ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 553 ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ {ਪੰਨਾ 553} ਨੋਟ: ਭਾ: ਮਰਦਾਨਾ ਆਪਣੀ ਕਿਸੇ ਰਚਨਾ ਵਿਚ ਲਫ਼ਜ਼ 'ਨਾਨਕ' ਨਹੀਂ ਸੀ ਵਰਤ ਸਕਦਾ। ਸਲੋਕ ਮ: ੧ ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਹੀ ਸਲੋਕ ਮ: ੧ ਦੇ ਹਨ। ਪਦਅਰਥ: ਕਲਿ = ਕਲਜੁਗੀ ਸੁਭਾਉ, ਪ੍ਰਭੂ ਨਾਲੋਂ ਵਿਛੋੜੇ ਦੀ ਹਾਲਤ। ਕਲਵਾਲੀ = ਸ਼ਰਾਬ ਕੱਢਣ ਵਾਲੀ ਮੱਟੀ। ਮਦੁ = ਸ਼ਰਾਬ। ਮੋਹਿ = ਮੋਹ ਨਾਲ। ਮਜਲਸ = ਮਹਿਫ਼ਲ। ਲਾਹਣਿ = ਸੱਕ ਗੁੜ ਪਾਣੀ ਆਦਿਕ ਜੋ ਰਲਾ ਕੇ ਮਿੱਟੀ ਵਿਚ ਪਾ ਕੇ ਰੂੜੀ ਵਿਚ ਦੱਬ ਕੇ ਤਰਕਾ ਲੈਂਦੇ ਹਨ। ਸਤੁ = ਸੱਚ। ਸਰਾ = ਸ਼ਰਾਬ। ਸਾਰੁ = ਸ੍ਰੇਸ਼ਟ। ਮੰਡੇ = ਰੋਟੀਆਂ। ਸੀਲ = ਚੰਗਾ ਸੁਭਾਉ। ਸਰਮੁ = ਹਯਾ। ਆਹਾਰੁ = ਖ਼ੁਰਾਕ। ਅਰਥ: ਕਲਜੁਗੀ ਸੁਭਾਉ (ਮਾਨੋ) (ਸ਼ਰਾਬ ਕੱਢਣ ਵਾਲੀ) ਮੱਟੀ ਹੈ; ਕਾਮ (ਮਾਨੋ) ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ (ਮਨੁੱਖ ਦਾ) ਮਨ ਹੈ, ਮੋਹ ਨਾਲ ਭਰੀ ਹੋਈ ਕ੍ਰੋਧ ਦੀ (ਮਾਨੋ) ਕਟੋਰੀ ਹੈ ਤੇ ਅਹੰਕਾਰ (ਮਾਨੋ) ਪਿਲਾਉਣ ਵਾਲਾ ਹੈ, ਕੂੜੇ ਲੱਬ ਦੀ (ਮਾਨੋ) ਮਜਲਸ ਹੈ (ਜਿਸ ਵਿਚ ਬਹਿ ਕੇ) ਮਨ (ਕਾਮ ਦੀ ਸ਼ਰਾਬ ਨੂੰ) ਪੀ ਪੀ ਕੇ ਖ਼ੁਆਰ ਹੁੰਦਾ ਹੈ। ਚੰਗੀ ਕਰਣੀ ਨੂੰ (ਸ਼ਰਾਬ ਕੱਢਣ ਵਾਲੀ) ਲਾਹਣ, ਸੱਚ ਬੋਲਣ ਨੂੰ ਗੁੜ ਬਣਾ ਕੇ ਸੱਚੇ ਨਾਮ ਨੂੰ ਸ੍ਰੇਸ਼ਟ ਸ਼ਰਾਬ ਬਣਾ। ਗੁਣਾਂ ਨੂੰ ਮੰਡੇ, ਸੀਤਲ ਸੁਭਾਉ ਨੂੰ ਘਿਉ ਤੇ ਸ਼ਰਮ ਨੂੰ ਮਾਸ-(ਇਹ ਸਾਰੀ) ਖ਼ੁਰਾਕ ਬਣਾ; ਹੇ ਨਾਨਕ! ਇਹ ਖ਼ੁਰਾਕ ਸਤਿਗੁਰੂ ਦੇ ਸਨਮੁਖ ਹੋਇਆਂ ਮਿਲਦੀ ਹੈ ਤੇ ਇਸ ਦੇ ਖਾਧਿਆਂ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।੧। ਮਰਦਾਨਾ ੧ ॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥ ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ {ਪੰਨਾ 553} ਪਦਅਰਥ: ਆਪੁ = ਆਪਾ, ਅਹੰਕਾਰ। ਧਾਤੁ = ਦੌੜ = ਭੱਜ, ਭਟਕਣਾ। ਮਨਸਾ = ਵਾਸਨਾ। ਅਰਥ: ਸਰੀਰ (ਮਾਨੋ) (ਸ਼ਰਾਬ ਕੱਢਣ ਵਾਲੀ ਸਮਗਰੀ ਸਮੇਤ) ਮੱਟੀ ਹੈ, ਅਹੰਕਾਰ ਸ਼ਰਾਬ, ਤੇ ਤ੍ਰਿਸ਼ਨਾ ਵਿਚ ਭਟਕਣਾ (ਮਾਨੋ) ਮਹਿਫ਼ਲ ਹੈ, ਕੂੜ ਨਾਲ ਭਰੀ ਹੋਈ ਵਾਸ਼ਨਾਂ (ਮਾਨੋ) ਕਟੋਰੀ ਹੈ ਤੇ ਜਮ ਕਾਲ (ਮਾਨੋ) ਪਿਲਾਉਂਦਾ ਹੈ। ਹੇ ਨਾਨਕ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ (ਭਾਵ, ਅਹੰਕਾਰ ਤ੍ਰਿਸ਼ਨਾ ਕੂੜ ਆਦਿਕ ਦੇ ਕਾਰਨ ਵਿਕਾਰ ਹੀ ਵਿਕਾਰ ਪੈਦਾ ਹੋ ਰਹੇ ਹਨ) । ਪ੍ਰਭੂ ਦਾ ਗਿਆਨ (ਮਾਨੋ) ਗੁੜ ਹੋਵੇ, ਸਿਫ਼ਤਿ-ਸਾਲਾਹ ਰੋਟੀਆਂ, (ਪ੍ਰਭੂ ਦਾ) ਡਰ ਮਾਸ-ਇਹ ਖ਼ੁਰਾਕ ਹੋਵੇ, ਹੇ ਨਾਨਕ! ਇਹ ਭੋਜਨ ਸੱਚਾ ਹੈ, ਕਿਉਂਕਿ ਸੱਚਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਹੋ ਸਕਦਾ ਹੈ।੨। ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥ ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ {ਪੰਨਾ 553} ਅਰਥ: (ਜੇ) ਸਰੀਰ ਮੱਟੀ ਹੋਵੇ, ਆਪੇ ਦੀ ਪਛਾਣ ਸ਼ਰਾਬ ਤੇ ਉਸ ਦੀ ਧਾਰ (ਭਾਵ, ਜਿਸ ਦੀ ਧਾਰ) ਅਮਰ ਕਰਨ ਵਾਲੀ ਹੋਵੇ, ਸਤਸੰਗਤਿ ਨਾਲ ਮੇਲ ਹੋਵੇ (ਭਾਵ, ਮਜਲਸ ਸਤਸੰਗਤਿ ਹੋਵੇ) , ਅੰਮ੍ਰਿਤ (ਨਾਮ) ਦੀ ਭਰੀ ਹੋਈ ਲਿਵ (ਰੂਪ) ਕਟੋਰੀ ਹੋਵੇ, (ਤਾਂ ਹੀ ਮਨੁੱਖ) (ਇਸ ਸ਼ਰਾਬ ਨੂੰ) ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਕਰਦੇ ਹਨ।੧। ਪਉੜੀ ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥ {ਪੰਨਾ 553} ਪਦਅਰਥ: ਗੰਧਰਬ = ਦੇਵਤਿਆਂ ਦੇ ਰਾਗੀ। ਖਟ ਦਰਸਨ = ਛੇ ਸ਼ਾਸਤ੍ਰ। ਸੰਕਰ, ਮਹੇਸ = ਸ਼ਿਵ ਜੀ ਦੇ ਨਾਮ। ਅਕਥ = ਜੋ ਬਿਆਨ ਨ ਹੋ ਸਕੇ। ਬਿਬਾਣੀ = ਉਜਾੜ। ਗੋਸਟਿ = ਚਰਚਾ। ਸੁਘੜੁ = ਸੁਚੱਜਾ। ਚੋਜੁ = ਤਮਾਸ਼ਾ। ਜਾਣੀ = ਜਾਣਨ ਵਾਲਾ। ਅਰਥ: ਪ੍ਰਭੂ ਆਪ ਹੀ ਦੇਵਤੇ, ਮਨੁੱਖ, (ਸ਼ਿਵ ਜੀ ਦੇ) ਗਣ, ਦੇਵਤਿਆਂ ਦੇ ਰਾਗੀ, ਅਤੇ ਆਪ ਹੀ ਛੇ ਦਰਸ਼ਨਾਂ ਦੀ ਬੋਲੀ (ਬਨਾਣ ਵਾਲਾ) ਹੈ, ਆਪ ਹੀ ਸ਼ਿਵ, ਸ਼ੰਕਰ ਤੇ ਮਹੇਸ਼ (ਦਾ ਕਰਤਾ) ਹੈ, ਆਪ ਹੀ ਗੁਰੂ ਦੇ ਸਨਮੁਖ ਹੋ ਕੇ ਆਪਣੇ ਅਕੱਥ ਸਰੂਪ ਦੀਆਂ ਵਡਿਆਈਆਂ (ਕਰਦਾ ਹੈ) , ਆਪ ਹੀ ਜੋਗ ਦੀ ਸਾਧਨਾ ਕਰਨ ਵਾਲਾ ਹੈ, ਆਪ ਹੀ ਭੋਗਾਂ ਵਿਚ ਪਰਵਿਰਤ ਹੈ ਤੇ ਆਪ ਹੀ ਸੰਨਿਆਸੀ ਬਣ ਕੇ ਉਜਾੜਾਂ ਵਿਚ ਫਿਰਦਾ ਹੈ, ਆਪ ਹੀ ਆਪਣੇ ਨਾਲ ਚਰਚਾ ਕਰਦਾ ਹੈ, ਆਪ ਹੀ ਉਪਦੇਸ਼ ਕਰਦਾ ਹੈ, ਆਪ ਹੀ ਸਿਆਣੀ ਮਤਿ ਵਾਲਾ ਸੁੰਦਰ ਸਰੂਪ ਵਾਲਾ ਹੈ, ਆਪਣਾ ਕੌਤਕ ਕਰ ਕੇ ਆਪ ਹੀ ਵੇਖਦਾ ਹੈ ਤੇ ਆਪ ਹੀ ਸਾਰੇ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਹੈ।੧੨। ਸਲੋਕੁ ਮਃ ੩ ॥ ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥ ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ ॥ ਗੁਰ ਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥੧॥ {ਪੰਨਾ 553} ਪਦਅਰਥ: ਦੁਬਿਧਾ = ਦੁਚਿੱਤਾ = ਪਨ, ਦ੍ਵੈਤ = ਭਾਵ। ਅਸਥਿਰੁ = ਟਿਕਿਆ ਹੋਇਆ। ਸੰਧਿਆ = ਪਾਠ = ਪੂਜਾ। ਅਰਥ: ਉਹੋ ਸੰਧਿਆ ਕਬੂਲ ਹੈ ਜਿਸ ਨਾਲ ਪਿਆਰਾ ਪ੍ਰਭੂ ਹਿਰਦੇ ਵਿਚ ਵੱਸ ਪਏ, ਪ੍ਰਭੂ ਨਾਲ ਪਿਆਰ ਪੈਦਾ ਹੋ ਜਾਵੇ ਤੇ ਮਾਇਆ ਦਾ ਮੋਹ ਸੜ ਜਾਏ। ਸਤਿਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਦੁਬਿਧਾ ਦੂਰ ਹੋਵੇ, ਮਨ ਟਿਕ ਜਾਏ, ਉਹ ਸੰਧਿਆ ਦੀ (ਸੱਚੀ) ਵਿਚਾਰ ਕਰਦਾ ਹੈ, ਹੇ ਨਾਨਕ! ਮਨਮੁਖ ਸੰਧਿਆ ਕਰਦਾ ਹੈ, (ਪਰ) ਉਸ ਦਾ ਮਨ ਟਿਕਦਾ ਨਹੀਂ, (ਇਸ ਵਾਸਤੇ) ਜੰਮਦਾ ਮਰਦਾ ਹੈ ਤੇ ਖ਼ੁਆਰ ਹੁੰਦਾ ਹੈ।੧। ਮਃ ੩ ॥ ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥ ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥ {ਪੰਨਾ 553} ਅਰਥ: 'ਪਿਆਰਾ ਪਿਆਰਾ' ਕੂਕਦੀ ਮੈਂ ਸਾਰਾ ਸੰਸਾਰ ਫਿਰੀ, ਪਰ ਮੇਰੀ ਪਿਆਸ ਦੂਰ ਨਹੀਂ ਸੀ ਹੋਈ, ਹੇ ਨਾਨਕ! ਸਤਿਗੁਰੂ ਨੂੰ ਮਿਲਿਆਂ ਮੇਰੀ ਪਿਆਸ ਦੂਰ ਹੋ ਗਈ ਹੈ, ਘਰ ਵਿਚ ਆ ਕੇ ਪਿਆਰਾ ਪਤੀ ਲੱਭ ਲਿਆ ਹੈ।੨। ਪਉੜੀ ॥ ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥ ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ ॥ ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥ ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥ ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥ {ਪੰਨਾ 553} ਪਦਅਰਥ: ਦਸ ਅਠ = ਅਠਾਰਾਂ। ਉਪਾਇਅਨੁ = ਉਪਾਏ ਹਨ ਉਸ ਨੇ। ਤਪਾਵਸੁ = ਨਿਆਂ। ਦੂਜਾ ਭਰਮੁ = ਮਾਇਆ ਵਾਲੀ ਭਟਕਣਾ। ਅਰਥ: ਛੋਟੀ ਤਾਰ (ਭਾਵ, ਜੀਵ) ਵੱਡੀ ਤਾਰ (ਭਾਵ, ਪਰਮੇਸ਼ਵਰ) -ਸਭ ਕੁਝ ਪ੍ਰਭੂ ਆਪ ਹੀ ਹੈ, ਆਪ ਹੀ ਠਾਕੁਰ ਤੇ ਆਪ ਹੀ ਦਾਸ ਹੈ। ਪ੍ਰਭੂ ਨੇ ਆਪ ਹੀ ਅਠਾਰਾਂ ਵਰਣ ਬਣਾਏ, ਆਪ ਹੀ ਬ੍ਰਹਮ ਹੈ ਤੇ ਆਪ ਹੀ (ਸ੍ਰਿਸ਼ਟੀ ਦਾ) ਰਾਜ ਉਸ ਨੇ ਲਿਆ ਹੈ। (ਜੀਵਾਂ ਨੂੰ) ਆਪ ਹੀ ਮਾਰਦਾ ਹੈ ਆਪ ਹੀ ਛੱਡਦਾ ਹੈ, ਆਪ ਹੀ ਬਖ਼ਸ਼ਦਾ ਹੈ ਤੇ ਆਪ ਹੀ ਮੇਹਰ ਕਰਦਾ ਹੈ, ਪ੍ਰਭੂ ਆਪ ਅਭੁੱਲ ਹੈ, ਕਦੇ ਭੁੱਲਦਾ ਨਹੀਂ, ਉਸ ਦਾ ਇਨਸਾਫ਼ ਭੀ ਨਿਰੋਲ ਸੱਚ ਹੈ, ਸਤਿਗੁਰੂ ਦੀ ਰਾਹੀਂ ਜਿਨ੍ਹਾਂ ਨੂੰ ਆਪ ਸਮਝਾ ਦੇਂਦਾ ਹੈ ਉਹਨਾਂ ਦੇ ਹਿਰਦੇ ਵਿਚੋਂ ਮਾਇਆ ਦੀ ਭਟਕਣਾ ਦੂਰ ਹੋ ਜਾਂਦੀ ਹੈ।੧੩। ਸਲੋਕੁ ਮਃ ੫ ॥ ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥ ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥ {ਪੰਨਾ 553} ਪਦਅਰਥ: ਤੈ ਤਨਿ = ਉਹਨਾਂ ਦੇ ਸਰੀਰ ਤੇ। ਖੇਹ = ਸੁਆਹ। ਜਿਨਿ = ਜਿਸ ਪ੍ਰਭੂ ਨੇ। ਅਲੂਣੀ = ਪ੍ਰੇਮ = ਵਿਹੂਣੀ। ਦੇਹ = ਸਰੀਰ। ਅਰਥ: ਜੋ ਮਨੁੱਖ ਸਾਧ ਸੰਗਤਿ ਵਿਚ ਹਰੀ ਦਾ ਨਾਮ ਨਹੀਂ ਸਿਮਰਦੇ, ਉਹਨਾਂ ਦੇ ਸਰੀਰ ਤੇ ਸੁਆਹ ਪੈਂਦੀ ਹੈ, (ਭਾਵ, ਉਹਨਾਂ ਦੇ ਸਰੀਰ ਨੂੰ ਫਿਟਕਾਰ ਪੈਂਦੀ ਹੈ। ਹੇ ਨਾਨਕ! ਪ੍ਰੇਮ ਤੋਂ ਸੱਖਣੇ ਉਸ ਸਰੀਰ ਨੂੰ ਧਿੱਕਾਰ ਹੈ, ਜੋ ਉਸ ਪ੍ਰਭੂ ਨੂੰ ਨਹੀਂ ਪਛਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ।੧। |
Sri Guru Granth Darpan, by Professor Sahib Singh |