ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 557

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਵਡਹੰਸੁ ਮਹਲਾ ੧ ਘਰੁ ੧ ॥

ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥ ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥ ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ॥ ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥ ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥ ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ ॥ ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ ॥੩॥ ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥ ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥੧॥ {ਪੰਨਾ 557}

ਪਦਅਰਥ: ਅਮਲੀ = ਅਫ਼ੀਮੀ, ਆਦਿਕ ਨਸ਼ੇ ਦਾ ਆਦੀ। ਅਮਲੁ = ਅਫ਼ੀਮ (ਆਦਿਕ ਨਸ਼ਾ) ਅੰਬੜੈ = ਅੱਪੜੇ, ਮਿਲੇ। ਨੀਰੁ = ਪਾਣੀ। ਸਹਿ = ਸਹ ਵਿਚ, ਖਸਮ (ਦੇ ਪਿਆਰ) ਵਿਚ। ਆਪਣੈ ਸਹਿ = ਆਪਣੇ ਖਸਮ ਦੇ ਪ੍ਰੇਮ ਵਿਚ। ਰਤੇ = ਰੰਗੇ ਹੋਏ। ਸਭੁ ਕੋਇ = ਹਰੇਕ ਜੀਵ।੧।

ਹਉ = ਮੈਂ। ਵਾਰੀ ਵੰਞਾ = ਮੈਂ ਸਦਕੇ ਜਾਂਦਾ ਹਾਂ। ਖੰਨੀਐ ਵੰਞਾ = ਟੋਟੇ ਟੋਏ ਹੁੰਦਾ ਹਾਂ, ਕੁਰਬਾਨ ਹੁੰਦਾ ਹਾਂ। ਤਉ = ਤੇਰੇ।੧।ਰਹਾਉ।

ਸਫਲਿਓ = ਫਲਾਂ ਵਾਲਾ। ਰੁਖੜਾ = ਸੋਹਣਾ ਰੁੱਖ। ਜਾ ਕਾ = ਜਿਸ (ਰੁੱਖ) ਦਾ (ਫਲ) ਅੰਮ੍ਰਿਤੁ = ਅਟੱਲ, ਆਤਮਕ ਜੀਵਨ ਦੇਣ ਵਾਲਾ (ਰਸ) ਜਿਨ = ਜਿਨ੍ਹਾਂ ਨੇ {ਲਫ਼ਜ਼ 'ਜਿਨ' ਬਹੁ-ਵਚਨ ਹੈ। ਇਸ ਦਾ ਇਕ-ਵਚਨ 'ਜਿਨਿ' ਹੈ, ਅਰਥ ਹੈ 'ਜਿਸ ਨੇ'}ਤ੍ਰਿਪਤ ਭਏ = ਰੱਜ ਗਏ।੨।

ਮੈ ਕੀ = ਮੈਨੂੰ। ਆਵਹੀ = ਆਵਹਿ, ਤੂੰ ਆਉਂਦਾ। ਹਭਿ = ਸਾਰੇ। ਤਿਹਾਇਆ = ਪਿਆਸਾ। ਸਰ = ਤਾਲਾਬ, ਸਰੋਵਰ। ਪਾਲਿ = ਕੰਧ। ਕਿਉ ਲਹੈ– ਕਿਵੇਂ ਲੱਭੇ? ਨਹੀਂ ਲੱਭ ਸਕਦਾ।੩।

ਬਾਣੀਆ = ਵਣਜਾਰਾ। ਮੈ ਰਾਸਿ = ਮੇਰੀ ਪੂੰਜੀ। ਧੋਖਾ = ਸਹਮ। ਲਹੈ– ਦੂਰ ਹੋਵੇ। ਕਰੀ = ਮੈਂ ਕਰਾਂ।੪।

ਅਰਥ: ਹੇ ਮੇਰੇ ਸਾਹਿਬ! ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।੧।ਰਹਾਉ।

(ਅਫ਼ੀਮੀ ਆਦਿਕ) ਅਮਲੀ ਨੂੰ ਜੇ (ਅਫ਼ੀਮ ਆਦਿਕ) ਅਮਲ (ਨਸ਼ਾ) ਨਾਹ ਮਿਲੇ (ਤਾਂ ਉਹ ਮਰਦਾ ਜਾਂਦਾ ਹੈ) , ਜੇ ਮੱਛੀ ਨੂੰ ਪਾਣੀ ਨਾਹ ਮਿਲੇ (ਤਾਂ ਉਹ ਤੜਫ ਪੈਂਦੀ ਹੈ। ਇਸੇ ਤਰ੍ਹਾਂ, ਹੇ ਪ੍ਰਭੂ! ਤੇਰਾ ਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਹੈ ਉਹ ਤੇਰੀ ਯਾਦ ਤੋਂ ਬਿਨਾ ਰਹਿ ਨਹੀਂ ਸਕਦੇ, ਉਹਨਾਂ ਨੂੰ ਹੋਰ ਕੁਝ ਭੀ ਚੰਗਾ ਨਹੀਂ ਲੱਗਦਾ) ਜੋ ਬੰਦੇ ਆਪਣੇ ਖਸਮ-ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ (ਉਹ ਅੰਦਰੋਂ ਖਿੜੇ ਰਹਿੰਦੇ ਹਨ) ਉਹਨਾਂ ਨੂੰ ਹਰ ਕੋਈ ਚੰਗਾ ਲਗਦਾ ਹੈ।੧।

(ਸਾਡਾ) ਮਾਲਿਕ-ਪ੍ਰਭੂ ਫਲਾਂ ਵਾਲਾ ਇਕ ਸੋਹਣਾ ਰੁੱਖ (ਸਮਝ ਲਵੋ) , ਇਸ ਰੁੱਖ ਦਾ ਫਲ ਹੈ ਉਸ ਦਾ ਨਾਮ ਜੋ (ਜੀਵ ਨੂੰ) ਅਟੱਲ ਆਤਮਕ ਜੀਵਨ ਦੇਣ ਵਾਲਾ (ਰਸ) ਹੈ। ਜਿਨ੍ਹਾਂ ਇਹ ਰਸ ਪੀਤਾ ਹੈ ਉਹ (ਮਾਇਕ ਪਦਾਰਥਾਂ ਦੀ ਭੁੱਖ ਤ੍ਰੇਹ ਵਲੋਂ) ਰੱਜ ਜਾਂਦੇ ਹਨ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।੨।

(ਹੇ ਪ੍ਰਭੂ!) ਤੂੰ ਸਭ ਜੀਵਾਂ ਦੇ ਅੰਗ ਸੰਗ ਵੱਸਦਾ ਹੈਂ, ਪਰ ਤੂੰ ਮੈਨੂੰ ਨਹੀਂ ਦਿੱਸਦਾ। (ਜੀਵ ਦੀ ਇਹ ਕਿਤਨੀ ਅਭਾਗਤਾ ਹੈ ਕਿ ਉਸ ਦੇ ਆਪਣੇ ਅੰਦਰ ਹੀ ਪਾਣੀ ਦਾ ਸਰੋਵਰ ਹੋਵੇ ਤੇ ਉਹ ਪਿਆਸਾ ਤੜਫਦਾ ਫਿਰੇ! ਪਰ) ਤ੍ਰੇਹ ਨਾਲ ਤੜਪ ਰਹੇ ਨੂੰ (ਪਾਣੀ) ਲੱਭੇ ਭੀ ਕਿਵੇਂ, ਜਦੋਂ ਉਸ ਦੇ ਅਤੇ (ਉਸ ਦੇ ਅੰਦਰਲੇ) ਸਰੋਵਰ ਦੇ ਵਿਚਕਾਰ ਕੰਧ ਬਣੀ ਹੋਵੇ? (ਮਾਇਆ ਦੇ ਮੋਹ ਦੀ ਬਣੀ ਕੋਈ ਕੰਧ ਅੰਮ੍ਰਿਤ-ਸਰੋਵਰ ਵਿਚੋਂ ਨਾਮ-ਜਲ ਤਕ ਪਹੁੰਚਣ ਨਹੀਂ ਦੇਂਦੀ) ੩।

(ਹੇ ਪ੍ਰਭੂ! ਮੇਹਰ ਕਰ, ਤੇਰਾ ਦਾਸ) ਨਾਨਕ ਤੇਰੇ ਨਾਮ ਦਾ ਵਣਜਾਰਾ ਬਣ ਜਾਏ, ਤੂੰ ਮੇਰਾ ਸ਼ਾਹ ਹੋਵੇਂ ਤੇਰਾ ਨਾਮ ਮੇਰੀ ਪੂੰਜੀ ਬਣੇ। ਮੇਰੇ ਮਨ ਤੋਂ ਦੁਨੀਆ ਵਾਲਾ ਸਹਮ ਤਦੋਂ ਹੀ ਦੂਰ ਹੋ ਸਕਦਾ ਹੈ ਜੇ ਮੈਂ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਜੇ ਉਸ ਦੇ ਦਰ ਤੇ ਅਰਦਾਸ-ਅਰਜ਼ੋਈ ਕਰਦਾ ਰਹਾਂ।੪।੧।

ਵਡਹੰਸੁ ਮਹਲਾ ੧ ॥ ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ ॥ ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥੧॥ ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥ ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ॥ ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥੨॥ ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ ॥ ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ॥੩॥ ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ॥ ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥੪॥੨॥ {ਪੰਨਾ 557}

ਪਦਅਰਥ: ਨਿਰਗੁਣਿ = ਗੁਣ-ਹੀਨ ਇਸਤ੍ਰੀ। ਕਾਇ ਕੂਕੇ = ਕਾਹਦੇ ਵਾਸਤੇ ਕੂਕਦੀ ਹੈ, ਕਿਉਂ ਤਰਲੇ ਲੈਂਦੀ ਹੈ? ਤਰਲੇ ਵਿਅਰਥ ਹਨ। ਥੀ ਰਹੈ– ਬਣੀ ਰਹੇ, ਹੋ ਜਾਏ।੧।

ਰੀਸਾਲੂ = ਰਸੀਲਾ, ਰਸ = ਆਲਯ, ਰਸਾਂ ਦਾ ਘਰ, ਅਨੰਦ = ਸੁਖ ਦਾ ਸੋਮਾ। ਅਵਰਾ = ਹੋਰਨਾਂ ਨੂੰ। ਰਾਵੇ = ਮਾਣੇ, ਮਿਲੇ। ਜੀ = ਹੇ ਜੀ! ਹੇ ਭੈਣ!੧।ਰਹਾਉ।

ਕਰਣੀ = ਉੱਚਾ ਆਚਰਨ। ਕਾਮਣ = ਟੂਣੇ {ਨੋਟ: ਵਿਆਹ ਦੇ ਮੌਕੇ ਤੇ ਜਦੋਂ ਜੰਞ ਢੁਕਦੀ ਹੈ ਤਾਂ ਕੁੜੀਆਂ ਗੀਤ ਗਾਂਦੀਆਂ ਹਨ, ਖ਼ਿਆਲ ਇਹ ਬਣਿਆ ਹੁੰਦਾ ਹੈ ਕਿ ਇਹਨਾਂ ਗੀਤਾਂ ਨਾਲ ਇਹ ਨਵਾਂ ਲਾੜਾ ਵਿਆਹੀ ਜਾਣ ਵਾਲੀ ਕੁੜੀ ਦੇ ਕਹੇ ਵਿਚ ਤੁਰਿਆ ਕਰੇਗਾ। ਕਾਮਣ ਪਾਣੇ, ਪੰਜਾਬੀ ਮੁਹਾਵਰਾ ਹੈ}, ਪਤੀ ਨੂੰ ਵੱਸ ਕਰਨ ਵਾਲੇ ਗੀਤ। ਮਾਣਕੁ = ਮੋਤੀ (ਪ੍ਰਭੂ ਦਾ ਨਾਮ) ਮੁਲਿ = ਕਿਸੇ ਮੁੱਲ ਨਾਲ। ਚਿਤਿ = ਚਿੱਤ ਵਿਚ।੨।

ਦਸਾਈ = ਮੈਂ ਪੁੱਛਾਂ, ਮੈਂ ਪੁੱਛਦੀ ਰਹਾਂ। ਨ ਜੁਲਾਂ = (ਪਰ ਉਸ ਰਸਤੇ ਉਤੇ) ਮੈਂ ਤੁਰਾਂ ਨਾਹ। ਅੰਮੜੀਆਸੁ = ਮੈਂ ਅੱਪੜ ਗਈ ਹਾਂ। ਸਹ ਨਾਲਿ = ਖਸਮ ਨਾਲ। ਅਕੂਅਣਾ = ਕੂਣ ਦੀ ਅਣਹੋਂਦ।੩।

ਤੈ ਲਗੀ = ਤੇਰੇ ਵਿਚ ਜੁੜੀ ਹੋਈ। ਸਹ = ਹੇ ਖਸਮ! {ਨੋਟ: ਇਸ ਸ਼ਬਦ ਵਿਚ ਲਫ਼ਜ਼ 'ਸਹੁ' ਅਤੇ 'ਸਹ' ਆਏ ਹਨ। ਲਫ਼ਜ਼ 'ਸਹੁ' ਕਰਤਾ ਅਤੇ ਕਰਮ ਕਾਰਕ ਇਕ-ਵਚਨ ਹੈ। ਕਿਸੇ ਸੰਬੰਧਕ ਨਾਲ ਵਰਤਿਆਂ ੁ ਨਹੀਂ ਰਹਿੰਦਾ; ਜਿਵੇਂ "ਸਹ ਨਾਲਿ"ਸੰਬੋਧਨ ਵਿਚ ਭੀ ਇਹੀ ਸ਼ਕਲ ਹੈ; ਜਿਵੇਂ 'ਸਹ' = ਹੇ ਖਸਮ!}੪।

ਅਰਥ: ਹੇ ਭੈਣ! ਜਿਸ ਜੀਵ-ਇਸਤ੍ਰੀ ਨੂੰ ਇਹ ਯਕੀਨ ਬਣ ਜਾਏ ਕਿ) ਮੇਰਾ ਖਸਮ-ਪ੍ਰਭੂ ਸਾਰੇ ਸੁਖਾਂ ਦਾ ਸੋਮਾ ਹੈ, ਉਹ (ਖਸਮ-ਪ੍ਰਭੂ ਨੂੰ ਛੱਡ ਕੇ) ਹੋਰਨਾਂ ਨੂੰ (ਸੁਖਾਂ ਦਾ ਵਸੀਲਾ ਸਮਝ ਕੇ) ਪ੍ਰਸੰਨ ਕਰਨ ਨਹੀਂ ਤੁਰੀ ਫਿਰਦੀ।੧।ਰਹਾਉ।

ਜਿਸ ਜੀਵ-ਇਸਤ੍ਰੀ ਦੇ ਪੱਲੇ ਇਹ ਗੁਣ ਹੈ (ਜਿਸ ਜੀਵ-ਇਸਤ੍ਰੀ ਨੂੰ ਯਕੀਨ ਹੈ ਕਿ ਪ੍ਰਭੂ ਹੀ ਸੁਖਾਂ ਦਾ ਸੋਮਾ ਹੈ, ਉਹ) ਪ੍ਰਭੂ-ਪਤੀ (ਦਾ ਪੱਲਾ ਫੜ ਕੇ ਉਸ) ਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ) ਪਰ ਜਿਸ ਦੇ ਪੱਲੇ ਇਹ ਗੁਣ ਨਹੀਂ ਹੈ (ਤੇ ਜੋ ਥਾਂ ਥਾਂ ਭਟਕਦੀ ਫਿਰਦੀ ਹੈ) ਉਹ (ਆਤਮਕ ਸੁਖ ਵਾਸਤੇ) ਵਿਅਰਥ ਹੀ ਤਰਲੇ ਲੈਂਦੀ ਹੈ। ਹਾਂ, ਜੇ ਉਸ ਦੇ ਅੰਦਰ ਭੀ ਇਹ ਗੁਣ ਆ ਜਾਏ, ਤਾਂ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਸਫਲ ਉੱਦਮ ਕਰ ਸਕਦੀ ਹੈ।੧।

ਜੇ ਜੀਵ-ਇਸਤ੍ਰੀ ਦਾ ਉੱਚਾ ਆਚਰਨ ਕਾਮਣ ਪਾਣ ਦਾ ਕੰਮ ਦੇਵੇ, ਜੇ ਉਸ ਦਾ ਮਨ ਧਾਗਾ ਬਣੇ ਤਾਂ ਇਸ ਮਨ ਧਾਗੇ ਦੀ ਰਾਹੀਂ ਉਸ ਨਾਮ-ਮੋਤੀ ਨੂੰ ਆਪਣੇ ਚਿੱਤ ਵਿਚ ਪ੍ਰੋ ਲਏ (ਧਨ ਪਦਾਰਥ ਆਦਿਕ ਕਿਸੇ) ਮੁੱਲ ਨਾਲ ਨਹੀਂ ਮਿਲ ਸਕਦਾ।੨।

(ਪਰ ਨਿਰੀਆਂ ਗੱਲਾਂ ਨਾਲ, ਹੇ ਸੁਖ-ਸਾਗਰ! ਤੇਰੇ ਚਰਨਾਂ ਵਿਚ ਨਹੀਂ ਪਹੁੰਚ ਜਾਈਦਾ) ਹੇ ਪਤੀ-ਪ੍ਰਭੂ! ਜੇ ਮੈਂ (ਤੇਰੇ ਦੇਸ ਦਾ) ਸਦਾ ਰਾਹ ਹੀ ਪੁੱਛਦੀ ਰਹਾਂ, ਪਰ ਉਸ ਰਸਤੇ ਉਤੇ ਤੁਰਾਂ ਕਦੇ ਭੀ ਨਾਹ, ਮੂੰਹ ਨਾਲ ਭੀ ਆਖੀ ਜਾਵਾਂ ਕਿ ਮੈਂ (ਤੇਰੇ ਦੇਸ ਤਕ) ਅੱਪੜ ਗਈ ਹਾਂ, ਉਂਞ ਕਦੇ ਤੇਰੇ ਨਾਲ ਬੋਲ ਚਾਲ ਨਾਹ ਬਣਾਇਆ ਹੋਵੇ (ਕਦੇ ਤੇਰੇ ਦਰ ਤੇ ਅਰਦਾਸ ਭੀ ਨਾਹ ਕੀਤੀ ਹੋਵੇ) , ਇਸ ਤਰ੍ਹਾਂ ਤੇਰੇ ਚਰਨਾਂ ਵਿਚ ਟਿਕਾਣਾ ਨਹੀਂ ਮਿਲ ਸਕਦਾ।੩।

ਹੇ ਨਾਨਕ! ਇਹ ਯਕੀਨ ਜਾਣ ਕਿ) ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਸੁਖ-ਦਾਤਾ ਨਹੀਂ, (ਤਾਂ ਤੇ ਉਸ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ-ਪਤੀ! ਜੇਹੜੀ ਜੀਵ-ਇਸਤ੍ਰੀ ਤੇਰੇ ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹ ਤੈਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ) ੪।੨।

ਵਡਹੰਸੁ ਮਹਲਾ ੧ ਘਰੁ ੨ ॥ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥ {ਪੰਨਾ 557}

ਪਦਅਰਥ: ਮੋਰੀ = ਮੋਰਾਂ ਨੇ। ਰੁਣਝੁਣ = ਮਿੱਠਾ ਗੀਤ। ਲਾਇਆ = ਸ਼ੁਰੂ ਕੀਤਾ। ਤੇਰੇ = (ਹੇ ਪ੍ਰਭੂ!) ਤੇਰੇ ਇਹ ਕੁਦਰਤੀ ਦ੍ਰਿੱਸ਼। ਮੁੰਧ = ਇਸਤ੍ਰੀ। ਕਟਾਰੇ = ਕਟਾਰ। ਜੇਵਡਾ = ਜੇਵੜਾ, ਫਾਹੀ। ਤਿਨਿ = (ਕੁਦਰਤਿ ਦੇ) ਇਸ (ਸੁਹਾਵਣੇ ਸਰੂਪ) ਨੇ। ਲੁਭਾਇਆ = ਮੋਹ ਲਿਆ ਹੈ। ਦਰਸਨ ਵਿਟਹੁ = ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ। ਜਾ ਤੂ = ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ) ਮੈਂ ਮਾਣੁ ਕੀਆ ਹੈ– ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)

ਅਰਥ: ਹੇ ਭੈਣ! ਸਾਵਨ (ਦਾ ਮਹੀਨਾ) ਆ ਗਿਆ ਹੈ (ਸਾਵਨ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ) ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ (ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ) । (ਹੇ ਪ੍ਰਭੂ!) ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ-ਇਸਤ੍ਰੀ ਵਾਸਤੇ, ਮਾਨੋ, ਕਟਾਰ ਹੈ (ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ) ਫਾਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ (ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ) । (ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ (ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ) ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। (ਹੇ ਪ੍ਰਭੂ!) ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈਂ) ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ (ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ) ਜੇ ਕੁਦਰਤਿ ਵਿਚ ਤੂੰ ਨ ਦਿੱਸੇਂ ਤਾਂ ਇਹ ਆਖਣ ਵਿਚ ਕੀਹ ਸਵਾਦ ਰਹਿ ਜਾਏ ਕਿ ਕੁਦਰਤਿ ਸੋਹਣੀ ਹੈ?

TOP OF PAGE

Sri Guru Granth Darpan, by Professor Sahib Singh