ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 604

ਸੋਰਠਿ ਮਹਲਾ ੩ ॥ ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥ ਹਰਿ ਕਾ ਨਾਮੁ ਸਚਾ ਮਨਿ ਵਸਿਆ ਨਾਮੇ ਨਾਮਿ ਸਮਾਏ ॥੧॥ ਬਿਨੁ ਸਤਿਗੁਰ ਸਭੁ ਜਗੁ ਬਉਰਾਨਾ ॥ ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥ ਰਹਾਉ ॥ ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥ ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ ॥੨॥ ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ ॥ ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ ॥੩॥ ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ ॥ ਨਾਨਕ ਰਾਮ ਨਾਮਿ ਨਿਸਤਾਰਾ ਸਬਦੇ ਹਉਮੈ ਖੋਈ ॥੪॥੧੨॥ {ਪੰਨਾ 604}

ਪਦਅਰਥ: ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਉਪਜੈ = ਪੈਦਾ ਹੋ ਜਾਂਦੀ ਹੈ। ਗਤਿ = ਉੱਚੀ ਆਤਮਕ ਅਵਸਥਾ। ਤਦ ਹੀ = ਤਦੋਂ ਹੀ। ਮਨਿ = ਮਨ ਵਿਚ। ਨਾਮੇ ਨਾਮਿ = ਨਾਮ ਵਿਚ ਹੀ ਨਾਮ ਵਿਚ, ਸਦਾ ਨਾਮ ਵਿਚ ਹੀ।੧।

ਬਉਰਾਨਾ = ਕਮਲਾ, ਝੱਲਾ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਭਰਮਿ = ਭਟਕਣਾ ਵਿਚ।ਰਹਾਉ।

ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ। ਊਭਉ = ਖਲੋਤਾ ਹੋਇਆ।੨।

ਵਰਤਹਿ = ਪ੍ਰਭਾਵ ਪਾਈ ਰੱਖਦੇ ਹਨ। ਪਤਿ = ਇੱਜ਼ਤ। ਚਉਥਾ ਪਦੁ = ਉਹ ਆਤਮਕ ਦਰਜਾ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ। ਨਾਮਿ = ਨਾਮ ਦੀ ਰਾਹੀਂ।੩।

ਸਭਿ = ਸਾਰੇ। ਆਪੇ = ਆਪ ਹੀ। ਨਿਸਤਾਰਾ = ਪਾਰ = ਉਤਾਰਾ, ਪੂਰਨ ਖ਼ਲਾਸੀ।੪।

ਅਰਥ: ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਕੇ ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਝੂਠੀ ਦੁਨੀਆ ਦੇ ਕਾਰਨ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।ਰਹਾਉ।

ਹੇ ਭਾਈ! ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤਦੋਂ (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ। ਤਦੋਂ ਹੀ (ਗੁਰੂ ਦੀ ਸਰਨ ਪੈ ਕੇ ਹੀ) ਮਨੁੱਖ ਉੱਚੀ ਆਤਮਕ ਅਵਸਥਾ ਤੇ ਉੱਚੀ ਮਤਿ ਹਾਸਲ ਕਰਦਾ ਹੈ। ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ, ਤੇ, ਮਨੁੱਖ ਸਦਾ ਨਾਮ ਵਿਚ ਹੀ ਲੀਨ ਰਹਿੰਦਾ ਹੈ।੧।

ਹੇ ਭਾਈ! ਮਨੁੱਖ ਤ੍ਰਿਗੁਣੀ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਤੇ, ਹਉਮੈ ਦੇ ਕਾਰਨ ਮੋਹ ਦੇ ਬੰਧਨ ਵਧਾਣ ਵਾਲੇ ਕੰਮ ਹੀ ਕਰਦਾ ਹੈ। ਉਸ ਦੇ ਸਿਰ ਉਤੇ ਜਨਮ ਮਰਨ ਦਾ ਗੇੜ ਹਰ ਵੇਲੇ ਟਿਕਿਆ ਰਹਿੰਦਾ ਹੈ, ਤੇ, ਜਨਮ ਮਰਨ ਵਿਚ ਪੈ ਕੇ ਦੁੱਖ ਸਹਿੰਦਾ ਰਹਿੰਦਾ ਹੈ।

ਹੇ ਭਾਈ! ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪਰਭਾਵ ਪਾਈ ਰੱਖਦੇ ਹਨ, (ਇਹਨਾਂ ਦੇ ਅਸਰ ਹੇਠ ਮਨੁੱਖ) ਹਉਮੈ ਵਿਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਆਤਮਕ ਅਵਸਥਾ ਨੂੰ ਪਛਾਣ ਲੈਂਦਾ ਹੈ ਜਿਥੇ ਮਾਇਆ ਦੇ ਤਿੰਨ ਗੁਣ ਅਸਰ ਨਹੀਂ ਪਾ ਸਕਦੇ, ਪਰਮਾਤਮਾ ਦੇ ਨਾਮ ਵਿਚ ਟਿਕ ਕੇ ਉਹ ਆਤਮਕ ਆਨੰਦ ਮਾਣਦਾ ਹੈ।੩।

ਹੇ ਪ੍ਰਭੂ! ਮਾਇਆ ਦੇ ਇਹ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ, ਤੂੰ ਆਪ ਹੀ (ਸਭ ਦਾ) ਪੈਦਾ ਕਰਨ ਵਾਲਾ ਹੈਂ। (ਜਗਤ ਵਿਚ) ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ। ਹੇ ਨਾਨਕ! ਆਖ-ਹੇ ਭਾਈ!) ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੇ ਤਿੰਨ ਗੁਣਾਂ ਤੋਂ) ਪੂਰੀ ਖ਼ਲਾਸੀ ਹੁੰਦੀ ਹੈ। ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ (ਆਪਣੇ ਅੰਦਰੋਂ) ਹਉਮੈ ਦੂਰ ਕਰ ਸਕਦਾ ਹੈ।੪।੧੨।

ਸੋਰਠਿ ਮਹਲਾ ੪ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥ ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥ ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥ ਜਪਿ ਮਨ ਹਰਿ ਹਰਿ ਨਾਮੁ ਸਲਾਹ ॥ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥ ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥ ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥ ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥ ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥ ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥ ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥ ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥ ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥ ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥ {ਪੰਨਾ 604}

ਪਦਅਰਥ: ਆਪੇ = ਆਪ ਹੀ। ਵਰਤਦਾ = (ਹਰ ਥਾਂ) ਮੌਜੂਦ ਹੈ। ਅਪਾਹੁ = ਅ = ਪਾਹੁ, ਪਾਹ ਤੋਂ ਰਹਿਤ, ਨਿਰਲੇਪ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਹੁ = ਸ਼ਾਹੂਕਾਰ, ਵਣਜਾਰਿਆਂ ਨੂੰ ਰਾਸਿ ਦੇਣ ਵਾਲਾ। ਸਚੁ = ਸਦਾ-ਥਿਰ। ਵੇਸਾਹੁ = ਰਾਸਿ = ਪੂੰਜੀ, ਸਰਮਾਇਆ।੧।

ਮਨ = ਹੇ ਮਨ! ਸਲਾਹ = ਸਿਫ਼ਤਿ-ਸਾਲਾਹ। ਤੇ = ਤੋਂ, ਦੀ ਰਾਹੀਂ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਅਗਮ = ਅਪਹੁੰਚ। ਅਥਾਹ = ਜਿਸ ਦੀ ਹੋਂਦ ਦੀ ਡੂੰਘਾਈ ਨਹੀਂ ਲੱਭੀ ਜਾ ਸਕਦੀ।ਰਹਾਉ।

ਸੁਣਿ = ਸੁਣ ਕੇ। ਵੇਖਦਾ = ਸੰਭਾਲ ਕਰਦਾ ਹੈ। ਮੁਖਿ = ਮੂੰਹ ਤੋਂ। ਮੁਹਾਹੁ = ਮੋਹ ਲੈਣ ਵਾਲਾ ਬੋਲ, ਮਿੱਠਾ ਬੋਲ। ਉਝੜਿ = ਗ਼ਲਤ ਰਸਤੇ ਤੇ। ਸਭੁ = ਹਰ ਥਾਂ।੨।

ਸਿਰਿ = ਸਿਰਿ ਸਿਰਿ, ਹਰੇਕ ਦੇ ਸਿਰ ਉਤੇ। ਧੰਧੜੈ = ਧੰਧੇ ਵਿਚ। ਲਾਹੁ = ਲਾਂਦਾ ਹੈ। ਸਾਖਤੀ = ਬਣਤਰ, ਰਚਨਾ। ਮਰਿ ਜਾਹੁ = ਮਰ ਜਾਂਦਾ ਹੈ। ਪਾਤਣੀ = ਪੱਤਣ ਦਾ ਮਲਾਹ।੩।

ਸਾਗਰੁ = ਸਮੁੰਦਰ। ਬੋਹਿਥਾ = ਜਹਾਜ਼। ਖੇਵਟੁ = ਮਲਾਹ। ਚੜਿ = (ਜਹਾਜ਼ ਵਿਚ) ਚੜ੍ਹ ਕੇ। ਚੋਜ = ਕੌਤਕ = ਤਮਾਸ਼ੇ। ਕਰਿ = ਕਰ ਕੇ। ਬਖਸਿ = ਬਖ਼ਸ਼ਸ਼ ਕਰ ਕੇ, ਦਇਆ ਕਰ ਕੇ।੪।

ਅਰਥ: ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਿਫ਼ਤਿ-ਸਾਲਾਹ ਕਰਿਆ ਕਰ। (ਹੇ ਭਾਈ!) ਗੁਰੂ ਦੀ ਮੇਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ, ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ ਅਪਹੁੰਚ ਹੈ, ਤੇ, ਜੋ ਬਹੁਤ ਡੂੰਘਾ ਹੈ।ਰਹਾਉ।

ਹੇ ਭਾਈ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ (ਵਿਆਪਕ ਹੁੰਦਿਆਂ ਭੀ) ਪ੍ਰਭੂ ਆਪ ਹੀ ਨਿਰਲੇਪ (ਭੀ) ਹ ੈ। ਜਗਤ-ਵਣਜਾਰਾ ਪ੍ਰਭੂ ਆਪ ਹੀ ਹੈ (ਜਗਤ-ਵਣਜਾਰੇ ਨੂੰ ਰਾਸਿ-ਪੂੰਜੀ ਦੇਣ ਵਾਲਾ ਭੀ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ਾਹੂਕਾਰ ਹੈ। ਪ੍ਰਭੂ ਆਪ ਹੀ ਵਣਜ ਹੈ, ਆਪ ਹੀ ਵਪਾਰ ਕਰਨ ਵਾਲਾ ਹੈ, ਆਪ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।੧।

ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣ ਕੇ ਸਭ ਦੀ ਸੰਭਾਲ ਕਰਦਾ ਹੈ, ਆਪ ਹੀ ਮੂੰਹੋਂ (ਜੀਵਾਂ ਨੂੰ ਢਾਰਸ ਦੇਣ ਲਈ) ਮਿੱਠਾ ਬੋਲ ਬੋਲਦਾ ਹੈ। ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾ ਦੇਂਦਾ ਹੈ, ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ। ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, (ਇਤਨੇ ਖਲਜਗਨ ਦਾ ਮਾਲਕ ਹੁੰਦਾ ਹੋਇਆ) ਪ੍ਰਭੂ ਬੇ-ਪਰਵਾਹ ਰਹਿੰਦਾ ਹੈ।੨।

ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਰ ਵਿਚ ਲਾਈ ਰੱਖਦਾ ਹੈ, ਪ੍ਰਭੂ ਆਪ ਹੀ (ਜੀਵਾਂ ਦੀ) ਬਣਤਰ ਬਣਾਂਦਾ ਹੈ, ਆਪ ਹੀ ਮਾਰਦਾ ਹੈ, (ਤਾਂ ਉਸ ਦਾ ਪੈਦਾ ਕੀਤਾ ਜੀਵ) ਮਰ ਜਾਂਦਾ ਹੈ। ਪ੍ਰਭੂ ਆਪ ਹੀ (ਸੰਸਾਰ-ਨਦੀ ਉਤੇ) ਪੱਤਣ ਹੈ, ਆਪ ਹੀ ਮਲਾਹ ਹੈ, ਆਪ ਹੀ (ਜੀਵਾਂ ਨੂੰ) ਪਾਰ ਲੰਘਾਂਦਾ ਹੈ।੩।

ਹੇ ਭਾਈ! ਪ੍ਰਭੂ ਆਪ ਹੀ (ਸੰਸਾਰ-) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਗੁਰੂ-ਮਲਾਹ ਹੋ ਕੇ ਜਹਾਜ਼ ਨੂੰ ਚਲਾਂਦਾ ਹੈ। ਪ੍ਰਭੂ ਆਪ ਹੀ (ਜਹਾਜ਼ ਵਿਚ) ਚੜ੍ਹ ਕੇ ਪਾਰ ਲੰਘਦਾ ਹੈ। ਪ੍ਰਭੂ-ਪਾਤਿਸ਼ਾਹ ਕੌਤਕ-ਤਮਾਸ਼ੇ ਕਰ ਕੇ ਆਪ ਹੀ (ਇਤਨਾ ਤਮਾਸ਼ਿਆਂ ਨੂੰ) ਵੇਖ ਰਿਹਾ ਹੈ। ਹੇ ਨਾਨਕ! ਆਖ-) ਪ੍ਰਭੂ ਆਪ ਹੀ (ਸਦਾ) ਦਇਆ ਦਾ ਸੋਮਾ ਹੈ, ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।੪।੧।

TOP OF PAGE

Sri Guru Granth Darpan, by Professor Sahib Singh