਸਤੀ = ਹਾਥੀ। ਉਝੜਿ = ਕੁਰਾਹੇ, ਔਝੜੇ। ਪਾਇ = ਪੈਂਦਾ ਹੈ। ਅਰਥ: ਮਨ (ਮਾਨੋ) ਹਾਥੀ ਹੈ; (ਜੇ) ਸਤਿਗੁਰੂ (ਇਸ ਦਾ) ਮਹਾਵਤ (ਬਣੇ, ਤੇ) ਗੁਰੂ ਦੀ ਦਿੱਤੀ ਮਤਿ (ਇਸ ਦੇ ਸਿਰ ਤੇ) ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ। ਪਰ, ਹੇ ਨਾਨਕ! ਕੁੰਡੇ ਤੋਂ ਬਿਨਾ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ।੨। |
Sri Guru Granth Darpan, by Professor Sahib Singh |