ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 527

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਦੇਵਗੰਧਾਰੀ ਮਹਲਾ ੪ ਘਰੁ ੧ ॥

ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥ ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ॥ ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥ ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥ ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥੨॥੧॥ {ਪੰਨਾ 527}

ਪਦਅਰਥ: ਲਿਵ = ਲਗਨ, ਪ੍ਰੇਮ। ਜਸੁ = ਸਿਫ਼ਤਿ-ਸਾਲਾਹ। ਗੁਰਮਤਿ = ਗੁਰੂ ਦੀ ਮਤਿ ਤੇ ਤੁਰ ਕੇ। ਸਭਾਗੇ = ਚੰਗੇ ਭਾਗਾਂ ਵਾਲੇ।੧।ਰਹਾਉ।

ਮੋਹਨਿ = ਮੋਹਨ ਨੇ। ਬਿਸਮ = ਹੈਰਾਨ। ਮੁਖਿ ਲਾਗੇ = ਮੁਖਿ ਲਾਗਿ, ਮੂੰਹ ਲੱਗ ਕੇ, ਦਰਸਨ ਕਰ ਕੇ।੧।

ਰੈਣਿ = (ਜ਼ਿੰਦਗੀ ਦੀ) ਰਾਤ। ਸੋਈ = ਸੁੱਤੀ ਰਹੀ। ਕਿੰਚਤ = ਥੋੜੀ ਜਿਹੀ ਹੀ। ਗੁਰ ਕਿਰਪਾ = ਗੁਰੂ ਦੀ ਕਿਰਪਾ ਨਾਲ। ਮੋਹਿ = ਮੈਨੂੰ। ਸਰਿ = ਵਰਗਾ, ਬਰਾਬਰ। ਅਵਰੁ = ਕੋਈ ਹੋਰ। ਲਾਗੇ = ਲੱਗਦਾ, ਦਿੱਸਦਾ।੨।

ਅਰਥ: (ਹੇ ਭਾਈ!) ਜਿਨ੍ਹਾਂ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ। (ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ।੧।ਰਹਾਉ।

(ਹੇ ਭਾਈ!) ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ। (ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ ਹੈ, ਉਸ ਸੋਹਣੇ ਗੁਰੂ ਦਾ ਦਰਸਨ ਕਰ ਕੇ ਮੈਂ ਮਸਤ ਹੋ ਗਈ ਹਾਂ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ ਫਾਹੀਆਂ ਮੇਰੇ ਨੇੜੇ ਨਹੀਂ ਢੁਕਦੀਆਂ) ੧।

(ਹੇ ਸਖੀ!) ਮੈਂ (ਜ਼ਿੰਦਗੀ ਦੀ) ਸਾਰੀ ਰਾਤ ਮਾਇਆ ਦੇ ਮੋਹ ਦੇ ਹਨੇਰ ਵਿਚ ਸੁੱਤੀ ਰਹੀ (ਆਤਮਕ ਜੀਵਨ ਵੱਲੋਂ ਅਵੇਸਲੀ ਰਹੀ) , ਹੁਣ ਗੁਰੂ ਦੀ ਥੋੜੀ ਕੁ ਕਿਰਪਾ ਨਾਲ ਮੈਂ ਜਾਗ ਪਈ ਹਾਂ।

ਹੇ ਦਾਸ ਨਾਨਕ ਦੇ ਸੋਹਣੇ ਮਾਲਕ ਪ੍ਰਭੂ! ਮੈਨੂੰ (ਹੁਣ) ਤੇਰੇ ਵਰਗਾ ਕੋਈ ਹੋਰ ਨਹੀਂ ਦਿੱਸਦਾ।੨।੧।

ਦੇਵਗੰਧਾਰੀ ॥ ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥ ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥੧॥ ਰਹਾਉ ॥ ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥ ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥੧॥ ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥ ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥੨॥੨॥ {ਪੰਨਾ 527}

ਪਦਅਰਥ: ਕਹਹੁ = ਦੱਸੋ। ਕਿਤੁ = ਕਿਸ ਵਿਚ? ਕਿਤੁ ਗਲੀ = ਕਿਸ ਗਲੀ ਵਿਚ? ਸੰਤ = ਹੇ ਸੰਤ ਜਨੋ! ਮਾਰਗੁ = ਰਸਤਾ। ਪੀਛੈ = (ਤੁਹਾਡੇ) ਪਿੱਛੇ ਪਿੱਛੇ। ਚਲੀ = ਚਲੀਂ, ਮੈਂ ਤੁਰੀ ਚੱਲਾਂ।੧।ਰਹਾਉ।

ਪ੍ਰਿਅ ਕੇ = ਪਿਆਰੇ ਦੇ। ਸੁਖਾਨੇ = ਮਿੱਠੇ ਲੱਗ ਰਹੇ ਹਨ। ਹੀਅਰੈ = ਹਿਰਦੇ ਵਿਚ। ਚਾਲੁ = (ਜੀਵਨ-) ਤੋਰ, ਜੁਗਤਿ। ਲਟੁਰੀ = ਲਟੋਰ, ਆਪ = ਹੁਦਰੀ। ਮਧੁਰੀ = ਛੋਟੀ, ਥੋੜ੍ਹ = ਵਿਤੀ। ਠਾਕੁਰ ਭਾਈ = ਠਾਕੁਰ ਨੂੰ ਚੰਗੀ ਲੱਗ ਗਈ। ਓਹ ਸੁੰਦਰਿ = ਉਹ ਸੋਹਣੀ ਜੀਵ = ਇਸਤ੍ਰੀ {ਲਫ਼ਜ਼ 'ਸੁੰਦਰ' ਪੁਲਿੰਗ ਹੈ, ਲਫ਼ਜ਼ 'ਸੁੰਦਰਿ' ਇਸਤ੍ਰੀ ਲਿੰਗ}ਢੁਲਿ = ਵਹਿ ਕੇ, ਤਿਲਕ ਕੇ, ਨੀਵੀਂ ਹੋ ਕੇ, ਨਿਮ੍ਰਤਾ ਧਾਰ ਕੇ।੧।

ਭਾਵੈ ਪਿਰ = ਪਿਰ ਨੂੰ ਪਸੰਦ ਆ ਜਾਏ। ਸਾ = ਉਹ ਜੀਵ = ਇਸਤ੍ਰੀ। ਤਿਤੁ = ਉਸ ਵਿਚ। ਤਿਤੁ ਰਾਹਿ = ਉਸ ਰਾਹ ਉੱਤੇ।੨।

ਅਰਥ: ਹੇ ਹਰੀ ਦੇ ਸੰਤ ਜਨੋ! ਮੈਨੂੰ ਦੱਸੋ, ਮੇਰਾ ਸੋਹਣਾ (ਪ੍ਰੀਤਮ) ਕਿਸ ਗਲੀ ਵਿਚ ਮਿਲੇਗਾ? ਮੈਨੂੰ (ਉਸ ਗਲੀ ਦਾ) ਰਸਤਾ ਦੱਸੋ (ਤਾਂ ਕਿ) ਮੈਂ ਭੀ ਤੁਹਾਡੇ ਪਿੱਛੇ ਪਿੱਛੇ ਤੁਰੀ ਚੱਲਾਂ।੧।ਰਹਾਉ।

(ਹੇ ਜਿੱਗਿਆਸੂ ਜੀਵ-ਇਸਤ੍ਰੀ!) ਜਿਸ ਨੂੰ ਪਿਆਰੇ ਪ੍ਰਭੂ ਦੇ ਸਿਫ਼ਤਿ-ਸਾਲਾਹ ਦੇ ਬਚਨ ਹਿਰਦੇ ਵਿਚ ਸੁਖਾ ਜਾਂਦੇ ਹਨ, ਜਿਸ ਨੂੰ ਇਹ ਜੀਵਨ-ਤੋਰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਪਹਿਲਾਂ ਭਾਵੇਂ) ਲਟੋਰ (ਸੀ) ਥੋੜ੍ਹ-ਵਿਤੀ (ਸੀ, ਉਹ) ਮਾਲਕ-ਪ੍ਰਭੂ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਸੋਹਣੀ ਜੀਵ-ਇਸਤ੍ਰੀ ਨਿਮ੍ਰਤਾ ਧਾਰ ਕੇ ਪ੍ਰਭੂ-ਚਰਨਾਂ ਵਿਚ ਮਿਲ ਜਾਂਦੀ ਹੈ।੧।

(ਹੇ ਸਖੀ!) ਇਕ ਪਰਮਾਤਮਾ ਹੀ ਸਭ ਦਾ ਖਸਮ ਹੈ, ਸਾਰੀਆਂ ਸਖੀਆਂ (ਜੀਵ-ਇਸਤ੍ਰੀਆਂ) ਉਸ ਪਿਆਰੇ ਦੀਆਂ ਹੀ ਹਨ; ਪਰ ਜੇਹੜੀ ਪਤੀ-ਪ੍ਰਭੂ ਨੂੰ ਪਸੰਦ ਆ ਜਾਂਦੀ ਹੈ ਉਹ ਚੰਗੀ ਬਣ ਜਾਂਦੀ ਹੈ।

ਵਿਚਾਰਾ ਗਰੀਬ ਨਾਨਕ (ਉਸ ਦੇ ਰਸਤੇ ਉਤੇ ਤੁਰਨ ਲਈ) ਕੀਹ ਕਰ ਸਕਦਾ ਹੈ? ਜੇਹੜੀ ਜੀਵ-ਇਸਤ੍ਰੀ ਹਰੀ-ਪ੍ਰਭੂ ਨੂੰ ਚੰਗੀ ਲੱਗ ਪਏ, ਉਹੀ ਉਸ ਰਸਤੇ ਉਤੇ ਤੁਰ ਸਕਦੀ ਹੈ।੨।

ਦੇਵਗੰਧਾਰੀ ॥ ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥ ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥੧॥ ਰਹਾਉ ॥ ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥ ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥੧॥ ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਹਰਿ ਅੰਮ੍ਰਿਤੁ ਪੀ ਝੋਲੀਐ ॥ ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥੨॥੩॥ {ਪੰਨਾ 527}

ਪਦਅਰਥ: ਮਨ = ਹੇ ਮਨ! ਮੁਖਿ = ਮੂੰਹ ਨਾਲ। ਬੋਲੀਐ = ਬੋਲਣਾ ਚਾਹੀਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਚਲੂਲੇ ਰੰਗਿ = ਗੂੜ੍ਹੇ ਰੰਗ ਵਿਚ। ਰਾਤੀ = ਰੰਗੀ ਜਾਂਦੀ ਹੈ। ਚੋਲੀਐ = ਚੋਲੀ, ਹਿਰਦਾ। ਭੀਨੀ = ਭਿੱਜ ਜਾਂਦੀ ਹੈ, ਤਰ ਹੋ ਜਾਂਦੀ ਹੈ।੧।ਰਹਾਉ।

ਹਉ = ਮੈਂ। ਫਿਰਉ = ਫਿਰਉਂ, ਫਿਰਦੀ ਹਾਂ। ਦਿਵਾਨੀ = ਕਮਲੀ। ਆਵਲ ਬਾਵਲ = ਬਾਵਲੀ, ਝੱਲੀ। ਕਾਰਣਿ = (ਮਿਲਣ) ਵਾਸਤੇ। ਢੋਲੀਐ = ਢੋਲਾ, ਪਿਆਰਾ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਣ ਉੱਡ ਗਿਆ ਹੈ}ਗੁਲ ਗੋਲੀਐ = ਗੋਲੀਆਂ ਦੀ ਗੋਲੀ।੧।

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਝੋਲੀਐ = ਝੋਲ ਕੇ, ਹਿਲਾ ਕੇ, ਪ੍ਰੇਮ ਨਾਲ। ਪ੍ਰਸਾਦਿ = ਕਿਰਪਾ ਨਾਲ। ਦੇਹਿ = ਸਰੀਰ, ਹਿਰਦਾ। ਟੋਲੀਐ = ਟੋਲ ਕੇ।੨।

ਅਰਥ: ਹੇ ਮੇਰੇ ਮਨ! ਮੂੰਹੋਂ ਸਦਾ ਪਰਮਾਤਮਾ ਦਾ ਨਾਮ ਉਚਾਰਨਾ ਚਾਹੀਦਾ ਹੈ। ਹੇ ਭਾਈ! ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ (ਪ੍ਰਭੂ-ਪ੍ਰੇਮ ਦੇ) ਗੂੜ੍ਹੇ ਰੰਗ ਵਿਚ ਰੰਗੀ ਜਾਂਦੀ ਹੈ ਉਸ ਦੀ ਹਿਰਦਾ-ਚੋਲੀ ਪ੍ਰਭੂ-ਪ੍ਰੇਮ ਨਾਲ ਤਰੋ-ਤਰ ਰਹਿੰਦੀ ਹੈ।੧।ਰਹਾਉ।

ਹੇ ਭਾਈ! ਮੈਂ ਉਸ ਪਿਆਰੇ ਹਰੀ-ਪ੍ਰਭੂ ਨੂੰ ਮਿਲਣ ਵਾਸਤੇ ਕਮਲੀ ਹੋਈ ਫਿਰਦੀ ਹਾਂ, ਝੱਲੀ ਹੋਈ ਫਿਰਦੀ ਹਾਂ। ਜੇ ਕੋਈ ਮੈਨੂੰ ਮੇਰਾ ਪਿਆਰਾ ਪ੍ਰੀਤਮ ਮਿਲਾ ਦੇਵੇ, ਤਾਂ ਮੈਂ ਉਸ ਦੀਆਂ ਗੋਲੀਆਂ ਦੀ ਗੋਲੀ (ਬਣਨ ਨੂੰ ਤਿਆਰ ਹਾਂ) ੧।

(ਹੇ ਜਿੱਗਿਆਸੂ ਜੀਵ-ਇਸਤ੍ਰੀ!) ਤੂੰ ਆਪਣੇ ਗੁਰੂ ਸਤਪੁਰਖ ਨੂੰ ਪ੍ਰਸੰਨ ਕਰ ਲੈ (ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਸ਼ੁਰੂ ਕਰ, ਤੇ, ਉਸ ਦਾ ਦਿੱਤਾ ਹੋਇਆ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪ੍ਰੇਮ ਨਾਲ ਪੀਂਦੀ ਰਹੁ (ਇਹੀ ਤਰੀਕਾ ਹੈ ਢੋਲੇ-ਹਰੀ ਨੂੰ ਮਿਲਣ ਦਾ)

ਹੇ ਦਾਸ ਨਾਨਕ! ਗੁਰੂ ਦੀ ਕਿਰਪਾ ਨਾਲ ਹੀ ਪਰਮਾਤਮਾ ਮਿਲਦਾ ਹੈ, ਤੇ ਮਿਲਦਾ ਹੈ ਆਪਣੇ ਹਿਰਦੇ ਵਿਚ ਹੀ ਭਾਲ ਕੀਤਿਆਂ।੨।੩।

ਦੇਵਗੰਧਾਰੀ ॥ ਅਬ ਹਮ ਚਲੀ ਠਾਕੁਰ ਪਹਿ ਹਾਰਿ ॥ ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥੧॥ ਰਹਾਉ ॥ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥ ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥ ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥ {ਪੰਨਾ 527-528}

ਪਦਅਰਥ: ਅਬ = ਹੁਣ। ਪਹਿ = ਪਾਸ, ਕੋਲ। ਹਾਰਿ = ਹਾਰ ਕੇ, ਥੱਕ ਕੇ, ਹੋਰ ਸਾਰੇ ਆਸਰੇ ਛੱਡ ਕੇ। ਜਬ = ਹੁਣ ਜਦੋਂ। ਪ੍ਰ੍ਰਭੂ ਕੀ ਸਰਣਿ = ਹੇ ਪ੍ਰਭੂ! ਤੇਰੀ ਸਰਨ। ਰਾਖੁ = ਬਚਾ ਲੈ।੧।ਰਹਾਉ।

ਲੋਕਨ ਕੀ = ਲੋਕਾਂ ਵਾਲੀ। ਉਪਮਾ = ਵਡਿਆਈ। ਤੇ = ਉਹ ਸਾਰੀਆਂ। ਬੈਸੰਤਰਿ = ਅੱਗ ਵਿਚ। ਜਾਰਿ = ਜਾਰਿ ਦੀਈ, ਸਾੜ ਦਿੱਤੀ ਹੈ। ਕਹਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। ਨੋਟ: ਇਹ ਧਿਆਨ ਰੱਖਣਾ ਕਿ ਇਹ ਲਫ਼ਜ਼ ਇਥੇ 'ਵਰਤਮਾਨ ਕਾਲ, ਉੱਤਮ ਪੁਰਖ, ਇਕ-ਵਚਨ' ਨਹੀਂ ਹੈ} ਬੇਸ਼ੱਕ ਆਖੇ। ਢਾਰਿ ਦੀਓ = ਢਾਲ ਦਿੱਤਾ ਹੈ, ਭੇਟਾ ਕਰ ਦਿੱਤਾ ਹੈ, ਦੇਹ = ਅੱਧਿਆਸ ਦੂਰ ਕਰ ਦਿੱਤਾ ਹੈ, ਸਰੀਰਕ ਮੋਹ ਛੱਡ ਦਿੱਤਾ ਹੈ।੧।

ਠਾਕੁਰ ਪ੍ਰਭ = ਹੇ ਠਾਕੁਰ! ਹੇ ਪ੍ਰਭੂ! ਰਾਖਹੁ = ਤੂੰ ਰੱਖਦਾ ਹੈਂ। ਧਾਰਿ = ਧਾਰ ਕੇ। ਮੁਰਾਰਿ = ਹੇ ਮੁਰਾਰੀ!੨।

ਅਰਥ: ਹੁਣ ਮੈਂ ਹੋਰ ਸਾਰੇ ਆਸਰੇ ਛੱਡ ਕੇ ਮਾਲਕ-ਪ੍ਰਭੂ ਦੀ ਸਰਨ ਆ ਗਈ ਹਾਂ। ਜਦੋਂ ਹੁਣ, ਹੇ ਪ੍ਰਭੂ! ਮੈਂ ਤੇਰੀ ਸਰਨ ਆ ਗਈ ਹਾਂ, ਚਾਹੇ ਮੈਨੂੰ ਰੱਖ ਚਾਹੇ ਮਾਰ (ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲ ਰੱਖ) ੧।ਰਹਾਉ।

ਦੁਨੀਆ ਵਾਲੀ ਸਿਆਣਪ, ਤੇ, ਦੁਨੀਆ ਵਾਲੀ ਵਡਿਆਈ-ਇਹਨਾਂ ਨੂੰ ਮੈਂ ਅੱਗ ਵਿਚ ਸਾੜ ਦਿੱਤਾ ਹੈ। ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ, ਮੈਂ ਤਾਂ ਆਪਣਾ ਸਰੀਰ (ਠਾਕੁਰ ਦੇ ਚਰਨਾਂ ਵਿਚ) ਭੇਟ ਕਰ ਦਿੱਤਾ ਹੈ।੧।

ਹੇ ਮਾਲਕ! ਹੇ ਪ੍ਰਭੂ! ਜੇਹੜਾ ਭੀ ਕੋਈ (ਵਡ-ਭਾਗੀ) ਤੇਰੀ ਸਰਨ ਆ ਪੈਂਦਾ ਹੈ, ਤੂੰ ਮੇਹਰ ਕਰ ਕੇ ਉਸ ਦੀ ਰੱਖਿਆ ਕਰਦਾ ਹੈਂ। ਹੇ ਦਾਸ ਨਾਨਕ! ਆਖ-) ਹੇ ਹਰੀ ਜੀ! ਹੇ ਮੁਰਾਰੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਇੱਜ਼ਤ ਰੱਖ।੨।੪।

TOP OF PAGE

Sri Guru Granth Darpan, by Professor Sahib Singh