ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 544 ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥ ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥ ਦੂਖੁ ਰੋਗੁ ਨ ਭਉ ਬਿਆਪੈ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥ ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥ ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥ {ਪੰਨਾ 544} ਪਦਅਰਥ: ਨਾਨਕ = ਹੇ ਨਾਨਕ! ਜਾ ਕੀ = ਜਿਸ ਦੀ। ਕਲ = ਕਲਾ, ਮੱਤਾ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਮਨਹੁ = ਮਨ ਤੋਂ। ਪੁਰਖੁ = ਸਰਬ = ਵਿਆਪਕ। ਮੁਰਾਰੀ = {ਮੁਰ = ਅਰਿ। ਅਰਿ = ਵੈਰੀ} ਪਰਮਾਤਮਾ। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪੂਰਬਿ = ਪੂਰਬਲੇ ਜਨਮ ਵਿਚ (ਕਮਾਏ ਅਨੁਸਾਰ) । ਪਾਇਆ = ਪ੍ਰਾਪਤ ਕਰ ਲਿਆ। ਵਧਾਈ = ਵਧਦੀ ਦਸ਼ਾ, ਚੜ੍ਹਦੀ ਕਲਾ। ਵਜੀ = ਵੱਜ ਪਈ (ਜਿਵੇਂ ਵਾਜਾ ਵੱਜਿਆਂ ਹੋਰ ਨਿੱਕੇ ਖੜਾਕ ਨਹੀਂ ਸੁਣੀਦੇ) । ਮਨਿ = ਮਨ ਵਿਚ। ਅਪਾਰੀ = ਬੇਅੰਤ। ਨਾਨਕੁ = {ਲਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਵੇਖੋ}। ਸਿਮਰਿ = ਸਿਮਰ ਕੇ। ਪੁੰਨੀ = ਪੂਰੀ ਹੋ ਗਈ।੪। ਅਰਥ: ਹੇ ਨਾਨਕ! ਸਦਾ) ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ (ਸਾਰੇ ਸੰਸਾਰ ਵਿਚ) ਜਿਸ ਦੀ ਸੱਤਾ ਕੰਮ ਕਰ ਰਹੀ ਹੈ। (ਹੇ ਨਾਨਕ! ਗੁਰੂ ਦੀ ਸਰਨ ਪੈਣਾ ਚਾਹੀਦਾ ਹੈ) ਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ। ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ। ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ (ਸਮਝੋ) , ਪੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ (ਮੱਥੇ ਉੱਤੇ ਭਗਤੀ ਦਾ) ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ। ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ। ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ (ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ) ਆਸ ਪੂਰੀ ਹੋ ਗਈ ਹੈ।੪।੩। ਬਿਹਾਗੜਾ ਮਹਲਾ ੫ ਘਰੁ ੨ ੴ ਸਤਿ ਨਾਮੁ ਗੁਰ ਪ੍ਰਸਾਦਿ ॥ ਵਧੁ ਸੁਖੁ ਰੈਨੜੀਏ ਪ੍ਰਿਅ ਪ੍ਰੇਮੁ ਲਗਾ ॥ ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥ ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥ ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥ ਗਹਿ ਭੁਜਾ ਲੀਨ੍ਹ੍ਹੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਰਹਉ ਚਰਣਹ ਸੰਗਿ ਲਗਾ ॥੧॥ {ਪੰਨਾ 544} ਪਦਅਰਥ: ਵਧੁ = ਲੰਮੀ ਹੁੰਦੀ ਜਾ। ਸੁਖ = ਆਤਮਕ ਆਨੰਦ। ਰੈਨੜੀਏ = ਹੇ ਸੋਹਣੀ ਰਾਤ! ਪ੍ਰਿਅ = ਪਿਆਰੇ ਦਾ। ਘਟੁ = ਮੁੱਕਦੀ ਜਾ। ਨੀਦੜੀਏ = ਹੇ ਕੋਝੀ (ਗ਼ਫ਼ਲਤ ਦੀ) ਨੀਂਦ! ਪਰਸਉ = ਮੈਂ ਛੁਂਹਦੀ ਰਹਾਂ। ਪਗ = ਪੈਰ। ਬਾਂਛਉ = ਮੈਂ ਲੋਚਦੀ ਹਾਂ। ਜਾਚਉ = ਮੈਂ ਮੰਗਦੀ ਹਾਂ, ਜਾਚਉਂ। ਰਸਿ = ਰਸ ਵਿਚ। ਰੰਗਿ = ਰੰਗ ਵਿਚ। ਸਹਜ = ਆਤਮਕ ਅਡੋਲਤਾ। ਗਹਿ = ਫੜ ਕੇ। ਭੁਜਾ = ਬਾਂਹ। ਭੀਨੀ = ਭਿੱਜ ਗਈ। ਸਚ = ਸਦਾ-ਥਿਰ ਰਹਿਣ ਵਾਲਾ। ਮਗਾ = ਰਸਤਾ। ਰਹਉ = ਰਹਉਂ, ਮੈਂ ਰਹਾਂ।੧। ਅਰਥ: ਹੇ ਆਤਮਕ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ, (ਮੇਰੇ ਹਿਰਦੇ ਵਿਚ) ਪਿਆਰੇ ਦਾ ਪ੍ਰੇਮ ਬਣਿਆ ਰਹੇ। ਹੇ ਦੁਖਦਾਈ ਕੋਝੀ (ਗ਼ਫ਼ਲਤ ਦੀ) ਨੀਂਦ! ਤੂੰ ਘਟਦੀ ਜਾ, ਮੈਂ (ਤੈਥੋਂ ਬਚ ਕੇ) ਪ੍ਰਭੂ ਦੇ ਚਰਨ ਸਦਾ ਛੁਂਹਦੀ ਰਹਾਂ। ਮੈਂ (ਪ੍ਰਭੂ ਦੇ) ਚਰਨਾਂ ਦੀ ਧੂੜ ਲੋਚਦੀ ਹਾਂ, ਮੈਂ ਸਦਾ (ਉਸ ਦੇ ਦਰ ਤੋਂ ਇਹੀ) ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿਚ (ਦੁਨੀਆ ਵਲੋਂ) ਵੈਰਾਗਵਾਨ ਹੋਈ ਰਹਾਂ, ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਆਤਮਕ ਅਡੋਲਤਾ ਦੇ (ਆਨੰਦ ਵਿਚ) ਮਸਤ ਮੈਂ ਇਸ ਵੱਡੀ (ਵੈਰਨ) ਭੈੜੀ ਮਤਿ ਦਾ ਤਿਆਗ ਕਰੀ ਰੱਖਾਂ। (ਪ੍ਰਭੂ ਨੇ ਮੇਰੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੈਂ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਈ ਹਾਂ, ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ (ਜ਼ਿੰਦਗੀ ਦਾ ਸਹੀ) ਰਸਤਾ ਹੈ। ਨਾਨਕ ਬੇਨਤੀ ਕਰਦਾ ਹੈ (-ਹੇ ਪ੍ਰਭੂ!) ਕਿਰਪਾ ਕਰ, ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾਂ।੧। ਮੇਰੀ ਸਖੀ ਸਹੇਲੜੀਹੋ ਪ੍ਰਭ ਕੈ ਚਰਣਿ ਲਗਹ ॥ ਮਨਿ ਪ੍ਰਿਅ ਪ੍ਰੇਮੁ ਘਣਾ ਹਰਿ ਕੀ ਭਗਤਿ ਮੰਗਹ ॥ ਹਰਿ ਭਗਤਿ ਪਾਈਐ ਪ੍ਰਭੁ ਧਿਆਈਐ ਜਾਇ ਮਿਲੀਐ ਹਰਿ ਜਨਾ ॥ ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ ॥ ਬਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤਿ ਹਰਿ ਹਰਿ ਮਿਲਿ ਭਗਹ ॥ ਬਿਨਵੰਤਿ ਨਾਨਕ ਸੁਣਿ ਮੰਤ੍ਰੁ ਸਖੀਏ ਹਰਿ ਨਾਮੁ ਨਿਤ ਨਿਤ ਨਿਤ ਜਪਹ ॥੨॥ {ਪੰਨਾ 544} ਪਦਅਰਥ: ਕੈ ਚਰਣਿ = ਦੇ ਚਰਨ ਵਿਚ {ਇਕ-ਵਚਨ}। ਲਗਹ = ਆਓ, ਅਸੀ ਲੱਗੀਏ {ਵਰਤਮਾਨ, ਉੱਤਮ ਪੁਰਖ, ਬਹੁ-ਵਚਨ}। ਮਨਿ = ਮਨ ਵਿਚ। ਘਣਾ = ਬਹੁਤ। ਮੰਗਹ = ਆਓ, ਅਸੀ ਮੰਗੀਏ। ਪਾਈਐ = ਪਾ ਲਈਦੀ ਹੈ। ਜਾਇ = ਜਾ ਕੇ। ਤਜੀਐ = ਛੱਡ ਦੇਣਾ ਚਾਹੀਦਾ ਹੈ। ਅਰਪਿ = ਭੇਟਾ ਕਰ ਕੇ। ਭ੍ਰਮ ਭੀਤਿ = ਭਟਕਣਾ ਦੀ ਕੰਧ। ਮਿਲਿ = ਮਿਲ ਕੇ। ਭਗਹ = ਆਓ, ਤੋੜ ਦੇਈਏ। ਮੰਤ੍ਰੁ = ਸਲਾਹ। ਜਪਹ = ਆਓ, ਅਸੀ ਜਪੀਏ।੨। ਅਰਥ: ਹੇ ਮੇਰੀ ਸਖੀਹੋ! ਹੇ ਮੇਰੀ ਪਿਆਰੀ ਸਹੇਲੀਹੋ! ਆਓ, ਅਸੀ ਪ੍ਰਭੂ ਦੇ ਚਰਨਾਂ ਵਿਚ ਜੁੜੀਏ। (ਮੇਰੇ) ਮਨ ਵਿਚ ਪਿਆਰੇ ਦਾ ਬਹੁਤ ਪ੍ਰੇਮ ਵੱਸ ਰਿਹਾ ਹੈ, ਆਓ ਅਸੀ (ਉਸ ਪਾਸੋਂ) ਭਗਤੀ ਦੀ ਦਾਤਿ ਮੰਗੀਏ। ਹੇ ਸਹੇਲੀਹੋ! ਜਾ ਕੇ ਹਰੀ ਦੇ ਸੰਤ ਜਨਾਂ ਨੂੰ ਮਿਲਣਾ ਚਾਹੀਦਾ ਹੈ (ਉਹਨਾਂ ਦੀ ਸਹਾਇਤਾ ਨਾਲ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਇਸੇ ਤਰ੍ਹਾਂ) ਪਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ। ਹੇ ਸਖੀਹੋ! ਆਪਣਾ ਇਹ ਮਨ ਇਹ ਸਰੀਰ ਇਹ ਧਨ (ਸਭ ਕੁਝ) ਭੇਟਾ ਕਰ ਕੇ (ਆਪਣੇ ਅੰਦਰੋਂ) ਅਹੰਕਾਰ, ਮਾਇਆ ਦਾ ਮੋਹ, ਵਿਕਾਰ ਦੂਰ ਕਰ ਦੇਣਾ ਚਾਹੀਦਾ ਹੈ। ਹੇ ਸਹੇਲੀਹੋ! ਜੋ ਪ੍ਰਭੂ ਸਭ ਤੋਂ ਵੱਡਾ ਹੈ, ਸਰਬ-ਵਿਆਪਕ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਉਸ ਨੂੰ ਮਿਲ ਕੇ (ਉਸ ਨਾਲੋਂ ਵਿੱਥ ਪਾਣ ਵਾਲੀ ਆਪਣੇ ਅੰਦਰੋਂ) ਭਟਕਣਾ ਦੀ ਕੰਧ ਢਾਹ ਦੇਈਏ। ਨਾਨਕ ਬੇਨਤੀ ਕਰਦਾ ਹੈ-ਹੇ ਮੇਰੀ ਸਹੇਲੀਏ! ਮੇਰੀ ਸਲਾਹ ਸੁਣ, ਆਓ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਰਹੀਏ।੨। ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ ॥ ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥ ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ ॥ ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ ॥ ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਣਾ ਪ੍ਰਿਅ ਬਚਨ ਮੀਠੇ ਭਾਣੇ ॥ ਬਿਨਵੰਤਿ ਨਾਨਕ ਮਨ ਇਛ ਪਾਈ ਹਰਿ ਮਿਲੇ ਪੁਰਖ ਚਿਰਾਣੇ ॥੩॥ {ਪੰਨਾ 544} ਪਦਅਰਥ: ਹਰਿ ਨਾਰਿ = ਪ੍ਰਭੂ = ਪਤੀ ਦੀ ਇਸਤ੍ਰੀ। ਸੁਹਾਗਣੇ = ਚੰਗੇ ਭਾਗਾਂ ਵਾਲੀ। ਸਭਿ = ਸਾਰੇ। ਬੈਸਈ = ਬੈਸੇ, ਬੈਠਦੀ। ਚਿਰਾਣੇ = ਮੁੱਢ = ਕਦੀਮਾਂ ਦੇ। ਤੇ = ਉਹ ਜੀਵ = ਇਸਤ੍ਰੀਆਂ {ਬਹੁ-ਵਚਨ}। ਸਹਜਿ = ਆਤਮਕ ਅਡੋਲਤਾ ਵਿਚ। ਸੋਵਹਿ = ਸੌਂਦੀਆਂ ਹਨ, ਲੀਨ ਰਹਿੰਦੀਆਂ ਹਨ। ਕਿਲਬਿਖ = ਪਾਪ। ਜਾਗੀਆ = (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੀਆਂ ਹਨ। ਮਿਲਿ = (ਸਾਧ ਸੰਗਤਿ ਵਿਚ) ਮਿਲ ਕੇ। ਪ੍ਰਿਅ ਬਚਨ = ਪਿਆਰੇ ਦੇ ਬੋਲ। ਭਾਣੇ = ਚੰਗੇ ਲੱਗਦੇ ਹਨ। ਮਨ ਇਛ = ਮਨ ਦੀ ਕਾਮਨਾ।੩। ਅਰਥ: ਜੇਹੜੀ ਜੀਵ-ਇਸਤ੍ਰੀ ਆਪਣੇ ਆਪ ਨੂੰ ਪ੍ਰਭੂ-ਪਤੀ ਦੇ ਹਵਾਲੇ ਕਰ ਦੇਂਦੀ ਹੈ ਉਹ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਾਰੇ ਆਨੰਦ ਮਾਣਦੀ ਹੈ ਉਹ ਕਦੇ ਵੀ ਨਿਖਸਮੀ ਨਹੀਂ ਹੁੰਦੀ, (ਉਸ ਦੇ ਸਿਰ ਉੱਤੇ) ਮੁੱਢ-ਕਦੀਮਾਂ ਦਾ ਖਸਮ-ਪ੍ਰਭੂ (ਹੱਥ ਰੱਖੀ ਰੱਖਦਾ ਹੈ) , ਉਸ ਜੀਵ-ਇਸਤ੍ਰੀ ਨੂੰ ਕੋਈ ਦੁੱਖ ਨਹੀਂ ਵਿਆਪਦਾ ਉਹ ਸਦਾ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ। ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਨਾਮ ਦੇ ਸਵਾਦ ਵਿਚ ਪ੍ਰਭੂ ਦੇ ਪ੍ਰੇਮ ਵਿਚ (ਟਿਕ ਕੇ, ਮਾਇਆ ਦੇ ਮੋਹ ਦੀ ਨੀਂਦ ਵਿਚ ਪੈਣੋਂ) ਸੁਚੇਤ ਰਹਿੰਦੀਆਂ ਹਨ ਉਹ ਮੁਬਾਰਿਕ ਹਨ ਉਹ ਵੱਡੇ ਭਾਗਾਂ ਵਾਲੀਆਂ ਹਨ ਉਹ ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਿੰਦੀਆਂ ਹਨ, ਉਹ (ਆਪਣੇ ਅੰਦਰੋਂ ਸਾਰੇ) ਪਾਪ ਦੂਰ ਕਰ ਲੈਂਦੀਆਂ ਹਨ। ਨਾਨਕ ਬੇਨਤੀ ਕਰਦਾ ਹੈ-ਜੇਹੜੀਆਂ ਜੀਵ-ਇਸਤ੍ਰੀਆਂ (ਸਾਧ ਸੰਗਤਿ ਵਿਚ) ਪ੍ਰੇਮ ਨਾਲ ਮਿਲ ਕੇ ਰਹਿੰਦੀਆਂ ਹਨ, ਪ੍ਰਭੂ ਦਾ ਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਸਿੰਗਾਰ ਬਣਿਆ ਰਹਿੰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਮਿੱਠੇ ਲੱਗਦੇ ਹਨ, ਚੰਗੇ ਲੱਗਦੇ ਹਨ, ਉਹਨਾਂ ਦੀ (ਚਿਰਾਂ ਦੀ) ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ (ਭਾਵ) ਉਹਨਾਂ ਨੂੰ ਮੁੱਢ-ਕਦੀਮਾਂ ਦਾ ਪਤੀ-ਪ੍ਰਭੂ ਮਿਲ ਪੈਂਦਾ ਹੈ।੩। ਤਿਤੁ ਗ੍ਰਿਹਿ ਸੋਹਿਲੜੇ ਕੋਡ ਅਨੰਦਾ ॥ ਮਨਿ ਤਨਿ ਰਵਿ ਰਹਿਆ ਪ੍ਰਭ ਪਰਮਾਨੰਦਾ ॥ ਹਰਿ ਕੰਤ ਅਨੰਤ ਦਇਆਲ ਸ੍ਰੀਧਰ ਗੋਬਿੰਦ ਪਤਿਤ ਉਧਾਰਣੋ ॥ ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥ ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ ॥ ਬਿਨਵੰਤਿ ਨਾਨਕ ਹਰਿ ਕੰਤੁ ਮਿਲਿਆ ਸਦਾ ਕੇਲ ਕਰੰਦਾ ॥੪॥੧॥੪॥ {ਪੰਨਾ 544} ਪਦਅਰਥ: ਤਿਤੁ = ਉਸ ਵਿਚ। ਗ੍ਰਿਹਿ = ਘਰ ਵਿਚ। ਤਿਤੁ ਗ੍ਰਿਹਿ = ਉਸ ਹਿਰਦੇ = ਘਰ ਵਿਚ। ਸੋਹਿਲੜੇ = ਖ਼ੁਸ਼ੀ ਦੇ ਗੀਤ। ਕੋਡ = ਕੌਤਕ, ਤਮਾਸ਼ੇ। ਮਨਿ = ਮਨ ਵਿਚ। ਤਨਿ = ਸਰੀਰ ਵਿਚ, ਹਿਰਦੇ ਵਿਚ। ਰਵਿ ਰਹਿਆ = ਆ ਵੱਸਿਆ। ਪਰਮਾਨੰਦਾ = ਸਭ ਤੋਂ ਉੱਚੇ ਆਨੰਦ ਦਾ ਮਾਲਕ। ਅਨੰਤ = ਬੇਅੰਤ। ਦਇਆਲ = ਦਇਆ ਦਾ ਘਰ। ਸ੍ਰੀਧਰ = {ਸ੍ਰੀ = ਲੱਛਮੀ} ਮਾਇਆ ਦਾ ਪਤੀ। ਪਤਿਤ ਉਧਾਰਣੋ = ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ। ਪ੍ਰਭਿ = ਪ੍ਰਭੂ ਨੇ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}। ਸਿੰਧੁ = ਸਮੁੰਦਰ। ਸਾਗਰ = ਸਮੁੰਦਰ। ਕੰਠਿ = ਗਲ ਨਾਲ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ। ਸੰਦਾ = ਦਾ। ਕੇਲ = ਚੋਜ = ਤਮਾਸ਼ੇ। ਕਰੰਦਾ = ਕਰਨ ਵਾਲਾ।੪। ਅਰਥ: ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ਜਿਸ ਮਨ ਵਿਚ ਜਿਸ ਹਿਰਦੇ ਵਿਚ ਆ ਵੱਸਦਾ ਹੈ, ਉਸ ਹਿਰਦੇ-ਘਰ ਵਿਚ (ਮਾਨੋ) ਖ਼ੁਸੀ ਦੇ ਗੀਤ (ਗਾਏ ਜਾ ਰਹੇ ਹਨ) ਕੌਤਕ-ਤਮਾਸ਼ੇ (ਹੋ ਰਹੇ ਹਨ) , ਆਨੰਦ (ਹੋ ਰਹੇ ਹਨ) । ਪ੍ਰਭੂ-ਪਤੀ ਬੇਅੰਤ ਹੈ, ਸਦਾ ਦਇਆ ਦਾ ਘਰ ਹੈ, ਲੱਛਮੀ ਦਾ ਆਸਰਾ ਹੈ, ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ। ਉਸ ਮੁਰਾਰੀ ਪ੍ਰਭੂ ਨੇ ਜਿਸ ਜੀਵ ਉੱਤੇ ਮੇਹਰ ਦੀ ਨਿਗਾਹ ਕਰ ਦਿੱਤੀ, ਉਸ ਜੀਵ ਨੂੰ ਅਨੇਕਾਂ ਸਹਿਮਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ। ਨਾਨਕ ਬੇਨਤੀ ਕਰਦਾ ਹੈ-ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਜੇਹੜਾ ਜੀਵ ਉਸ ਦੀ ਸਰਨ ਆਉਂਦਾ ਹੈ ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ, ਤੇ ਉਹ ਸਦਾ ਚੋਜ-ਤਮਾਸ਼ੇ ਕਰਨ ਵਾਲਾ ਪ੍ਰਭੂ (ਉਸ ਸਰਨ ਆਏ ਨੂੰ) ਮਿਲ ਪੈਂਦਾ ਹੈ।੪।੧।੪। ਬਿਹਾਗੜਾ ਮਹਲਾ ੫ ॥ ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥ ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥ ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥ ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥ ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥ ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥ {ਪੰਨਾ 544-545} ਪਦਅਰਥ: ਸਰ = ਤਾਲਾਬ। ਸਰੋਵਰ = ਸ੍ਰੇਸ਼ਟ ਤਾਲਾਬ। ਤਹ = ਉੱਥੇ। ਮਨਾ = ਹੇ ਮਨ! ਮਜਨੁ = ਇਸ਼ਨਾਨ। ਸਰੇ = ਸਰਿ, ਸਰ ਵਿਚ। ਹਰਿ ਸਰੇ = ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੇ ਸਰ ਵਿਚ। ਸਭਿ = ਸਾਰੇ। ਕਿਲਬਿਖ = ਪਾਪ। ਸਜਨੁ = ਮਿੱਤਰ। ਨਾਸੇ = ਨਾਸ ਕਰ ਦੇਂਦਾ ਹੈ। ਕਉ = ਨੂੰ। ਕਟੈ = ਕੱਟ ਦੇਂਦਾ ਹੈ। ਫਾਸੇ = ਫਾਹੀਆਂ। ਰੰਗੇ = ਰੰਗਿ, ਪ੍ਰੇਮ ਵਿਚ। ਤਹਾ = ਉਸ (ਸਾਧ ਸੰਗਤਿ) ਵਿਚ। ਹਰਿ = ਹੇ ਹਰੀ!।੧। ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ। ਹੇ ਮਨ! ਪਰਮਾਤਮਾ (ਦੀ ਸਿਫ਼ਤਿ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ। ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ। (ਜੇਹੜਾ ਮਨੁੱਖ ਇਹ ਇਸ਼ਨਾਨ ਕਰਦਾ ਹੈ) ਮਿੱਤਰ ਪ੍ਰਭੂ ਉਸ ਦੇ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਉਸ ਦਾ ਮੋਹ ਦਾ ਹਨੇਰਾ ਦੂਰ ਕਰ ਦੇਂਦਾ ਹੈ। ਉਸ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ। ਹੇ ਮਨ! ਸਾਧ ਸੰਗਤਿ ਵਿਚ ਮਿਲ, ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆ ਕਰ, ਸਾਧ ਸੰਗਤਿ ਵਿਚ ਹੀ ਤੇਰੀ ਹਰੇਕ ਆਸ ਪੂਰੀ ਹੋਵੇਗੀ। ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਕਿਰਪਾ ਕਰ, ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ।੧। |
Sri Guru Granth Darpan, by Professor Sahib Singh |