ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 640

ਸਚੇ ਚਰਣ ਸਰੇਵੀਅਹਿ ਭਾਈ ਭ੍ਰਮੁ ਭਉ ਹੋਵੈ ਨਾਸੁ ॥ ਮਿਲਿ ਸੰਤ ਸਭਾ ਮਨੁ ਮਾਂਜੀਐ ਭਾਈ ਹਰਿ ਕੈ ਨਾਮਿ ਨਿਵਾਸੁ ॥ ਮਿਟੈ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੈ ਪਰਗਾਸੁ ॥ ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥੩॥ ਮੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰਿ ॥ ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ ਤਿਤੁ ਦਿਨਿ ਮਰੀਐ ਝੂਰਿ ॥ ਕਰਨ ਕਰਾਵਨ ਸਮਰਥੋ ਭਾਈ ਸਰਬ ਕਲਾ ਭਰਪੂਰਿ ॥੪॥ ਪ੍ਰੇਮ ਪਦਾਰਥੁ ਨਾਮੁ ਹੈ ਭਾਈ ਮਾਇਆ ਮੋਹ ਬਿਨਾਸੁ ॥ ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥ ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥ ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥੫॥ {ਪੰਨਾ 639-640}

ਪਦਅਰਥ: ਸਚੇ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ। ਸਰੇਵੀਅਹਿ = ਸੇਵੇ ਜਾਣੇ ਚਾਹੀਦੇ ਹਨ। ਭ੍ਰਮੁ = ਭਟਕਣਾ। ਮਿਲਿ = ਮਿਲ ਕੇ। ਮਾਂਜੀਐ = ਮਾਂਜਣਾ ਚਾਹੀਦਾ ਹੈ। ਕੈ ਨਾਮਿ = ਦੇ ਨਾਮ ਵਿਚ। ਗਿਆਨ = ਆਤਮਕ ਜੀਵਨ ਦੀ ਸੂਝ। ਅਗਿਆਨਤਾ = ਆਤਮਕ ਜੀਵਨ ਵਲੋਂ ਬੇ = ਸਮਝੀ। ਕਮਲ ਪਰਗਾਸੁ = (ਹਿਰਦੇ ਦੇ) ਕੌਲ ਫੁੱਲ ਦਾ ਖਿੜਾਉ। ਸਭਿ = ਸਾਰੇ।੩।

ਮੇਰਾ ਤੇਰਾ = ਮੇਰ = ਤੇਰ, ਵਿਤਕਰਾ। ਹੋਈਐ = ਬਣ ਜਾਣਾ ਚਾਹੀਦਾ ਹੈ। ਧੂਰਿ = ਖ਼ਾਕ। ਘਟਿ ਘਟਿ = ਹਰੇਕ ਘਟ ਵਿਚ। ਹਜੂਰਿ = ਅੰਗ = ਸੰਗ ਹੋ ਕੇ। ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਜਿਤੁ ਦਿਨਿ = ਜਿਸ ਦਿਨ ਵਿਚ। ਤਿਤੁ ਦਿਨਿ = ਉਸ ਦਿਨ ਵਿਚ। ਮਰੀਐ = ਮਰੀਦਾ ਹੈ। ਝੂਰਿ = ਪਛੁਤਾ ਕੇ। ਕਰਨ ਕਰਾਵਨ ਸਮਰਥੋ = ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ। ਕਲਾ = ਤਾਕਤ।੪।

ਪਦਾਰਥੁ = ਕੀਮਤੀ ਧਨ। ਮੋਹ ਬਿਨਾਸੁ = ਮੋਹ ਦਾ ਨਾਸ। ਤਿਸੁ ਭਾਵੈ = ਉਸ (ਪਰਮਾਤਮਾ) ਨੂੰ ਚੰਗਾ ਲੱਗੇ। ਹਿਰਦੈ = ਹਿਰਦੇ ਵਿਚ। ਗੁਰਮੁਖਿ = ਗੁਰੂ ਦੀ ਸ਼ਰਨ ਪਿਆਂ। ਰਿਦੈ = ਹਿਰਦੈ ਵਿਚ। ਪਰਗਾਸੁ = ਚਾਨਣ। ਪ੍ਰਗਟ ਭਇਆ = ਉੱਘੜ ਪੈਂਦਾ ਹੈ। ਪਰਤਾਪੁ = ਤਾਕਤ। ਮਉਲਿਆ = ਖਿੜਿਆ ਹੋਇਆ।੫।

ਅਰਥ: ਹੇ ਭਾਈ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾਈ ਰੱਖਣੇ ਚਾਹੀਦੇ ਹਨ, (ਇਸ ਤਰ੍ਹਾਂ ਮਨ ਦੀ) ਭਟਕਣਾ ਦਾ, (ਹਰੇਕ ਕਿਸਮ ਦੇ) ਡਰ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਮਨ ਨੂੰ ਸਾਫ਼ ਕਰਨਾ ਚਾਹੀਦਾ ਹੈ (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ (ਮਨ ਦਾ) ਨਿਵਾਸ ਹੋ ਜਾਂਦਾ ਹੈ। (ਸਾਧ ਸੰਗਤਿ ਦੀ ਬਰਕਤਿ ਨਾਲ) ਹੇ ਭਾਈ! ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ (ਮਨੁੱਖ ਦੇ ਅੰਦਰੋਂ) ਮਿਟ ਜਾਂਦਾ ਹੈ (ਹਿਰਦੇ ਦੇ) ਕੌਲ-ਫੁੱਲ ਦਾ ਖਿੜਾਉ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੇ ਬਚਨਾਂ ਉੱਤੇ ਤੁਰਿਆਂ ਆਤਮਕ ਆਨੰਦ ਪੈਦਾ ਹੁੰਦਾ ਹੈ। ਸਾਰੇ ਫਲ ਗੁਰੂ ਦੇ ਕੋਲ ਹਨ।੩।

ਹੇ ਭਾਈ! ਵਿਤਕਰਾ ਛੱਡ ਦੇਣਾ ਚਾਹੀਦਾ ਹੈ, ਸਭਨਾਂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ। ਹੇ ਭਾਈ! ਪਰਮਾਤਮਾ ਹਰੇਕ ਸਰੀਰ ਵਿਚ ਵੱਸ ਰਿਹਾ ਹੈ, ਉਹ ਸਭ ਦੇ ਅੰਗ-ਸੰਗ ਹੋ ਕੇ (ਸਭ ਦੇ ਕੰਮਾਂ ਨੂੰ) ਵੇਖਦਾ ਹੈ (ਸਭਨਾਂ ਦੀਆਂ ਗੱਲਾਂ) ਸੁਣਦਾ ਹੈ। ਹੇ ਭਾਈ! ਜਿਸ ਦਿਨ ਪਰਮਾਤਮਾ ਭੁੱਲ ਜਾਏ, ਉਸ ਦਿਨ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜ ਲਈਦੀ ਹੈ। ਹੇ ਭਾਈ! (ਇਹ ਯਾਦ ਰੱਖੋ ਕਿ) ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਅਤੇ (ਜੀਵਾਂ ਪਾਸੋਂ) ਕਰਾ ਸਕਣ ਵਾਲਾ ਹੈ। ਪਰਮਾਤਮਾ ਵਿਚ ਸਾਰੀਆਂ ਤਾਕਤਾਂ ਮੌਜੂਦ ਹਨ।੪।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦੇ) ਪਿਆਰ ਦਾ ਕੀਮਤੀ ਧਨ ਮੌਜੂਦ ਹੈ, ਹਰਿ-ਨਾਮ ਮੌਜੂਦ ਹੈ (ਉਸ ਦੇ ਅੰਦਰੋਂ) ਮਾਇਆ ਦੇ ਮੋਹ ਦਾ ਨਾਸ ਹੋ ਜਾਂਦਾ ਹੈ। ਹੇ ਭਾਈ! ਉਸ ਪਰਮਾਤਮਾ ਨੂੰ (ਜਦੋਂ) ਚੰਗਾ ਲੱਗੇ ਤਦੋਂ ਉਹ (ਜਿਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ (ਉਸ ਦੇ) ਹਿਰਦੇ ਵਿਚ ਉਸ ਪ੍ਰਭੂ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੇ ਸਨਮੁਖ ਹੋਇਆਂ (ਹਿਰਦੇ ਦਾ) ਕੌਲ-ਫੁੱਲ ਖਿੜ ਪੈਂਦਾ ਹੈ, ਹਿਰਦੇ ਵਿਚ (ਆਤਮਕ ਜੀਵਨ ਦੀ ਸੋਝੀ ਦਾ) ਚਾਨਣ ਹੋ ਜਾਂਦਾ ਹੈ। ਹੇ ਭਾਈ! ਗੁਰੂ ਦੀ ਸਰਨ ਪਿਆਂ ਮਨੁੱਖ ਦੇ ਅੰਦਰ) ਪਰਮਾਤਮਾ ਦੀ ਤਾਕਤ ਪਰਗਟ ਹੋ ਜਾਂਦੀ ਹੈ (ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ, ਅਤੇ ਪ੍ਰਭੂ ਦੀ ਤਾਕਤ ਨਾਲ ਹੀ) ਧਰਤੀ ਖਿੜੀ ਹੋਈ ਹੈ, ਆਕਾਸ਼ ਖਿੜਿਆ ਹੋਇਆ ਹੈ।੫।

ਗੁਰਿ ਪੂਰੈ ਸੰਤੋਖਿਆ ਭਾਈ ਅਹਿਨਿਸਿ ਲਾਗਾ ਭਾਉ ॥ ਰਸਨਾ ਰਾਮੁ ਰਵੈ ਸਦਾ ਭਾਈ ਸਾਚਾ ਸਾਦੁ ਸੁਆਉ ॥ ਕਰਨੀ ਸੁਣਿ ਸੁਣਿ ਜੀਵਿਆ ਭਾਈ ਨਿਹਚਲੁ ਪਾਇਆ ਥਾਉ ॥ ਜਿਸੁ ਪਰਤੀਤਿ ਨ ਆਵਈ ਭਾਈ ਸੋ ਜੀਅੜਾ ਜਲਿ ਜਾਉ ॥੬॥ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲਿ ਜਾਉ ॥ ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ ॥ ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ ॥ ਜਿਸੁ ਗੁਰੁ ਸਾਚਾ ਭੇਟੀਐ ਭਾਈ ਪੂਰਾ ਤਿਸੁ ਕਰਮਾਉ ॥੭॥ {ਪੰਨਾ 640}

ਪਦਅਰਥ: ਗੁਰਿ = ਗੁਰੂ ਨੇ। ਸੰਤੋਖਿਆ = ਸੰਤੋਖ ਦਿੱਤਾ। ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ। ਰਸਨਾ = ਜੀਭ (ਨਾਲ) ਰਵੈ = ਸਿਮਰਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸੁਆਉ = ਸੁਆਰਥ, ਮਨੋਰਥ। ਕਰਨੀ = ਕੰਨਾਂ ਨਾਲ, ਕਰਨੀਂ। ਜੀਅੜਾ = (ਨਿਭਾਗੀ) ਜਿੰਦ। ਜਲਿ ਜਾਉ = ਜਲਿ ਜਾਇ, (ਵਿਕਾਰਾਂ ਵਿਚ) ਸੜ ਜਾਂਦੀ ਹੈ।੬।

ਸਾਹਿਬੈ = ਸਾਹਿਬ ਵਿਚ। ਹਉ = ਮੈਂ। ਤਿਸ ਕੈ = ਉਸ ਤੋਂ {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੈ' ਦੇ ਕਾਰਨ ਉੱਡ ਗਿਆ ਹੈ}ਬਲਿ = ਸਦਕੇ। ਜਾਉ = ਜਾਉਂ, ਜਾਂਦਾ ਹਾਂ। ਦੇਇ = ਦੇਂਦਾ ਹੈ। ਸੰਬਾਹੇ = ਅਪੜਾਂਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗੂੜਾ = ਗੂੜ੍ਹਾ ਪ੍ਰੇਮ = ਰੰਗ ਦੇਣ ਵਾਲਾ। ਭੇਟੀਐ = ਮਿਲ ਪੈਂਦਾ ਹੈ। ਕਰਮਾਉ = ਕਿਸਮਤ।੭।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸੰਤੋਖ ਦੀ ਦਾਤਿ ਦੇ ਦਿੱਤੀ, (ਉਸ ਦੇ ਅੰਦਰ) ਦਿਨ ਰਾਤ (ਪ੍ਰਭੂ-ਚਰਨਾਂ ਦਾ) ਪਿਆਰ ਬਣਿਆ ਰਹਿੰਦਾ ਹੈ, ਉਹ ਮਨੁੱਖ ਸਦਾ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। (ਨਾਮ ਜਪਣ ਦਾ ਇਹ) ਸੁਆਦ (ਇਹ) ਨਿਸ਼ਾਨਾ (ਉਸ ਦੇ ਅੰਦਰ) ਸਦਾ ਕਾਇਮ ਰਹਿੰਦਾ ਹੈ। ਹੇ ਭਾਈ! ਉਹ ਮਨੁੱਖ ਆਪਣੇ ਕੰਨਾਂ ਨਾਲ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ, ਉਹ ਪ੍ਰਭੂ-ਚਰਨਾਂ ਵਿਚ) ਅਟੱਲ ਥਾਂ ਪ੍ਰਾਪਤ ਕਰੀ ਰੱਖਦਾ ਹੈ।

ਪਰ, ਹੇ ਭਾਈ! ਜਿਸ ਮਨੁੱਖ ਨੂੰ (ਗੁਰੂ ਉਤੇ) ਇਤਬਾਰ ਨਹੀਂ ਬੱਝਦਾ ਉਸ ਦੀ (ਨਿਭਾਗੀ) ਜਿੰਦ (ਵਿਕਾਰਾਂ ਵਿਚ) ਸੜ ਜਾਂਦੀ ਹੈ (ਆਤਮਕ ਮੌਤ ਸਹੇੜ ਲੈਂਦੀ ਹੈ) ੬।

ਹੇ ਭਾਈ! ਮੇਰੇ ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ, ਮੈਂ ਉਸ ਤੋਂ ਸਦਕੇ-ਕੁਰਬਾਨ ਜਾਂਦਾ ਹਾਂ। ਹੇ ਭਾਈ! ਉਹ ਮਾਲਕ ਗੁਣ-ਹੀਨ ਨੂੰ (ਭੀ) ਪਾਲਦਾ ਹੈ, ਉਹ ਨਿਆਸਰੇ ਮਨੁੱਖ ਨੂੰ ਸਹਾਰਾ ਦੇਂਦਾ ਹੈ। ਉਹ ਮਾਲਕ ਹਰੇਕ ਸਾਹ ਦੇ ਨਾਲ ਰਿਜ਼ਕ ਅਪੜਾਂਦਾ ਹੈ, ਉਸ ਦਾ ਨਾਮ (ਸਿਮਰਨ ਕਰਨ ਵਾਲੇ ਦੇ ਮਨ ਉੱਤੇ ਪ੍ਰੇਮ ਦਾ) ਗੂੜ੍ਹਾ ਰੰਗ ਚਾੜ੍ਹ ਦੇਂਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ (ਉਸ ਨੂੰ ਪ੍ਰਭੂ ਮਿਲ ਪੈਂਦਾ ਹੈ) ਉਸ ਦੀ ਕਿਸਮਤ ਜਾਗ ਪੈਂਦੀ ਹੈ।੭।

ਤਿਸੁ ਬਿਨੁ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰਿ ॥ ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ॥ ਸਾਧੂ ਸੰਗਿ ਮਿਲਾਇਆ ਭਾਈ ਸਰਬ ਰਹਿਆ ਭਰਪੂਰਿ ॥ ਜਿਨਾ ਪ੍ਰੀਤਿ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰਿ ॥੮॥ ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥ ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥ ਮਨੁ ਤਨੁ ਸੀਤਲੁ ਹੋਇਆ ਭਾਈ ਭੋਜਨੁ ਨਾਮ ਅਧਾਰੁ ॥ ਨਾਨਕ ਤਿਸੁ ਸਰਣਾਗਤੀ ਭਾਈ ਜਿ ਕਿਲਬਿਖ ਕਾਟਣਹਾਰੁ ॥੯॥੧॥ {ਪੰਨਾ 640}

ਪਦਅਰਥ: ਨ ਜੀਵੀਐ = ਨਹੀਂ ਜੀ ਸਕੀਦਾ, ਆਤਮਕ ਜੀਵਨ ਨਹੀਂ ਮਿਲ ਸਕਦਾ। ਕਲਾ = ਤਾਕਤਾਂ। ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = ਗਿਰਾਹੀ ਦੇ ਨਾਲ। ਸਾਸਿ ਗਿਰਾਸਿ = ਸਾਹ ਲੈਂਦਿਆਂ ਤੇ ਖਾਂਦਿਆਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਹਜੂਰਿ = ਅੰਗ = ਸੰਗ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਮਰਦੇ = ਆਤਮਕ ਮੌਤ ਸਹੇੜਦੇ ਹਨ। ਝੂਰਿ = ਚਿੰਤਾਤੁਰ ਹੋ ਕੇ।੮।

ਅੰਚਲਿ = ਪੱਲੇ ਨਾਲ, ਲੜ ਨਾਲ। ਭਉਜਲੁ = ਸੰਸਾਰ = ਸਮੁੰਦਰ। ਕਰਿ = ਕਰ ਕੇ। ਨਦਰਿ = ਮੇਹਰ ਦੀ ਨਿਗਾਹ। ਨਿਹਾਲਿਆ = ਤੱਕਿਆ। ਕੀਤੋਨੁ = ਉਸ ਨੇ ਕੀਤਾ। ਅੰਗੁ = ਪੱਖ। ਅਪਾਰੁ = ਬੇਅੰਤ। ਸੀਤਲੁ = ਠੰਢਾ। ਅਧਾਰੁ = ਆਸਰਾ। ਕਿਲਬਿਖ = ਪਾਪ। ਕਾਟਣਹਾਰੁ = ਕੱਟ ਸਕਣ ਵਾਲਾ। ਜਿ = ਜੇਹੜਾ।੯।

ਅਰਥ: ਹੇ ਭਾਈ! ਉਹ ਪਰਮਾਤਮਾ ਸਾਰੀਆਂ ਤਾਕਤਾਂ ਨਾਲ ਭਰਪੂਰ ਹੈ, ਉਸ (ਦੀ ਯਾਦ) ਤੋਂ ਬਿਨਾ ਇਕ ਘੜੀ ਭਰ ਭੀ (ਮਨੁੱਖ ਦਾ) ਆਤਮਕ ਜੀਵਨ ਕਾਇਮ ਨਹੀਂ ਰਹਿ ਸਕਦਾ। ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੱਸਦਾ ਵੇਖਦਾ ਹਾਂ, ਮੈਨੂੰ ਉਹ ਖਾਂਦਿਆਂ ਸਾਹ ਲੈਂਦਿਆਂ ਕਦੇ ਭੀ ਨਹੀਂ ਭੁੱਲਦਾ। ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਗੁਰੂ ਦੀ ਸੰਗਤਿ ਵਿਚ ਮਿਲਾ ਦਿੱਤਾ, ਉਸ ਨੂੰ ਉਹ ਪਰਮਾਤਮਾ ਸਭ ਥਾਂ ਮੌਜੂਦ ਦਿੱਸਣ ਲੱਗ ਪੈਂਦਾ ਹੈ। ਪਰ, ਹੇ ਭਾਈ! ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਹੁੰਦਾ, ਉਹ ਸਦਾ ਚਿੰਤਾਤੁਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।੮।

ਹੇ ਭਾਈ! ਸਰਨ ਪਏ ਮਨੁੱਖ ਨੂੰ) ਆਪਣੇ ਪੱਲੇ ਲਾ ਕੇ ਪਰਮਾਤਮਾ ਆਪ ਇਸ ਦੁੱਖ-ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਪਭੂ (ਉਸ ਉਤੇ) ਕਿਰਪਾ ਕਰ ਕੇ (ਉਸ ਨੂੰ) ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦਾ ਬੇਅੰਤ ਪੱਖ ਕਰਦਾ ਹੈ। ਹੇ ਭਾਈ! ਉਸ ਮਨੁੱਖ ਦਾ ਮਨ ਠੰਢਾ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ, ਉਹ (ਆਪਣੇ ਆਤਮਕ ਜੀਵਨ ਵਾਸਤੇ) ਨਾਮ ਦੀ ਖ਼ੁਰਾਕ (ਖਾਂਦਾ ਹੈ) , ਨਾਮ ਦਾ ਸਹਾਰਾ ਲੈਂਦਾ ਹੈ। ਹੇ ਨਾਨਕ! ਆਖ-) ਹੇ ਭਾਈ! ਉਸ ਪਰਮਾਤਮਾ ਦੀ ਸਰਨ ਪਵੋ, ਜੋ ਸਾਰੇ ਪਾਪ ਕੱਟ ਸਕਦਾ ਹੈ।੯।੧।

ਸੋਰਠਿ ਮਹਲਾ ੫ ॥ ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ ॥ ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ ॥ ਜਿਸ ਨੋ ਕੀਤੋ ਕਰਮੁ ਆਪਿ ਪਿਆਰੇ ਤਿਸੁ ਪੂਰਾ ਗੁਰੂ ਮਿਲਾਇਆ ॥ ਸੋ ਆਰਾਧੇ ਸਾਸਿ ਸਾਸਿ ਪਿਆਰੇ ਰਾਮ ਨਾਮ ਲਿਵ ਲਾਇਆ ॥੧॥ ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ ॥ ਤੁਧੁ ਬਿਨੁ ਅਵਰੁ ਨ ਕਰਨਹਾਰੁ ਪਿਆਰੇ ਅੰਤਰਜਾਮੀ ਏਕ ॥ ਰਹਾਉ ॥ ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ ॥ ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ ॥ ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਇ ॥ ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ ॥੨॥ {ਪੰਨਾ 640}

ਪਦਅਰਥ: ਮਾਤ ਗਰਭ = ਮਾਂ ਦਾ ਪੇਟ। ਸਾਗਰੋ = ਸਮੁੰਦਰ। ਤਹ = ਉਥੇ, ਉਸ ਪੇਟ ਵਿਚ। ਕਾਢਿ = ਕੱਢ ਕੇ। ਬਿਖੁ = ਜ਼ਹਰ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ ਜ਼ਹਰ। ਪਸਰੀਆ = ਖਿਲਾਰ ਦਿੱਤੀ। ਜਿਸ ਨੋ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}ਕਰਮੁ = ਬਖ਼ਸ਼ਸ਼। ਤਿਸੁ = ਉਸ ਮਨੁੱਖ ਨੂੰ। ਆਰਾਧੇ = ਸਿਮਰਦਾ ਹੈ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਲਿਵ = ਲਗਨ, ਪ੍ਰੀਤੀ।੧।

ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਟੇਕ = ਆਸਰਾ। ਅਵਰੁ = ਕੋਈ ਹੋਰ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।ਰਹਾਉ।

ਕੋਟਿ = ਕ੍ਰੋੜਾਂ। ਭ੍ਰਮਿ = ਭਟਕ ਕੇ। ਪਾਇ = ਪਾ ਕੇ, ਸਹਾਰ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਿਨ = ਜਿਨ੍ਹਾਂ ਨੂੰ। ਭੇਟੈ = ਮਿਲਦਾ ਹੈ। ਨਾਇ = ਨਾਮ ਵਿਚ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ। ਤਿਨਾ ਪਿਛੈ = ਉਹਨਾਂ ਦੀ ਸਰਨ ਪੈ ਕੇ। ਛੁਟੀਐ = (ਮਾਇਆ ਦੇ ਮੋਹ ਤੋਂ) ਬਚ ਜਾਈਦਾ ਹੈ।੨।

ਅਰਥ: ਹੇ ਪਿਆਰੇ ਪ੍ਰਭੂ! ਮੇਰੇ) ਮਨ ਵਿਚ (ਮੇਰੇ) ਹਿਰਦੇ ਵਿਚ ਸਦਾ ਤੇਰਾ ਹੀ ਆਸਰਾ ਹੈ (ਤੂੰ ਹੀ ਮਾਇਆ ਦੇ ਮੋਹ ਤੋਂ ਬਚਾਣ ਵਾਲਾ ਹੈਂ) ਹੇ ਪਿਆਰੇ ਪ੍ਰਭੂ! ਤੂੰ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੋਵੇ।ਰਹਾਉ।

ਹੇ ਪਿਆਰੇ (ਭਾਈ) ! ਮਾਂ ਦਾ ਪੇਟ ਦੁੱਖਾਂ ਦਾ ਸਮੁੰਦਰ ਹੈ, ਉਥੇ (ਪ੍ਰਭੂ ਨੇ ਜੀਵ ਪਾਸੋਂ) ਆਪਣੇ ਨਾਮ ਦਾ ਸਿਮਰਨ ਕਰਾਇਆ (ਤੇ, ਇਸ ਨੂੰ ਦੁੱਖਾਂ ਤੋਂ ਬਚਾਈ ਰੱਖਿਆ) ਮਾਂ ਦੇ ਪੇਟ ਵਿਚੋਂ ਕੱਢ ਕੇ (ਜਨਮ ਦੇ ਕੇ, ਪ੍ਰਭੂ ਨੇ ਜੀਵ ਵਾਸਤੇ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ ਮਾਇਆ ਦੇ ਮੋਹ ਦੀ) ਜ਼ਹਰ ਖਿਲਾਰ ਰੱਖੀ (ਤੇ, ਇਸ ਤਰ੍ਹਾਂ ਜੀਵ ਦੇ ਹਿਰਦੇ ਵਿਚ) ਮਾਇਆ ਦਾ ਮੋਹ ਵਧਾ ਦਿੱਤਾ। ਹੇ ਭਾਈ! ਜਿਸ ਮਨੁੱਖ ਉੱਤੇ ਆਪ ਪ੍ਰਭੂ ਮੇਹਰ ਕਰਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾਂਦਾ ਹੈ। ਉਹ ਮਨੁੱਖ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤੇ, ਪਰਮਾਤਮਾ ਦੇ ਨਾਮ ਦੀ ਲਗਨ (ਆਪਣੇ ਅੰਦਰ) ਬਣਾਈ ਰੱਖਦਾ ਹੈ।੧।

ਹੇ ਭਾਈ! ਅਨੇਕਾਂ ਜੂਨਾਂ ਦੇ ਦੁੱਖ ਸਹਾਰ ਕੇ, ਕ੍ਰੋੜਾਂ ਜਨਮਾਂ ਵਿਚ ਭਟਕ ਕੇ (ਜੀਵ ਮਨੁੱਖਾ ਜਨਮ ਵਿਚ) ਆਉਂਦਾ ਹੈ, (ਪਰ ਇੱਥੇ ਇਸ ਨੂੰ) ਸਦਾ ਕਾਇਮ ਰਹਿਣ ਵਾਲਾ ਮਾਲਕ ਭੁੱਲ ਜਾਂਦਾ ਹੈ, ਤੇ, ਇਸ ਨੂੰ ਬੜੀ ਸਜ਼ਾ ਮਿਲਦੀ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜਦੇ ਹਨ। ਹੇ ਭਾਈ! ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਪੂਰਨਿਆਂ ਤੇ ਤੁਰ ਕੇ (ਮਾਇਆ ਦੇ ਮੋਹ ਦੀ ਜ਼ਹਿਰ ਤੋਂ) ਬਚ ਜਾਈਦਾ ਹੈ।੨।

TOP OF PAGE

Sri Guru Granth Darpan, by Professor Sahib Singh