ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 524 ਸਲੋਕ ਮਃ ੫ ॥ ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥ ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥ {ਪੰਨਾ 524} ਨੋਟ: ਇਸੇ ਵਾਰ ਦੀ ੧੪ਵੀਂ ਪਉੜੀ ਦੇ ਦੂਜੇ ਸਲੋਕ ਅਤੇ ਇਸ ਸਲੋਕ ਵਿਚ ਬਹੁਤ ਹੀ ਥੋੜਾ ਜਿਤਨਾ ਫ਼ਰਕ ਹੈ। ਪਦਅਰਥ: ਪੂਰਨੁ = ਵਿਆਪਕ। (ਨਾਮਿ = ਅਧਿਕਰਣ ਕਾਰਕ, ਇਕ-ਵਚਨ। ਨਾਮਿ ਧਿਆਇਐ = ਜੇ ਨਾਮ ਸਿਮਰਿਆ ਜਾਏ। ਅਰਥ: ਹੇ ਵੱਡੇ ਭਾਗਾਂ ਵਾਲਿਓ! ਉਸ ਪ੍ਰਭੂ ਨੂੰ ਜਪੋ ਜੋ ਪਾਣੀ ਵਿਚ, ਧਰਤੀ ਉੱਤੇ (ਹਰ ਥਾਂ) ਮੌਜੂਦ ਹੈ; ਹੇ ਨਾਨਕ! ਜੇ ਪ੍ਰਭੂ ਦਾ ਨਾਮ ਸਿਮਰੀਏ ਤਾਂ (ਜੀਵਨ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ। ਮਃ ੫ ॥ ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥ ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੨॥ {ਪੰਨਾ 524} ਨੋਟ: ਇਸੇ 'ਵਾਰ' ਦੀ ਪਉੜੀ ਨੰ: ੧੫ ਦੇ ਨਾਲ ਪਹਿਲਾ ਸ਼ਲੋਕ ਇਹੀ ਹੈ। ਅਰਥ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ; ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰ ਵਿਚ ਕਾਂ ਲੌਂਦਾ ਹੈ।੨। ਪਉੜੀ ॥ ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥ ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥ ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ ॥ ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥ ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥ ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥ ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥ ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ ॥੨੧॥੧॥੨॥ ਸੁਧੁ {ਪੰਨਾ 524} ਪਦਅਰਥ: ਪੁੰਨੀ = ਪੂਰੀ ਹੋ ਗਈ। ਮਨਿ = ਮਨ ਵਿਚ। ਵਿਸੂਰਿਆ = ਵਿਸੂਰੇ, ਝੋਰੇ। ਰਹਿਆ = ਰਹਿ ਗਿਆ, ਹਟ ਗਿਆ। ਰਹਿਆ ਘਾਲਦਾ = ਮਿਹਨਤ ਦੀ ਲੋੜ ਨਾਹ ਰਹੀ। ਤਿਤੁ ਘਰਿ = ਉਸ (ਹਿਰਦੇ = ਰੂਪ) ਘਰ ਵਿਚ। ਮਰਿ = ਮਰੀ, ਮੌਤ। ਦ੍ਰਿਸਟਾਇਆ = ਨਜ਼ਰੀਂ ਆਇਆ। ਸਚਿ = ਸੱਚੇ ਹਰੀ ਵਿਚ। ਅਰਥ: ਸਭ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਸਿਮਰ ਸਿਮਰ ਕੇ (ਮਨ ਦੇ) ਮਨੋਰਥ ਪੂਰੇ ਹੋ ਜਾਂਦੇ ਹਨ, ਮਨ ਵਿਚ (ਉਠਦੀਆਂ) ਆਸਾਂ ਤੇ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਤੇ (ਦੁਨੀਆ ਵਾਲੇ) ਝੋਰੇ ਮਿਟ ਜਾਂਦੇ ਹਨ (ਕਿਉਂਕਿ ਸਿਮਰਨ ਦੀ ਬਰਕਤਿ ਨਾਲ 'ਮਾਇਆ' ਦੀ ਭਾਲ ਮਿਟ ਜਾਂਦੀ ਹੈ, ਆਸਾ ਤ੍ਰਿਸ਼ਨਾ ਮੁੱਕ ਜਾਂਦੀ ਹੈ, ਇਸ ਦੇ ਥਾਂ) ਜਿਸ 'ਨਾਮ'-ਖ਼ਜ਼ਾਨੇ ਦੀ ਭਾਲ ਵਿਚ ਲੱਗਦਾ ਹੈ ਉਹ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ, ਮਨੁੱਖ ਦੀ ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ਤੇ (ਮਾਇਆ ਦੀ ਖ਼ਾਤਰ) ਦੌੜ-ਭੱਜ ਭਟਕਣਾ ਰਹਿ ਜਾਂਦੀ ਹੈ। (ਜੋ ਮਨੁੱਖ ਸਿਮਰਨ ਦੀ ਕਮਾਈ ਕਰਦਾ ਹੈ) ਉਸ (ਦੇ) ਹਿਰਦੇ-ਘਰ ਵਿਚ ਸੁਖ, ਅਡੋਲਤਾ, ਖ਼ੁਸ਼ੀ ਆ ਵੱਸਦੇ ਹਨ, ਉਸ ਦੇ ਜਨਮ ਮਰਨ ਮੁੱਕ ਜਾਂਦੇ ਹਨ, ਓਥੇ ਜਨਮ ਤੇ ਮੌਤ ਰਹਿ ਨਹੀਂ ਜਾਂਦੇ, ਕਿਉਂਕਿ (ਇਸ ਅਵਸਥਾ ਵਿਚ ਅੱਪੜਿਆ ਹੋਇਆ) ਸੇਵਕ ਤੇ ਮਾਲਕ-ਪ੍ਰਭੂ ਇਕ-ਰੂਪ ਨਜ਼ਰੀਂ ਆਉਂਦੇ ਹਨ। ਹੇ ਨਾਨਕ! ਐਸਾ ਸੇਵਕ) ਸਤਿਗੁਰੂ ਦੀ ਕਿਰਪਾ ਨਾਲ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।੨੧।੧।੨।ਸੁਧੁ। ਨੋਟ: ਅੰਕ ਨੰ: ੨੧ ਦਾ ਭਾਵ ਇਹ ਹੈ ਕਿ ਇਸ 'ਵਾਰ' ਵਿਚ ੨੧ ਪਉੜੀਆਂ ਹਨ। ਅੰਕ ਨੰ: ੧ ਇਸ ਸਾਰੀ ਸਮੁੱਚੀ 'ਵਾਰ' ਦਾ ਨੰਬਰ ਹੈ। ਅੰਕ ਨੰ: ੨ ਇਸ ਰਾਗ ਦੀਆਂ ਦੋਹਾਂ ਵਾਰਾਂ ਦਾ ਜੋੜ ਦਿੱਤਾ ਗਿਆ ਹੈ। ਪਹਿਲੀ 'ਵਾਰ' ਗੁਰੂ ਅਮਰਦਾਸ ਜੀ ਦੀ ਅਤੇ ਇਹ ਦੂਜੀ ਵਾਰ ਗੁਰੂ ਅਰਜਨ ਸਾਹਿਬ ਦੀ ਹੈ। ਰਾਗੁ ਗੂਜਰੀ ਭਗਤਾ ਕੀ ਬਾਣੀ ੴ ਸਤਿਗੁਰ ਪ੍ਰਸਾਦਿ ॥ ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥ ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥ ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥ ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥ ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥ ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥ ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥ {ਪੰਨਾ 524} ਨੋਟ: ਘਰੁ ੨ ਦੂਜਾ-ਇੱਥੇ ਅੰਕ '੨' ਨੂੰ ਪੜ੍ਹਨਾ ਹੈ 'ਦੂਜਾ'। ਇਸੇ ਤਰ੍ਹਾਂ ਹੋਰ ਭੀ ਜਿਥੇ ਜਿਥੇ ਕਿਤੇ ਲਫ਼ਜ਼ 'ਘਰੁ' ਦੇ ਨਾਲ ਕੋਈ ਹਿੰਦਸਾ ੩, ੪, ੫ ਆਦਿਕ ਆਉਂਦਾ ਹੈ, ਉਸ ਨੂੰ ਤੀਜਾ, ਚੌਥਾ, ਪੰਜਵਾਂ ਪੜ੍ਹਨਾ ਹੈ। ਚਉਪਦਾ- {ਚਉ-ਚਾਰ। ਪਦ-ਬੰਦ} ਚਾਰ ਬੰਦਾਂ ਵਾਲਾ ਸ਼ਬਦ। ਪਦਅਰਥ: ਪਾਵ = ਪੈਰ {ਲਫ਼ਜ਼ 'ਪਾਉ' ਤੋਂ ਬਹੁ-ਵਚਨ}। ਦੁਇ = ਦੋ। ਗਈ ਹੈ– ਗਾਵੇਂਗਾ। ਗੁਨ = ਪ੍ਰਭੂ ਦੇ ਗੁਣ। ਠੇਗਾ = ਸੋਟਾ। ਪਰਿ ਹੈ– ਪਏਗਾ। ਕਤ = ਕਿਥੇ? ਮੂਡ = ਸਿਰ। ਲੁਕਈ ਹੈ– ਲੁਕਾਏਂਗਾ।੧। ਬਿਰਾਨੇ = ਬਿਗਾਨਾ, ਪਰ-ਅਧੀਨ। ਹੁਈ ਹੈ– ਹੋਵੇਂਗਾ। ਫਾਟੇ = ਪਾਟੇ ਹੋਏ, ਚੀਰੇ ਹੋਏ। ਕਾਧਨ = ਕੰਨ੍ਹ, ਮੋਢੇ। ਭੁਸੁ = ਭੋਹ। ਖਈ ਹੈ– ਖਾਏਂਗਾ।੧।ਰਹਾਉ। ਮਹੀਆ = ਵਿਚ। ਅਘਈ ਹੈ– ਰੱਜੇਂਗਾ। ਅਜਹੁ = ਫਿਰ ਭੀ। ਕਹੋ = ਆਖਿਆ, ਕਹਿਆ, ਸਿੱਖਿਆ। ਪਈ ਹੈ– ਪਏਂਗਾ।੨। ਦੁਖ ਸੁਖ ਕਰਤ = ਦੁਖ ਸੁਖ ਕਰਦਿਆਂ, ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ। ਭ੍ਰਮਿ = ਭਰਮ ਵਿਚ। ਭਰਮਈ ਹੈ– ਭਟਕੇਂਗਾ। ਅਉਸਰੁ = ਮੌਕਾ, ਸਮਾਂ। ਕਤ ਪਈ ਹੈ– ਕਿਥੇ ਮਿਲੇਗਾ? ਫਿਰ ਨਹੀਂ ਮਿਲੇਗਾ।੩। ਤੇਲਕ = ਤੇਲੀ। ਕਪਿ = ਬਾਂਦਰ। ਤੇਲਕ ਕੇ ਕਪਿ ਜਿਉ = ਤੇਲਕ ਕੇ (ਬਲਦ ਅਤੇ) ਕਪਿ ਜਿਉਂ, ਤੇਲੀ ਦੇ ਬਲਦ ਵਾਂਗ ਅਤੇ ਬਾਂਦਰ ਵਾਂਗ। ਤੇਲੀ ਦਾ ਬਲਦ ਸਾਰੀ ਰਾਤ ਕੋਹਲੂ ਦੇ ਦੁਆਲੇ ਹੀ ਭੌਂਦਾ ਹੈ, ਤੇ ਉਸ ਦਾ ਪੈਂਡਾ ਮੁੱਕਦਾ ਨਹੀਂ। ਬਾਂਦਰ ਛੋਲਿਆਂ ਦੀ ਭਰੀ ਮੁੱਠ ਦੇ ਲਾਲਚ ਵਿਚ ਪਕੜਿਆ ਜਾ ਕੇ ਸਾਰੀ ਉਮਰ ਦਰ ਦਰ ਤੇ ਨੱਚਦਾ ਹੈ। ਗਤਿ ਬਿਨੁ = ਖ਼ਲਾਸੀ ਤੋਂ ਬਿਨਾ। ਰੈਨਿ = ਰਾਤ, ਜ਼ਿੰਦਗੀ = ਰੂਪ ਰਾਤ। ਬਿਹਈ ਹੈ– ਵਿਹਾ ਜਾਇਗੀ, ਮੁੱਕ ਜਾਇਗੀ। ਮੂੰਡ ਧੁਨੇ = ਮੂੰਡ ਧੁਨਿ ਧੁਨਿ, ਸਿਰ ਮਾਰ ਮਾਰ ਕੇ। ਪਛੁਤਈ ਹੈ– ਪਛਤਾਏਂਗਾ।੪। ਅਰਥ: (ਹੇ ਭਾਈ! ਕਿਸੇ ਪਸ਼ੂ-ਜੂਨ ਵਿਚ ਪੈ ਕੇ ਜਦੋਂ ਤੇਰੇ) ਚਾਰ ਪੈਰ ਤੇ ਦੋ ਸਿੰਙ ਹੋਣਗੇ, ਤੇ ਮੂੰਹੋਂ ਗੂੰਗਾ ਹੋਵੇਂਗਾ, ਤਦੋਂ ਤੂੰ ਕਿਸ ਤਰ੍ਹਾਂ ਪ੍ਰਭੂ ਦੇ ਗੁਣ ਗਾ ਸਕੇਂਗਾ? ਉਠਦਿਆਂ ਬੈਠਦਿਆਂ (ਤੇਰੇ ਸਿਰ ਉੱਤੇ) ਸੋਟਾ ਪਏਗਾ, ਤਦੋਂ ਤੂੰ ਕਿਥੇ ਸਿਰ ਲੁਕਾਏਂਗਾ?।੧। (ਹੇ ਭਾਈ! ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਬਲਦ (ਆਦਿਕ ਪਸ਼ੂ ਬਣ ਕੇ) ਪਰ-ਅਧੀਨ ਹੋ ਜਾਏਂਗਾ, (ਨੱਥ ਨਾਲ) ਨੱਕ ਵਿੰਨਿ੍ਹਆ ਜਾਏਗਾ, ਕੰਨ (ਜੂਲੇ ਨਾਲ) ਫਿੱਸੇ ਹੋਏ ਹੋਣਗੇ ਤੇ ਕੋਧਰੇ ਦਾ ਭੋਹ ਖਾਏਂਗਾ।੧।ਰਹਾਉ। ਜੰਗਲ (ਜੂਹ) ਵਿਚ ਸਾਰਾ ਦਿਨ ਭਟਕਦਿਆਂ ਭੀ ਪੇਟ ਨਹੀਂ ਰੱਜੇਗਾ। ਹੁਣ ਐਸ ਵੇਲੇ ਤੂੰ ਭਗਤ ਜਨਾਂ ਦਾ ਬਚਨ ਨਹੀਂ ਮੰਨਦਾ, (ਉਮਰ ਵਿਹਾ ਜਾਣ ਤੇ) ਆਪਣਾ ਕੀਤਾ ਪਾਏਂਗਾ।੨। ਹੁਣ ਭੈੜੇ ਹਾਲ ਵਿਚ ਦਿਨ ਗੁਜ਼ਾਰ ਕੇ ਕੁਰਾਹੇ ਗ਼ਰਕ ਹੋਇਆ ਹੋਇਆ ਹੈਂ, (ਆਖ਼ਰ) ਅਨੇਕਾਂ ਜੂਨਾਂ ਵਿਚ ਭਟਕੇਂਗਾ। ਤੂੰ ਪ੍ਰਭੂ ਨੂੰ ਵਿਸਾਰ ਦਿੱਤਾ ਹੈ, ਤੇ ਸ੍ਰੇਸ਼ਟ ਮਨੁੱਖਾ ਜਨਮ ਗੰਵਾ ਲਿਆ ਹੈ, ਇਹ ਸਮਾ ਫੇਰ ਕਿਤੇ ਨਹੀਂ ਮਿਲੇਗਾ।੩। ਤੇਰੀ ਜ਼ਿੰਦਗੀ-ਰੂਪ ਸਾਰੀ ਰਾਤ ਤੇਲੀ ਦੇ ਬਲਦ ਅਤੇ ਬਾਂਦਰ ਵਾਂਗ ਭਟਕਦਿਆਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਤੋਂ ਬਿਨਾ ਹੀ ਲੰਘ ਜਾਇਗੀ। ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਭੁਲਾ ਕੇ ਆਖ਼ਰ ਸਿਰ ਮਾਰ ਮਾਰ ਕੇ ਪਛਤਾਵੇਂਗਾ।੪।੧। ਸ਼ਬਦ ਦਾ ਭਾਵ: ਮਨੁੱਖਾ ਜਨਮ ਹੀ ਸਿਮਰਨ ਦਾ ਸਮਾ ਹੈ, ਖੁੰਝਿਆਂ ਜਨਮ-ਮਰਨ ਦੇ ਗੇੜ ਵਿਚ ਪੈਣਾ ਪੈਂਦਾ ਹੈ। ਗੂਜਰੀ ਘਰੁ ੩ ॥ ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥ ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥ ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥ ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥ ਜਬ ਲਗੁ ਤਾਗਾ ਬਾਹਉ ਬੇਹੀ ॥ ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥ ਓਛੀ ਮਤਿ ਮੇਰੀ ਜਾਤਿ ਜੁਲਾਹਾ ॥ ਹਰਿ ਕਾ ਨਾਮੁ ਲਹਿਓ ਮੈ ਲਾਹਾ ॥੩॥ ਕਹਤ ਕਬੀਰ ਸੁਨਹੁ ਮੇਰੀ ਮਾਈ ॥ ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥ {ਪੰਨਾ 524} ਪਦਅਰਥ: ਮੁਸਿ ਮੁਸਿ = ਡੁਸਕ ਡੁਸਕ ਕੇ। ਮਾਈ = ਮਾਂ। ਬਾਰਿਕ = ਅੰਞਾਣੇ ਬਾਲ। ਰਘੁਰਾਈ = ਹੇ ਪ੍ਰਭੂ!।੧। ਤਜਿਓ ਹੈ– ਛੱਡ ਦਿੱਤਾ ਹੈ। ਲਿਖਿ ਲੀਓ ਸਰੀਰ = ਸਰੀਰ ਉੱਤੇ ਲਿਖ ਲਿਆ ਹੈ, ਜੀਭ ਤੇ ਪ੍ਰੋ ਲਿਆ ਹੈ, ਹਰ ਵੇਲੇ ਉਚਾਰਦਾ ਰਹਿੰਦਾ ਹੈ।੧।ਰਹਾਉ। ਬੇਹੀ = {ਸੰ: ਵੇਧ; ਪ੍ਰ: ਬੇਹ} ਛੇਕ, ਨਾਲ ਦਾ ਛੇਕ। ਬਹਾਉ = ਵਹਾਉਂਦਾ ਹਾਂ। ਸਨੇਹੀ = ਪਿਆਰਾ।੨। ਓਛੀ = ਹੋਛੀ, ਹੌਲੀ। ਲਾਹਾ = ਲਾਭ।੩। ਰਘੁਰਾਈ = ਪਰਮਾਤਮਾ।੪। ਅਰਥ: ਕਬੀਰ ਦੀ ਮਾਂ (ਕਬੀਰ ਆਖਦਾ ਹੈ ਕਿ ਮੇਰੀ ਮਾਂ) ਡੁਸਕ ਡੁਸਕ ਕੇ ਰੋਂਦੀ ਹੈ (ਤੇ ਆਖਦੀ ਹੈ-) ਹੇ ਪਰਮਾਤਮਾ! (ਕਬੀਰ ਦੇ) ਇਹ ਅੰਞਾਣੇ ਬਾਲ ਕਿਵੇਂ ਜੀਊਣਗੇ?।੧। (ਕਿਉਂਕਿ ਮੇਰੇ) ਕਬੀਰ ਨੇ (ਤਾਣਾ) ਤਣਨਾ ਤੇ (ਕੱਪੜਾ) ਉਣਨਾ ਸਭ ਕੁੱਝ ਛੱਡ ਦਿੱਤਾ ਹੈ, ਹਰ ਵੇਲੇ ਹਰੀ ਦਾ ਨਾਮ ਜਪਦਾ ਰਹਿੰਦਾ ਹੈ।੧।ਰਹਾਉ। ਜਿਤਨਾ ਚਿਰ ਮੈਂ ਨਾਲ ਦੇ ਛੇਕ ਵਿਚ ਧਾਗਾ ਵਹਾਉਂਦਾ ਹਾਂ; ਉਤਨਾ ਚਿਰ ਮੈਨੂੰ ਮੇਰਾ ਪਿਆਰਾ ਪ੍ਰਭੂ ਵਿਸਰ ਜਾਂਦਾ ਹੈ (ਭਾਵ, ਮੈਨੂੰ ਇਤਨਾ ਚਿਰ ਭੀ ਪ੍ਰਭੂ ਵਿਸਾਰਨਾ ਨਹੀਂ ਭਾਉਂਦਾ)।੨। (ਕੀਹ ਹੋਇਆ ਜੇ ਲੋਕਾਂ ਦੇ ਭਾਣੇ) ਮੇਰੀ ਛੋਟੀ ਜਿਹੀ ਅਕਲ ਹੈ ਤੇ ਮੈਂ ਜਾਤ ਦਾ (ਨੀਵਾਂ ਗ਼ਰੀਬ) ਜੁਲਾਹਾ ਹਾਂ, ਪਰ ਮੈਂ ਪਰਮਾਤਮਾ ਦਾ ਨਾਮ-ਰੂਪ ਨਫ਼ਾ (ਇਸ ਮਨੁੱਖਾ-ਜਨਮ ਦੇ ਵਪਾਰ ਵਿਚ) ਖੱਟ ਲਿਆ ਹੈ (ਸੋ ਮੈਂ ਮੂਰਖ ਤੇ ਨੀਵੀਂ ਜਾਤ ਦਾ ਨਹੀਂ ਰਹਿ ਗਿਆ)।੩। ਕਬੀਰ ਆਖਦਾ ਹੈ-ਹੇ ਮੇਰੀ ਮਾਂ! ਸੁਣ, ਸਾਡਾ ਤੇ ਸਾਡੇ ਇਹਨਾਂ ਬੱਚਿਆਂ ਦਾ ਰਿਜ਼ਕ ਦੇਣ ਵਾਲਾ ਇਕੋ ਹੀ ਪਰਮਾਤਮਾ ਹੈ (ਭਾਵ, ਜੇ ਉਸ ਨੇ ਮੈਨੂੰ ਪਾਲਿਆ ਹੈ, ਤਾਂ ਇਹਨਾਂ ਨੂੰ ਭੀ ਜ਼ਰੂਰ ਪਾਲੇਗਾ)।੪।੨। ਨੋਟ: ਕਬੀਰ ਜੀ ਦੀ ਇਸ ਹੱਡ-ਬੀਤੀ ਤੋਂ ਭਾਵ ਇਹ ਨਿਕਲਦਾ ਹੈ ਕਿ 'ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ'। ਦੁਨੀਆਦਾਰ ਇਕ ਤਾਂ ਹਰ ਵੇਲੇ ਮਾਇਆ ਕਮਾਣ ਵਿਚ ਲੱਗੇ ਰਹਿਣਾ ਚਾਹੁੰਦਾ ਹੈ; ਦੂਜੇ, ਕਮਾਈ ਹੋਈ ਨੂੰ ਸਿਰਫ਼ ਆਪਣੇ ਹੀ ਲਈ ਖ਼ਰਚਣਾ ਚਾਹੁੰਦਾ ਹੈ। ਭਗਤ ਆਪਣੀ ਗੁਜ਼ਰਾਨ ਲਈ ਕਮਾਉਂਦਾ ਤਾਂ ਹੈ, ਪਰ ਮਾਇਆ ਜੋੜਨੀ ਹੀ ਉਸ ਦੇ ਜੀਵਨ ਦਾ ਨਿਸ਼ਾਨਾ ਨਹੀਂ ਹੁੰਦਾ, ਉਸ ਦਾ ਅਸਲ ਨਿਸ਼ਾਨਾ ਹੈ 'ਪ੍ਰਭੂ ਦੀ ਯਾਦ' ਫਿਰ, ਉਹ ਆਪਣੀ ਕਮਾਈ ਵਿਚੋਂ ਦੂਜਿਆਂ ਦੀ ਸੇਵਾ ਭੀ ਕਰਦਾ ਹੈ। ਭਗਤ ਦਾ ਇਹ ਰਵੱਈਆ ਉਸ ਦੇ ਮਾਂ ਪਿਉ ਵਹੁਟੀ ਤੇ ਹੋਰ ਸੰਬੰਧੀਆਂ ਨੂੰ ਨਹੀਂ ਭਾਉਂਦਾ। ਇਸ ਕਰ ਕੇ ਖੱਟਦਾ ਕਮਾਉਂਦਾ ਭੀ ਉਹ ਇਹਨਾਂ ਨੂੰ ਵੇਹਲੜ ਜਾਪਦਾ ਹੈ, ਪਰਮਾਤਮਾ ਦੇ ਰਾਹ ਵਲ ਦੀ ਉਸ ਦੀ ਹਰੇਕ ਹਰਕਤ ਉਹਨਾਂ ਨੂੰ ਚੁੱਭਦੀ ਹੈ। ਬਿਲਾਵਲ ਤੇ ਗੋਂਡ ਰਾਗ ਵਿਚ ਭੀ ਕਬੀਰ ਜੀ ਦੇ ਦੋ ਸ਼ਬਦ ਹਨ, ਜਿਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਕਬੀਰ ਜੀ ਦੀ ਵਹੁਟੀ ਭੀ ਇਸ ਗੱਲੇ ਗਿਲੇ ਕਰਦੀ ਸੀ। ਨੋਟ: ਆਪਣੀ ਮਾਂ ਦੇ ਗਿਲੇ-ਗੁਜ਼ਾਰੀਆਂ ਕਬੀਰ ਜੀ ਨੇ ਇਸ ਸ਼ਬਦ ਵਿਚ ਬਿਆਨ ਕੀਤੇ ਹਨ ਤੇ ਫਿਰ ਉਹਨਾਂ ਦਾ ਉੱਤਰ ਭੀ ਦਿੱਤਾ ਹੈ। ਇਹ ਖ਼ਿਆਲ ਗ਼ਲਤ ਹੈ ਕਿ ਇਸ ਸ਼ਬਦ ਵਿਚ ਕੋਈ ਤੁਕਾਂ ਕਬੀਰ ਜੀ ਦੀ ਮਾਂ ਦੀਆਂ ਉਚਾਰੀਆਂ ਹੋਈਆਂ ਹਨ। ਮਹਾਂ ਪੁਰਖਾਂ ਦੀ ਇਸ ਬਾਣੀ ਵਿਚ ਦੁਨੀਆਦਾਰਾਂ ਦੇ ਕੱਚੇ ਲਫ਼ਜ਼ ਸ਼ਾਮਲ ਨਹੀਂ ਹੋ ਸਕਦੇ। ਸ਼ਬਦ ਦਾ ਭਾਵ: ਭਗਤ ਤੇ ਦੁਨੀਆਦਾਰ ਦੀ ਜ਼ਿੰਦਗੀ ਦਾ ਨਿਸ਼ਾਨਾ ਵੱਖ-ਵੱਖ ਹੈ। ਭਗਤ ਦਾ ਅਸਲ ਨਿਸ਼ਾਨਾ ਹੈ ਸਿਮਰਨ; ਕਮਾਂਦਾ ਹੈ ਉਹ ਗੁਜ਼ਰਾਨ ਲਈ। ਦੁਨੀਆਦਾਰ ਦਾ ਨਿਸ਼ਾਨਾ ਹੈ ਹਰ ਵੇਲੇ ਮਾਇਆ ਕਮਾਣੀ ਤੇ ਜੋੜੀ ਜਾਣੀ। |
Sri Guru Granth Darpan, by Professor Sahib Singh |