ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 617

ਸੋਰਠਿ ਮਹਲਾ ੫ ਘਰੁ ੨ ਦੁਪਦੇ    ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ {ਪੰਨਾ 617}

ਨੋਟ: ਦੁਪਦੇ-ਦੋ ਪਦਾਂ ਵਾਲੇ, ਦੋ ਬੰਦਾਂ ਵਾਲੇ।

ਪਦਅਰਥ: ਸਗਲ ਬਨਸਪਤਿ = ਸਾਰੀ ਬਨਸਪਤੀ, ਸਾਰੇ ਬੂਟੇ। ਬੈਸੰਤਰੁ = ਅੱਗ। ਘੀਆ = ਘਿਓ। ਸਮਾਣੀ = ਸਮਾਈ ਹੋਈ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਮਾਧਉ = ਮਾਧਵ, ਮਾਇਆ ਦਾ ਪਤੀ; ਪਰਮਾਤਮਾ। ਜੀਆ = ਸਭ ਜੀਵਾਂ ਵਿਚ।੧।

ਰਹਿਆ ਸਮਾਹਿਓ = ਸਮਾ ਰਿਹਾ ਹੈ। ਪੂਰਨ = ਪੂਰੇ ਤੌਰ ਤੇ। ਜਲਿ = ਪਾਣੀ ਵਿਚ। ਆਹਿਓ = ਹੈ।੧।ਰਹਾਉ।

ਗੁਣ ਨਿਧਾਨ ਜਸੁ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਜਸ। ਸਤਿਗੁਰਿ = ਗੁਰੂ ਨੇ। ਭਰਮੁ = ਭੁਲੇਖਾ। ਚੁਕਾਇਓ = ਦੂਰ ਕਰ ਦਿੱਤਾ ਹੈ। ਅਲੇਪਾ = ਨਿਰਲੇਪ।੨।

ਅਰਥ: ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ।

ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧।

ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ।੨।੧।੨੯।

ਸੋਰਠਿ ਮਹਲਾ ੫ ॥ ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥ ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥੧॥ ਜਾ ਕੋ ਨਾਮੁ ਲੈਤ ਤੂ ਸੁਖੀ ॥ ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥ ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥ ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥ {ਪੰਨਾ 617}

ਪਦਅਰਥ: ਜਾ ਕੈ ਸਿਮਰਣਿ = ਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਭੈ {ਲਫ਼ਜ਼ 'ਭਉ' ਤੋਂ ਬਹੁ-ਵਚਨ}ਦੁਖੀ = ਦੁੱਖ ਭੀ। ਨਵਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ। ਪਾਵਹਿ = ਤੂੰ ਪ੍ਰਾਪਤ ਕਰ ਸਕਦਾ ਹੈਂ। ਬਹੁਰਿ = ਮੁੜ। ਤ੍ਰਿਸਨਾ = ਤ੍ਰੇਹ। ਭੁਖੀ = ਭੁੱਖ।੧।

ਕੋ = ਦਾ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਕਉ = ਨੂੰ। ਜੀਅ ਰੇ = ਹੇ ਜੀਵ! ਮੁਖੀ = ਮੁਖਿ, ਮੂੰਹ ਨਾਲ।੧।ਰਹਾਉ।

ਹੋਵਹਿ = ਤੂੰ ਹੋ ਜਾਏਂਗਾ। ਅੰਤਰਿ = (ਤੇਰੇ) ਅੰਦਰ। ਧੁਖੀ = ਧੁਖਦੀ। ਗੁਰ = ਗੁਰੂ ਨੇ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਤ੍ਰਿਭਵਣਿ = ਸਾਰੇ ਸੰਸਾਰ ਵਿਚ, ਤਿੰਨਾਂ ਭਵਨਾਂ ਵਾਲੇ ਜਗਤ ਵਿਚ। ਰੁਖੀ = ਰੁੱਖਾਂ ਵਿਚ।੨।

ਅਰਥ: ਹੇ ਜੀਵ! ਜਿਸ ਪਰਮਾਤਮਾ ਦਾ ਨਾਮ ਸਿਮਰਿਆਂ ਤੂੰ ਸੁਖੀ ਹੋ ਸਕਦਾ ਹੈਂ, ਉਸ ਪਾਲਣਹਾਰ ਪ੍ਰਭੂ ਨੂੰ ਤੂੰ ਆਪਣੇ ਮਨੋ ਤਨੋ ਮੂੰਹ ਨਾਲ ਹਰੇਕ ਸਾਹ ਦੇ ਨਾਲ ਸਿਮਰਿਆ ਕਰ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਖ਼ੁਸ਼ੀ-ਭਰਿਆ ਜੀਵਨ ਜੀਊ ਸਕਦਾ ਹੈਂ ਤੇਰੇ ਜਨਮ ਮਰਨ ਦੇ ਸਾਰੇ ਡਰ ਤੇ ਦੁੱਖ ਦੂਰ ਹੋ ਸਕਦੇ ਹਨ, ਤੂੰ (ਧਰਮ ਅਰਥ ਕਾਮ ਮੋਖ) ਚਾਰੇ ਪਦਾਰਥ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਸਕਦਾ ਹੈਂ, (ਜਿਸ ਦੇ ਸਿਮਰਨ ਨਾਲ) ਤੈਨੂੰ ਮਾਇਆ ਦੀ ਤ੍ਰੇਹ ਭੁੱਖ ਫਿਰ ਨਹੀਂ ਵਿਆਪੇਗੀ (ਉਸ ਦਾ ਸਿਮਰਨ ਹਰੇਕ ਸਾਹ ਦੇ ਨਾਲ ਕਰਦਾ ਰਹੁ) ੧।

(ਹੇ ਭਾਈ! ਸਿਮਰਨ ਦੀ ਬਰਕਤਿ ਨਾਲ) ਤੂੰ ਸ਼ਾਂਤੀ ਹਾਸਲ ਕਰ ਲਏਂਗਾ, ਤੂੰ ਅੰਤਰ-ਆਤਮੇ ਠੰਢਾ-ਠਾਰ ਹੋ ਜਾਏਂਗਾ, ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਧੁਖੇਗੀ। ਹੇ ਭਾਈ! ਗੁਰੂ ਨੇ (ਮੈਨੂੰ) ਨਾਨਕ ਨੂੰ ਉਹ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਰੁੱਖਾਂ ਵਿਚ ਸਾਰੇ ਸੰਸਾਰ ਵਿਚ (ਵੱਸਦਾ) ਵਿਖਾ ਦਿੱਤਾ ਹੈ।੨।੨।੩੦।

ਸੋਰਠਿ ਮਹਲਾ ੫ ॥ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥ ਇਹ ਭੀਤਰ ਤੇ ਇਨ ਕਉ ਡਾਰਹੁ ਆਪਨ ਨਿਕਟਿ ਬੁਲਾਵਹੁ ॥੧॥ ਅਪੁਨੀ ਬਿਧਿ ਆਪਿ ਜਨਾਵਹੁ ॥ ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥ ਬਿਸਰੁ ਨਾਹੀ ਕਬਹੂ ਹੀਏ ਤੇ ਇਹ ਬਿਧਿ ਮਨ ਮਹਿ ਪਾਵਹੁ ॥ ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥੨॥੩॥੩੧॥ {ਪੰਨਾ 617}

ਪਦਅਰਥ: ਇਨ ਤੇ = ਇਹਨਾਂ ਪਾਸੋਂ। ਇਹ ਭੀਤਰ ਤੇ = ਇਸ ਮਨ ਦੇ ਭੀਤਰ ਤੋਂ, ਇਸ ਮਨ ਵਿਚੋਂ। ਡਾਰਹੁ = ਕੱਢ ਦੇ। ਨਿਕਟਿ = ਨੇੜੇ।੧।

ਬਿਧਿ = ਜੁਗਤਿ। ਅਪੁਨੀ ਬਿਧਿ = ਆਪਣੀ ਭਗਤੀ ਦੀ ਜਾਚ। ਜਨਾਵਹੁ = ਸਿਖਾ ਦੇ। ਗਾਵਹੁ = ਗਵਾਵਹੁ, ਪ੍ਰੇਰਨਾ ਦੇਹ ਕਿ ਮੈਂ ਗਾ ਸਕਾਂ।੧।ਰਹਾਉ।

ਕਬਹੂ = ਕਦੇ ਭੀ। ਹੀਏ ਤੇ = ਹਿਰਦੇ ਵਿਚੋਂ। ਬਿਧਿ = ਜਾਚ। ਪਾਵਹੁ = ਪਾ ਦੇ। ਧਾਵਹੁ = ਦੌੜ।੨।

ਅਰਥ: ਹੇ ਪ੍ਰਭੂ! ਆਪਣੀ ਭਗਤੀ ਦੀ ਜਾਚ ਤੂੰ ਮੈਨੂੰ ਆਪ ਸਿਖਾ। ਮੈਨੂੰ ਪ੍ਰੇਰਨਾ ਦੇਹ ਕਿ ਮੈਂ ਤੇਰੇ ਸੰਤ ਜਨਾਂ ਨਾਲ ਮਿਲ ਕੇ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਇਆ ਕਰਾਂ।੧।ਰਹਾਉ।

ਹੇ ਪ੍ਰਭੂ! ਕਾਮ ਕ੍ਰੋਧ ਲੋਭ ਝੂਠ ਨਿੰਦਾ (ਆਦਿਕ) ਇਹਨਾਂ (ਸਾਰੇ ਵਿਕਾਰਾਂ) ਤੋਂ ਤੂੰ ਮੈਨੂੰ ਆਪ ਛੁਡਾ ਲੈ। ਮੇਰੇ ਇਸ ਮਨ ਵਿਚੋਂ ਇਹਨਾਂ (ਵਿਕਾਰਾਂ) ਨੂੰ ਕੱਢ ਦੇ, ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ।੧।

ਹੇ ਪ੍ਰਭੂ! ਮੇਰੇ ਮਨ ਵਿਚ ਤੂੰ ਇਹੋ ਜਿਹੀ ਸਿੱਖਿਆ ਪਾ ਦੇਹ ਕਿ ਮੇਰੇ ਹਿਰਦੇ ਤੋਂ ਤੂੰ ਕਦੇ ਭੀ ਨਾਹ ਵਿਸਰੇਂ। ਹੇ ਦਾਸ ਨਾਨਕ! ਤੈਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪਿਆ ਹੈ, ਹੁਣ ਤੂੰ ਹੋਰ ਕਿਸੇ ਪਾਸੇ ਨਾਹ ਦੌੜਦਾ ਫਿਰ।੨।੩।੩੧।

ਸੋਰਠਿ ਮਹਲਾ ੫ ॥ ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥ ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥ ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥ ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥ ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥ ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ {ਪੰਨਾ 617}

ਪਦਅਰਥ: ਜਾ ਕੈ ਸਿਮਰਣਿ = ਜਿਸ (ਪ੍ਰਭੂ) ਦੇ ਸਿਮਰਨ ਦੀ ਰਾਹੀਂ। ਸਭ ਕਛੁ = ਹਰੇਕ ਚੀਜ਼। ਬਿਰਥੀ = ਵਿਅਰਥ, ਖ਼ਾਲੀ। ਘਾਲ = ਮੇਹਨਤ। ਤਿਆਗਿ = ਭੁਲਾ ਕੇ। ਅਵਰ ਕਤ = ਹੋਰ ਕਿਸ ਪਾਸੇ। ਰਾਚਹੁ = ਤੂੰ ਮਸਤ ਹੋ ਰਿਹਾ ਹੈਂ।੧।

ਸੰਤ = ਹੇ ਸੰਤ ਜਨੋ! ਗੋਪਾਲਾ = ਸ੍ਰਿਸ਼ਟੀ ਦਾ ਪਾਲਣ ਵਾਲਾ। ਪੂਰਨ = ਸਫਲ।੧।ਰਹਾਉ।

ਸਾਰਿ = ਸਾਰ ਲੈ ਕੇ। ਸਮਾਲੈ = ਸੰਭਾਲ ਕਰਦਾ ਹੈ। ਸਹਿਤ = ਨਾਲ। ਗਲਿ = ਗਲ ਨਾਲ। ਪ੍ਰਭ = ਹੇ ਪ੍ਰਭੂ! ਜਗਤ ਜੀਵਨੁ = ਜਗਤ ਦਾ ਜੀਵਨ, ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ।੨।

ਅਰਥ: ਹੇ ਸੰਤ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਨੂੰ ਸਦਾ ਸਿਮਰਦੇ ਰਹੋ। ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ, (ਸਿਮਰਨ ਦੀ) ਮੇਹਨਤ ਜ਼ਰੂਰ ਸਫਲ ਹੋ ਜਾਂਦੀ ਹੈ।੧।ਰਹਾਉ।

ਹੇ ਭਾਈ! ਜਿਸ ਪ੍ਰਭੂ ਦੇ ਸਿਮਰਨ ਦੀ ਬਰਕਤਿ ਨਾਲ ਹਰੇਕ ਪਦਾਰਥ ਮਿਲ ਸਕਦਾ ਹੈ, (ਸਿਮਰਨ ਦੀ) ਕੀਤੀ ਹੋਈ ਮਿਹਨਤ ਵਿਅਰਥ ਨਹੀਂ ਜਾਂਦੀ, ਜੇਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ਉਸ ਨੂੰ ਛੱਡ ਕੇ ਹੋਰ ਕੇਹੜੇ ਪਾਸੇ ਮਸਤ ਹੋ ਰਹੇ ਹੋ?੧।

ਹੇ ਭਾਈ! ਉਹ ਪਰਮਾਤਮਾ (ਸਭ ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰਦਾ ਹੈ, ਸਦਾ ਪਾਲਣਾ ਕਰਦਾ ਹੈ (ਸਿਮਰਨ ਕਰਨ ਵਾਲਿਆਂ ਨੂੰ) ਪ੍ਰੇਮ ਨਾਲ ਆਪਣੇ ਗਲੇ ਲਾਂਦਾ ਹੈ।

ਹੇ ਨਾਨਕ! ਆਖ-ਹੇ ਪ੍ਰਭੂ! ਤੈਨੂੰ ਵਿਸਾਰ ਕੇ ਜੀਵ ਤੈਨੂੰ ਕਿਵੇਂ ਮਿਲ ਸਕਦਾ ਹੈ? ਤੇ, ਤੂੰ ਹੀ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈਂ।੨।੪।੩੨।

ਸੋਰਠਿ ਮਹਲਾ ੫ ॥ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲੁ ਖੋਈ ॥ ਗੁਣ ਨਿਧਾਨ ਭਗਤਨ ਕਉ ਬਰਤਨਿ ਬਿਰਲਾ ਪਾਵੈ ਕੋਈ ॥੧॥ ਮੇਰੇ ਮਨ ਜਪਿ ਗੁਰ ਗੋਪਾਲ ਪ੍ਰਭੁ ਸੋਈ ॥ ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥੧॥ ਰਹਾਉ ॥ ਵਡਭਾਗੀ ਸਾਧਸੰਗੁ ਪਰਾਪਤਿ ਤਿਨ ਭੇਟਤ ਦੁਰਮਤਿ ਖੋਈ ॥ ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ {ਪੰਨਾ 617}

ਪਦਅਰਥ: ਜੀਅਨ ਕੋ = ਸਭ ਜੀਵਾਂ ਦਾ। ਸਭ ਮਲੁ = ਸਾਰੀ ਮੈਲ {ਲਫ਼ਜ਼ 'ਮਲੁ' ਸ਼ਕਲੋਂ ਪੁਲਿੰਗ ਦਿੱਸਦਾ ਹੈ, ਪਰ ਹੈ ਇਹ ਇਸਤ੍ਰੀ-ਲਿੰਗ। ਵੇਖੋ 'ਗੁਰਬਾਣੀ ਵਿਆਕਰਣ'}ਨਿਧਾਨ = ਖ਼ਜ਼ਾਨਾ। ਕਉ = ਵਾਸਤੇ। ਬਰਤਨਿ = ਹਰ ਵੇਲੇ ਕੰਮ ਆਉਣ ਵਾਲੀ ਚੀਜ਼।੧।

ਬਾਹੁੜਿ = ਫਿਰ, ਮੁੜ।੧।ਰਹਾਉ।

ਸਾਧ ਸੰਗੁ = ਭਲੇ ਮਨੁੱਖਾਂ ਦੀ ਸੰਗਤਿ। ਤਿਨ ਭੇਟਤ = ਉਹਨਾਂ ਨੂੰ ਮਿਲਿਆਂ। ਦੁਰਮਤਿ = ਖੋਟੀ ਮਤਿ। ਬਾਂਛੈ = ਮੰਗਦਾ ਹੈ, ਚਾਹੁੰਦਾ ਹੈ। ਜਿਨ = ਜਿਨ੍ਹਾਂ ਨੇ। ਰਿਦੈ = ਹਿਰਦੈ ਵਿਚ।੨।

ਅਰਥ: ਹੇ ਮੇਰੇ ਮਨ! ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ, ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ, ਤੇ, ਜਿਸ ਦਾ ਆਸਰਾ ਲਿਆਂ ਸੁਖ ਪ੍ਰਾਪਤ ਕਰ ਲਈਦਾ ਹੈ, ਫਿਰ ਕਦੇ ਦੁੱਖ ਨਹੀਂ ਵਿਆਪਦਾ।੧।ਰਹਾਉ।

ਹੇ ਭਾਈ! ਉਸ ਪਰਮਾਤਮਾ ਦਾ ਸਿਮਰਨ ਕੀਤਿਆਂ (ਮਨ ਤੋਂ ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ਜੋ ਨਾਸ-ਰਹਿਤ ਹੈ, ਤੇ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ। ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ।੧।

ਹੇ ਭਾਈ! ਵੱਡੀ ਕਿਸਮਤਿ ਨਾਲ ਭਲੇ ਮਨੁੱਖਾਂ ਦੀ ਸੰਗਤਿ ਹਾਸਲ ਹੁੰਦੀ ਹੈ, ਉਹਨਾਂ ਨੂੰ ਮਿਲਿਆਂ ਖੋਟੀ ਬੁੱਧ ਨਾਸ ਹੋ ਜਾਂਦੀ ਹੈ। ਦਾਸ ਨਾਨਕ (ਭੀ) ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਰੱਖਿਆ ਹੈ।੨।੫।੩੩।

TOP OF PAGE

Sri Guru Granth Darpan, by Professor Sahib Singh