ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 628 ਸੋਰਠਿ ਮਹਲਾ ੫ ॥ ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਅਨਦ ਕਰਹਿ ਨਰ ਨਾਰੀ ॥ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥ ਸੰਤਹੁ ਸੁਖੁ ਹੋਆ ਸਭ ਥਾਈ ॥ ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ {ਪੰਨਾ 628} ਪਦਅਰਥ: ਪਰਮੇਸਰਿ = ਪਰਮੇਸਰ ਨੇ। ਬੰਨਾ = ਡੱਕਾ, ਰੁਕਾਵਟ, ਬੰਨ੍ਹ। ਭੰਨਾ = ਭੰਨ ਦਿੱਤਾ, ਤੋੜ ਦਿੱਤਾ। ਕਰਹਿ = ਕਰਦੇ ਹਨ। ਨਰ ਨਾਰੀ = (ਉਹ ਸਾਰੇ) ਨਰ ਨਾਰ, ਉਹ ਸਾਰੇ ਜੀਵ। ਪ੍ਰਭਿ = ਪ੍ਰਭੂ ਨੇ।੧। ਰਵਿ ਰਹਿਆ = ਮੌਜੂਦ ਹੈ। ਸਭਨੀ ਜਾਈ = ਸਭ ਥਾਵਾਂ ਵਿਚ।ਰਹਾਉ। ਧੁਰ ਕੀ ਬਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਈ = ਆ ਵੱਸੀ। ਤਿਨਿ = ਉਸ (ਮਨੁੱਖ) ਨੇ। ਸਾਚੁ = ਸਦਾ-ਥਿਰ ਪ੍ਰਭੂ ਦਾ ਨਾਮ। ਵਖਾਨਾ = ਉਚਾਰਿਆ।੨। ਅਰਥ: ਹੇ ਸੰਤ ਜਨੋ! ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ) ਪਾਰਬ੍ਰਹਮ ਪੂਰਨ ਪਰਮੇਸਰ ਸਭ ਥਾਵਾਂ ਵਿਚ ਮੌਜੂਦ ਹੈ (ਉਸ ਮਨੁੱਖ ਨੂੰ) ਸਭ ਥਾਵਾਂ ਵਿਚ ਸੁਖ ਹੀ ਪ੍ਰਤੀਤ ਹੁੰਦਾ ਹੈ।ਰਹਾਉ। ਹੇ ਸੰਤ ਜਨੋ! ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ, (ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ। ਜਿਨ੍ਹਾਂ ਜੀਵਾਂ ਉਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ।੧। ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵੱਸੀ, ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। ਹੇ ਨਾਨਕ! ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮੇਹਰਵਾਨ ਹੋਇਆ ਰਹਿੰਦਾ ਹੈ, ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ (ਸਦਾ) ਉਚਾਰਦਾ ਹੈ।੨।੧੩।੭੭। ਸੋਰਠਿ ਮਹਲਾ ੫ ॥ ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ ॥ ਘਟਿ ਘਟਿ ਸਬਦੁ ਸੁਭਾਖੇ ॥੧॥ ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥ {ਪੰਨਾ 628} ਪਦਅਰਥ: ਐਥੈ = ਇਸ ਲੋਕ ਵਿਚ। ਓਥੈ = ਪਰਲੋਕ ਵਿਚ। ਦਇਆਲਾ = ਦਇਆ ਕਰਨ ਵਾਲਾ। ਘਟਿ ਘਟਿ = ਹਰੇਕ ਸਰੀਰ ਵਿਚ। ਸਬਦੁ = ਬਚਨ, ਬੋਲ। ਸੁਭਾਖੇ = ਚੰਗੀ ਤਰ੍ਹਾਂ ਬੋਲ ਰਿਹਾ ਹੈ।੧। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਰੈਨਿ = ਰਾਤ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਲੀ = ਸਮਾਲੀਂ, ਮੈਂ ਯਾਦ ਕਰਦਾ ਹਾਂ। ਸਭਨੀ ਥਾਈ = ਸਭ ਥਾਵਾਂ ਵਿਚ। ਪੂਰਨ = ਵਿਆਪਕ।ਰਹਾਉ। ਸਹਾਈ = ਮਦਦਗਾਰ। ਸਚੇ ਦਾ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ। ਸਚਾ = ਸਦਾ ਕਾਇਮ ਰਹਿਣ ਵਾਲਾ। ਢੋਆ = ਤੋਹਫ਼ਾ, ਬਖ਼ਸ਼ਸ਼। ਵਡਿਆਈ = ਸੋਭਾ, ਸਿਫ਼ਤਿ-ਸਾਲਾਹ। ਪ੍ਰਭ = ਹੇ ਪ੍ਰਭੂ!।੨। ਅਰਥ: ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ।ਰਹਾਉ। ਹੇ ਭਾਈ! ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ। (ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ (ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ (ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ। ਹੇ ਨਾਨਕ! ਆਖ-) ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ਤੇਰੀ ਭਗਤੀ ਤੇਰੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ।੨।੧੪।੭੮। ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥ {ਪੰਨਾ 628} ਪਦਅਰਥ: ਸਤਿਗੁਰ ਭਾਣਾ = ਗੁਰੂ ਨੂੰ ਚੰਗਾ ਲੱਗਾ। ਤਾ = ਤਦੋਂ। ਰਮਾਣਾ = ਰਾਮ ਦਾ। ਪ੍ਰਭਿ = ਪ੍ਰਭੂ ਨੇ। ਪੈਜ = ਲਾਜ।੧। ਸੁਖਦਾਈ = ਸੁਖ ਦੇਣ ਵਾਲੇ। ਇਛਹਿ = ਇੱਛਾ ਕਰਦੇ ਹਨ। ਬਿਰਥੀ = ਖ਼ਾਲੀ।੧।ਰਹਾਉ। ਪ੍ਰਾਨਪਤਿ = ਜਿੰਦ ਦਾ ਮਾਲਕ। ਤਾ ਕੀ = ਉਸ (ਮਨੁੱਖ) ਦਾ। ਲੀਣਾ = ਮਸਤ। ਪਾਰਬ੍ਰਹਮ ਮਨਿ = ਪਾਰਬ੍ਰਹਮ ਦੇ ਮਨ ਵਿਚ। ਭਾਵੈ = ਪਿਆਰਾ ਲੱਗਣ ਲੱਗ ਪੈਂਦਾ ਹੈ।੨। ਰਵਣਾ = ਸਿਮਰਨ ਕਰਨਾ। ਜਸੁ ਰਵਣਾ = ਸਿਫ਼ਤਿ-ਸਾਲਾਹ ਕਰਨੀ। ਬਿਖੈ ਠਗਉਰੀ = ਵਿਸ਼ਿਆਂ ਦੀ ਠਗਮੂਰੀ, ਵਿਸ਼ਿਆਂ ਦੀ ਠਗ = ਬੂਟੀ। ਸੰਗਿ = ਨਾਲ। ਕਰਤੈ = ਕਰਤਾਰ ਨੇ। ਸਾਥੀ = ਮਦਦਗਾਰ, ਸੰਗੀ।੩। ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਰਬਸੁ = {सर्वस्व} ਸਭ ਕੁਝ। ਆਪਹਿ = ਆਪ ਹੀ। ਆਪੁ = ਆਪਣਾ = ਆਪ। ਥੋਕ = ਪਦਾਰਥ, ਕੰਮ।੪। ਅਰਥ: ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ।੧।ਰਹਾਉ। (ਪਰ, ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ।੧। ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ।੨। ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤਿ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ।੩। (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਹੇ ਨਾਨਕ! ਆਖ-ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ।੪।੧੫।੭੯। ਸੋਰਠਿ ਮਹਲਾ ੫ ॥ ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ ॥ ਇਸੁ ਆਗੈ ਕੋ ਨ ਟਿਕੈ ਵੇਕਾਰੀ ॥ ਗੁਰ ਪੂਰੇ ਏਹ ਗਲ ਸਾਰੀ ॥੧॥ ਹਰਿ ਹਰਿ ਨਾਮੁ ਸੰਤਨ ਕੀ ਓਟਾ ॥ ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥ ਸੰਤ ਸੰਗਿ ਜਸੁ ਗਾਇਆ ॥ ਇਹੁ ਪੂਰਨ ਹਰਿ ਧਨੁ ਪਾਇਆ ॥ ਕਹੁ ਨਾਨਕ ਆਪੁ ਮਿਟਾਇਆ ॥ ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥ {ਪੰਨਾ 628} ਪਦਅਰਥ: ਗਰੀਬੀ = ਨਿਮ੍ਰਤਾ = ਸੁਭਾਉ। ਗਦਾ = ਗੁਰਜ। ਖੰਨਾ = ਖੰਡਾ। ਰੇਨੁ = ਚਰਨ = ਧੂੜ। ਛਾਰੀ = ਛਾਰ, ਮਿੱਟੀ। ਨ ਟਿਕੈ = ਖਲੋ ਨਹੀਂ ਸਕਦਾ, ਠਹਿਰ ਨਹੀਂ ਸਕਦਾ। ਵੇਕਾਰੀ = ਕੁਕਰਮੀ। ਸਾਰੀ = ਸਮਝਾਈ।੧। ਓਟਾ = ਆਸਰਾ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ। ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਕੋਟਾ = ਕ੍ਰੋੜਾਂ ਹੀ।੧।ਰਹਾਉ। ਸੰਗਿ = ਸੰਗਤਿ ਵਿਚ। ਜਸੁ = ਸਿਫ਼ਤਿ-ਸਾਲਾਹ ਦਾ ਗੀਤ। ਆਪੁ = ਆਪਾ = ਭਾਵ। ਸਭੁ = ਹਰ ਥਾਂ। ਨਦਰੀ ਆਇਆ = ਦਿੱਸਿਆ।੨। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸੰਤ ਜਨਾਂ ਦਾ ਆਸਰਾ ਹੈ। ਜੇਹੜਾ ਭੀ ਮਨੁੱਖ (ਪਰਮਾਤਮਾ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ। (ਨਾਮ ਦੀ ਬਰਕਤਿ ਨਾਲ) ਸਾਰੇ ਕ੍ਰੋੜਾਂ ਹੀ ਜੀਵ (ਵਿਕਾਰਾਂ ਤੋਂ) ਬਚ ਜਾਂਦੇ ਹਨ।੧।ਰਹਾਉ। ਹੇ ਭਾਈ! ਨਿਮ੍ਰਤਾ-ਸੁਭਾਉ ਸਾਡੇ ਪਾਸ ਗੁਰਜ ਹੈ, ਸਭ ਦੀ ਚਰਨ-ਧੂੜ ਬਣੇ ਰਹਿਣਾ ਸਾਡੇ ਪਾਸ ਖੰਡਾ ਹੈ। ਇਸ (ਗੁਰਜ) ਅੱਗੇ, ਇਸ (ਖੰਡੇ) ਅੱਗੇ ਕੋਈ ਭੀ ਕੁਕਰਮੀ ਟਿਕ ਨਹੀਂ ਸਕਦਾ। (ਸਾਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ।੧। ਹੇ ਨਾਨਕ! ਆਖ-ਜਿਸ ਮਨੁੱਖ ਨੇ ਸੰਤ ਜਨਾਂ ਦੀ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਹੈ, ਉਸ ਨੇ ਇਹ ਹਰਿ-ਨਾਮ ਧਨ ਪ੍ਰਾਪਤ ਕਰ ਲਿਆ ਹੈ ਜੋ ਕਦੇ ਭੀ ਨਹੀਂ ਮੁੱਕਦਾ। ਉਸ ਮਨੁੱਖ ਨੇ (ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ਉਸ ਨੂੰ ਹਰ ਥਾਂ ਪਰਮਾਤਮਾ ਹੀ (ਵੱਸਦਾ) ਦਿੱਸ ਪਿਆ ਹੈ।੨।੧੬।੮੦। ਸੋਰਠਿ ਮਹਲਾ ੫ ॥ ਗੁਰਿ ਪੂਰੈ ਪੂਰੀ ਕੀਨੀ ॥ ਬਖਸ ਅਪੁਨੀ ਕਰਿ ਦੀਨੀ ॥ ਨਿਤ ਅਨੰਦ ਸੁਖ ਪਾਇਆ ॥ ਥਾਵ ਸਗਲੇ ਸੁਖੀ ਵਸਾਇਆ ॥੧॥ ਹਰਿ ਕੀ ਭਗਤਿ ਫਲ ਦਾਤੀ ॥ ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥ ਗੁਰਬਾਣੀ ਗਾਵਹ ਭਾਈ ॥ ਓਹ ਸਫਲ ਸਦਾ ਸੁਖਦਾਈ ॥ ਨਾਨਕ ਨਾਮੁ ਧਿਆਇਆ ॥ ਪੂਰਬਿ ਲਿਖਿਆ ਪਾਇਆ ॥੨॥੧੭॥੮੧॥ {ਪੰਨਾ 628} ਪਦਅਰਥ: ਗੁਰਿ ਪੂਰੈ = ਪੂਰੇ ਗੁਰੂ ਨੇ। ਪੂਰੀ ਕੀਨੀ = ਪੂਰੀ ਕਿਰਪਾ ਕੀਤੀ। ਬਖਸ = ਬਖ਼ਸ਼ਸ਼, ਦਾਤਿ, ਭਗਤੀ ਦੀ ਦਾਤਿ। ਨਿਤ = ਸਦਾ। ਥਾਵ = {ਲਫ਼ਜ਼ 'ਥਾਉ' ਤੋਂ ਬਹੁ-ਵਚਨ}। ਸਗਲੇ = ਸਾਰੇ। ਥਾਵ ਸਗਲੇ = ਸਾਰੇ ਥਾਂ, ਸਾਰੇ ਇੰਦ੍ਰੇ।੧। ਫਲ ਦਾਤੀ = ਫਲ ਦੇਣ ਵਾਲੀ। ਕਿਨ ਹੀ = ਕਿਨਿ ਹੀ, ਕਿਸੇ ਨੇ ਹੀ {ਲਫ਼ਜ਼ 'ਕਿਨਿ' ਦੀ 'ਿ ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}।ਰਹਾਉ। ਗਾਵਹ = ਆਓ ਅਸੀ ਗਾਵੀਏ। ਓਹ = ਉਹ ਗੁਰਬਾਣੀ। ਪੂਰਬਿ = ਪੂਰਬਲੇ ਜਨਮ ਵਿਚ।੨। ਅਰਥ: ਹੇ ਭਾਈ! ਪਰਮਾਤਮਾ ਦੀ ਭਗਤੀ ਸਾਰੇ ਫਲ ਦੇਣ ਵਾਲੀ ਹੈ। ਪੂਰੇ ਗੁਰੂ ਨੇ (ਜਿਸ ਮਨੁੱਖ ਉੱਤੇ) ਮੇਹਰ ਕਰ ਦਿੱਤੀ (ਉਸ ਨੇ ਪ੍ਰਭੂ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਪਰ, ਹੇ ਭਾਈ!) ਕਿਸੇ ਵਿਰਲੇ ਮਨੁੱਖ ਨੇ ਹੀ ਪਰਮਾਤਮਾ ਦੀ ਭਗਤੀ ਦੀ ਕਦਰ ਸਮਝੀ ਹੈ।ਰਹਾਉ। ਹੇ ਭਾਈ! ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਪੂਰੀ ਕਿਰਪਾ ਕੀਤੀ, ਉਸ ਨੂੰ ਗੁਰੂ ਨੇ ਆਪਣੇ ਦਰ ਤੋਂ ਪ੍ਰਭੂ ਦੀ ਭਗਤੀ ਦੀ ਦਾਤਿ ਦੇ ਦਿੱਤੀ। ਉਹ ਮਨੁੱਖ ਸਦਾ ਆਤਮਕ ਸੁਖ ਆਤਮਕ ਆਨੰਦ ਮਾਣਨ ਲੱਗ ਪਿਆ। ਗੁਰੂ ਨੇ ਉਸ ਦੇ ਸਾਰੇ ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ ਬਚਾ ਕੇ) ਸ਼ਾਂਤੀ ਵਿਚ ਟਿਕਾ ਦਿੱਤਾ।੧। ਹੇ ਭਾਈ! ਆਓ ਅਸੀ ਭੀ ਗੁਰੂ ਦੀ ਬਾਣੀ ਗਾਵਿਆ ਕਰੀਏ। ਗੁਰੂ ਦੀ ਬਾਣੀ ਸਦਾ ਹੀ ਸਾਰੇ ਫਲ ਦੇਣ ਵਾਲੀ ਸੁਖ ਦੇਣ ਵਾਲੀ ਹੈ। ਹੇ ਨਾਨਕ! ਆਖ-) (ਉਸੇ ਮਨੁੱਖ ਨੇ ਗੁਰਬਾਣੀ ਦੀ ਰਾਹੀਂ ਪਰਮਾਤਮਾ ਦਾ) ਨਾਮ ਸਿਮਰਿਆ ਹੈ ਜਿਸ ਨੇ ਪੂਰਬਲੇ ਜਨਮ ਵਿਚ ਲਿਖਿਆ ਭਗਤੀ ਦਾ ਲੇਖ ਪ੍ਰਾਪਤ ਕੀਤਾ ਹੈ।੨।੧੭।੮੧। TOP OF PAGE |
Sri Guru Granth Darpan, by Professor Sahib Singh |