ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 555 ਸਲੋਕ ॥ ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥ {ਪੰਨਾ 555} ਨੋਟ: ਕਬੀਰ ਜੀ ਦੇ ਸਲੋਕਾਂ ਵਿਚ ਵੇਖੋ ਸਲੋਕ ਨੰ: ੨੯। ਅਰਥ: ਹੇ ਕਬੀਰ! ਮਰਦਾ ਮਰਦਾ (ਉਂਞ ਤਾਂ) ਸਾਰਾ ਸੰਸਾਰ ਮਰ ਰਿਹਾ ਹੈ, ਪਰ ਕਿਸੇ ਨੇ ਵੀ (ਸੱਚੇ) ਮਰਨ ਦੀ ਜਾਚ ਨਹੀਂ ਸਿੱਖੀ; ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ ਹੈ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ।੧। ਮਃ ੩ ॥ ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥ ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥ ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥ ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥ ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥ {ਪੰਨਾ 555} ਅਰਥ: ਮੈਨੂੰ ਤਾਂ ਇਹ ਪਤਾ ਨਹੀਂ ਕਿ (ਸੱਚਾ) ਮਰਨਾ ਕੀਹ ਹੁੰਦਾ ਹੈ ਤੇ ਸਾਨੂੰ ਕਿਵੇਂ ਮਰਨਾ ਚਾਹੀਦਾ ਹੈ, ਜੇ ਮਾਲਕ ਮਨੋਂ ਵਿਸਾਰ ਨਾਹ, ਤਾਂ ਸੁਖੱਲਾ ਮਰਨਾ ਹੁੰਦਾ ਹੈ (ਭਾਵ, ਮਨੁੱਖ ਸੌਖਾ ਹੀ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ) । ਮਰਨ ਤੋਂ ਸਾਰਾ ਸੰਸਾਰ ਡਰਦਾ ਹੈ, ਹਰ ਕੋਈ ਜੀਊਣਾ ਚਾਹੁੰਦਾ ਹੈ, ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਜੀਊਂਦਾ ਹੀ ਮਰਦਾ ਹੈ, ਉਹ ਹਰੀ ਦੀ ਰਜ਼ਾ ਨੂੰ ਸਮਝਦਾ ਹੈ, ਹੇ ਨਾਨਕ! ਇਸ ਤਰ੍ਹਾਂ ਦੀ ਮੌਤ ਜੋ ਮਰਦਾ ਹੈ, (ਭਾਵ, ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ) ਉਸ ਨੂੰ ਅਟੱਲ ਜੀਵਨ ਮਿਲ ਜਾਂਦਾ ਹੈ।੨। ਪਉੜੀ ॥ ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥ ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥ ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥ ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥ {ਪੰਨਾ 555} ਅਰਥ: ਜਦੋਂ ਹਰੀ ਸੁਆਮੀ ਆਪ ਮੇਹਰਵਾਨ ਹੁੰਦਾ ਹੈ ਤਾਂ ਆਪਣਾ ਨਾਮ (ਜੀਵਾਂ ਪਾਸੋਂ) ਆਪ ਜਪਾਉਂਦਾ ਹੈ; ਆਪਣਾ ਸੇਵਕ ਹਰੀ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਆਪ ਹੀ ਸਤਿਗੁਰੂ ਮਿਲ ਕੇ ਸੁਖ ਬਖ਼ਸ਼ਦਾ ਹੈ। ਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ, (ਸੰਸਾਰ ਨੂੰ) ਆਪਣੇ ਭਗਤਾਂ ਦੀ ਚਰਨੀਂ ਲਿਆ ਪਾਂਦਾ ਹੈ, (ਹੋਰ ਤਾਂ ਹੋਰ) ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ, ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ। (ਮੁੱਕਦੀ ਗੱਲ ਇਹ, ਹੈ ਕਿ) ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ (ਭਾਵ, ਉਸ ਨੂੰ ਸਭ ਲੋਕ ਪਿਆਰ ਕਰਦੇ ਹਨ) ; (ਤੇ ਬਾਕੀ) ਹੋਰ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ।੧੭। ਸਲੋਕ ਮਃ ੩ ॥ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥ ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥ ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥ ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥ {ਪੰਨਾ 555} ਪਦਅਰਥ: ਅਗੋਚਰੁ = ਅ+ਗੋ+ਚਰ; ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਅਤੁਲੁ = ਅੰਦਾਜ਼ੇ ਤੋਂ ਬਾਹਰ। ਕਿਤੈ = ਕਿਸੇ ਥਾਂ ਤੋਂ। ਭੇਦਿਆ = ਵਿੰਨਿ੍ਹਆ। ਇਨਬਿਧਿ = ਇਸ ਤਰ੍ਹਾਂ। ਅਮੇਉ = ਜੋ ਮਿਣਿਆ ਨਾਹ ਜਾ ਸਕੇ। ਆਪੇ = ਆਪ ਹੀ। ਅਰਥ: ਸਾਰਾ ਸੰਸਾਰ (ਮੂੰਹੋਂ) 'ਰਾਮ, ਰਾਮ' ਆਖਦਾ ਫਿਰਦਾ ਹੈ ਪਰ ਇਸ ਤਰ੍ਹਾਂ 'ਰਾਮ' ਲੱਭਿਆ ਨਹੀਂ ਜਾਂਦਾ; ਕਿਉਂਕਿ ਉਹ ਅਪਹੁੰਚ ਹੈ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੜਾ ਵੱਡਾ ਹੈ ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ, ਕਿਸੇ ਉਸ ਦੀ ਕੀਮਤਿ ਨਹੀਂ ਪਾਈ (ਭਾਵ, ਉਸਦੀ ਪ੍ਰਾਪਤੀ ਦਾ ਮੁੱਲ ਕਿਸੇ ਨੂੰ ਪਤਾ ਨਹੀਂ) ਤੇ ਕਿਸੇ ਥਾਂ ਤੋਂ (ਮੁੱਲ ਦੇ ਕੇ) ਲਿਆ ਭੀ ਨਹੀਂ ਜਾਂਦਾ। (ਪਰ ਹਾਂ, ਇੱਕ ਤਰੀਕਾ ਹੈ) ਜੇ ਗੁਰੂ ਦੇ ਸ਼ਬਦ ਨਾਲ (ਮਨ) ਵਿੰਨਿ੍ਹਆ ਜਾਏ ਤਾਂ ਇਸ ਤਰ੍ਹਾਂ ਪ੍ਰਭੂ ਮਨ ਵਿਚ ਆ ਵੱਸਦਾ ਹੈ। ਹੇ ਨਾਨਕ! ਪ੍ਰਭੂ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰ ਸਤਿਗੁਰੂ ਦੀ ਕਿਰਪਾ ਨਾਲ (ਇਹ ਪਤਾ ਮਿਲ ਜਾਂਦਾ ਹੈ ਕਿ ਉਹ ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਹੈ; ਪ੍ਰਭੂ ਆਪ ਹੀ ਹਰ ਥਾਂ ਮਿਲਿਆ ਹੋਇਆ ਹੈ ਤੇ (ਜੀਵ ਦੇ ਹਿਰਦੇ ਵਿਚ) ਆਪ ਹੀ ਆ ਕੇ ਪਰਗਟ ਹੁੰਦਾ ਹੈ।੧। ਮਃ ੩ ॥ ਏ ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥ ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥ ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥ ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥ ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥ {ਪੰਨਾ 555} ਪਦਅਰਥ: ਜਿਤੁ = ਜਿਸ ਨਾਲ। ਤੋਟਿ = ਘਾਟਾ। ਸਹਸਾ = ਤੌਖ਼ਲਾ। ਹਾਣਤ = ਸ਼ਰਮਿੰਦਗੀ। ਅਰਥ: ਹੇ ਮਨ! ਜਿਸ ਧਨ ਨਾਲ ਸਦਾ ਹੀ ਸੁਖ ਹੁੰਦਾ ਹੈ ਉਹ ਧਨ 'ਨਾਮ' ਹੈ, ਏਸ ਧਨ ਨੂੰ ਘਾਟਾ ਉੱਕਾ ਹੀ ਨਹੀਂ, ਸਦਾ ਲਾਭ ਹੀ ਲਾਭ ਹੈ, ਖਾਣ ਨਾਲ ਤੇ ਖ਼ਰਚਣ ਨਾਲ ਭੀ ਘਾਟ ਨਹੀਂ ਪੈਂਦੀ, (ਕਿਉਂਕਿ) ਉਹ ਪ੍ਰਭੂ ਸਦਾ ਹੀ (ਇਹ ਧਨ) ਦੇਈ ਜਾਂਦਾ ਹੈ। (ਏਥੇ) ਕਦੇ (ਇਸ ਧਨ ਸੰਬੰਧੀ) ਕੋਈ ਚਿੰਤਾ ਨਹੀਂ ਹੁੰਦੀ ਤੇ (ਅੱਗੇ ਦਰਗਾਹ ਵਿਚ) ਸ਼ਰਮਿੰਦਗੀ ਨਹੀਂ ਉਠਾਣੀ ਪੈਂਦੀ। (ਪਰ) ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ ਸਤਿਗੁਰੂ ਦੇ ਸਨਮੁਖ ਹੋਇਆਂ ਹੀ (ਇਹ ਧਨ) ਲੱਭਦਾ ਹੈ। ਪਉੜੀ ॥ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥ ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥ ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥ ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥ ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥ ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥ {ਪੰਨਾ 555} ਪਦਅਰਥ: ਘਟ = ਸਰੀਰ। ਗੁਪਤੁ = ਲੁਕਿਆ ਹੋਇਆ। ਵਰਤਦਾ = ਮੌਜੂਦ ਹੈ। ਜਾਹਰਿ = ਪ੍ਰਤੱਖ, ਸਾਹਮਣੇ। ਜੁਗ ਛਤੀਹ = ੩੬ ਜੁਗ, ਬੇਅੰਤ ਸਮਾ। ਸੁੰਨਾਹਰਿ = ਅਫੁਰ ਅਵਸਥਾ ਵਿਚ। ਨਰਹਰਿ = ਮਨੁੱਖਾਂ ਦਾ ਮਾਲਕ। ਮਿਤਿ = ਮਾਪ, ਅੰਦਾਜ਼ਾ। ਆਪਣੀ ਮਿਤਿ = ਆਪਣੇ ਆਪ ਦਾ ਮਾਪ। ਗਉਹਰੁ = ਡੂੰਘਾ ਸਮੁੰਦਰ। ਅਰਥ: ਪ੍ਰਭੂ ਆਪ ਹੀ ਸਾਰੇ ਸਰੀਰਾਂ ਦੇ ਵਿਚ ਹੈ ਤੇ ਆਪ ਹੀ ਸਭ ਤੋਂ ਵੱਖਰਾ ਹੈ, ਆਪ ਹੀ (ਸਭ ਵਿਚ) ਲੁਕਿਆ ਹੋਇਆ ਹੈ ਤੇ ਪ੍ਰਤੱਖ (ਦਿੱਸ ਰਿਹਾ ਹੈ) । ਪ੍ਰਭੂ ਆਪ ਹੀ ਕਈ ਜੁਗ ਘੁੱਪ ਹਨੇਰਾ ਕਰ ਕੇ ਸੁੰਨ (ਅਫੁਰ) ਹਾਲਤ ਵਿਚ ਵਰਤਦਾ ਹੈ; ਉਸ ਸੁੰਨ ਅਵਸਥਾ ਵੇਲੇ ਜੀਵਾਂ ਦਾ ਮਾਲਕ ਪ੍ਰਭੂ ਆਪ ਹੀ ਆਪ ਹੁੰਦਾ ਹੈ; ਵੇਦ ਪੁਰਾਨ ਸ਼ਾਸਤ੍ਰ ਆਦਿਕ ਕੋਈ ਭੀ ਧਰਮ ਪੁਸਤਕ ਤਦੋਂ ਨਹੀਂ ਹੁੰਦੀ। (ਜੀਵਾਂ ਨੂੰ ਰਚ ਕੇ) ਸਭ ਤੋਂ ਵੱਖਰਾ ਭੀ ਪ੍ਰਭੂ ਸਮਾਧੀ ਲਾ ਕੇ ਬੈਠਾ ਹੋਇਆ ਹੈ (ਭਾਵ, ਮਾਇਆ ਦੀ ਰਚਨਾ ਰਚ ਕੇ ਭੀ ਇਸ ਮਾਇਆ ਦੇ ਪ੍ਰਭਾਵ ਤੋਂ ਆਪ ਵੱਖਰਾ ਨਿਰਲੇਪ ਹੈ) । ਪ੍ਰਭੂ ਆਪ ਹੀ (ਮਾਨੋ) ਡੂੰਘਾ ਸਮੁੰਦਰ ਹੈ, ਉਹ ਕਿਤਨਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ।੧੮। |
Sri Guru Granth Darpan, by Professor Sahib Singh |