ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 579 ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ੴ ਸਤਿਗੁਰ ਪ੍ਰਸਾਦਿ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥ ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥ ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥ ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥ ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥ {ਪੰਨਾ 578-579} ਅਲਾਹਣੀਆ: ਕਿਸੇ ਦੇ ਮਰਨ ਤੇ ਗਾਏ ਜਾਣ ਵਾਲੇ ਗੀਤ। ਜਦੋਂ ਕੋਈ ਪ੍ਰਾਣੀ ਮਰਦਾ ਹੈ ਤਾਂ ਭਾਈਚਾਰੇ ਦੀਆਂ ਜ਼ਨਾਨੀਆਂ ਮਿਲ ਕੇ ਰੋਂਦੀਆਂ ਹਨ। ਮਿਰਾਸਣ ਉਸ ਮਰੇ ਪ੍ਰਾਣੀ ਦੀ ਸਿਫ਼ਤਿ ਵਿਚ ਕਵਿਤਾ ਜਿਹੀ ਵਾਂਗ ਕੋਈ ਤੁਕ ਸੁਰ ਵਿਚ ਪੜ੍ਹਦੀ ਹੈ, ਉਸ ਦੇ ਪਿੱਛੇ ਪਿੱਛੇ ਉਹੀ ਤੁਕ ਸਾਰੀਆਂ ਜ਼ਨਾਨੀਆਂ ਰਲ ਕੇ ਸੁਰ ਵਿਚ ਹੀ ਪੜ੍ਹਦੀਆਂ ਹਨ ਤੇ ਨਾਲ ਨਾਲ ਥੋੜਾ ਪਿੱਟਦੀਆਂ ਹਨ। ਉਹ ਪਿੱਟਣਾ ਭੀ ਤਾਲ-ਸਿਰ ਹੁੰਦਾ ਹੈ। ਮਿਰਾਸਣ ਦੇ ਉਸ ਗੀਤ ਨੂੰ 'ਅਲਾਹਣੀਆਂ' ਕਿਹਾ ਜਾਂਦਾ ਹੈ। ਸਤਿਗੁਰੂ ਜੀ ਇਸ ਰੋਣ ਪਿੱਟਣ ਵਲੋਂ ਵਰਜ ਕੇ ਪਰਮਾਤਮਾ ਦੀ ਰਜ਼ਾ ਵਿਚ ਤੁਰਨ ਤੇ ਉਸ ਦੀ ਸਿਫ਼ਤਿ-ਸਾਲਾਹ ਕਰਨ ਦਾ ਉਪਦੇਸ਼ ਦੇਂਦੇ ਹਨ। ਪਦਅਰਥ: ਧੰਨੁ = ਵਡਿਆਵਣ = ਜੋਗ। ਸਿਰੰਦਾ = ਪੈਦਾ ਕਰਨ ਵਾਲਾ, ਸਿਰਜਣਹਾਰ। ਸਚਾ = ਸਦਾ-ਥਿਰ ਰਹਿਣ ਵਾਲਾ। ਜਿਨਿ = ਜਿਸ (ਪਾਤਿਸ਼ਾਹ) ਨੇ। ਧੰਧੈ = (ਮਾਇਆ ਦੇ) ਆਹਰ ਵਿਚ। ਮੁਹਲਤਿ = ਮਿਲਿਆ ਸਮਾ। ਪੁਨੀ = ਪੁੰਨੀ, ਪੁੱਜ ਗਈ, ਪੂਰੀ ਹੋ ਗਈ। ਪਾਈ = ਪਨ = ਘੜੀ ਦੀ ਪਿਆਲੀ। ਇਸ ਦੇ ਹੇਠ = ਵਾਰ ਛੇਕ ਹੁੰਦਾ ਹੈ ਜਿਸ ਦੀ ਰਾਹੀਂ ਪਿਆਲੀ ਵਿਚ ਪਾਣੀ ਆਉਂਦਾ ਰਹਿੰਦਾ ਹੈ। ਪੂਰੇ ਇਕ ਘੰਟੇ ਵਿਚ ਪਿਆਲੀ ਪਾਣੀ ਨਾਲ ਭਰ ਕੇ ਪਾਣੀ ਵਿਚ ਡੁੱਬ ਜਾਂਦੀ ਹੈ। ਖ਼ਾਲੀ ਕਰ ਕੇ ਪਿਆਲੀ ਫਿਰ ਪਾਣੀ ਉੱਤੇ ਰੱਖ ਦਿੱਤੀ ਜਾਂਦੀ ਹੈ, ਤੇ ਇਸ ਤਰ੍ਹਾਂ ਇਕ ਇਕ ਘੰਟੇ ਦਾ ਸਮਾ ਮਲੂਮ ਹੁੰਦਾ ਰਹਿੰਦਾ ਹੈ। ਜਾਨੀਅੜਾ = ਪਿਆਰਾ ਸਾਥੀ ਜੀਵਾਤਮਾ। ਘਤਿ = ਫੜ ਕੇ। ਚਲਾਇਆ = ਅੱਗੇ ਲਾ ਲਿਆ ਜਾਂਦਾ ਹੈ। ਵੀਰ ਸਬਾਏ = ਸਾਰੇ ਵੀਰ, ਸਾਰੇ ਸੱਜਣ ਸੰਬੰਧੀ। ਹੰਸ = ਜੀਵਾਤਮਾ। ਪੁੰਨੇ = ਪੁੱਗ ਗਏ, ਮੁੱਕ ਗਏ। ਮਾਏ = ਹੇ ਮਾਂ! ਪੁਰਬਿ = ਮਰਨ ਤੋਂ ਪਹਿਲੇ ਸਮੇ ਵਿਚ।੧। ਪਇਆਣਾ = ਕੂਚ। ਏਥੈ = ਇਸ ਸੰਸਾਰ ਵਿਚ। ਸਰਪਰ = ਜ਼ਰੂਰ। ਮਿਹਮਾਣਾ = ਪ੍ਰਾਹੁਣਾ। ਗਾਰਬੁ = ਅਹੰਕਾਰ। ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ। ਮੂਲੇ = ਬਿਲਕੁਲ। ਸਿਰਿ ਸਿਰਿ = ਹਰੇਕ ਦੇ ਸਿਰ ਉੱਤੇ। ਕਿਆ = ਕੀਤਾ, ਆਪੋ ਆਪਣਾ ਕੀਤਾ ਕਰਮ। ਵਿਹਾਣਾ = ਬੀਤਦਾ ਹੈ।੨। ਸੰਮ੍ਰਥ = ਸਰਬ = ਸ਼ਕਤੀਮਾਨ। ਹੀਲੜਾ = ਬਹਾਨਾ। ਸੰਸਾਰੋ = (ਭਾਵ) ਸੰਸਾਰੀ ਜੀਵਾਂ ਦਾ ਉੱਦਮ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਪਰ, ਧਰਤੀ ਦੇ ਉਪਰਲੇ ਪੁਲਾੜ ਵਿਚ, ਆਕਾਸ਼ ਵਿਚ। ਅਲਖ = ਅਦ੍ਰਿਸ਼ਟ। ਇਕ ਮਨਿ = ਇਕ ਮਨ ਦੀ ਰਾਹੀਂ, ਸੁਰਤਿ ਜੋੜ ਕੇ। ਢਾਹਿ = ਢਾਹ ਕੇ। ਹੁਕਮਿ = ਹੁਕਮ ਅਨੁਸਾਰ।੩। ਬਾਬਾ = ਹੇ ਭਾਈ! ਰੁੰਨਾ ਜਾਣੀਐ = ਸਹੀ ਵੈਰਾਗ ਵਿਚ ਆਇਆ ਸਮਝੋ। ਵਾਲੇਵੇ ਕਾਰਣਿ = ਧਨ = ਪਦਾਰਥ ਦੀ ਖ਼ਾਤਰ। ਬਿਕਾਰੋ = ਬੇ = ਕਾਰ, ਵਿਅਰਥ। ਗਾਫਲੁ = ਬੇ = ਖ਼ਬਰ, ਲਾ = ਪਰਵਾਹ। ਖੋਵੈ = ਨਾਸ ਕਰਦਾ ਹੈ। ਕੂੜਿ = ਨਾਸਵੰਤ ਜਗਤ ਦੀ ਖ਼ਾਤਰ।੪। ਅਰਥ: ਜਿਸ (ਪ੍ਰਭੂ) ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ। (ਕਿਉਂਕਿ ਉਹੀ) ਸਦਾ ਕਾਇਮ ਰਹਿਣ ਵਾਲਾ ਹੈ। (ਜੀਵ ਵਿਚਾਰੇ ਦੀ ਕੋਈ ਪਾਂਇਆਂ ਨਹੀਂ) ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ। (ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ, ਸਰੀਰ ਦੇ ਪਿਆਰੇ ਸਾਥੀ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ, ਤੇ ਸਾਰੇ ਸੱਜਣ ਸੰਬੰਧੀ ਰੋਂਦੇ ਹਨ। ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ। (ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ। ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ ਉਹੀ ਸਦਾ ਕਾਇਮ ਰਹਿਣ ਵਾਲਾ ਹੈ।੧। ਹੇ ਮੇਰੇ ਭਰਾਵੋ! ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ। ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ। ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ। ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ। (ਜਗਤ ਵਿਚ ਤਾਂ ਧਨ ਪਦਾਰਥ ਵਾਲੇ ਦਾ ਹੁਕਮ ਚੱਲ ਸਕਦਾ ਹੈ, ਪਰ) ਪਰਲੋਕ ਵਿਚ ਕਿਸੇ ਦਾ ਭੀ ਹੁਕਮ ਉੱਕਾ ਹੀ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ। ਹੇ ਮੇਰੇ ਭਰਾਵੋ! ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ।੨। ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ। ਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ। ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ। ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤਿ ਜੋੜ ਕੇ ਸਿਮਰਿਆ ਹੈ। ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ। ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ।੩। ਹੇ ਨਾਨਕ! ਆਖ-ਵਿਛੁੜੇ ਸਨਬੰਧੀਆਂ ਦੀ ਮੌਤ ਤੇ ਤਾਂ ਹਰ ਕੋਈ ਵੈਰਾਗ ਵਿਚ ਆ ਜਾਂਦਾ ਹੈ, ਪਰ ਇਹ ਵੈਰਾਗ ਕਿਸੇ ਅਰਥ ਨਹੀਂ) ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ। ਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ। ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ। (ਇਸ ਰੋਣ ਨਾਲ) ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ। ਹੇ ਭਾਈ! ਹਰੇਕ ਜੀਵ ਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇ) ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ। ਹੇ ਨਾਨਕ! ਆਖ-) ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਸਮਝੋ ਜੋ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਪਿਆਰ ਨਾਲ ਵੈਰਾਗ ਵਿਚ ਆਉਂਦਾ ਹੈ।੪।੧। ਵਡਹੰਸੁ ਮਹਲਾ ੧ ॥ ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥ ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ ॥ ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥ ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥ ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥ ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥ ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥ ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥ ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥ ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥ ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ॥ ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ ॥ ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥ ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥ ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥੩॥ ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥ ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥ ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥ ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥ ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ ॥ ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥੪॥੨॥ {ਪੰਨਾ 579-580} ਪਦਅਰਥ: ਲਏਹਾਂ = ਅਸੀ ਲਈਏ। ਸਚੜਾ = ਸਦਾ-ਥਿਰ ਰਹਿਣ ਵਾਲਾ। ਰੋਵਹ = ਅਸੀ ਰੋਵੀਏ, ਅਸੀ ਅਫ਼ਸੋਸ ਕਰੀਏ। ਬਿਰਹਾ = ਵਿਛੋੜਾ। ਤਨ = ਸਰੀਰ। ਸਮ੍ਹ੍ਹਾਲਿਹ = ਅਸੀ ਯਾਦ ਕਰੀਏ। ਪੰਥੁ = ਰਸਤਾ। ਨਿਹਾਲਿਹ = ਅਸੀ ਵੇਖੀਏ। ਕੀਆ = ਪੈਦਾ ਕੀਤਾ। ਲੀਆ = ਵਾਪਸ ਲੈ ਲਿਆ। ਭਾਣਾ = ਰਜ਼ਾ। ਤਿਨਿ = ਉਸ ਜੀਵ ਨੇ।੧। ਲੋਕਾ = ਹੇ ਲੋਕੋ! ਐਸਾ = ਅਜੇਹੀ ਮੌਤ। ਸੰਮ੍ਰਥੁ = ਸਭ ਤਾਕਤਾਂ ਵਾਲਾ। ਸੁਹੇਲਾ = ਸੌਖਾ। ਪੰਥਿ ਸੁਹੇਲੈ = ਸੌਖੇ ਰਸਤੇ ਉਤੇ। ਆਗੈ = ਪ੍ਰਭੂ ਦੀ ਹਜ਼ੂਰੀ ਵਿਚ। ਵਡਾਈ = ਇੱਜ਼ਤ। ਭੇਟੈ ਸਿਉ = (ਨਾਮ ਦੀ) ਭੇਟਾ ਲੈ ਕੇ। ਸਚਿ = ਸਦਾ-ਥਿਰ ਪ੍ਰਭੂ ਵਿਚ। ਲੇਖੈ = ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ। ਮਹਲੀ = ਹਜ਼ੂਰੀ ਵਿਚ। ਰੰਗ ਸਿਉ = ਪ੍ਰੇਮ ਨਾਲ।੨। ਹਕੁ = ਬਰ = ਹੱਕ, ਪਰਵਾਨ। ਜੋ = ਜੇਹੜੇ। ਸੂਰੇ = ਸੂਰਮੇ। ਮਾਣੋ = ਇੱਜ਼ਤ। ਪਤਿ = ਇੱਜ਼ਤ। ਕਰਿ = ਕਰ ਕੇ, ਮੰਨ ਕੇ। ਊਚਾ = ਅਹੰਕਾਰ = ਭਰੀ ਗੱਲ। ਜਾਣੋ = ਜਾਣਨਹਾਰ ਪ੍ਰਭੂ।੩। ਬਾਜੀ = ਖੇਡ। ਵੇਖੈ = ਸੰਭਾਲ ਕਰਦਾ ਹੈ। ਕੁਦਰਤਿ = ਰਚੀ ਸ੍ਰਿਸ਼ਟੀ। ਧਾਰਣ ਧਾਰੇ = ਆਸਰਾ ਦੇਂਦਾ ਹੈ।੪। ਅਰਥ: ਹੇ ਸਹੇਲੀਹੋ! ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰੀਏ। ਆਓ, ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫ਼ਸੋਸ ਨਾਲ ਚੇਤਾ ਕਰੀਏ, (ਉਹ ਵਿਛੋੜਾ ਦੂਰ ਕਰਨ ਲਈ) ਮਾਲਕ-ਪ੍ਰਭੂ ਨੂੰ ਯਾਦ ਕਰੀਏ। ਆਓ, ਅਸੀ ਮਾਲਕ ਨੂੰ ਹਿਰਦੇ ਵਿਚ ਵਸਾਈਏ, ਤੇ ਉਸ ਰਸਤੇ ਨੂੰ ਤੱਕੀਏ (ਜਿਸ ਰਸਤੇ ਸਭ ਜਾ ਰਹੇ ਹਨ) । ਅਸਾਂ ਭੀ (ਆਖ਼ਿਰ) ਉਸ ਪਰਲੋਕ ਵਿਚ ਜਾਣਾ ਹੈ (ਜਿਥੇ ਅਨੇਕਾਂ ਜਾ ਚੁਕੇ ਹਨ) । (ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ) ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ, ਉਸੇ ਨੇ ਜਿੰਦ ਵਾਪਸ ਲੈ ਲਈ ਹੈ, ਉਸੇ ਦੀ ਰਜ਼ਾ ਹੋਈ ਹੈ। ਇਥੇ ਜਗਤ ਵਿਚ ਜੀਵ ਨੇ ਜੋ ਕੁਝ ਕੀਤਾ, (ਮਰਨ ਤੇ) ਉਸ ਦੇ ਅੱਗੇ ਆ ਜਾਂਦਾ ਹੈ। (ਇਸ ਰੱਬੀ ਨਿਯਮ ਅੱਗੇ) ਸਾਡਾ ਕੋਈ ਜ਼ੋਰ ਨਹੀਂ ਚੜ੍ਹ ਸਕਦਾ। (ਇਸ ਵਾਸਤੇ) ਹੇ ਸਹੇਲੀਹੋ! ਆਓ, ਰਲ ਕੇ ਬੈਠੀਏ ਤੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ।੧। ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਮੌਤ ਚੰਗੀ ਹੈ, ਪਰ ਤਦੋਂ ਹੀ) ਜੇ ਕੋਈ ਮਨੁੱਖ ਉਸ ਤਰੀਕੇ ਨਾਲ (ਜਿਊ ਕੇ) ਮਰਨਾ ਜਾਣਦਾ ਹੋਵੇ। (ਉਹ ਤਰੀਕਾ ਇਹ ਹੈ ਕਿ) ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, (ਤਾਂ ਕਿ ਜੀਵਨ ਦੇ ਸਫ਼ਰ ਵਿਚ) ਰਸਤਾ ਸੌਖਾ ਹੋ ਜਾਏ (ਸਿਮਰਨ ਦੀ ਬਰਕਤਿ ਨਾਲ) ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਤੇ ਪ੍ਰਭੂ ਹੀ ਹਜ਼ੂਰੀ ਵਿਚ ਇੱਜ਼ਤ ਮਿਲੇਗੀ। ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ, ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ, ਤੇ ਖਸਮ-ਪ੍ਰਭੂ ਨੂੰ ਚੰਗੇ ਲੱਗੋਗੇ। (ਜੇਹੜਾ ਜੀਵ ਇਹ ਭੇਟਾ ਲੈ ਕੇ ਜਾਂਦਾ ਹੈ ਉਹ) ਪ੍ਰੇਮ ਨਾਲ ਆਤਮਕ ਆਨੰਦ ਮਾਣਦਾ ਹੈ। ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਪਰ ਇਸ ਗੱਲ ਨੂੰ ਉਹੀ ਸਮਝਦਾ ਹੈ) ਜੇਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ।੨। ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਭੀ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ। ਪ੍ਰਭੂ ਦੀ ਹਜ਼ੂਰੀ ਵਿਚ ਉਹੀ ਬੰਦੇ ਸੂਰਮੇ ਆਖੇ ਜਾਂਦੇ ਹਨ, ਉਹ ਬੰਦੇ ਸਦਾ-ਥਿਰ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਂਦੇ ਹਨ। ਉਹ ਦਰਗਾਹ ਵਿਚ ਇੱਜ਼ਤ ਪਾਂਦੇ ਹਨ, ਇੱਜ਼ਤ ਨਾਲ (ਇਥੋਂ) ਜਾਂਦੇ ਹਨ ਤੇ ਅਗਾਂਹ ਪਰਲੋਕ ਵਿਚ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ। ਉਹ ਬੰਦੇ ਪਰਮਾਤਮਾ ਨੂੰ (ਹਰ ਥਾਂ) ਵਿਆਪਕ ਜਾਣ ਕੇ ਸਿਮਰਦੇ ਹਨ, ਉਸ ਪ੍ਰਭੂ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਰਨ ਕੀਤਿਆਂ (ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ। (ਹੇ ਭਾਈ!) ਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ। ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ, ਉਹਨਾਂ ਦਾ ਮਰਨਾ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ।੩। ਹੇ ਨਾਨਕ! ਆਖ-) ਹੇ ਭਾਈ! ਇਹ ਜਗਤ ਇਕ ਖੇਡ ਹੈ (ਖੇਡ ਬਣਦੀ ਢਹਿੰਦੀ ਹੀ ਰਹਿੰਦੀ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ, ਆਪਣੀ ਰਚੀ ਰਚਨਾ ਦਾ ਆਪ ਧਿਆਨ ਰੱਖਦਾ ਹੈ। ਪ੍ਰਭੂ ਆਪਣੀ ਰਚੀ ਰਚਨਾ ਦਾ ਖ਼ਿਆਲ ਰੱਖਦਾ ਹੈ, ਇਸ ਨੂੰ ਆਸਰਾ-ਸਹਾਰਾ ਦੇਂਦਾ ਹੈ, ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਲੋੜਾਂ ਭੀ ਜਾਣਦਾ ਹੈ। ਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ (ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ) । ਜਿਸ ਪ੍ਰਭੂ ਨੇ ਇਹ ਜਗਤ-ਰਚਨਾ ਕੀਤੀ ਹੋਈ ਹੈ ਉਹੀ ਇਸ ਦੀਆਂ ਲੋੜਾਂ ਜਾਣਦਾ ਹੈ। ਉਸ ਪ੍ਰਭੂ ਦਾ ਸਰੂਪ ਬੇਅੰਤ ਹੈ। ਹੇ ਨਾਨਕ! ਆਖ-) ਹੇ ਭਾਈ! ਇਹ ਜਗਤ ਇਕ ਖੇਡ ਹੈ (ਇਥੇ ਜੋ ਘੜਿਆ ਹੈ ਉਸ ਨੇ ਭੱਜਣਾ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ।੪।੨। TOP OF PAGE |
Sri Guru Granth Darpan, by Professor Sahib Singh |