ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 518 ਪਉੜੀ ॥ ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ ਸਚੋ ਸਚਾ ਸਚੁ ਸਚੁ ਨਿਹਾਰੀਐ ॥ ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥ ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥ ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥ ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥ {ਪੰਨਾ 518} ਪਦਅਰਥ: ਅਕੁਲ = ਅ+ਕੁਲ, ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਨਿਰ+ਅੰਜਨ, ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ। ਪੁਰਖੁ = ਜੋ ਸਭ ਵਿਚ ਮੌਜੂਦ ਹੈ। ਅਗਮੁ = ਜਿਸ ਤਕ ਪਹੁੰਚ ਨਾ ਹੋ ਸਕੇ, ਅਪਹੁੰਚ। ਅਪਾਰੀਐ = ਅ+ਪਾਰ, ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ। ਸਚਾ = ਸਦਾ-ਥਿਰ ਰਹਿਣ ਵਾਲਾ। ਨਿਹਾਰੀਐ = ਵੇਖਦਾ ਹੈ। ਨ ਜਾਪੈ = ਨਹੀਂ ਜਾਪਦੀ, ਮਲੂਮ ਨਹੀਂ ਹੁੰਦੀ। ਧਾਰੀਐ = ਬਣਾਈ ਹੋਈ ਹੈ। ਦੇ = ਦੇਂਦਾ ਹੈ। ਜੇਤ = ਜਿਤਨੀ (ਸ੍ਰਿਸ਼ਟੀ। ਇਕਤੁ ਸੂਤਿ = ਇਕੋ ਧਾਗੇ ਵਿਚ। ਸੰਜਾਰੀਐ = ਮਿਲਾ ਦਿਤੀ ਹੈ। ਮਥਾਰੀਐ = ਮੱਥੇ ਤੇ। ਗਤਿ = ਹਾਲਤ। ਮਿਤਿ = ਮਿਣਤੀ, ਅੰਦਾਜ਼ਾ। ਅਰਥ: ਹੇ ਪਰਮਾਤਮਾ! ਤੇਰੀ ਕੋਈ ਖ਼ਾਸ ਕੁਲ ਨਹੀਂ, ਮਾਇਆ ਦੀ ਕਾਲਖ਼ ਤੈਨੂੰ ਨਹੀਂ ਲੱਗ ਸਕਦੀ, ਸਭ ਵਿਚ ਮੌਜੂਦ ਹੈਂ, ਅਪਹੁੰਚ ਤੇ ਬੇਅੰਤ ਹੈਂ, ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚ-ਮੁਚ ਹਸਤੀ ਵਾਲਾ ਵੇਖਣ ਵਿਚ ਆਉਂਦਾ ਹੈਂ, ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ (ਇਸ ਵਿਚ ਭੀ) ਕੋਈ ਚੀਜ਼ ਫ਼ਰਜ਼ੀ (ਭਾਵ, ਮਨਘੜਤ) ਨਹੀਂ ਜਾਪਦੀ। (ਜਿਤਨੀ ਭੀ) ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ (ਇਸ ਵਿਚ) ਸਭ ਜੀਵਾਂ ਨੂੰ ਦਾਤਾਰ ਪ੍ਰਭੂ (ਦਾਤਾਂ) ਦੇਂਦਾ ਹੈ; ਸਭ ਨੂੰ ਇੱਕੋ ਹੀ (ਹੁਕਮ-ਰੂਪ) ਧਾਗੇ ਵਿਚ ਪ੍ਰੋ ਕੇ (ਸਭ ਵਿਚ ਉਸ ਨੇ ਆਪਣੀ) ਜੋਤਿ ਮਿਲਾਈ ਹੋਈ ਹੈ; ਆਪਣੇ ਹੁਕਮ ਅੰਦਰ ਹੀ (ਉਸ ਨੇ ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚ (ਫਸਾਇਆ ਹੋਇਆ ਹੈ ਤੇ) ਹੁਕਮ ਅੰਦਰ ਹੀ (ਇਸ ਵਿਚੋਂ) ਤਾਰਦਾ ਹੈ। ਹੇ ਪ੍ਰਭੂ ਜੀ! ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਹੋਵੇ; ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਮੈਂ ਤੈਥੋਂ ਸਦਕੇ ਹਾਂ।੧। ਸਲੋਕੁ ਮਃ ੫ ॥ ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥ {ਪੰਨਾ 518} ਪਦਅਰਥ: ਤੁਸਹਿ = ਤ੍ਰੁੱਠਦਾ ਹੈਂ। ਅਚਿੰਤੁ = ਅਚਨਚੇਤ ਹੀ, ਸੋਚ ਤੇ ਜਤਨ ਤੋਂ ਬਿਨਾ ਹੀ। ਵਸਹਿ = ਤੂੰ ਆ ਵੱਸਦਾ ਹੈਂ। ਨਿਧਿ = ਖ਼ਜ਼ਾਨੇ। ਮੰਤ੍ਰੁ = ਉਪਦੇਸ਼। ਸਚਿ = ਸੱਚ ਵਿਚ। ਅਰਥ: ਹੇ ਮਿਹਰਵਾਨ ਪ੍ਰਭੂ! ਜੇ ਤੂੰ ਤ੍ਰੁੱਠ ਪਏਂ ਤਾਂ ਤੂੰ ਸਹਿਜ ਸੁਭਾਇ ਹੀ (ਜੀਵਾਂ ਦੇ) ਮਨ ਵਿਚ ਆ ਵੱਸਦਾ ਹੈਂ, ਜੀਵ, ਮਾਨੋ, ਨੌ ਖ਼ਜ਼ਾਨੇ (ਹਿਰਦੇ) ਘਰ ਵਿਚ ਹੀ ਲੱਭ ਲੈਂਦੇ ਹਨ; ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ, ਅਤੇ, ਹੇ ਨਾਨਕ! ਜੀਵ ਸੱਚ ਵਿਚ ਲੀਨ ਹੋ ਜਾਂਦੇ ਹਨ।੧। ਮਃ ੫ ॥ ਕਿਤੀ ਬੈਹਨ੍ਹ੍ਹਿ ਬੈਹਣੇ ਮੁਚੁ ਵਜਾਇਨਿ ਵਜ ॥ ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥ {ਪੰਨਾ 518} ਪਦਅਰਥ: ਕਿਤੀ = ਕਈ ਜੀਵ। ਬੈਹਨ੍ਹ੍ਹਿ = ਬੈਠਦੇ ਹਨ (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ। ਬੈਹਣ = ਬੈਠਣ ਦੀ ਥਾਂ। ਬੈਹਣੇ = ਥਾਂ ਤੇ। ਮੁਚੁ = ਬਹੁਤ। ਵਜ = ਵਾਜੇ। ਲਜ = ਇੱਜ਼ਤ। ਅਰਥ: ਹੇ ਨਾਨਕ! ਇਸ ਜਗਤ ਵਿਚ) ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ, ਪਰ ਸੱਚੇ ਨਾਮ ਤੋਂ ਵਾਂਜੇ ਰਹਿ ਕੇ ਕਿਸੇ ਦੀ ਭੀ ਇੱਜ਼ਤ ਨਹੀਂ ਰਹੀ।੨। ਪਉੜੀ ॥ ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ ॥ ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ ॥ ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥ ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥ ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥ ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥ {ਪੰਨਾ 518} ਪਦਅਰਥ: ਕਤੇਬਾ = ਤੌਰੇਤ, ਜ਼ਬੂਰ, ਅੰਜੀਲ, ਕੁਰਾਨ। ਸਣੁ = ਸਮੇਤ। ਇੰਦ੍ਰਾਸਣਾ = ਇੰਦ੍ਰ ਦੇ ਆਸਣ ਵਾਲੇ। ਸੰਕਰ = ਸ਼ਿਵ। ਮੁਖਿ = ਮੂੰਹ ਨਾਲ। ਭਣਾ = ਉਚਾਰਦੇ ਹਨ। ਪਿਕਾਬਰ = ਪੈਗ਼ੰਬਰ। ਮਸਾਇਕ = ਕਈ ਸ਼ੇਖ਼। ਅਉਲੀਏ = ਵਲੀ। ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਓਤਿ ਪੋਤਿ = ਜਿਵੇਂ ਤਾਣਾ ਤੇ ਪੇਟਾ ਆਪੋ ਵਿਚ ਮਿਲੇ ਹੋਏ ਹਨ। ਮਉਲੀਏ = ਮੌਲ ਰਿਹਾ ਹੈ, ਪ੍ਰਫੁਲਤ ਹੈ। ਤਗੀਐ = ਤੋੜ ਨਿਭੀਦਾ ਹੈ। ਅਰਥ: ਹੇ ਪ੍ਰਭੂ! ਤੌਰੇਤ, ਜ਼ਬੂਰ, ਅੰਜੀਲ, ਕੁਰਾਨ) ਕਤੇਬਾਂ ਸਮੇਤ ਵੇਦ (ਭਾਵ, ਹਿੰਦੂ ਮੁਸਲਮਾਨ ਆਦਿਕ ਸਾਰੇ ਮਤਾਂ ਦੇ ਧਰਮ-ਪੁਸਤਕ) ਤੈਨੂੰ ਖੜੇ ਸਿਮਰ ਰਹੇ ਹਨ, ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ, ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ ਕਈ ਇੰਦਰ ਤੈਨੂੰ ਧਿਆਉਂਦੇ ਹਨ, ਹੇ ਹਰੀ! ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਮੂੰਹੋਂ ਉਚਾਰ ਰਹੇ ਹਨ, ਕਈ ਪੀਰ, ਪੈਗ਼ੰਬਰ, ਬੇਅੰਤ ਸ਼ੇਖ਼ ਤੇ ਵਲੀ (ਤੇਰੇ ਗੁਣ ਗਾ ਰਹੇ ਹਨ) , ਹੇ ਨਿਰੰਕਾਰ! ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਤੂੰ ਹੀ ਮੌਲ ਰਿਹਾ ਹੈਂ। (ਹੇ ਪ੍ਰਭੂ!) ਝੂਠ ਦੇ ਕਾਰਨ (ਜੀਵ ਆਪਣੇ ਆਪ ਦਾ) ਨਾਸ ਕਰ ਲੈਂਦਾ ਹੈ, ਧਰਮ ਦੀ ਰਾਹੀਂ (ਤੇਰੇ ਨਾਲ ਜੀਵਾਂ ਦੀ) ਤੋੜ ਨਿਭ ਜਾਂਦੀ ਹੈ, ਪਰ ਜਿਧਰ ਜਿਧਰ ਤੂੰ ਆਪ ਲਾਉਂਦਾ ਹੈਂ, ਓਧਰ ਓਧਰ ਹੀ ਲੱਗ ਸਕੀਦਾ ਹੈ (ਜੀਵਾਂ ਦੇ ਵੱਸ ਦੀ ਗੱਲ ਨਹੀਂ ਹੈ)।੨। ਸਲੋਕੁ ਮਃ ੫ ॥ ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥ ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥ {ਪੰਨਾ 518} ਪਦਅਰਥ: ਆਲਕੁ = ਆਲਸ। ਸੇਰੁ = ਭਾਵ, ਦਲੇਰ। ਅਜੁ ਕਲਿ = ਛੇਤੀ ਹੀ। ਆਵਸੀ = ਆ ਜਾਇਗਾ। ਗਾਫਲ ਪੇਰੁ = ਗ਼ਾਫ਼ਲ ਮਨੁੱਖ ਦਾ ਪੈਰ। ਫਾਹੀ = ਮੌਤ ਦੀ ਫਾਹੀ ਵਿਚ। ਅਰਥ: (ਗ਼ਾਫ਼ਲ ਮਨੁੱਖ) ਚੰਗੇ ਕੰਮਾਂ ਵਿਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿਚ ਸ਼ੇਰ ਹੁੰਦਾ ਹੈ; ਪਰ, ਹੇ ਨਾਨਕ! ਗ਼ਾਫ਼ਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿਚ ਆ ਜਾਂਦਾ ਹੈ (ਭਾਵ, ਮੌਤ ਆ ਦਬੋਚਦੀ ਹੈ)।੧। ਮਃ ੫ ॥ ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥ ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥ {ਪੰਨਾ 518} ਪਦਅਰਥ: ਕਿਤੀਆ = ਕਈ, ਕਿਤਨੇ ਹੀ। ਕੁਢੰਗ = ਭੈੜੇ ਢੰਗ, ਖੋਟੇ ਕਰਮ। ਗੁਝਾ = ਲੁਕਿਆ ਛਿਪਿਆ। ਤੈ ਸਹਿ = ਤੂੰ ਖਸਮ ਨੇ। ਸਹਿ = ਸ਼ਹੁ ਨੇ। ਅਰਥ: ਹੇ ਨਾਨਕ ਦੇ ਪ੍ਰਭੂ! ਅਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ; ਤੂੰ ਹੀ ਅਸਾਡੇ ਮਨ ਵਿਚ ਸੱਚਾ ਮਿੱਤਰ ਹੈਂ (ਭਾਵ, ਤੂੰ ਹੀ ਅਸਾਨੂੰ ਸੱਚਾ ਮਿੱਤਰ ਦਿੱਸਦਾ ਹੈਂ) , ਤੂੰ ਅਸਾਡੇ ਉਹਨਾਂ ਖੋਟੇ ਕਰਮਾਂ ਤੇ ਪਰਦਾ ਪਾ ਰੱਖਿਆ ਹੈ (ਭਾਵ, ਅਸਾਨੂੰ ਜਗਤ ਵਿਚ ਨਸ਼ਰ ਨਹੀਂ ਹੋਣ ਦੇਂਦਾ)।੨। ਪਉੜੀ ॥ ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥ ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥ ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥ ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥ ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥ ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥ ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥ {ਪੰਨਾ 518} ਪਦਅਰਥ: ਨਿਧਿ = ਖ਼ਜ਼ਾਨਾ। ਬੋਲਿਆ = (ਤੇਰਾ ਨਾਮ) ਉਚਾਰਿਆਂ। ਘਣਾ = ਬਹੁਤ। ਸ੍ਰਵਣੀ = ਕੰਨਾਂ ਨਾਲ। ਪੀਸਿ = (ਚੱਕੀ) ਪੀਹ ਕੇ। ਬਿਗਸਾ = ਮੈਂ ਖ਼ੁਸ਼ ਹੁੰਦਾ ਹਾਂ। ਆਪਹੁ = ਮੇਰੇ ਆਪਣੇ ਪਾਸੋਂ। ਨਿਹਾਲੀਐ = ਤੱਕ, ਵੇਖ। ਮੋਹਿ = ਮੈਨੂੰ। ਧਰਮਸਾਲੀਐ = ਧਰਮ = ਅਸਥਾਨ ਵਿਚ, ਸਤ ਸੰਗ ਵਿਚ। ਅਰਥ: ਹੇ ਦਇਆ ਦੇ ਘਰ ਪ੍ਰਭੂ! ਮੈਂ ਤੈਥੋਂ (ਇਹ) ਮੰਗਦਾ ਹਾਂ (ਕਿ ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ; ਤੇਰਾ ਨਾਮ ਉਚਾਰਿਆਂ ਹੀ ਮੈਂ ਜੀਊਂਦਾ ਹਾਂ, (ਤੇ, ਮਾਨੋ,) ਨੌ ਖ਼ਜ਼ਾਨੇ ਤੇ (ਧਰਤੀ ਦਾ) ਰਾਜ ਪਾ ਲੈਂਦਾ ਹਾਂ, ਇਹ ਅੰਮ੍ਰਿਤ-ਨਾਮ ਰੂਪ ਖ਼ਜ਼ਾਨਾ ਤੇਰੇ ਸੇਵਕਾਂ ਦੇ ਘਰ ਵਿਚ ਬਹੁਤ ਹੈ; ਜਦੋਂ ਮੈਂ ਉਹਨਾਂ ਦੀ ਸੰਗਤਿ ਵਿਚ (ਬੈਠ ਕੇ, ਆਪਣੇ) ਕੰਨਾਂ ਨਾਲ (ਤੇਰਾ) ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ। (ਜਿਉਂ ਜਿਉਂ) ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, (ਮੇਰਾ) ਸਰੀਰ ਪਵਿਤ੍ਰ ਹੁੰਦਾ ਹੈ, (ਉਹਨਾਂ ਨੂੰ) ਪੱਖਾ ਝੱਲ ਕੇ, (ਉਹਨਾਂ ਲਈ) ਪਾਣੀ ਢੋ ਕੇ, (ਚੱਕੀ) ਪੀਹ ਕੇ, (ਤੇ ਉਹਨਾਂ ਦੇ) ਪੈਰ ਧੋ ਕੇ ਮੈਂ ਖ਼ੁਸ਼ ਹੁੰਦਾ ਹਾਂ। ਪਰ, ਹੇ ਪ੍ਰਭੂ! ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ, ਤੂੰ ਹੀ ਮੇਰੇ ਵਲ ਮੇਹਰ ਦੀ ਨਜ਼ਰ ਨਾਲ ਤੱਕ, ਤੇ ਮੈਨੂੰ ਗੁਣ-ਹੀਨ ਨੂੰ ਸੰਤਾਂ ਦੀ ਸੰਗਤਿ ਵਿਚ ਥਾਂ ਦੇਹ।੩। ਸਲੋਕ ਮਃ ੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ {ਪੰਨਾ 518} ਪਦਅਰਥ: ਧੂਰਿ = ਧੂੜ, ਖ਼ਾਕ। ਪੇਖਉ = ਵੇਖਾਂ। ਹਜੂਰਿ = ਅੰਗ ਸੰਗ, ਆਪਣੇ ਨਾਲ। ਅਰਥ: ਹੇ ਨਾਨਕ! ਇਉਂ ਆਖ, ਕਿ) ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ, ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ।੧। ਮਃ ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ {ਪੰਨਾ 518} ਪਦਅਰਥ: ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪੁਨੀਤ = ਪਵਿਤ੍ਰ। ਅਸੰਖ = ਬੇਅੰਤ (ਜੀਵ। ਅਠਸਠਿ = ਅਠਾਹਠ। ਮਸਤਕਿ = ਮੱਥੇ ਤੇ। ਅਰਥ: (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! ਇਹ ਨਾਮ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ।੨। ਪਉੜੀ ॥ ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥ {ਪੰਨਾ 518-519} ਪਦਅਰਥ: ਸਾਸਿ = ਸਾਹ ਨਾਲ। ਗਿਰਾਸਿ = ਗਿਰਾਹੀ ਨਾਲ। ਸਾਸਿ ਗਿਰਾਸਿ = ਸਾਹ ਲੈਂਦਿਆਂ ਤੇ ਖਾਂਦਿਆਂ। ਪਰਵਦਿਗਾਰ = ਪਾਲਣ ਵਾਲਾ। ਰਹੰਮ = ਰਹਿਮ, ਤਰਸ। ਜਾਣੁ = ਅੰਤਰਜਾਮੀ। ਬੁਝਿ = ਬੁੱਝ ਕੇ, ਸਮਝ ਕੇ। ਸਚਿ = ਸੱਚ ਵਿਚ। ਅਭਗੁ = ਅ+ਭਗੁ, ਨਾਹ ਨਾਸ ਹੋਣ ਵਾਲਾ। ਦੀਬਾਣੁ = ਦਰਬਾਰ। ਅਰਥ: (ਹੇ ਭਾਈ!) ਪਾਲਣਹਾਰ ਪ੍ਰਭੂ ਦਾ ਨਾਮ ਸਾਹ ਲੈਂਦਿਆਂ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ, ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ, ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ, ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ, ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ, ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ। ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਦੇ ਟਾਕਰੇ ਤੇ ਮਨੁੱਖਾ ਜਨਮ ਦੀ ਬਾਜ਼ੀ) ਕਦੇ ਹਾਰਦਾ ਨਹੀਂ, ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ।੪। TOP OF PAGE |
Sri Guru Granth Darpan, by Professor Sahib Singh |