ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 587

ਸਲੋਕੁ ਮਃ ੩ ॥ ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥ ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥ ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥ ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥ ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥ ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥ ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥੧॥ {ਪੰਨਾ 587}

ਪਦਅਰਥ: ਭੇਖੀ = ਭੇਖ ਧਾਰਨ ਕੀਤਿਆਂ। ਅਗੈ = ਪਰਲੋਕ ਵਿਚ। ਸਹਜ = ਅਡੋਲਤਾ, ਸੰਤੋਖ। ਦੁਖੁ ਮਨਾਇ = ਦੁੱਖ ਪੈਦਾ ਕਰ ਕੇ। ਥਾਵਹੁ = ਨਾਲੋਂ। ਵਰਸਾਇ = ਕੰਮ ਸਵਾਰਦਾ ਹੈ। ਪਾਵਹਿ = ਤੂੰ ਪਾਉਂਦਾ ਹੈਂ।

ਅਰਥ: ਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ; (ਭੇਖੀ ਸਾਧੂ ਤ੍ਰਿਸ਼ਨਾ ਦੇ) ਦੁੱਖ ਵਿਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ, ਤੇ ਪਰਲੋਕ ਵਿਚ ਇਸ ਨਾਲੋਂ ਭੀ ਵਧੀਕ ਸਜ਼ਾ ਭੁਗਤਦਾ ਹੈ।

ਭੇਖੀ ਸਾਧੂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਜਿਸ ਸ਼ਾਂਤੀ ਦੀ ਬਰਕਤਿ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ, ਲੈ ਕੇ ਖਾ ਲਏ (ਭਾਵ, ਤ੍ਰਿਪਤ ਹੋ ਜਾਏ) ; ਪਰ ਮਨ ਦੇ ਹਠ ਦੇ ਆਸਰੇ (ਭਿੱਖਿਆ) ਮੰਗਿਆਂ (ਦੋਹੀਂ ਧਿਰੀਂ) ਕਲੇਸ਼ ਪੈਦਾ ਕਰ ਕੇ ਹੀ ਭਿੱਖਿਆ ਲਈਦੀ ਹੈ। ਇਸ ਭੇਖ ਨਾਲੋਂ ਗ੍ਰਿਹਸਥ ਚੰਗਾ ਹੈ, ਕਿਉਂਕਿ ਇਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ।

ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ; ਪਰ, ਜੋ ਮਨੁੱਖ ਮਾਇਆ ਵਿਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ। (ਇਸ ਬਾਰੇ ਕਿ ਕੋਈ ਚੰਗੇ ਰਾਹ ਪਿਆ ਹੈ ਤੇ ਕੋਈ ਮੰਦੇ ਪਾਸੇ) ਕੁਝ ਆਖਿਆ ਨਹੀਂ ਜਾ ਸਕਦਾ, (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ) ਕਾਰ ਕਮਾਉਣੀ ਪੈਂਦੀ ਹੈ।

ਹੇ ਨਾਨਕ! ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ, ਹੇ ਪ੍ਰਭੂ! ਤੂੰ ਉਹਨਾਂ ਦੀ ਇੱਜ਼ਤ ਥਾਂਇ ਪਾਉਂਦਾ ਹੈ (ਭਾਵ, ਲਾਜ ਰੱਖਦਾ ਹੈਂ) ੧।

ਮਃ ੩ ॥ ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥ ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥ ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥ ਮੈਲੁ ਗਈ ਮਨੁ ਨਿਰਮਲੁ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ ॥ ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥ ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥ ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥ ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥੨॥ {ਪੰਨਾ 587}

ਪਦਅਰਥ: ਜਨਮ ਮਰਣ ਦੁਖੁ = ਜੰਮਣ ਤੋਂ ਲੈ ਕੇ ਮਰਨ ਤਕ ਦਾ ਦੁੱਖ, ਸਾਰੀ ਉਮਰ ਦਾ ਦੁੱਖ, ਮੌਤ ਦਾ ਸਹਮ ਜੋ ਸਾਰੀ ਉਮਰ ਪਿਆ ਰਹਿੰਦਾ ਹੈ।

ਅਰਥ: ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁਖ ਮਿਲਦਾ ਹੈ, ਸਾਰੀ ਉਮਰ ਦਾ ਦੁੱਖ ਦੂਰ ਹੋ ਜਾਂਦਾ ਹੈ; ਉੱਕਾ ਹੀ ਚਿੰਤਾ ਨਹੀਂ ਰਹਿੰਦੀ (ਕਿਉਂਕਿ) ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ। ਮਨੁੱਖ ਦੇ ਅੰਦਰ ਹੀ ਗਿਆਨ (-ਰੂਪ) ਤੀਰਥ ਹੈ, (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਇਸ ਤੀਰਥ ਦੀ) ਸਮਝ ਬਖ਼ਸ਼ੀ ਹੈ ਉਹ ਮਨੁੱਖ ਨਾਮ-ਅੰਮ੍ਰਿਤ ਦੇ ਸਰੋਵਰ ਵਿਚ, ਅੰਮ੍ਰਿਤ ਦੇ ਤੀਰਥ ਤੇ ਨ੍ਹਾਉਂਦਾ ਹੈ, ਤੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਮਨ ਦੀ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ। ਸਤਿਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਸੁਤੇ ਹੀ ਸਤਸੰਗੀ ਸਤਸੰਗੀਆਂ ਨੂੰ ਮਿਲਦੇ ਹਨ, (ਸਤਸੰਗ ਦੀ ਰਾਹੀਂ) ਪ੍ਰਭੂ ਵਿਚ ਬਿਰਤੀ ਜੋੜ ਕੇ, ਹਿਰਦੇ-ਰੂਪ ਘਰ ਵਿਚ ਉਹਨਾਂ ਨੂੰ (ਪ੍ਰਭੂ-ਸਿਮਰਨ ਰੂਪ) ਆਹਰ ਮਿਲ ਜਾਂਦਾ ਹੈ।

ਪਰ, ਪਖੰਡ ਕੀਤਿਆਂ ਮੌਤ ਦਾ ਸਹਮ ਨਹੀਂ ਛੱਡਦਾ, (ਪਖੰਡ ਦੀ) ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ। ਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਇਸ ਸਹਮ ਤੋਂ) ਬਚ ਜਾਂਦੇ ਹਨ।੨।

ਪਉੜੀ ॥ ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ ਸਹਜੇ ਹੀ ਹਰਿ ਨਾਮੁ ਲੇਹੁ ਹਰਿ ਤਤੁ ਨ ਖੋਈਐ ॥ ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥ ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥ ਤਿਸੁ ਗੁਰ ਕੰਉ ਸਭਿ ਨਮਸਕਾਰੁ ਕਰਹੁ ਜਿਨਿ ਹਰਿ ਕੀ ਹਰਿ ਗਾਲ ਗਲੋਈਐ ॥੪॥ {ਪੰਨਾ 587}

ਪਦਅਰਥ: ਬਿਲੋਈਐ = ਰਿੜਕੀਦਾ ਹੈ, ਵਿਚਾਰੀਦਾ ਹੈ। ਸਹਜੇ = ਅਡੋਲਤਾ ਵਿਚ, ਟਿਕੇ ਹੋਏ ਮਨ ਨਾਲ। ਤਤੁ = ਅਸਲੀ ਚੀਜ਼। ਲਿਲਾਟਿ = ਮੱਥੇ ਉੱਤੇ। ਗਲੋਈਐ = ਆਖਦਾ ਹੈ।

ਅਰਥ: (ਹੇ ਭਾਈ!) ਉਸ ਸਤਸੰਗ ਵਿਚ ਜਾ ਕੇ ਬੈਠੋ, ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ, (ਉਥੇ ਜਾ ਕੇ) ਮਨ ਟਿਕਾ ਕੇ ਹਰੀ ਦਾ ਨਾਮ ਜਪੋ, ਤਾਂ ਜੋ ਨਾਮ-ਤੱਤ ਖੁੱਸ ਨਾਹ ਜਾਏ। (ਸਤ ਸੰਗ ਵਿਚ) ਸਦਾ ਦਿਨ ਰਾਤ ਹਰੀ ਦਾ ਨਾਮ ਜਪੋ, ਇਹ ਨਾਮ-ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਅੱਪੜੀਦਾ ਹੈ।

(ਪਰ, ਸਤਸੰਗ ਵਿਚ ਭੀ) ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ, ਜਿਸ ਦੇ ਮੱਥੇ ਉਤੇ ਧੁਰੋਂ (ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੋਇਆ ਹੈ।

(ਹੇ ਭਾਈ!) ਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰਦਾ ਹੈ।੪।

ਸਲੋਕ ਮਃ ੩ ॥ ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥ ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥ ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥ ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥ ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥ ਵਿਛੁੜਿਆ ਕਾ ਕਿਆ ਵਿਛੁੜੈ ਜਿਨਾ ਦੂਜੈ ਭਾਇ ਪਿਆਰੁ ॥ ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥ ਇਸੁ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥ ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥ ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥੧॥ {ਪੰਨਾ 587}

ਪਦਅਰਥ: ਕਰਤਾਰਿ = ਕਰਤਾਰ ਨੇ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਵਿਲਮੁ = ਦੇਰ, ਢਿੱਲ। ਚਲਨਿ = ਪੈਦਾ ਹੁੰਦੇ ਹਨ।

ਅਰਥ: ਜਿਨ੍ਹਾਂ (ਸਤਸੰਗੀਆਂ) ਦਾ ਗੁਰੂ ਨਾਲ ਪ੍ਰੇਮ ਹੁੰਦਾ ਹੈ, ਉਹ ਸਤਸੰਗੀਆਂ ਨੂੰ ਮਿਲਦੇ ਹਨ; ਸਤਸੰਗੀਆਂ ਨੂੰ ਮਿਲ ਕੇ ਉਹੀ ਮਨੁੱਖ ਪ੍ਰਭੂ ਪ੍ਰੀਤਮ ਨੂੰ ਸਿਮਰਦੇ ਹਨ ਕਿਉਂਕਿ ਸੱਚੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ; ਸਤਿਗੁਰੂ ਦੇ ਅਪਾਰ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਮਨ ਆਪਣੇ ਆਪ ਤੋਂ ਹੀ ਪ੍ਰਭੂ ਵਿਚ ਪਤੀਜ ਜਾਂਦਾ ਹੈ; ਅਜੇਹੇ ਸਤਸੰਗੀ ਮਨੁੱਖ (ਇਕ ਵਾਰੀ) ਮਿਲੇ ਹੋਏ ਫਿਰ ਵਿਛੁੜਦੇ ਨਹੀਂ ਹਨ, ਕਿਉਂਕਿ ਕਰਤਾਰ ਨੇ ਆਪ ਇਹਨਾਂ ਨੂੰ ਮਿਲਾ ਦਿੱਤਾ ਹੈ।

ਇਕਨਾਂ (ਵਿਛੁੜੇ ਹੋਇਆਂ) ਨੂੰ ਪ੍ਰਭੂ ਦੇ ਦੀਦਾਰ ਦਾ ਯਕੀਨ ਹੀ ਨਹੀਂ ਬੱਝਦਾ, ਕਿਉਂਕਿ ਉਹ ਗੁਰੂ ਦੇ ਸ਼ਬਦ ਵਿਚ ਕਦੇ ਵਿਚਾਰ ਹੀ ਨਹੀਂ ਕਰਦੇ। ਪਰ, ਜਿਨ੍ਹਾਂ ਮਨੁੱਖਾਂ ਦੀ ਸੁਰਤਿ ਸਦਾ ਮਾਇਆ ਦੇ ਮੋਹ ਵਿਚ ਜੁੜੀ ਰਹਿੰਦੀ ਹੈ, ਉਹਨਾਂ (ਪ੍ਰਭੂ ਤੋਂ) ਵਿਛੁੜੇ ਹੋਇਆਂ ਦਾ ਹੋਰ ਵਿਛੋੜਾ ਭੀ ਕੀਹ ਹੋਣਾ ਹੋਇਆ? (ਭਾਵ, ਮਾਇਆ ਵਿਚ ਫਸੇ ਰਹਿਣ ਕਰਕੇ ਉਹ ਪਰਮਾਤਮਾ ਨਾਲੋਂ ਵਿਛੋੜਾ ਮਹਿਸੂਸ ਹੀ ਨਹੀਂ ਕਰਦੇ)

ਜੋ ਮਨੁੱਖ ਆਪਣੇ ਮਨ ਦੇ ਪਿਛੇ ਤੁਰਦਾ ਹੈ, ਉਸ ਨਾਲ ਮਿੱਤ੍ਰਤਾ ਥੋੜੇ ਹੀ ਦੋ ਚਾਰ ਦਿਨ ਲਈ ਹੀ ਰਹਿ ਸਕਦੀ ਹੈ, ਇਸ ਮਿੱਤ੍ਰਤਾ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, (ਉਂਞ ਭੀ) ਇਸ ਮਿੱਤ੍ਰਤਾ ਵਿਚੋਂ ਬੁਰਾਈਆਂ ਹੀ ਨਿਕਲਦੀਆਂ ਹਨ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਡਰ ਨਹੀਂ, ਜੋ ਪਰਮਾਤਮਾ ਦੇ ਨਾਮ ਵਿਚ ਕਦੇ ਪਿਆਰ ਨਹੀਂ ਪਾਉਂਦੇ ਉਹਨਾਂ ਨਾਲ ਸਾਂਝ ਪਾਉਣੀ ਹੀ ਨਹੀਂ ਚਾਹੀਦੀ।੧।

ਮਃ ੩ ॥ ਇਕਿ ਸਦਾ ਇਕਤੈ ਰੰਗਿ ਰਹਹਿ ਤਿਨ ਕੈ ਹਉ ਸਦ ਬਲਿਹਾਰੈ ਜਾਉ ॥ ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥ ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥ ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥੨॥ {ਪੰਨਾ 587}

ਪਦਅਰਥ: ਇਕਿ = ਕਈ ਮਨੁੱਖ। ਇਕਤੈ ਰੰਗਿ = ਇਕੇ ਰੰਗ ਵਿਚ ਹੀ। ਅਰਪੀ = ਮੈਂ ਹਵਾਲੇ ਕਰ ਦਿਆਂ। ਪਾਇ = ਪੈਰੀਂ।

ਅਰਥ: ਕਈ (ਵਡ-ਭਾਗੀ) ਮਨੁੱਖ ਇਕ (ਪ੍ਰਭੂ ਦੇ) ਰੰਗ ਵਿਚ ਹੀ (ਮਸਤ) ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ; (ਮੇਰਾ ਚਿੱਤ ਕਰਦਾ ਹੈ) ਆਪਣਾ ਤਨ ਮਨ ਧਨ ਉਹਨਾਂ ਦੀ ਭੇਟ ਕਰ ਦਿਆਂ ਤੇ ਨਿਉਂ ਨਿਉਂ ਕੇ ਉਹਨਾਂ ਦੀ ਪੈਰੀਂ ਲੱਗਾਂ। ਉਹਨਾਂ ਨੂੰ ਮਿਲਿਆਂ ਮਨ ਨੂੰ ਠੰਢ ਪੈਂਦੀ ਹੈ, ਸਾਰੀ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ।

ਹੇ ਨਾਨਕ! ਨਾਮ ਵਿਚ ਭਿੱਜੇ ਹੋਏ ਮਨੁੱਖ ਸੱਚੇ ਪ੍ਰਭੂ ਨਾਲ ਚਿੱਤ ਜੋੜ ਕੇ ਸਦਾ ਸੁਖਾਲੇ ਰਹਿੰਦੇ ਹਨ।੨।

TOP OF PAGE

Sri Guru Granth Darpan, by Professor Sahib Singh