ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 542

ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥ ਕਰਿ ਸੇਵਹੁ ਪੂਰਾ ਸਤਿਗੁਰੂ ਮੇਰੇ ਲਾਲ ਜੀਉ ਜਮ ਕਾ ਮਾਰਗੁ ਸਾਧੇ ਰਾਮ ॥ ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥ ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨ੍ਹ੍ਹਾ ਰੈਣਿ ਦਿਨੁ ਲਿਵ ਲਾਈਐ ॥ ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥ ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥੨॥ {ਪੰਨਾ 542}

ਪਦਅਰਥ: ਅਰਾਧੇ = ਆਰਾਧਦਾ ਹੈ। ਕਰਿ ਪੂਰਾ = ਅਭੁੱਲ ਮੰਨ ਕੇ। ਮਾਰਗੁ = ਰਸਤਾ। ਸਾਧੇ = ਸਾਧਦਾ ਹੈ, ਚੰਗਾ ਬਣਾ ਲੈਂਦਾ ਹੈ। ਬਿਖੜਾ = ਔਖਾ। ਸਾਧਿ = ਸਾਧ ਕੇ। ਗੁਰਮੁਖਿ = ਗੁਰੂ ਦੀ ਰਾਹੀਂ। ਪਾਈਐ = ਪ੍ਰਾਪਤ ਕਰ ਲਈਦੀ ਹੈ। ਬਿਧਾਤੈ = ਕਰਤਾਰ ਨੇ। ਧੁਰਹੁ = ਆਪਣੀ ਹਜ਼ੂਰੀ ਤੋਂ। ਰੈਣਿ = ਰਾਤ। ਲਿਵ = ਲਗਨ। ਸੰਗਿ ਸਾਧੇ = ਸਾਧੂ = ਗੁਰੂ ਦੀ ਸੰਗਤਿ ਵਿਚ। ਮੁਕਤੁ = ਵਿਕਾਰਾਂ ਤੋਂ ਆਜ਼ਾਦ। ਅਰਾਧੇ = ਅਰਾਧਿ, ਆਰਾਧ ਕੇ।੨।

ਅਰਥ: ਹੇ ਮੇਰੇ ਪਿਆਰੇ! ਆਖ-) ਹੇ ਸੰਤ-ਜਨ ਸਹੇਲੀਹੋ! ਆਓ, ਰਲ ਕੇ ਸੰਤ-ਸੰਗ ਵਿਚ ਬੈਠੋ, (ਜੇਹੜਾ ਮਨੁੱਖ ਸਤਸੰਗੀਆਂ ਵਿਚ ਮਿਲ ਕੇ ਬੈਠਦਾ ਹੈ ਉਹ) ਪਰਮਾਤਮਾ ਦਾ ਨਾਮ ਸਦਾ ਸਿਮਰਦਾ ਹੈ। ਹੇ ਮੇਰੇ ਪਿਆਰੇ! ਗੁਰੂ ਨੂੰ ਅਭੁੱਲ ਮੰਨ ਕੇ ਗੁਰੂ ਦੀ ਸਰਨ ਪਵੋ (ਜੇਹੜਾ ਇਸ ਤਰ੍ਹਾਂ ਗੁਰੂ ਦੀ ਸਰਨ ਪੈਂਦਾ ਹੈ ਉਹ) ਜਮ ਦੇ ਰਸਤੇ ਨੂੰ (ਆਤਮਕ ਮੌਤ ਲਿਆਉਣ ਵਾਲੇ ਜੀਵਨ-ਰਾਹ ਨੂੰ) ਚੰਗਾ ਬਣਾ ਲੈਂਦਾ ਹੈ। ਗੁਰੂ ਦੀ ਸਰਨ ਪੈ ਕੇ ਔਖੇ ਜੀਵਨ-ਰਾਹ ਨੂੰ ਸੋਹਣਾ ਬਣਾ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਸਕੀਦੀ ਹੈ। (ਪਰ) ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਆਪਣੀ ਹਜ਼ੂਰੀ ਤੋਂ ਕਰਤਾਰ ਨੇ (ਭਗਤੀ ਦਾ ਲੇਖ) ਲਿਖ ਦਿੱਤਾ ਹੈ, ਉਹਨਾਂ ਮਨੁੱਖਾਂ ਦੀ ਸੁਰਤਿ ਦਿਨ ਰਾਤ (ਪ੍ਰਭੂ-ਚਰਨਾਂ ਵਿਚ) ਲਗੀ ਰਹਿੰਦੀ ਹੈ। ਜਦੋਂ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲਦਾ ਹੈ ਤਦੋਂ ਉਸ ਦੇ ਅੰਦਰੋਂ ਹਉਮੈ ਮਮਤਾ (ਅਪਣੱਤ) ਦੂਰ ਹੋ ਜਾਂਦੀ ਹੈ, ਮੋਹ ਮੁੱਕ ਜਾਂਦਾ ਹੈ। ਦਾਸ ਨਾਨਕ ਆਖਦਾ ਹੈ ਕਿ ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਮਨੁੱਖ (ਹਉਮੈ ਮਮਤਾ ਮੋਹ ਆਦਿਕ ਦੇ ਪ੍ਰਭਾਵ ਤੋਂ) ਸੁਤੰਤਰ ਹੋ ਜਾਂਦਾ ਹੈ।੨।

ਕਰ ਜੋੜਿਹੁ ਸੰਤ ਇਕਤ੍ਰ ਹੋਇ ਮੇਰੇ ਲਾਲ ਜੀਉ ਅਬਿਨਾਸੀ ਪੁਰਖੁ ਪੂਜੇਹਾ ਰਾਮ ॥ ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥ ਮਨੁ ਤਨੁ ਧਨੁ ਸਭੁ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵਏ ॥ ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥ ਭਾਗੁ ਮਸਤਕਿ ਹੋਇ ਜਿਸ ਕੈ ਤਿਸੁ ਗੁਰ ਨਾਲਿ ਸਨੇਹਾ ॥ ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥੩॥ {ਪੰਨਾ 542}

ਪਦਅਰਥ: ਕਰ = ਹੱਥ {ਬਹੁ-ਵਚਨ}ਹੋਇ = ਹੋ ਕੇ। ਪੁਰਖੁ = ਸਰਬ = ਵਿਆਪਕ। ਬਹੁ ਬਿਧਿ = ਕਈ ਕਿਸਮਾਂ ਦੀਆਂ। ਖੋਜੀਆ = ਖੋਜੀਆਂ, ਮੈਂ ਭਾਲ ਵੇਖੀਆਂ ਹਨ। ਅਰਪੇਹਾ = ਭੇਟਾ ਕਰੀਏ। ਕੇਰਾ = ਦਾ। ਕੋ = ਕੋਈ ਮਨੁੱਖ। ਕਿਆ ਪੂਜ = ਕੇਹੜੀ ਸ਼ੈ ਭੇਟਾ ਵਜੋਂ। ਅੰਕਿ = ਅੰਕ ਵਿਚ, ਗੋਦ ਵਿਚ। ਸਮਾਏ = ਲੀਨ ਹੋ ਜਾਂਦਾ ਹੈ। ਮਸਤਕਿ = ਮੱਥੇ ਉੱਤੇ। ਸਨੇਹਾ = ਪਿਆਰ। ਮਿਲਿ = ਮਿਲ ਕੇ। ਪੂਜੇਹਾ = ਪੂਜੀਏ।੩।

ਅਰਥ: ਹੇ ਮੇਰੇ ਪਿਆਰੇ! ਆਖ-) ਹੇ ਸੰਤ ਜਨੋ! ਸਾਧ ਸੰਗਤਿ ਵਿਚ) ਇਕੱਠੇ ਹੋ ਕੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜਿਆ ਕਰੋ, ਤੇ, ਉਸ ਨਾਸ-ਰਹਿਤ ਸਰਬ-ਵਿਆਪਕ ਪਰਮਾਤਮਾ ਦੀ ਭਗਤੀ ਕਰਿਆ ਕਰੋ। ਹੇ ਮੇਰੇ ਪਿਆਰੇ! ਮੈਂ ਹੋਰ ਕਈ ਕਿਸਮਾਂ ਦੀ ਪੂਜਾ-ਭੇਟਾ ਭਾਲ ਵੇਖੀ ਹੈ (ਪਰ ਸਭ ਤੋਂ ਸ੍ਰੇਸ਼ਟ ਪੂਜਾ ਇਹ ਹੈ ਕਿ) ਆਪਣਾ ਇਹ ਮਨ ਇਹ ਸਰੀਰ ਸਭ ਭੇਟਾ ਕਰ ਦੇਣਾ ਚਾਹੀਦਾ ਹੈ। (ਫਿਰ ਭੀ, ਮਾਣ ਕਾਹਦਾ?) ਇਹ ਮਨ, ਇਹ ਸਰੀਰ, ਇਹ ਧਨ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, (ਸੋ,) ਕੋਈ ਮਨੁੱਖ (ਆਪਣੀ ਮਲਕੀਅਤ ਦੀ) ਕੇਹੜੀ ਚੀਜ਼ ਭੇਟਾ ਕਰ ਸਕਦਾ ਹੈ? ਜਿਸ ਮਨੁੱਖ ਉੱਤੇ ਪ੍ਰਭੂ-ਮਾਲਕ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹ ਉਸ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ (ਬੱਸ! ਇਹੀ ਹੈ ਭੇਟਾ ਤੇ ਪੂਜਾ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ, ਉਸ ਦਾ ਆਪਣੇ ਗੁਰੂ ਨਾਲ ਪਿਆਰ ਬਣ ਜਾਂਦਾ ਹੈ। ਦਾਸ ਨਾਨਕ ਆਖਦਾ ਹੈ-(ਹੇ ਸੰਤ ਜਨੋ!) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।੩।

ਦਹ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ ਹਰਿ ਪਾਇਅੜਾ ਘਰਿ ਆਏ ਰਾਮ ॥ ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥ ਸਰਬੇ ਸਮਾਣਾ ਆਪਿ ਸੁਆਮੀ ਗੁਰਮੁਖਿ ਪਰਗਟੁ ਹੋਇਆ ॥ ਮਿਟਿਆ ਅਧੇਰਾ ਦੂਖੁ ਨਾਠਾ ਅਮਿਉ ਹਰਿ ਰਸੁ ਚੋਇਆ ॥ ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ ॥ ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥੪॥੧॥ {ਪੰਨਾ 542}

ਪਦਅਰਥ: ਦਹਦਿਸ = ਦਸੀਂ ਪਾਸੀਂ। ਪਾਇਅੜਾ = ਲੱਭ ਲਿਆ। ਘਰਿ = ਹਿਰਦੇ = ਘਰ ਵਿਚ। ਆਏ = ਆਇ, ਆ ਕੇ। ਹਰਿ ਮੰਦਰੁ = ਹਰੀ ਨੇ ਆਪਣੇ ਰਹਿਣ ਲਈ ਘਰ। ਸਰਬੇ = ਸਭ ਜੀਵਾਂ ਵਿਚ। ਗੁਰਮੁਖਿ = ਗੁਰੂ ਦੀ ਰਾਹੀਂ। ਅਧੇਰਾ = ਹਨੇਰਾ। ਨਾਠਾ = ਨੱਠ ਗਿਆ। ਅਮਿਉ = ਅੰਮ੍ਰਿਤੁ, ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਠਾਏ = ਠਾਈਂ, ਥਾਈਂ। ਸਤਿਗੁਰਿ = ਗੁਰੂ ਨੇ।੪।

ਅਰਥ: ਹੇ ਮੇਰੇ ਪਿਆਰੇ! ਪਰਮਾਤਮਾ ਨੂੰ ਲੱਭਣ ਵਾਸਤੇ) ਅਸੀ ਦਸੀਂ ਪਾਸੀਂ ਭਾਲ ਕਰਦੇ ਫਿਰੇ, ਪਰ ਉਸ ਪਰਮਾਤਮਾ ਨੂੰ ਹੁਣ ਹਿਰਦੇ-ਘਰ ਵਿਚ ਹੀ ਆ ਕੇ ਲੱਭ ਲਿਆ ਹੈ। ਹੇ ਮੇਰੇ ਪਿਆਰੇ! ਇਸ ਮਨੁੱਖਾ ਸਰੀਰ ਨੂੰ) ਪਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਹੈ, ਪਰਮਾਤਮਾ ਇਸ (ਸਰੀਰ-ਘਰ) ਵਿਚ ਟਿਕਿਆ ਰਹਿੰਦਾ ਹੈ। ਮਾਲਕ-ਪ੍ਰਭੂ ਆਪ ਹੀ ਸਾਰੇ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ, ਪਰ ਉਸ ਦੀ ਇਸ ਹੋਂਦ ਦਾ ਪਰਕਾਸ਼ ਗੁਰੂ ਦੀ ਸਰਨ ਪਿਆਂ ਹੀ ਹੁੰਦਾ ਹੈ। (ਗੁਰੂ ਜਿਸ ਮਨੁੱਖ ਦੇ ਮੂੰਹ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਾਮ-ਰਸ ਚੋ ਦੇਂਦਾ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਮਿਟ ਜਾਂਦਾ ਹੈ, ਉਸ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। (ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਜਿੱਧਰ ਵੇਖਦਾ ਹਾਂ ਉਧਰ ਹੀ ਮੈਨੂੰ ਮਾਲਕ ਪਰਮਾਤਮਾ ਸਭ ਥਾਈਂ ਵੱਸਦਾ ਦਿੱਸਦਾ ਹੈ। ਦਾਸ ਨਾਨਕ ਆਖਦਾ ਹੈ-ਗੁਰੂ ਨੇ ਮੈਨੂੰ ਪਰਮਾਤਮਾ ਮਿਲਾ ਦਿੱਤਾ ਹੈ, ਮੈਂ ਪਰਮਾਤਮਾ ਨੂੰ ਆਪਣੇ ਹਿਰਦੇ-ਘਰ ਵਿਚ ਆ ਕੇ ਲੱਭ ਲਿਆ ਹੈ।੪।੧।

ਰਾਗੁ ਬਿਹਾਗੜਾ ਮਹਲਾ ੫ ॥ ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥ ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥ ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥ ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥੧॥ {ਪੰਨਾ 542}

ਪਦਅਰਥ: ਅਤਿ ਪ੍ਰੀਤਮ = ਬਹੁਤ ਪਿਆਰਾ ਲੱਗਣ ਵਾਲਾ। ਮੋਹਨਾ = ਮੋਹ ਲੈਣ ਵਾਲਾ। ਘਟ ਸੋਹਨਾ = ਹਰੇਕ ਘਟ ਵਿਚ ਸੋਭ ਰਿਹਾ। ਪ੍ਰਾਨ ਅਧਾਰਾ = ਜਿੰਦ ਦਾ ਆਸਰਾ। ਅਪਰ ਅਪਾਰਾ = ਪਰੇ ਤੋਂ ਪਰੇ, ਬੇਅੰਤ। ਲਾਲਨ = ਹੇ ਲਾਲ! ਕੰਤ = ਹੇ ਕੰਤ! ਨੈਨ = ਅੱਖਾਂ। ਦਰਸ ਪਰਸਨ = ਦਰਸਨ ਦੀ ਛੂਹ ਪ੍ਰਾਪਤ ਕਰਨ ਲਈ। ਰੈਣਿ = ਰਾਤ। ਵਿਹਾਣੀਆ = ਗੁਜ਼ਰ ਜਾਂਦੀ ਹੈ। ਅੰਜਨ = ਸੁਰਮਾ। ਬਿੰਜਨ = ਭੋਜਨ। ਸੀਗਾਰਾ = ਸਿੰਗਾਰ। ਪਇਅੰਪੈ = ਚਰਨੀਂ ਪੈਂਦਾ ਹੈ। ਜੰਪੈ = ਬੇਨਤੀ ਕਰਦਾ ਹੈ। ਕੰਤੁ = ਖਸਮ {ਲਫ਼ਜ਼ 'ਕੰਤ' ਅਤੇ 'ਕੰਤੁ' ਵਿਚ ਫ਼ਰਕ ਵੇਖੋ}੧।

ਅਰਥ: (ਹੇ ਭਾਈ!) ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ, ਸਭ ਦੇ ਮਨ ਨੂੰ ਮੋਹ ਲੈਣ ਵਾਲਾ ਹੈ, ਸਭ ਸਰੀਰਾਂ ਵਿਚ ਸੋਭ ਰਿਹਾ ਹੈ, ਸਭ ਦੇ ਜੀਵਨ ਦਾ ਸਹਾਰਾ ਹੈ। ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ (ਪਸਰ ਰਹੀ) ਹੈ, ਬੜੀ ਬੇਅੰਤ ਸੋਭਾ ਹੈ।

ਹੇ ਦਿਆਲ ਗੋਬਿੰਦ! ਹੇ ਗੋਪਾਲ ਹੇ ਪਿਆਰੇ ਕੰਤ! ਮੈਨੂੰ ਨਿਮਾਣੀ ਨੂੰ ਮਿਲ। ਮੇਰੀਆਂ ਅੱਖਾਂ ਤੇਰੇ ਦਰਸਨ ਦੀ ਛੂਹ ਹਾਸਲ ਕਰਨ ਲਈ ਤਰਸਦੀਆਂ ਰਹਿੰਦੀਆਂ ਹਨ। ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ, (ਪਰ ਮੈਨੂੰ ਤੇਰੇ ਮਿਲਾਪ ਤੋਂ ਪੈਦਾ ਹੋਣ ਵਾਲੀ) ਸ਼ਾਂਤੀ ਨਹੀਂ ਮਿਲ ਰਹੀ।

ਜਿਸ ਨੂੰ ਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮਿਲ ਗਿਆ, ਜਿਸ ਨੂੰ (ਆਤਮਕ ਜੀਵਨ ਦਾ) ਭੋਜਨ ਹਰਿ-ਨਾਮ ਮਿਲ ਗਿਆ, ਉਸ ਦੇ ਸਾਰੇ (ਆਤਮਕ) ਸਿੰਗਾਰ ਸਫਲ ਹੋ ਗਏ। ਨਾਨਕ ਸੰਤ ਜਨਾਂ ਦੀ ਚਰਨੀਂ ਪੈਂਦਾ ਹੈ, ਸੰਤਾਂ ਜਨਾਂ ਅੱਗੇ ਅਰਜ਼ੋਈ ਕਰਦਾ ਹੈ, ਕਿ ਮੈਨੂੰ ਮੇਰਾ ਪ੍ਰਭੂ-ਪਤੀ ਮਿਲਾਵੋ।੧।

ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥ ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹ ਚਲੈ ਰਾਮ ॥ ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥ ਖਾਨ ਪਾਨ ਸੀਗਾਰ ਬਿਰਥੇ ਹਰਿ ਕੰਤ ਬਿਨੁ ਕਿਉ ਜੀਜੀਐ ॥ ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥ ਨਾਨਕੁ ਪਇਅੰਪੈ ਸੰਤ ਦਾਸੀ ਤਉ ਪ੍ਰਸਾਦਿ ਮੇਰਾ ਪਿਰੁ ਮਿਲੈ ॥੨॥ {ਪੰਨਾ 542-543}

ਪਦਅਰਥ: ਉਲਾਹਨੇ = ਉਲਾਂਭੇ, ਗਿਲੇ। ਕਰਉ = ਕਰਉਂ, ਮੈਂ ਕਰਦੀ ਹਾਂ। ਉਪਾਵ = ਕਈ ਹੀਲੇ {ਲਫ਼ਜ਼ 'ਉਪਾਉ' उपाय ਤੋਂ ਬਹੁ-ਵਚਨ}ਚਲ = ਚੰਚਲ। ਬਿਤ = ਧਨ। ਅਨਿਤ = ਨਿੱਤ ਨਾਹ ਰਹਿਣ ਵਾਲਾ। ਕਵਨ ਬਿਧਿ = ਕਿਸੇ ਤਰ੍ਹਾਂ ਭੀ। ਧੀਜੀਐ = ਧੀਰਜ ਆਉਂਦੀ। ਜੀਜੀਐ = ਜੀਵਿਆ ਜਾਏ। ਰੈਨਿ = ਰਾਤ। ਦਿਨੀਅਰੁ {दिनकर = ਸੂਰਜ} ਸੂਰਜ, ਦਿਨ। ਇਕੁ ਤਿਲੈ = ਥੋੜਾ ਜਿਤਨਾ ਸਮਾ ਭੀ। ਸੰਤ = ਹੇ ਸੰਤ! ਹੇ ਗੁਰੂ! ਤਉ ਪ੍ਰਸਾਦਿ = ਤੇਰੀ ਕਿਰਪਾ ਨਾਲ।੨।

ਅਰਥ: ਜਦ ਤਕ ਪਰਮਾਤਮਾ ਨਹੀਂ ਮਿਲਦਾ, ਜਦ ਤਕ (ਮੇਰੀਆਂ ਭੁੱਲਾਂ ਦੇ) ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿੰਦੇ ਹਨ। ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹੀਲੇ ਕਰਦੀ ਹਾਂ, ਪਰ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਪਿਆਰੇ ਪ੍ਰਭੂ ਦੇ ਮਿਲਾਪ ਤੋਂ ਬਿਨਾ ਕਿਸੇ ਤਰ੍ਹਾਂ ਭੀ ਮਨ ਨੂੰ ਧੀਰਜ ਨਹੀਂ ਆਉਂਦੀ, ਚਿੱਤ (ਧਨ ਦੀ ਖ਼ਾਤਰ) ਹਰ ਵੇਲੇ ਨੱਠਾ ਫਿਰਦਾ ਹੈ; ਤੇ, ਧਨ ਭੀ ਸਦਾ ਨਾਲ ਨਹੀਂ ਨਿਭਦਾ। ਸਾਰੇ ਖਾਣ ਪੀਣ ਸਿੰਗਾਰ ਪ੍ਰਭੂ-ਪਤੀ ਤੋਂ ਬਿਨਾ ਵਿਅਰਥ ਹਨ, ਪ੍ਰਭੂ-ਪਤੀ ਤੋਂ ਬਿਨਾ ਜੀਵਨ ਦਾ ਕੋਈ ਕਜ ਨਹੀਂ। ਪ੍ਰਭੂ-ਪਤੀ ਤੋਂ ਬਿਨਾ (ਦੁਨੀਆ ਵਾਲੀਆਂ) ਆਸਾਂ (ਵਿਆਕੁਲ ਕਰੀ ਰੱਖਦੀਆਂ ਹਨ) ਮਾਇਆ ਦੀ ਤ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ। ਰਤਾ ਜਿਤਨੇ ਸਮੇ ਲਈ ਭੀ ਜਿੰਦ ਟਿਕਾਣੇ ਨਹੀਂ ਆਉਂਦੀ। ਨਾਨਕ ਬੇਨਤੀ ਕਰਦਾ ਹੈ-ਹੇ ਗੁਰੂ! ਮੈਂ (ਜੀਵ-ਇਸਤ੍ਰੀ) ਤੇਰੀ ਦਾਸੀ ਆ ਬਣੀ ਹਾਂ, ਤੇਰੀ ਕਿਰਪਾ ਨਾਲ (ਹੀ) ਮੇਰਾ ਪ੍ਰਭੂ ਪਤੀ (ਮੈਨੂੰ) ਮਿਲ ਸਕਦਾ ਹੈ।੨।

TOP OF PAGE

Sri Guru Granth Darpan, by Professor Sahib Singh