ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 659 ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥ ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥ ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥ ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥ ਰਾਖਹੁ ਕੰਧ ਉਸਾਰਹੁ ਨੀਵਾਂ ॥ ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥ ਬੰਕੇ ਬਾਲ ਪਾਗ ਸਿਰਿ ਡੇਰੀ ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥ ਊਚੇ ਮੰਦਰ ਸੁੰਦਰ ਨਾਰੀ ॥ ਰਾਮ ਨਾਮ ਬਿਨੁ ਬਾਜੀ ਹਾਰੀ ॥੪॥ ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥ ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥ {ਪੰਨਾ 659} ਪਦਅਰਥ: ਭੀਤਿ = ਕੰਧ। ਪਵਨ = ਹਵਾ। ਥੰਭਾ = ਥੰਮ੍ਹੀ। ਰਕਤ = ਮਾਂ ਦੀ ਰੱਤ। ਬੂੰਦ = ਪਿਉ ਦੇ ਵੀਰਜ ਦੀ ਬੂੰਦ। ਪੰਖੀ = ਜੀਵ = ਪੰਛੀ।੧। ਪ੍ਰਾਨੀ = ਹੇ ਬੰਦੇ! ਤਰਵਰ = ਰੁੱਖਾਂ (ਉੱਤੇ) । ਪੰਖਿ = ਪੰਛੀ।੧।ਰਹਾਉ। ਨੀਵਾਂ = ਨੀਹਾਂ। ਸੀਵਾਂ = ਸੀਮਾ, ਹੱਦ, ਵੱਧ ਤੋਂ ਵੱਧ ਥਾਂ।੨। ਬੰਕੇ = ਸੋਹਣੇ, ਬਾਂਕੇ। ਡੇਰੀ = ਵਿੰਗੀ, ਟੇਢੀ।੩। ਬਾਜੀ = ਜ਼ਿੰਦਗੀ ਦੀ ਖੇਡ।੪। ਪਾਂਤਿ = ਕੁਲ, ਗੋਤ। ਓਛਾ = ਨੀਵਾਂ। ਸਰਨਾਗਤਿ = ਸਰਨ ਆਇਆ ਹਾਂ। ਰਾਜਾ = ਹੇ ਰਾਜਨ! ਕਹਿ = ਕਹੇ। ਚੰਦ = ਹੇ ਚੰਦ! ਹੇ ਸੋਹਣੇ!।੫। ਅਰਥ: ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) । ਹੇ ਭਾਈ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ?।੧।ਰਹਾਉ। ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ਜਿਸ ਦੀ ਕੰਧ (ਮਾਨੋ) ਪਾਣੀ ਦੀ ਹੈ, ਜਿਸ ਦੀ ਥੰਮ੍ਹੀ ਹਵਾ (ਸੁਆਸਾਂ) ਦੀ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ, ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ।੧। ਹੇ ਭਾਈ! ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ, ਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ (ਸੌਣ ਵੇਲੇ ਇਤਨੀ ਕੁ ਥਾਂ ਹੀ ਮੱਲਦਾ ਹੈਂ) ।੨। ਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ (ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਇਗਾ।੩। ਹੇ ਭਾਈ! ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ) , ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ।੪। ਰਵਿਦਾਸ ਚਮਾਰ ਆਖਦਾ ਹੈ-ਹੇ ਮੇਰੇ ਰਾਜਨ! ਹੇ ਮੇਰੇ ਸੋਹਣੇ ਰਾਮ! ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ, (ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀਹ ਬਣਨਾ ਸੀ? ਪਰ) ਮੈਂ ਤੇਰੀ ਸਰਨ ਆਇਆ ਹਾਂ।੫।੬। ਨੋਟ: ਇਸ ਸ਼ਬਦ ਵਿਚ ਅਸਲ ਜ਼ੋਰ ਇਸ ਗੱਲ ਉੱਤੇ ਹੈ ਕਿ ਇੱਥੇ ਜਗਤ ਵਿਚ ਪੰਛੀਆਂ ਵਾਂਗ ਜੀਵਾਂ ਦਾ ਵਸੇਬਾ ਹੈ, ਪਰ ਜੀਵ ਵੱਡੇ ਵੱਡੇ ਕਿੱਲੇ ਗੱਡ ਕੇ ਮਾਣ ਕਰ ਰਹੇ ਹਨ ਤੇ ਰੱਬ ਨੂੰ ਭੁਲਾ ਕੇ ਜੀਵਨ ਕਮੀਨੇ ਬਣਾ ਰਹੇ ਹਨ, ਅਜਾਈਂ ਗਵਾ ਰਹੇ ਹਨ। ਅਖ਼ੀਰ ਦੀਆਂ ਤੁਕਾਂ ਦੇ ਲਫ਼ਜ਼ 'ਰਾਜਾ' ਅਤੇ 'ਚੰਦ' ਸ੍ਰੀ ਰਾਮ ਚੰਦ ਜੀ ਵਾਸਤੇ ਨਹੀਂ ਹਨ, ਆਪਣਾ ਕਮੀਨਾ-ਪਨ ਤੇ ਹੋਛਾ-ਪਨ ਵਧੀਕ ਉੱਘਾ ਕਰਨ ਲਈ ਪਰਮਾਤਮਾ ਵਾਸਤੇ ਲਫ਼ਜ਼ 'ਰਾਜਾ' ਤੇ 'ਚੰਦ' ਵਰਤੇ ਹਨ, ਭਾਵ, ਇਕ ਪਾਸੇ, ਪ੍ਰਕਾਸ਼-ਸਰੂਪ ਸੋਹਣਾ ਪ੍ਰਭੂ ਦੂਜੇ ਪਾਸੇ, ਮੈਂ ਜੀਵ ਹੋਛਾ ਤੇ ਕਮੀਨਾ। ਜੇ ਰਵਿਦਾਸ ਜੀ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੇ ਉਪਾਸ਼ਕ ਹੁੰਦੇ ਤਾਂ ਆਪਣੇ ਸ਼ਬਦਾਂ ਵਿਚ ਲਫ਼ਜ਼ 'ਮਾਧੋ' ਨਾਹ ਵਰਤਦੇ ਕਿਉਂਕਿ 'ਮਾਧੋ' ਕ੍ਰਿਸ਼ਨ ਜੀ ਦਾ ਨਾਮ ਹੈ, ਤੇ ਇੱਕ ਅਵਤਾਰ ਦਾ ਪੁਜਾਰੀ ਦੂਜੇ ਅਵਤਾਰ ਦਾ ਨਾਮ ਆਪਣੇ ਅਵਤਾਰ ਵਾਸਤੇ ਨਹੀਂ ਵਰਤ ਸਕਦਾ। ਸ਼ਬਦ ਦਾ ਭਾਵ: ਇੱਥੇ ਰੈਣਿ-ਬਸੇਰਾ ਹੈ। 'ਮੈਂ ਮੇਰੀ' ਕਿਉਂ? ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥੧॥ ਰਹਾਉ ॥ ਆਰ ਨਹੀ ਜਿਹ ਤੋਪਉ ॥ ਨਹੀ ਰਾਂਬੀ ਠਾਉ ਰੋਪਉ ॥੧॥ ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥ ਰਵਿਦਾਸੁ ਜਪੈ ਰਾਮ ਨਾਮਾ ॥ ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥ {ਪੰਨਾ 659} ਪਦਅਰਥ: ਚਮਰਟਾ = ਗ਼ਰੀਬ ਚਮਿਆਰ। ਗਾਂਠਿ ਨ ਜਨਈ = ਗੰਢਣਾ ਨਹੀਂ ਜਾਣਦਾ। ਗਠਾਵੈ = ਗੰਢਾਉਂਦਾ ਹੈ। ਪਨਹੀ = ਜੁੱਤੀ।੧।ਰਹਾਉ। ਜਿਹ = ਜਿਸ ਨਾਲ। ਤੋਪਉ = ਤੋਪਉਂ, ਤ੍ਰੋਪਾ ਲਾਵਾਂ। ਠਾਉ = ਥਾਂ ਜੁੱਤੀ ਦੀ ਟੁੱਟੀ ਹੋਈ ਥਾਂ। ਰੋਪਉ = ਰੋਪਉਂ, ਟਾਕੀ ਲਾਵਾਂ।੧। ਗੰਠਿ ਗੰਠਿ = ਗੰਢ ਗੰਢ ਕੇ। ਖਰਾ = ਬਹੁਤ। ਬਿਗੂਚਾ = ਖ਼ੁਆਰ ਹੋ ਰਿਹਾ ਹੈ। ਹਉ = ਮੈਂ। ਬਿਨੁ ਗਾਂਠੇ = ਗੰਢਣ ਦਾ ਕੰਮ ਛੱਡ ਕੇ।੨। ਮੋਹਿ = ਮੈਨੂੰ। ਸਿਉ = ਨਾਲ। ਕਾਮਾ = ਵਾਸਤਾ।੩। ਨੋਟ: ਰਵਿਦਾਸ ਜੀ ਬਨਾਰਸ ਦੇ ਵਸਨੀਕ ਸਨ, ਤੇ ਇਹ ਸ਼ਹਿਰ ਵਿਦਵਾਨ ਬ੍ਰਾਹਮਣਾਂ ਦਾ ਭਾਰਾ ਕੇਂਦਰ ਚਲਿਆ ਆ ਰਿਹਾ ਹੈ। ਬ੍ਰਾਹਮਣਾਂ ਦੀ ਅਗਵਾਈ ਵਿਚ ਇੱਥੇ ਮੂਰਤੀ-ਪੂਜਾ ਦਾ ਜ਼ੋਰ ਹੋਣਾ ਭੀ ਕੁਦਰਤੀ ਗੱਲ ਸੀ। ਇਕ ਪਾਸੇ ਉੱਚੀ ਕੁਲ ਦੇ ਵਿਦਵਾਨ ਲੋਕ ਮੰਦਰਾਂ ਵਿਚ ਜਾ ਜਾ ਕੇ ਮੂਰਤੀਆਂ ਪੂਜਣ; ਦੂਜੇ ਪਾਸੇ, ਇਕ ਬੜੀ ਨੀਵੀਂ ਜਾਤ ਦਾ ਕੰਗਾਲ ਤੇ ਗ਼ਰੀਬ ਰਵਿਦਾਸ ਇੱਕ ਪਰਮਾਤਮਾ ਦੇ ਸਿਮਰਨ ਦਾ ਹੋਕਾ ਦੇਵੇ-ਇਹ ਇਕ ਅਜੀਬ ਜਹੀ ਖੇਡ ਬਨਾਰਸ ਵਿਚ ਹੋ ਰਹੀ ਸੀ। ਬ੍ਰਾਹਮਣਾਂ ਦਾ ਚਮਾਰ ਰਵਿਦਾਸ ਨੂੰ ਉਸ ਦੀ ਨੀਵੀਂ ਜਾਤ ਦਾ ਚੇਤਾ ਕਰਾ ਕਰਾ ਕੇ ਉਸ ਨੂੰ ਮਖ਼ੌਲ ਕਰਨਾ ਭੀ ਇਕ ਸੁਭਾਵਿਕ ਜਿਹੀ ਗੱਲ ਸੀ। ਅਜਿਹੀ ਦਸ਼ਾ ਹਰ ਥਾਂ ਰੋਜ਼ਾਨਾ ਜੀਵਨ ਵਿਚ ਵੇਖੀ ਜਾ ਰਹੀ ਹੈ। ਇਸ ਸ਼ਬਦ ਵਿਚ ਰਵਿਦਾਸ ਜੀ ਲੋਕਾਂ ਦੇ ਇਸ ਮਖ਼ੌਲ ਦਾ ਉੱਤਰ ਦੇਂਦੇ ਹਨ, ਤੇ, ਕਹਿੰਦੇ ਹਨ ਕਿ ਮੈਂ ਤਾਂ ਭਲਾ ਜਾਤ ਦਾ ਹੀ ਚਮਾਰ ਹਾਂ, ਲੋਕ ਉੱਚੀਆਂ ਕੁਲਾਂ ਦੇ ਹੋ ਕੇ ਭੀ ਚਮਾਰ ਬਣੇ ਪਏ ਹਨ। ਇਹ ਜਿਸਮ, ਮਾਨੋ, ਇਕ ਜੁੱਤੀ ਹੈ। ਗ਼ਰੀਬ ਮਨੁੱਖ ਮੁੜ ਮੁੜ ਆਪਣੀ ਜੁੱਤੀ ਗੰਢਾਉਂਦਾ ਹੈ ਕਿ ਬਹੁਤਾ ਚਿਰ ਕੰਮ ਦੇ ਜਾਏ। ਇਸੇ ਤਰ੍ਹਾਂ ਮਾਇਆ ਦੇ ਮੋਹ ਵਿਚ ਫਸੇ ਹੋਏ ਬੰਦੇ (ਚਾਹੇ ਉਹ ਉੱਚੀ ਕੁਲ ਦੇ ਭੀ ਹਨ) ਇਸ ਸਰੀਰ ਨੂੰ ਗਾਂਢੇ ਲਾਣ ਲਈ ਦਿਨ ਰਾਤ ਇਸੇ ਦੀ ਪਾਲਣਾ ਵਿਚ ਜੁੱਟੇ ਰਹਿੰਦੇ ਹਨ, ਤੇ ਪ੍ਰਭੂ ਨੂੰ ਵਿਸਾਰ ਕੇ ਖ਼ੁਆਰ ਹੁੰਦੇ ਹਨ। ਜਿਵੇਂ ਚਮਿਆਰ ਜੁੱਤੀ ਗੰਢਦਾ ਹੈ, ਤਿਵੇਂ ਮਾਇਆ-ਗ੍ਰਸਿਆ ਜੀਵ ਸਰੀਰ ਨੂੰ ਸਦਾ ਚੰਗੀਆਂ ਖ਼ੁਰਾਕਾਂ ਪੁਸ਼ਾਕਾਂ ਤੇ ਦਵਾਈਆਂ ਆਦਿਕ ਦੇ ਗਾਂਢੇ ਤ੍ਰੋਪੇ ਲਾਉਂਦਾ ਰਹਿੰਦਾ ਹੈ। ਸੋ ਸਾਰਾ ਜਗਤ ਹੀ ਚਮਾਰ ਬਣਿਆ ਪਿਆ ਹੈ। ਪਰ, ਰਵਿਦਾਸ ਜੀ ਆਖਦੇ ਹਨ, ਮੈਂ ਮੋਹ ਮੁਕਾ ਕੇ ਸਰੀਰ ਨੂੰ ਗਾਂਢੇ-ਤੋਪੇ ਲਾਉਣੇ ਛੱਡ ਬੈਠਾ ਹਾਂ, ਮੈਂ ਲੋਕਾਂ ਵਾਂਗ ਦਿਨ ਰਾਤ ਸਰੀਰ ਦੇ ਆਹਰ ਵਿਚ ਨਹੀਂ ਰਹਿੰਦਾ, ਮੈਂ ਪ੍ਰਭੂ ਦਾ ਨਾਮ ਸਿਮਰਨਾ ਆਪਣਾ ਮੁੱਖ-ਧਰਮ ਬਣਾਇਆ ਹੈ, ਤਾਹੀਏਂ ਮੈਨੂੰ ਕਿਸੇ ਜਮ ਆਦਿਕ ਦਾ ਡਰ ਨਹੀਂ ਰਿਹਾ। ਅਰਥ: ਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ, ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ।੧।ਰਹਾਉ। ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ) । ਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ) ।੧। ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ) ; ਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ।੨। ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ; ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ।੩।੭। ਸ਼ਬਦ ਦਾ ਭਾਵ: ਸਰੀਰਕ ਮੋਹ ਖ਼ੁਆਰ ਕਰਦਾ ਹੈ। ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ ੴ ਸਤਿਗੁਰ ਪ੍ਰਸਾਦਿ ॥ ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥ ਰਾਮ ਰਾਇ ਹੋਹਿ ਬੈਦ ਬਨਵਾਰੀ ॥ ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥ ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥ ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ {ਪੰਨਾ 659} ਪਦਅਰਥ: ਨੈਨਹੁ = ਅੱਖਾਂ ਵਿਚੋਂ। ਨੀਰੁ = ਪਾਣੀ। ਖੀਨਾ = ਕਮਜ਼ੋਰ, ਲਿੱਸਾ। ਦੁਧਵਾਨੀ = ਦੁੱਧ ਦੇ ਵੰਨ ਦੇ, ਦੁੱਧ ਵਰਗੇ ਚਿੱਟੇ। ਰੂਧਾ = ਰੁਕਿਆ ਹੋਇਆ (ਕਫ ਨਾਲ) । ਕੰਠੁ = ਗਲਾ। ਪਰਾਨੀ = ਹੇ ਜੀਵ!।੧। ਹੋਹਿ = ਜੇ ਤੂੰ ਹੋਵੇਂ, ਜੇ ਤੂੰ ਬਣੇਂ। ਬਨਵਾਰੀ = {Skt. वनमालिन् adorned with a chaplet of wood flowers. ਜੰਗਲੀ ਫੁੱਲਾਂ ਦੀ ਮਾਲਾ ਪਾਣ ਵਾਲਾ। An epithet of Krishna} ਪਰਮਾਤਮਾ। ਲੇਹੁ ਉਬਾਰੀ = ਬਚਾ ਲੈਂਦੇ ਹੋ।ਰਹਾਉ। ਸਰੀਰਿ = ਸਰੀਰ ਵਿਚ। ਜਲਨਿ = ਸੜਨ। ਕਰਕ = ਦਰਦ। ਬੇਦਨ = ਰੋਗ। ਖਰੀ ਬੇਦਨ = ਵਡਾ ਰੋਗ। ਵਾ ਕਾ = ਉਸ ਦਾ। ਅਉਖਧੁ = ਦਾਰੂ, ਦਵਾਈ।੨। ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਵਉ = ਮੈਂ ਹਾਸਲ ਕਰਦਾ ਹਾਂ, ਮੈਂ ਪ੍ਰਾਪਤ ਕਰ ਲਿਆ ਹੈ। ਮੋਖ = ਮੁਕਤੀ, ਸਰੀਰਕ ਮੋਹ ਤੋਂ ਖ਼ਲਾਸੀ ਦੇਹ = ਅੱਧਿਆਸ ਤੋਂ ਅਜ਼ਾਦੀ। ਮੋਖ ਦੁਆਰਾ = ਮੁਕਤੀ ਦਾ ਰਸਤਾ, ਉਹ ਤਰੀਕਾ ਜਿਸ ਨਾਲ ਸਰੀਰਕ ਮੋਹ ਤੋਂ ਖ਼ਲਾਸੀ ਹੋ ਜਾਏ।੩। ਅਰਥ: ਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ ਤਾਂ ਤੂੰ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂਦਾ ਹੈਂ (ਭਾਵ, ਤੂੰ ਆਪ ਹੀ ਹਕੀਮ ਬਣ ਕੇ ਸੰਤਾਂ ਨੂੰ ਦੇਹ-ਅੱਧਿਆਸ ਤੋਂ ਬਚਾ ਲੈਂਦਾ ਹੈਂ) ।੧।ਰਹਾਉ। ਹੇ ਜੀਵ! ਬਿਰਧ ਅਵਸਥਾ ਵਿਚ ਕਮਜ਼ੋਰ ਹੋਣ ਕਰਕੇ) ਤੇਰੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਤੇਰੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ, ਤੇਰਾ ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਅਜੇ (ਭੀ) ਤੂੰ ਕੀਹ ਕਰ ਰਿਹਾ ਹੈਂ? (ਭਾਵ, ਹੁਣ ਭੀ ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ? ਤੂੰ ਕਿਉਂ ਸਰੀਰ ਦੇ ਮੋਹ ਵਿਚ ਫਸਿਆ ਪਿਆ ਹੈਂ? ਤੂੰ ਕਿਉਂ ਦੇਹ-ਅੱਧਿਆਸ ਨਹੀਂ ਛੱਡਦਾ?) ।੧। ਹੇ ਪ੍ਰਾਣੀ! ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ (ਕਿਸ ਕਿਸ ਅੰਗ ਦਾ ਫ਼ਿਕਰ ਕਰੀਏ? ਸਾਰੇ ਹੀ ਜਿਸਮ ਵਿਚ ਬੁਢੇਪੇ ਦਾ) ਇੱਕ ਐਸਾ ਵੱਡਾ ਰੋਗ ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ (ਫਿਰ ਭੀ ਇਸ ਸਰੀਰ ਨਾਲੋਂ ਤੇਰਾ ਮੋਹ ਨਹੀਂ ਮਿਟਦਾ) ।੨। (ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਪਰਮਾਤਮਾ ਦਾ ਨਾਮ-ਰੂਪ ਨਿਰਮਲ ਜਲ। ਦਾਸ ਭੀਖਣ ਆਖਦਾ ਹੈ-(ਆਪਣੇ) ਗੁਰੂ ਦੀ ਕਿਰਪਾ ਨਾਲ ਮੈਂ ਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ।੩।੧। ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥ ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥ ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥ {ਪੰਨਾ 659} ਪਦਅਰਥ: ਨਿਰਮੋਲਕੁ = ਜਿਸ ਦਾ ਮੁੱਲ ਨਹੀਂ ਪੈ ਸਕਦਾ, ਜੋ ਕਿਸੇ ਮੁੱਲ ਨਹੀਂ ਮਿਲ ਸਕਦਾ। ਪੁੰਨਿ = ਪੁੰਨ ਨਾਲ, ਭਾਗਾਂ ਨਾਲ। ਪਾਇਆ = ਪਾਈਦਾ ਹੈ, ਮਿਲਦਾ ਹੈ।੧। ਕਹਨੁ ਨ ਜਾਈ = (ਸੁਆਦ) ਦੱਸਿਆ ਨਹੀਂ ਜਾ ਸਕਦਾ।ਰਹਾਉ। ਰਸਨਾ = ਜੀਭ। ਰਮਤ = ਜਪਦਿਆਂ। ਸ੍ਰਵਨਾ = ਕੰਨਾਂ ਨੂੰ। ਚੇਤੇ = ਯਾਦ ਕਰਦਿਆਂ। ਹੋਈ = ਹੁੰਦਾ ਹੈ। ਕਹੁ = ਆਖ। ਭੀਖਨ = ਹੇ ਭੀਖਨ! ਸੰਤੋਖੇ = ਸ਼ਾਂਤ ਹੋ ਗਏ ਹਨ, ਠੰਡ ਪੈ ਗਈ ਹੈ। ਦੇਖਾਂ = ਮੈਂ ਵੇਖਦਾ ਹਾਂ। ਤਹ = ਉਧਰ ਹੀ।੨। ਅਰਥ: ਪਰਮਾਤਮਾ ਦਾ ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਭਾਗਾਂ ਨਾਲ ਮਿਲਦਾ ਹੈ। ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ।੧। (ਉਂਞ ਉਹ ਸੁਆਦ) ਦੱਸਿਆ ਨਹੀਂ ਜਾ ਸਕਦਾ (ਜੋ) ਪਰਮਾਤਮਾ ਦੇ ਗੁਣ ਗਾਉਂਦਿਆਂ (ਆਉਂਦਾ ਹੈ) , ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਠਿਆਈ (ਦਾ ਸੁਆਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ, ਗੁੰਗਾ ਦੱਸ ਨਹੀਂ ਸਕਦਾ) ।੧।ਰਹਾਉ। (ਇਹ ਰਤਨ-ਨਾਮ) ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ। ਹੇ ਭੀਖਨ! ਤੂੰ ਭੀ) ਆਖ-(ਇਹ ਨਾਮ ਸਿਮਰਦਿਆਂ) ਮੇਰੀਆਂ ਦੋਹਾਂ ਅੱਖਾਂ ਵਿਚ (ਐਸੀ) ਠੰਢ ਪਈ ਹੈ ਕਿ ਮੈਂ ਜਿੱਧਰ ਤੱਕਦਾ ਹਾਂ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ।੨।੨। ਨੋਟ: ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਭੀਖਨ ਜੀ ਬਾਰੇ ਇਉਂ ਲਿਖਦੇ ਹਨ "ਦਸਿਆ ਹੈ ਕਿ ਭਗਤ ਭੀਖਨ ਜੀ ਇਬਰਾਹੀਮ ਦੇ ਸ਼ਿਸ਼ ਸਨ, ਪਰ ਇਹ ਖੋਜ ਸੱਚੀ ਸਿਧ ਨਹੀਂ ਹੁੰਦੀ। ਆਮ ਤੌਰ ਪਰ ਇਹਨਾਂ ਦੇ ਦੇਹਾਂਤ ਸੰਮਤ ੧੬੨੫ ਦੇ ਗਿਰਦੇ ਮੰਨੀਦਾ ਹੈ। ਵਾਸਤਵ ਵਿਚ ਭੀਖਨ ਜੀ ਕੋਈ ਬੇ-ਮਲੂਮ ਜਿਹੇ ਭਗਤ ਜਾਪਦੇ ਹਨ। ਭਗਤ-ਮੰਡਲੀ ਵਿਚ ਇਹਨਾਂ ਦੀ ਕੋਈ ਖ਼ਾਸ ਪ੍ਰਸਿੱਧੀ ਸਿਧ ਨਹੀਂ ਹੁੰਦੀ। ਇਸ ਨਾਲੋਂ ਜੱਲਣ, ਕਾਹਨਾ, ਛੱਜੂ ਆਦਿ ਭੀ ਵਧ ਪ੍ਰਸਿੱਧ ਹਨ। ਆਪ ਅਸਲੋਂ ਸੂਫ਼ੀ ਮੁਸਲਮਾਨ ਫ਼ਕੀਰਾਂ ਵਿਚੋਂ ਸਨ। ਆਪ ਜੀ ਨੂੰ ਸੇਖ਼ ਫ਼ਰੀਦ ਜੀ ਨਾਲ ਮਿਲਾ ਦੇਂਦੇ ਹਨ, ਪਰ ਇਹ ਪੁਸ਼ਟੀ ਇਹਨਾਂ ਦੀ ਬਾਣੀ ਤੋਂ ਨਹੀਂ ਹੁੰਦੀ। ਵੈਸੇ ਇਹਨਾਂ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ, ਇਸਲਾਮੀ ਸ਼ਰਹ ਦਾ ਇਕ ਲਫ਼ਜ਼ ਭੀ ਨਹੀਂ ਮਿਲਦਾ ਜਾਪਦਾ। ਇਸਲਾਮ ਮਤ ਛੱਡ ਕੇ ਜੀਵ-ਅਹਿੰਸਕ ਸਾਧਾਂ ਨਾਲ ਵਿਚਰਦੇ ਰਹੇ। ਆਪ ਜੀ ਦੇ ਦੋ ਸ਼ਬਦ ਭਗਤ ਬਾਣੀ ਸੰਗ੍ਰਹਿ ਵਿਖੇ ਆਏ ਹਨ, ਜਿਹਾ ਕਿ- "ਨੈਨਹੁ............ਮੋਹ ਦੁਆਰਾ।"-ਸੋਰਠਿ। "ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਜੀ ਬੁਢੇਪੇ ਅਥਵਾ ਮੌਤ ਦੇ ਨੇੜ ਨੂੰ ਵੇਖ ਕੇ ਕਾਫ਼ੀ ਘਾਬਰ ਗਏ ਹਨ। ਉਸ ਵੇਲੇ ਬਨਵਾਰੀ (ਕ੍ਰਿਸ਼ਨ) ਜੀ ਨੂੰ ਯਾਦ ਕਰਦੇ ਹੋਏ ਵਾਸਤੇ ਕੱਢਦੇ ਹਨ। ਪਰ ਗੁਰਮਤਿ ਅੰਦਰ ਮੌਤ ਨੂੰ ਇਕ ਖੇਡ ਸਮਝਿਆ ਗਿਆ ਹੈ ਅਤੇ ਜੰਮਨ ਮਰਨ ਨੂੰ ਸੰਸਾਰੀ ਖੇਡ ਸਮਝ ਕੇ ਕੋਈ ਵੁਕਅਤ ਨਹੀਂ ਦਿੱਤੀ ਜਾਂਦੀ।......ਖਾਲਸੇ ਦੇ ਸਾਹਮਣੇ ਮੌਤ ਖੇਡ ਅਤੇ ਇਕ ਬਾਜ਼ੀ ਹੈ।" ਵਿਰੋਧੀ ਸੱਜਣ ਨੇ ਭੀਖਨ ਜੀ ਬਾਰੇ ਹੇਠ-ਲਿਖੀ ਖੋਜ ਕੀਤੀ ਹੈ: (੧) ਭੀਖਨ ਜੀ ਸੂਫ਼ੀ ਮੁਸਲਮਾਨ ਫ਼ਕੀਰਾਂ ਵਿਚੋਂ ਸਨ। ਇਸਲਾਮ ਛੱਡ ਕੇ ਜੀਵ-ਅਹਿੰਸਕ ਸਾਧਾਂ ਨਾਲ ਵਿਚਰਦੇ ਰਹੇ। (੨) ਇਹਨਾਂ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ। (੩) ਬੁਢੇਪੇ ਤੇ ਮੌਤ ਤੋਂ ਘਾਬਰ ਕੇ ਭੀਖਨ ਜੀ ਇਸ ਸ਼ਬਦ ਦੀ ਰਾਹੀਂ ਕ੍ਰਿਸ਼ਨ ਜੀ ਅਗੇ ਵਾਸਤੇ ਕੱਢਦੇ ਹਨ। ਆਓ, ਇਸ ਖੋਜ ਨੂੰ ਵਿਚਾਰੀਏ। (੧) ਖੋਜ ਨੰ: ੧ ਦੀ ਵਿਰੋਧੀ ਸੱਜਣ ਨੇ ਆਪ ਹੀ ਤਰਦੀਦ ਕਰ ਦਿੱਤੀ ਹੈ ਤੇ ਲਿਖਿਆ ਹੈ ਕਿ ਇਹਨਾਂ ਦੀ ਰਚਨਾ ਵਿਚ 'ਇਸਲਾਮੀ ਸ਼ਰਹ ਦਾ ਇਕ ਲਫ਼ਜ਼ ਭੀ ਨਹੀਂ ਮਿਲਦਾ ਜਾਪਦਾ।' ਪਰ ਇਹ ਤਰਦੀਦ ਭੀ ਖੁਲ੍ਹ ਕੇ ਨਹੀਂ ਕਰਦੇ, ਅਜੇ ਭੀ ਲਫ਼ਜ਼ "ਮਿਲਦਾ ਜਾਪਦਾ" ਹੀ ਲਿਖਦੇ ਹਨ। ਸਾਰਾ ਸ਼ਬਦ ਸਾਹਮਣੇ ਮੌਜੂਦ ਹੈ। ਕਿਥੇ ਹੈ ਕੋਈ ਲਫ਼ਜ਼ ਇਸਲਾਮੀ ਸ਼ਰਹ ਦਾ? ਫਿਰ ਅਜੇ ਭੀ "ਜਾਪਦਾ" ਕਿਉਂ ਆਖਿਆ ਜਾ ਰਿਹਾ ਹੈ? ਸਿਰਫ਼ ਸੱਚਾਈ ਨੂੰ ਲੁਕਾਣ ਲਈ, ਤੇ ਭਗਤ ਜੀ ਬਾਰੇ ਆਪੇ ਘੜੇ ਹੋਏ ਸ਼ੱਕ ਨੂੰ ਪਾਠਕ ਦੇ ਮਨ ਵਿਚ ਟਿਕਾਈ ਰੱਖਣ ਵਾਸਤੇ। ਸਾਰੇ ਹੀ ਸ਼ਬਦ ਵਿਚ ਕਿਤੇ ਇੱਕ ਭੀ ਐਸਾ ਲਫ਼ਜ਼ ਨਹੀਂ, ਜਿਥੋਂ ਇਹ ਕਿਹਾ ਜਾ ਸਕੇ ਕਿ ਭੀਖਨ ਜੀ ਕਿਸੇ ਮੁਸਲਮਾਨੀ ਘਰ ਵਿਚ ਜੰਮੇ ਪਲੇ ਸਨ। (੨) ਕੋਈ ਲਫ਼ਜ਼ ਐਸੇ ਨਹੀਂ ਹਨ ਜਿਥੋਂ ਇਹ ਸਾਬਤ ਹੋ ਸਕੇ ਕਿ ਭੀਖਨ ਜੀ ਦੀ ਰਚਨਾ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ। ਸਾਰੇ ਲਫ਼ਜ਼ ਗਹੁ ਨਾਲ ਵੇਖੋ: ਨੈਨ, ਨੀਰੁ, ਤਨੁ, ਖੀਨ, ਕੇਸ, ਦੁਧਵਾਨੀ, ਰੂਧਾ, ਕੰਠੁ, ਸਬਦੁ, ਉਚਰੈ, ਪਰਾਨੀ, ਰਾਮਰਾਇ, ਬੈਦੁ ਬਨਵਾਰੀ, ਸੰਤਹ, ਉਬਾਰੀ, ਮਾਥੇ, ਪੀਰ, ਜਲਨਿ, ਕਰਕ, ਕਰੇਜੇ, ਬੇਦਨ, ਅਉਖਧੁ, ਹਰਿ ਕਾ ਨਾਮ, ਅੰਮ੍ਰਿਤ ਜਲੁ, ਨਿਰਮਲ, ਜਗਿ, ਪਰਸਾਦਿ, ਪਾਵਉ, ਮੋਖ ਦੁਆਰਾ। ਇਹਨਾਂ ਲਫ਼ਜ਼ਾਂ ਨੂੰ ਵੇਖ ਕੇ ਇਹ ਤਾਂ ਕਹਿ ਸਕਦੇ ਹਾਂ ਕਿ ਭੀਖਨ ਜੀ ਮੁਸਲਮਾਨ ਨਹੀਂ ਹਨ; ਪਰ ਇਹ ਕਿਥੋਂ ਲੱਭ ਲਿਆ ਕਿ ਉਹ ਬੈਰਾਗੀ ਸਾਧੂ ਸਨ? ਗੁਰੂ ਸਾਹਿਬ ਦੀ ਆਪਣੀ ਮੁਖ-ਵਾਕ ਬਾਣੀ ਵਿਚ ਇਹ ਸਾਰੇ ਲਫ਼ਜ਼ ਅਨੇਕਾਂ ਵਾਰੀ ਆਏ ਹਨ। ਪਰ ਕੋਈ ਸਿੱਖ ਇਹ ਨਹੀਂ ਕਹਿ ਸਕਦਾ ਕਿ ਸਤਿਗੁਰੂ ਜੀ ਦੀ ਬਾਣੀ ਹਿੰਦੂ ਬੈਰਾਗੀ ਸਾਧੂਆਂ ਨਾਲ ਮਿਲਦੀ ਹੈ। (੩) ਲਫ਼ਜ਼ 'ਬਨਵਾਰੀ' ਦਾ ਅਰਥ ਵਿਰੋਧੀ ਸੱਜਣ ਨੇ ਕ੍ਰਿਸ਼ਨ ਕੀਤਾ ਹੈ। ਪਰ ਬਾਕੀ ਦੇ ਸਾਰੇ ਸ਼ਬਦ ਵਲੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਲਫ਼ਜ਼ 'ਰਾਮਰਾਇ' ਦਾ ਅਰਥ ਕਿਸੇ ਭੀ ਖਿੱਚ ਘਸੀਟ ਨਾਲ 'ਕ੍ਰਿਸ਼ਨ' ਨਹੀਂ ਕੀਤਾ ਜਾ ਸਕਦਾ। ਉਸ 'ਬਨਵਾਰੀ' ਵਾਸਤੇ ਅਖੀਰ ਤੇ ਲਫ਼ਜ਼ 'ਹਰਿ' ਭੀ ਵਰਤਿਆ ਗਿਆ ਹੈ। (੪) ਇਹ ਆਖਣਾ ਕਿ ਭੀਖਨ ਜੀ ਨੇ ਬੁਢੇਪੇ ਮੌਤ ਤੋਂ ਘਾਬਰ ਕੇ ਵਾਸਤੇ ਕੱਢੇ ਹਨ, ਇਹ ਤਾਂ ਮਹਾਪੁਰਖ ਦੀ ਨਿਰਾਦਰੀ ਕੀਤੀ ਗਈ ਹੈ, ਤੇ, ਕਿਸੇ ਭੀ ਗੁਰਸਿੱਖ ਨੂੰ ਇਹ ਗੱਲ ਸੋਭਦੀ ਨਹੀਂ, ਫਿਰ ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਏ ਸ਼ਬਦ ਉਤੇ ਮਖ਼ੌਲ ਉਡਾ ਕੇ ਲੱਖਾਂ ਸ਼ਰਧਾਲੂ ਸਿੱਖਾਂ ਦੇ ਹਿਰਦੇ ਜ਼ਖ਼ਮੀ ਕੀਤੇ ਜਾ ਰਹੇ ਹਨ। ਭੀਖਨ ਜੀ ਸ਼ਬਦ ਦੇ ਅਖ਼ੀਰ ਵਿਚ ਆਖਦੇ ਹਨ, "ਗੁਰ ਪਰਸਾਦਿ ਕਹੈ ਜਨੁ ਭੀਖਨੁ, ਪਾਵਉ ਮੋਖ ਦੁਆਰਾ", ਭਾਵ, ਸਤਿਗੁਰੂ ਦੀ ਕਿਰਪਾ ਨਾਲ ਮੈਂ ਮੋਖ ਦਾ ਰਾਹ ਲੱਭ ਲਿਆ ਹੈ। ਉਹ ਕਿਹੜਾ ਰਾਹ ਹੈ? ਇਹ ਭੀ ਭੀਖਨ ਜੀ ਆਪ ਹੀ ਕਹਿੰਦੇ ਹਨ "ਹਰਿ ਕਾ ਨਾਮੁ"। ਤੇ, ਆਖਦੇ ਹਨ ਕਿ ਜਗਤ ਵਿਚ ਇੱਕੋ ਇੱਕ ਇਲਾਜ ਹੈ ਉਸ ਦਾ, ਜਿਸ ਤੋਂ ਖ਼ਲਾਸੀ ਪਾਣ ਦਾ ਰਸਤਾ ਮੈਂ ਗੁਰੂ ਦੀ ਕਿਰਪਾ ਨਾਲ ਲੱਭ ਲਿਆ ਹੈ। ਕੀ ਅਜੇ ਇਹ ਗੱਲ ਸਾਫ਼ ਨਹੀਂ ਹੋਈ ਕਿ ਭੀਖਨ ਜੀ ਨੇ ਕਿਸ ਰੋਗ ਤੋਂ ਖ਼ਲਾਸੀ ਪਾਣ ਦਾ ਰਾਹ ਗੁਰੂ ਤੋਂ ਲੱਭਾ ਹੈ? ਤੇ ਮੌਤ ਤਾਂ ਹਰੇਕ ਨੂੰ ਆਪਣੀ ਵਾਰੀ ਸਿਰ ਆਈ ਹੈ। ਸੋ, ਇਥੇ ਮੌਤ ਤੇ ਬੁਢੇਪੇ ਤੋਂ ਕਿਸੇ ਘਬਰਾਹਟ ਦਾ ਜ਼ਿਕਰ ਨਹੀਂ ਹੈ। ਇਸ ਦੀ ਬਾਬਤ ਤਾਂ ਉਹ ਆਪ ਹੀ ਆਖਦੇ ਹਨ ਕਿ "ਵਾ ਕਾ ਅਉਖਧੁ ਨਾਹੀ"। ਭੀਖਨ ਜੀ ਸਰੀਰਕ ਮੋਹ ਵਿਚ ਫਸੇ ਜੀਵ ਨੂੰ ਸਮਝਾਂਦੇ ਹਨ-ਹੇ ਭਾਈ! ਬੁਢੇਪੇ ਦੇ ਕਾਰਨ ਹਰੇਕ ਅੰਗ ਵਿਚ ਰੋਗ ਆ ਨਿਕਲਿਆ ਹੈ; ਤੂੰ ਸਰੀਰ ਦੇ ਮੋਹ ਵਿਚ ਫਸ ਕੇ ਕਦ ਤਕ ਜੁੱਤੀ ਗੰਢਾਣ ਵਾਂਗ ਥਾਂ ਥਾਂ ਤੇ ਟਾਕੀਆਂ ਲਾਣ ਵਿਚ ਹੀ ਰੁੱਝਾ ਰਹੇਂਗਾ? ਅਖ਼ੀਰ ਤੇ ਆਖਦੇ ਹਨ-ਸਰੀਰਕ ਮੋਹ ਦੇ ਰੋਗ ਤੋਂ ਬਚਣ ਲਈ ਇਕੋ ਹੀ ਇਲਾਜ ਹੈ; ਉਹ ਇਹ ਕਿ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰੋ। ਵਿਰੋਧੀ ਸੱਜਣ ਜੀ ਨੇ ਭੀਖਨ ਜੀ ਦੇ ਦੂਜੇ ਸ਼ਬਦ ਨੂੰ ਸ਼ਾਇਦ ਪੜ੍ਹਿਆ ਹੀ ਨਹੀਂ। ਜੇ ਉਸ ਨੂੰ ਗਹੁ ਨਾਲ ਪੜ੍ਹਦੇ ਤਾਂ ਲਫ਼ਜ਼ 'ਬਨਵਾਰੀ' ਦਾ ਅਰਥ ਕ੍ਰਿਸ਼ਨ ਕਰਨ ਦੀ ਲੋੜ ਨਾਹ ਪੈਂਦੀ। ਉਹਨਾਂ ਦਾ 'ਬਨਵਾਰੀ' ਉਹ ਹੈ ਜਿਸ ਨੂੰ ਉਹ "ਜਹ ਦੇਖਾ ਤਹ ਸੋਈ" ਆਖਦੇ ਹਨ। TOP OF PAGE |
Sri Guru Granth Darpan, by Professor Sahib Singh |