ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 521 ਮਃ ੫ ॥ ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥ ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥ {ਪੰਨਾ 521} ਪਦਅਰਥ: ਪਾਣੀਐ = ਪਾਣੀ ਵਿਚ। ਈਧਣੁ = ਬਾਲਣ, ਲੱਕੜ। ਭਾਹਿ = ਅੱਗ। ਆਹਿ = ਹੈ। ਆਢਲਿ = ਆਸਰੇ ਵਿਚ। ਹਭੁ ਕੋ = ਹਰੇਕ ਜੀਵ। ਅਰਥ: ਹੇ ਨਾਨਕ! ਜਿਵੇਂ) ਧਰਤੀ ਪਾਣੀ ਵਿਚ (ਅਡੋਲ) ਵੱਸਦੀ ਹੈ ਤੇ ਪਾਣੀ ਨੂੰ ਆਸਰਾ ਭੀ ਦੇਂਦੀ ਹੈ, (ਜਿਵੇਂ) ਲੱਕੜੀ (ਆਪਣੇ ਅੰਦਰ) ਅੱਗ (ਲੁਕਾ ਕੇ) ਰੱਖਦੀ ਹੈ, (ਤਿਵੇਂ) ਉਹ ਖਸਮ (ਪ੍ਰਭੂ) ਜਿਸ ਦੇ ਆਸਰੇ ਹਰੇਕ ਜੀਵ ਹੈ, (ਇਸ ਸਾਰੇ ਜਗਤ ਵਿਚ ਅਡੋਲ ਲੁਕਿਆ ਪਿਆ) ਹੈ।੨। ਪਉੜੀ ॥ ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥ ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥ ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥ ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ ॥ ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ ॥ ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥ ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥ ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥ {ਪੰਨਾ 521} ਪਦਅਰਥ: ਗੋਚਰੇ = ਪਹੁੰਚ ਵਿਚ, ਅਧੀਨ। ਜਗਿ = ਜਗਤ ਵਿਚ। ਜਿ = ਜੋ। ਕੀਆ = ਕਰ ਦਿੱਤਾ, ਹੁਕਮ ਦੇ ਦਿੱਤਾ। ਧੁਰੇ = ਧੁਰ ਤੋਂ। ਬਿਸਮੁ = ਹੈਰਾਨ, ਅਸਚਰਜ। ਦੇਖਿ = ਵੇਖ ਕੇ। ਗਤਿ = ਹਾਲਤ, ਉੱਚੀ ਆਤਮਕ ਅਵਸਥਾ, ਮੁਕਤੀ। ਹਥਿ = ਹੱਥ ਵਿਚ। ਨਿਧਾਨੁ = (ਨਾਮ ਦਾ) ਖ਼ਜ਼ਾਨਾ। ਦੇਹਿ = ਤੂੰ ਦੇਂਦਾ ਹੈਂ। ਹੋਇ = ਹੋ ਕੇ। ਸੇਇ = ਸੇਈ, ਉਹੀ ਮਨੁੱਖ। ਹੋਹਿ = ਤੂੰ ਹੁੰਦਾ ਹੈਂ। ਅਰਥ: (ਹੇ ਪ੍ਰਭੂ!) ਜੋ ਜੋ ਕੰਮ ਤੂੰ ਕੀਤੇ ਹਨ ਇਹ ਤੂੰ ਹੀ ਕਰ ਸਕਦਾ ਹੈਂ, ਜਗਤ ਵਿਚ ਉਹੀ ਕੁਝ ਹੋ ਰਿਹਾ ਹੈ ਜੋ ਕਰਨ ਵਾਸਤੇ ਤੂੰ ਧੁਰ ਤੋਂ ਹੁਕਮ ਕਰ ਦਿੱਤਾ ਹੈ, ਤੇਰੀ ਕੁਦਰਤਿ ਵੇਖ ਵੇਖ ਕੇ ਅਸੀਂ ਹੈਰਾਨ ਹੋ ਰਹੇ ਹਾਂ। (ਤੇਰੇ) ਦਾਸ ਤੇਰਾ ਆਸਰਾ ਲੈਂਦੇ ਹਨ (ਮੈਂ ਭੀ ਤੇਰੀ ਸਰਨ ਆਇਆ ਹਾਂ, ਹੇ ਪ੍ਰਭੂ! ਮੇਹਰ) ਕਰ, ਮੇਰੀ ਭੀ ਆਤਮਕ ਅਵਸਥਾ ਉੱਚੀ ਹੋ ਜਾਏ, (ਤੇਰੇ ਨਾਮ ਦਾ) ਖ਼ਜ਼ਾਨਾ ਤੇਰੇ (ਆਪਣੇ) ਹੱਥ ਵਿਚ ਹੈ, ਜੋ ਤੈਨੂੰ ਚੰਗਾ ਲਗੇ ਉਸ ਨੂੰ ਤੂੰ (ਇਹ ਖ਼ਜ਼ਾਨਾ) ਦੇਂਦਾ ਹੈਂ, ਜਿਸ ਜਿਸ ਨੂੰ ਦਿਆਲ ਹੋ ਕੇ ਹਰਿ-ਨਾਮ (ਦੇਂਦਾ ਹੈਂ) ਉਹੀ ਜੀਵ ਤੇਰਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦੇ ਹਨ। ਹੇ ਅਪਹੁੰਚ! ਹੇ ਅਗੋਚਰ! ਹੇ ਬੇਅੰਤ ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਜਿਸ ਮਨੁੱਖ ਉਤੇ ਤ੍ਰੁੱਠਦਾ ਹੈਂ ਉਹ ਤੇਰਾ ਨਾਮ ਸਿਮਰਦਾ ਹੈ।੧੧। ਸਲੋਕ ਮਃ ੫ ॥ ਕੜਛੀਆ ਫਿਰੰਨ੍ਹ੍ਹਿ ਸੁਆਉ ਨ ਜਾਣਨ੍ਹ੍ਹਿ ਸੁਞੀਆ ॥ ਸੇਈ ਮੁਖ ਦਿਸੰਨ੍ਹ੍ਹਿ ਨਾਨਕ ਰਤੇ ਪ੍ਰੇਮ ਰਸਿ ॥੧॥ {ਪੰਨਾ 521} ਪਦਅਰਥ: ਫਿਰੰਨ੍ਹ੍ਹਿ, ਦਿਸੰਨ੍ਹ੍ਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ। ਸੁਆਉ = ਸੁਆਦ। ਸੁਞੀਆ = ਖ਼ਾਲੀ। ਸੇਈ = ਉਹੀ। ਦਿਸੰਨ੍ਹ੍ਹਿ = ਦਿੱਸਦੇ ਹਨ। ਸੇਈ ਮੁਖ ਦਿਸੰਨ੍ਹ੍ਹਿ = ਉਹੀ ਮੂੰਹ ਸੋਹਣੇ ਦਿੱਸਦੇ ਹਨ, ਉਹੀ ਮੂੰਹ ਸੋਹਣੇ ਜਾਣੋ। ਪ੍ਰੇਮ ਰਸਿ = ਪ੍ਰਭੂ ਦੇ ਪਿਆਰ ਦੇ ਰਸ ਵਿਚ। ਅਰਥ: ਹੇ ਨਾਨਕ! ਕੜਛੀਆਂ (ਦਾਲ ਭਾਜੀ ਦੇ ਭਾਂਡੇ ਵਿਚ) ਫਿਰਦੀਆਂ ਹਨ (ਪਰ ਉਹ ਉਸ ਦਾਲ ਭਾਜੀ) ਦਾ ਸੁਆਦ ਨਹੀਂ ਜਾਣਦੀਆਂ (ਕਿਉਂਕਿ ਉਹ) ਖ਼ਾਲੀ (ਹੀ ਰਹਿੰਦੀਆਂ) ਹਨ, (ਇਸੇ ਤਰ੍ਹਾਂ) ਉਹ ਮੂੰਹ (ਸੋਹਣੇ) ਦਿੱਸਦੇ ਹਨ ਜੋ ਪ੍ਰੇਮ ਦੇ ਸੁਆਦ ਵਿਚ ਰੰਗੇ ਗਏ ਹਨ (ਨਿਰੀਆਂ ਗੱਲਾਂ ਕਰਨ ਵਾਲੇ ਮੂੰਹ ਕੜਛੀਆਂ ਵਾਂਗ ਹੀ ਹਨ)।੧। ਮਃ ੫ ॥ ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥ ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥ {ਪੰਨਾ 521} ਪਦਅਰਥ: ਖੋਜੀ = ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ। ਸਹਿ = ਸ਼ਹੁ ਨੇ। ਨ ਛਿਜਈ = ਨਾਸ ਨਹੀਂ ਹੁੰਦਾ, ਨਹੀਂ ਉਜੜਦਾ। ਅਰਥ: (ਜਿਨ੍ਹਾਂ ਕਾਮਾਦਿਕਾਂ ਨੇ ਮੇਰੀ ਖੇਤੀ) ਉਜਾੜ ਦਿੱਤੀ ਸੀ ਉਹਨਾਂ ਦਾ ਖੋਜ ਮੈਂ ਖੋਜ ਲੱਭਣ ਵਾਲੇ (ਗੁਰੂ) ਦੀ ਰਾਹੀਂ ਲੱਭ ਲਿਆ ਹੈ, ਤੈਂ ਖਸਮ ਨੇ ਮੇਰੀ ਪੈਲੀ ਨੂੰ (ਗੁਰੂ ਦੀ ਸਹੈਤਾ ਦੀ) ਵਾੜ ਦੇ ਦਿੱਤੀ ਹੈ, ਹੁਣ ਨਾਨਕ ਦੀ ਪੈਲੀ ਨਹੀਂ ਉਜੜਦੀ।੨। ਪਉੜੀ ॥ ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ ॥ ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ ॥ ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ॥ ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ ॥ ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ ॥ ਜਪੀਐ ਅੰਮ੍ਰਿਤ ਨਾਮੁ ਬਿਘਨੁ ਨ ਲਗੈ ਕੋਇ ॥ ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ ॥ ਪਾਈਅਨ੍ਹ੍ਹਿ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥ {ਪੰਨਾ 521} ਪਦਅਰਥ: ਦੁਹਾ ਸਿਰਿਆ = (ਕਾਮਾਦਿਕ ਵਿਕਾਰਾਂ ਦਾ ਚਸਕਾ ਤੇ ਪ੍ਰੇਮ = ਰਸ ਇਹਨਾਂ) ਦੋਹਾਂ ਪਾਸਿਆਂ ਦਾ। ਰਾਸਿ ਕਰੇ = ਸਿਰੇ ਚਾੜ੍ਹਦਾ ਹੈ, ਠੀਕ ਕਰ ਦੇਂਦਾ ਹੈ, ਨੇਪਰੇ ਚਾੜ੍ਹ ਦੇਂਦਾ ਹੈ। ਉਪਾਵ = ਹੀਲੇ। ਗਹੁ = ਫੜ। ਲਹੁ = ਲੈ। ਸਾਹਿਬਿ = (ਅਧਿਕਰਣ ਕਾਰਕ, ਇਕ-ਵਚਨ। ਸਾਹਿਬਿ ਤੁਠਿਆ = (ਪੂਰਬ ਪੂਰਨ ਕਾਰਦੰਤਕ) ਜੇ ਸਾਹਿਬ ਤ੍ਰੁੱਠ ਪਏ। ਅਰਥ: (ਹੇ ਭਾਈ!) ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰੋ, ਜਿਸ ਦੇ ਵੱਸ ਵਿਚ ਹਰੇਕ ਪਦਾਰਥ ਹੈ ਜੋ (ਮਾਇਆ ਦੀ ਖਿੱਚ ਤੇ ਨਾਮ-ਰਸ) ਦੋਹਾਂ ਪਾਸਿਆਂ ਦਾ ਖਸਮ ਹੈ (ਭਾਵ, ਜੋ ਮਾਇਆ ਦੇ ਮੋਹ ਵਿਚ ਫਸਾਣ ਵਾਲਾ ਭੀ ਹੈ ਤੇ ਨਾਮ-ਰਸ ਦੀ ਦਾਤਿ ਭੀ ਦੇਣ ਵਾਲਾ ਹੈ) , ਜੋ (ਜੀਵਾਂ ਦੇ ਕੰਮ) ਇਕ ਪਲਕ ਵਿਚ ਸਿਰੇ ਚਾੜ੍ਹ ਦੇਂਦਾ ਹੈ। (ਹੇ ਭਾਈ!) ਹੋਰ ਸਾਰੇ ਹੀਲੇ ਛੱਡੋ ਤੇ ਉਸ ਪਰਮਾਤਮਾ ਦਾ ਆਸਰਾ ਲਵੋ, ਦੌੜ ਕੇ ਉਸ ਪ੍ਰਭੂ ਦੀ ਸਰਨ ਪਉ ਤੇ ਸਭ ਤੋਂ ਚੰਗਾ ਸੁਖ ਹਾਸਲ ਕਰੋ। ਜੇ ਸੰਤਾਂ ਦੀ ਸੰਗਤਿ ਮਿਲੇ ਤਾਂ ਉਹ ਉੱਚੀ ਸਮਝ (ਪ੍ਰਾਪਤ) ਹੁੰਦੀ ਹੈ ਜੋ (ਮਾਨੋ,) ਸਭ ਕਰਮਾਂ ਧਰਮਾਂ ਦਾ ਨਿਚੋੜ ਹੈ, ਜੇ ਪ੍ਰਭੂ ਦਾ ਅੰਮ੍ਰਿਤ-ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ। ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਵੇ ਉਸ ਦੇ ਮਨ ਵਿਚ ਆ ਵੱਸਦਾ ਹੈ, ਪ੍ਰਭੂ-ਮਾਲਕ ਦੇ ਪ੍ਰਸੰਨ ਹੋਇਆਂ (ਮਾਨੋ) ਸਾਰੇ ਖ਼ਜ਼ਾਨੇ ਪਾ ਲਈਦੇ ਹਨ।੧੨। ਸਲੋਕ ਮਃ ੫ ॥ ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥ ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥ {ਪੰਨਾ 521} ਪਦਅਰਥ: ਲਭਣਹਾਰੁ = ਲੱਭਣ = ਜੋਗ ਪ੍ਰਭੂ। ਕਰਮੁ = ਬਖ਼ਸ਼ਸ਼। ਮਾ ਪਿਰੀ = ਮੇਰੇ ਪਿਰ ਨੇ। ਪਸੀਐ = ਵੇਖੀਦਾ ਹੈ। ਬਿਆ = ਕੋਈ ਹੋਰ। ਅਰਥ: ਜਦੋਂ ਮੇਰੇ ਪਿਆਰੇ ਖਸਮ ਨੇ (ਮੇਰੇ ਉੱਤੇ) ਬਖ਼ਸ਼ਸ਼ ਕੀਤੀ ਤਾਂ ਮੈਂ ਲੱਭਣ-ਜੋਗ ਪ੍ਰਭੂ ਨੂੰ ਲੱਭ ਲਿਆ, (ਹੁਣ) ਹੇ ਨਾਨਕ! ਇਕ ਕਰਤਾਰ ਹੀ (ਹਰ ਥਾਂ) ਦਿੱਸ ਰਿਹਾ ਹੈ, ਕੋਈ ਹੋਰ ਨਹੀਂ ਦਿੱਸਦਾ।੧। ਮਃ ੫ ॥ ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹ੍ਹਿ ਕੈ ॥ ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥ {ਪੰਨਾ 521} ਪਦਅਰਥ: ਪਾਪੜਿਆ = ਚੰਦਰੇ ਪਾਪਾਂ ਨੂੰ। ਪਛਾੜਿ = ਨਸਾ ਦੇ, ਦੂਰ ਕਰ। ਸਚਾਵਾ = ਸੱਚ ਦਾ। ਸੰਨ੍ਹ੍ਹਿ ਕੈ = ਤਾਣ ਕੇ। ਮੰਤ੍ਰੜਾ = ਸੋਹਣਾ ਮੰਤ੍ਰ। ਚਿਤਾਰਿ = ਚੇਤੇ ਕਰ। ਅਰਥ: ਹੇ ਨਾਨਕ! ਸੱਚ (ਭਾਵ, ਸਿਮਰਨ) ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਨਸਾ ਦੇ, ਸਤਿਗੁਰੂ ਦਾ ਸੋਹਣਾ ਮੰਤ੍ਰ ਚੇਤੇ ਕਰ, (ਇਸ ਤਰ੍ਹਾਂ) ਦੁੱਖ ਨਹੀਂ ਵਿਆਪਦਾ।੨। ਪਉੜੀ ॥ ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥ ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥ ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥ ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥ ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥ ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥ ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥ ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥ {ਪੰਨਾ 521} ਪਦਅਰਥ: ਵਾਹੁ ਵਾਹੁ = ਸ਼ਾਬਾਸ਼ੇ। ਵਾਹੁ ਵਾਹੁ ਸਿਰਜਣਹਾਰ = ਸਿਰਜਣਹਾਰ ਨੂੰ ਸ਼ਾਬਾਸ਼ੇ (ਆਖ। ਪਾਇਅਨੁ = ਪਾਈ ਹੈ ਉਸ ਨੇ {ਪਉੜੀ ਨੰ: ੧੨ ਦੇ ਲਫ਼ਜ਼ 'ਪਾਇਅਨਿ' ਤੇ ਇਸ ਲਫ਼ਜ਼ 'ਪਾਈਅਨੁ' ਵਿਚ ਫ਼ਰਕ ਚੇਤੇ ਰੱਖਣ = ਜੋਗ ਹੈ; 'ਪਾਇਅਨਿ' = ਪਾਈਦੇ ਹਨ, ਵਰਤਮਾਨ ਕਾਲ, ਕਰਮ ਵਾਚ, ਬਹੁ-ਵਚਨ, ਅੱਨ ਪੁਰਖ}। ਠਾਢਿ = ਠੰਢਿ, ਸ਼ਾਂਤੀ। ਤਿਸੁ ਨੋ = ਉਸ ਪ੍ਰਭੂ ਨੂੰ। ਸਮਰਥਿ = ਸਮਰੱਥ ਨੇ। ਬਿਲ ਬਿਲਾਪ = ਤਰਲੇ, ਰੋਣੇ। ਪ੍ਰਤਾਪਿ = ਪ੍ਰਤਾਪ ਨਾਲ। ਕੀਤੀਅਨੁ = ਕੀਤੀ ਹੈ ਉਸ ਨੇ। ਰਖ = ਰੱਖਿਆ। ਨਿਵਾਜਿ = ਨਿਵਾਜ ਕੇ। ਥਾਪਿ = ਥਾਪ ਕੇ, ਥਾਪਣਾ ਦੇ ਕੇ। ਕਾਪਿ = ਕੱਟ ਕੇ। ਤਿਸਨ = ਤ੍ਰਿਸਨਾ। ਪੁੰਨੀ = ਪੂਰੀ ਹੋ ਗਈ। ਮਨ ਆਸ = ਮਨ ਦੀ ਆਸ। ਸੰਤੋਖਿ = ਸੰਤੋਖ ਨਾਲ। ਧ੍ਰਾਪਿ = ਰੱਜ ਕੇ। ਲੇਪੁ = ਲਾਗ, ਅਸਰ। ਪੁੰਨਿ = ਪੁੰਨ ਨਾਲ। ਪਾਪਿ = ਪਾਪ ਨਾਲ। ਅਰਥ: (ਹੇ ਭਾਈ!) ਉਸ ਕਰਤਾਰ ਨੂੰ 'ਧੰਨ ਧੰਨ' ਆਖ ਜਿਸ ਨੇ (ਤੇਰੇ ਅੰਦਰ) ਆਪ ਠੰਢ ਪਾਈ ਹੈ, ਉਸ ਪ੍ਰਭੂ ਨੂੰ ਯਾਦ ਕਰ ਜੋ ਸਭ ਜੀਵਾਂ ਉੱਤੇ ਮਿਹਰਬਾਨ ਹੈ। ਸਮਰੱਥ ਪ੍ਰਭੂ ਨੇ (ਜਿਸ ਮਨੁੱਖ ਉੱਤੇ) ਮੇਹਰ ਕੀਤੀ ਹੈ ਉਸ ਦੇ ਸਾਰੇ ਰੋਣੇ ਮੁੱਕ ਗਏ, ਪੂਰੇ ਗੁਰੂ ਦੇ ਪ੍ਰਤਾਪ ਨਾਲ ਉਸ ਦੇ (ਸਾਰੇ) ਕਲੇਸ਼, ਦੁੱਖ ਤੇ ਰੋਗ ਦੂਰ ਹੋ ਗਏ। (ਜਿਨ੍ਹਾਂ) ਗ਼ਰੀਬਾਂ (ਭਾਵ, ਦਰ-ਢੱਠਿਆਂ) ਨੂੰ ਨਿਵਾਜ ਕੇ ਥਾਪਣਾ ਦੇ ਕੇ (ਉਹਨਾਂ ਦੀ) ਰੱਖਿਆ ਉਸ (ਪ੍ਰਭੂ) ਨੇ ਆਪ ਕੀਤੀ ਹੈ, ਉਹਨਾਂ ਦੇ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ (ਵਿਕਾਰਾਂ ਤੋਂ) ਉਸ ਨੇ ਆਪ ਛੁਡਾ ਲਿਆ ਹੈ, ਸੰਤੋਖ ਨਾਲ ਰੱਜ ਜਾਣ ਕਰ ਕੇ ਉਹਨਾਂ ਦੇ ਮਨ ਦੀ ਆਸ ਪੂਰੀ ਹੋ ਗਈ ਹੈ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ। (ਪਰ) ਬੇਅੰਤ (ਪ੍ਰਭੂ) ਖਸਮ ਸਭ ਤੋਂ ਵੱਡਾ ਹੈ ਉਸ ਨੂੰ (ਜੀਵਾਂ ਦੇ ਕੀਤੇ) ਪੁੰਨ ਜਾਂ ਪਾਪ ਨਾਲ (ਜ਼ਾਤੀ ਤੌਰ ਤੇ) ਕੋਈ-ਲੱਗ-ਲਬੇੜ ਨਹੀਂ ਹੁੰਦਾ।੧੩। ਸਲੋਕ ਮਃ ੫ ॥ ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥ ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥੧॥ {ਪੰਨਾ 521} ਪਦਅਰਥ: ਭੇਟਤ = ਮਿਲਿਆਂ। ਤਿਨ = ਉਹਨਾਂ ਦੀ। ਅਰਥ: ਹੇ ਨਾਨਕ! ਜਿਨ੍ਹਾਂ ਮਨੁੱਖਾਂ ਤੇ ਪ੍ਰਭੂ ਜੀ ਕਿਰਪਾ ਕਰਦੇ ਹਨ ਉਹੀ ਹਰਿ-ਨਾਮ ਜਪਦੇ ਹਨ, ਸਾਧ ਸੰਗਤਿ ਵਿਚ ਮਿਲਣ ਕਰ ਕੇ ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤਿ ਬਣ ਜਾਂਦੀ ਹੈ।੧। ਮਃ ੫ ॥ ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥ ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥੨॥ {ਪੰਨਾ 521} ਪਦਅਰਥ: ਜਲਿ = ਪਾਣੀ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਤੇ, ਧਰਤੀ ਦੇ ਉੱਤੇ, ਭਾਵ, ਆਕਾਸ਼ ਵਿਚ। ਨਾਮਿ = {ਅਧਿਕਰਣ ਕਾਰਕ, ਇਕ-ਵਚਨ}। ਨਾਮਿ ਅਰਾਧਿਐ = (ਪੂਰਬ ਪੂਰਨ ਕਾਰਦੰਤਕ, Locative Absolute) ਜੇ ਨਾਮ ਸਿਮਰੀਏ}। ਅਰਥ: ਹੇ ਵੱਡੇ ਭਾਗਾਂ ਵਾਲਿਓ! ਉਸ ਪਰਮਾਤਮਾ ਨੂੰ ਸਿਮਰੋ ਜੋ ਪਾਣੀ ਵਿਚ ਧਰਤੀ ਦੇ ਅੰਦਰ ਧਰਤੀ ਦੇ ਉਪਰ (ਹਰ ਥਾਂ) ਮੌਜੂਦ ਹੈ। ਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ-ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।੨। ਪਉੜੀ ॥ ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥ ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥ ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ ॥ ਭਗਤ ਤੇਰੇ ਦਇਆਲ ਓਨ੍ਹ੍ਹਾ ਮਿਹਰ ਪਾਇ ॥ ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥ ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥ ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥ ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥ {ਪੰਨਾ 521-522} ਪਦਅਰਥ: ਪਵੈ ਥਾਇ = ਕਬੂਲ ਹੁੰਦਾ ਹੈ। ਟੇਕ = ਆਸਰਾ। ਸਚਿ = ਸੱਚ ਵਿਚ। ਨਾਇ = ਨਾਮ ਵਿਚ। ਅਧਾਰੁ = ਆਸਰਾ। ਰੈਣਿ = ਰਾਤ। ਅਘਾਇ ਰਹੇ = ਰੱਜੇ ਰਹਿੰਦੇ ਹਨ। ਪਰਵਾਣੁ = ਮੰਨਣ = ਜੋਗ। ਮਾਇ = ਮਾਇਆ। ਅਰਥ: ਬੰਦਗੀ ਕਰਨ ਵਾਲੇ ਮਨੁੱਖਾਂ ਦਾ ਬੋਲਿਆ ਬਚਨ ਮੰਨਣ-ਯੋਗ ਹੁੰਦਾ ਹੈ, ਪ੍ਰਭੂ ਦੀ ਦਰਗਾਹ ਵਿਚ (ਭੀ) ਕਬੂਲ ਹੁੰਦਾ ਹੈ। ਹੇ ਪ੍ਰਭੂ! ਭਗਤਾਂ ਨੂੰ ਤੇਰਾ ਆਸਰਾ ਹੁੰਦਾ ਹੈ, ਉਹ ਸੱਚੇ ਨਾਮ ਵਿਚ ਰੰਗੇ ਰਹਿੰਦੇ ਹਨ। ਪ੍ਰਭੂ ਜਿਸ ਮਨੁੱਖ ਉਤੇ ਮਿਹਰਬਾਨ ਹੁੰਦਾ ਹੈ ਉਸ ਦਾ ਦੁੱਖ ਦੂਰ ਹੋ ਜਾਂਦਾ ਹੈ। ਹੇ ਦਇਆਲ ਪ੍ਰਭੂ! ਬੰਦਗੀ ਕਰਨ ਵਾਲੇ ਬੰਦੇ ਤੇਰੇ ਹੋ ਕੇ ਰਹਿੰਦੇ ਹਨ, ਤੂੰ ਉਹਨਾਂ ਤੇ ਕਿਰਪਾ ਕਰਦਾ ਹੈਂ; (ਜਿਸ ਮਨੁੱਖ ਤੇ ਤੂੰ ਮਿਹਰ ਕਰਦਾ ਹੈਂ) ਉਸ ਨੂੰ ਮਾਇਆ ਪੋਹ ਨਹੀਂ ਸਕਦੀ, ਕੋਈ ਦੁਖ ਦਰਦ ਕੋਈ ਵੱਡੇ ਤੋਂ ਵੱਡਾ ਰੋਗ ਉਸ ਨੂੰ ਪੋਹ ਨਹੀਂ ਸਕਦਾ। ਗੋਵਿੰਦ ਦੇ ਗੁਣ ਗਾ ਗਾ ਕੇ ਇਹ (ਸਿਫ਼ਤਿ-ਸਾਲਾਹ) ਭਗਤਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦੀ ਹੈ; ਦਿਨ ਰਾਤ ਸਦਾ ਹੀ ਇਕ ਪ੍ਰਭੂ ਨੂੰ ਸਿਮਰ ਸਿਮਰ ਕੇ, ਨਾਮ-ਰੂਪ ਅੰਮ੍ਰਿਤ ਪੀ ਪੀ ਕੇ ਸੇਵਕ ਨਾਮ ਵਿਚ ਹੀ ਰੱਜੇ ਰਹਿੰਦੇ ਹਨ।੧੪। |
Sri Guru Granth Darpan, by Professor Sahib Singh |