ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 663

ਧਨਾਸਰੀ ਮਹਲਾ ੧ ਆਰਤੀ    ੴ ਸਤਿਗੁਰ ਪ੍ਰਸਾਦਿ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥  {ਪੰਨਾ 663}

ਨੋਟ: ਆਰਤੀ-{आरतिः, आरात्तिका} ਦੇਵਤੇ ਦੀ ਮੂਰਤੀ ਜਾਂ ਕਿਸੇ ਪੂਜਯ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ। ਹਿੰਦੂ ਮਤ ਅਨੁਸਾਰ ਚਾਰ ਵਾਰੀ ਚਰਨਾਂ ਅੱਗੇ, ਦੋ ਵਾਰੀ ਨਾਭੀ ਤੇ, ਇਕ ਵਾਰੀ ਮੂੰਹ ਉਤੇ ਅਤੇ ਸੱਤ ਵਾਰੀ ਸਾਰੇ ਸਰੀਰ ਉਤੇ ਦੀਵੇ ਘੁਮਾਣੇ ਚਾਹੀਦੇ ਹਨ। ਦੀਵੇ ਇਕ ਤੋਂ ਲੈ ਕੇ ਸੌ ਤਕ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦਾ ਨਿਖੇਧ ਕਰ ਕੇ ਕਰਤਾਰ ਦੀ ਕੁਦਰਤੀ ਆਰਤੀ ਆਰਤੀ ਦੀ ਵਡਿਆਈ ਕੀਤੀ ਹੈ।

ਪਦਅਰਥ: ਗਗਨ = ਆਕਾਸ਼। ਗਗਨ ਮੈ = ਗਗਨ ਮਯ, ਆਕਾਸ਼ = ਰੂਪ, ਸਾਰਾ ਆਕਾਸ਼। ਰਵਿ = ਸੂਰਜ। ਦੀਪਕ = ਦੀਵੇ। ਜਨਕ = ਜਾਣੋ, ਮਾਨੋ, ਜਿਵੇਂ। ਮਲਆਨਲੋ = {ਮਲਯ = ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ) ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰ ਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਬਨਰਾਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ = ਰੂਪ ਪ੍ਰਭੂ।੧।

ਭਵਖੰਡਨਾ = ਹੇ ਜਨਮ ਮਰਨ ਕੱਟਣ ਵਾਲੇ! ਅਨਹਤਾ = {ਅਨ = ਹਤ} ਜੋ ਬਿਨਾ ਵਜਾਏ ਵੱਜੇ, ਇੱਕ = ਰਸ। ਸਬਦ = ਆਵਾਜ਼, ਜੀਵਨ = ਰੌ। ਭੇਰੀ = ਡੱਫ, ਨਗਾਰਾ।੧।ਰਹਾਉ।

ਸਹਸ = ਹਜ਼ਾਰਾਂ। ਤਵ = ਤੇਰੇ। ਨਨ = ਕੋਈ ਨਹੀਂ। ਤੋਹਿ ਕਉ = ਤੇਰੇ ਵਾਸਤੇ, ਤੇਰੇ, ਤੈਨੂੰ। ਮੂਰਤਿ = ਸ਼ਕਲ। ਨਨਾ = ਕੋਈ ਨਹੀਂ। ਤੋਹੀ = ਤੇਰੀ। ਪਦ = ਪੈਰ। ਬਿਮਲ = ਸਾਫ਼। ਗੰਧ = ਨੱਕ। ਇਵ = ਇਸ ਤਰ੍ਹਾਂ। ਚਲਤ = ਕੌਤਕ, ਅਚਰਜ ਖੇਡ।੨।

ਜੋਤਿ = ਚਾਣਨ, ਪ੍ਰਕਾਸ਼। ਸੋਇ = ਉਹ ਪ੍ਰਭੂ। ਤਿਸ ਕੈ ਚਾਨਣਿ = ਉਸ ਪ੍ਰਭੂ ਦੇ ਚਾਨਣ ਨਾਲ। ਸਾਖੀ = ਸਿੱਖਿਆ ਨਾਲ।੩।

ਮਕਰੰਦ = ਫੁੱਲਾਂ ਦੀ ਵਿਚਲੀ ਧੂੜ {Pollen dust}, ਫੁੱਲਾਂ ਦਾ ਰਸ। ਮਨੋ = ਮਨ। ਅਨਦਿਨੋ = ਹਰ ਰੋਜ਼। ਮੋਹਿ = ਮੈਨੂੰ। ਆਹੀ = ਹੈ, ਰਹਿੰਦੀ ਹੈ। ਸਾਰਿੰਗ = ਪਪੀਹਾ। ਜਾ ਤੇ = ਜਿਸ ਨਾਲ। ਤੇਰੈ ਨਾਮਿ = ਤੇਰੇ ਨਾਮ ਵਿਚ।੪।

ਅਰਥ: ਸਾਰਾ ਆਕਾਸ਼ (ਮਾਨੋ) ਥਾਲ ਹੈ, ਸੂਰਜ ਤੇ ਚੰਦ (ਇਸ ਥਾਲ ਵਿਚ) ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਸਮੂਹ, (ਥਾਲ ਵਿਚ) ਮੋਤੀ ਰੱਖੇ ਹੋਏ ਹਨ। ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਹਵਾ ਚੌਰ ਕਰ ਰਹੀ ਹੈ, ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਲਈ ਫੁੱਲ ਦੇ ਰਹੀ ਹੈ।੧।

ਹੇ ਜੀਵਾਂ ਦੇ ਜਨਮ ਮਰਨ ਨਾਸ ਕਰਨ ਵਾਲੇ! ਕੁਦਰਤਿ ਵਿਚ) ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! (ਸਭ ਜੀਵਾਂ ਵਿਚ ਰੁਮਕ ਰਹੀ) ਇੱਕ-ਰਸ ਜੀਵਨ-ਰੌ, ਮਾਨੋ, ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ।੧।ਰਹਾਉ।

(ਸਭ ਜੀਵਾਂ ਵਿਚ ਵਿਆਪਕ ਹੋਣ ਕਰ ਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ, ਨਿਰਾਕਾਰ ਹੋਣ ਕਰ ਕੇ, ਹੇ ਪ੍ਰਭੂ!) ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ (ਨਿਰਾਕਾਰ ਹੋਣ ਕਰ ਕੇ) ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।੨।

ਸਾਰੇ ਜੀਵਾਂ ਵਿਚ ਇਕੋ ਉਹੀ ਪਰਮਾਤਮਾ ਦੀ ਜੋਤਿ ਵਰਤ ਰਹੀ ਹੈ। ਉਸ ਜੋਤਿ ਦੇ ਪਰਕਾਸ਼ ਨਾਲ ਸਾਰੇ ਜੀਵਾਂ ਵਿਚ ਚਾਨਣ (ਸੂਝ-ਬੂਝ) ਹੈ। ਪਰ ਇਸ ਜੋਤਿ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ (ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤਿ ਹੈ) । (ਇਸ ਸਰਬ-ਵਿਆਪਕ ਜੋਤਿ ਦੀ) ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ ਉਹ ਜੀਵ ਨੂੰ ਚੰਗਾ ਲੱਗੇ (ਪ੍ਰਭੂ ਦੀ ਰਜ਼ਾ ਵਿਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ) ੩।

ਹੇ ਹਰੀ! ਤੇਰੇ ਚਰਨ-ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ, ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮੇਹਰ ਦਾ ਜਲ ਦੇਹ, ਜਿਸ (ਦੀ ਬਰਕਤਿ) ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।੪।੧।੭।੯।

ਨੋਟ: ਅੰਕ ੧-'ਆਰਤੀ' ਦਾ ਉਚੇਚਾ ਇਕ ਸ਼ਬਦ।

ਅੰਕ ੭-'ਘਰੁ ੨' 'ਘਰੁ ੩' ਦੇ ੭ ਸ਼ਬਦ।

ਅੰਕ ੯-ਧਨਾਸਰੀ ਵਿਚ ਗੁਰੂ ਨਾਨਕ ਦੇਵ ਜੀ ਦੇ ਕੁੱਲ ਸ਼ਬਦ ੯।

ਧਨਾਸਰੀ ਮਹਲਾ ੩ ਘਰੁ ੨ ਚਉਪਦੇ    ੴ ਸਤਿਗੁਰ ਪ੍ਰਸਾਦਿ ॥ ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ ਪੂਰੈ ਸਤਿਗੁਰਿ ਦੀਆ ਦਿਖਾਇ ॥ ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ ਅਵਗੁਣ ਕਾਟਿ ਗੁਣ ਰਿਦੈ ਸਮਾਇ ॥ ਪੂਰੇ ਗੁਰ ਕੈ ਸਹਜਿ ਸੁਭਾਇ ॥ ਪੂਰੇ ਗੁਰ ਕੀ ਸਾਚੀ ਬਾਣੀ ॥ ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ ਏਕੁ ਅਚਰਜੁ ਜਨ ਦੇਖਹੁ ਭਾਈ ॥ ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ ਨਾਮੁ ਅਮੋਲਕੁ ਨ ਪਾਇਆ ਜਾਇ ॥ ਗੁਰ ਪਰਸਾਦਿ ਵਸੈ ਮਨਿ ਆਇ ॥੩॥ ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ ਗੁਰਮਤੀ ਘਟਿ ਪਰਗਟੁ ਹੋਇ ॥ ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥ {ਪੰਨਾ 663}

ਪਦਅਰਥ: ਅਖੁਟੁ = ਕਦੇ ਨਾਹ ਮੁੱਕਣ ਵਾਲਾ। ਨ ਨਿਖੁਟੈ = ਮੁੱਕਦਾ ਨਹੀਂ। ਨ ਜਾਇ = ਨਾਹ ਨਾਸ ਹੁੰਦਾ ਹੈ। ਸਤਿਗੁਰਿ = ਗੁਰੂ ਨੇ। ਕਉ = ਨੂੰ, ਤੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਸਦਕੇ ਜਾਂਦਾ ਹਾਂ। ਤੇ = ਨਾਲ, ਤੋਂ। ਮੰਨਿ = ਮਨਿ, ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਂਦਾ ਹਾਂ।੧।

ਸੇ = ਉਹ {ਬਹੁ-ਵਚਨ}ਨਾਮਿ = ਨਾਮ ਵਿਚ। ਲਿਵ = ਲਗਨ। ਲਾਇ = ਲਾ ਕੇ। ਗੁਰਿ = ਗੁਰੂ ਨੇ। ਪਰਗਾਸਿਆ = ਵਿਖਾ ਦਿੱਤਾ। ਕਿਰਪਾ ਤੇ = ਕਿਰਪਾ ਨਾਲ। ਮਨਿ = ਮਨ ਵਿਚ।ਰਹਾਉ।

ਕਾਟਿ = ਕੱਟ ਕੇ, ਦੂਰ ਕਰ ਕੇ। ਰਿਦੈ = ਹਿਰਦੇ ਵਿਚ। ਸਮਾਇ = ਟਿਕਾ ਦੇਂਦਾ ਹੈ। ਗੁਰ ਕੈ = ਗੁਰੂ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਸਾਚੀ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ। ਸੁਖ = ਆਤਮਕ ਆਨੰਦ {ਬਹੁ-ਵਚਨ}ਮਨ ਅੰਤਰਿ = ਮਨ ਵਿਚ।੨।

ਅਚਰਜੁ = ਹੈਰਾਨ ਕਰਨ ਵਾਲਾ ਤਮਾਸ਼ਾ। ਜਨ = ਹੇ ਜਨੋ! ਭਾਈ = ਹੇ ਭਾਈ! ਦੁਬਿਧਾ = ਮਨ ਦੀ ਡਾਂਵਾਂ = ਡੋਲ ਹਾਲਤ, ਮੇਰ = ਤੇਰ। ਮੰਨਿ = ਮਨਿ, ਮਨ ਵਿਚ। ਅਮੋਲਕੁ = ਜੇ ਕਿਸੇ ਭੀ ਕੀਮਤ ਤੋਂ ਨਹੀਂ ਮਿਲ ਸਕਦਾ। ਪਰਸਾਦਿ = ਕਿਰਪਾ ਨਾਲ। ਆਇ = ਆ ਕੇ।੩।

ਸਭ ਮਹਿ = ਸਭ ਜੀਵਾਂ ਵਿਚ। ਸੋਇ = ਉਹੀ। ਗੁਰਮਤਿ = ਗੁਰੂ ਦੀ ਮਤਿ ਉਤੇ ਤੁਰਿਆਂ। ਘਟਿ = ਹਿਰਦੇ ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਜਿਨਿ = ਜਿਸ (ਮਨੁੱਖ) ਨੇ। ਜਾਣਿ = ਸਾਂਝ ਪਾ ਕੇ। ਮਾਨਿਆ = ਪਤੀਜ ਜਾਂਦਾ ਹੈ।੪।

ਅਰਥ: (ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ) ਪੂਰੇ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਧਨ ਪਰਗਟ ਕਰ ਦਿੱਤਾ, ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ (ਆਤਮਕ ਜੀਵਨ ਦੇ) ਸ਼ਾਹ ਬਣ ਗਏ। ਹੇ ਭਾਈ! ਇਹ ਨਾਮ-ਧਨ ਪਰਮਾਤਮਾ ਦੀ ਕਿਰਪਾ ਨਾਲ ਮਨ ਵਿਚ ਆ ਕੇ ਵੱਸਦਾ ਹੈ।ਰਹਾਉ।

ਹੇ ਭਾਈ! ਇਹ ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ, ਨਾਹ ਇਹ (ਖ਼ਰਚਿਆਂ) ਮੁੱਕਦਾ ਹੈ, ਨਾਹ ਇਹ ਗਵਾਚਦਾ ਹ ੈ। (ਇਸ ਧਨ ਦੀ ਇਹ ਸਿਫ਼ਤਿ ਮੈਨੂੰ) ਪੂਰੇ ਗੁਰੂ ਨੇ ਵਿਖਾ ਦਿੱਤੀ ਹੈ। (ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ (ਦਾ ਨਾਮ-ਧਨ ਆਪਣੇ) ਮਨ ਵਿਚ ਵਸਾਂਦਾ ਹਾਂ।੧।

(ਹੇ ਭਾਈ! ਗੁਰੂ ਸਰਨ ਆਏ ਮਨੁੱਖ ਦੇ) ਔਗੁਣ ਦੂਰ ਕਰ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਉਸ ਦੇ) ਹਿਰਦੇ ਵਿਚ ਵਸਾ ਦੇਂਦਾ ਹੈ। (ਹੇ ਭਾਈ!) ਪੂਰੇ ਗੁਰੂ ਦੀ (ਉਚਾਰੀ ਹੋਈ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ (ਮਨੁੱਖ ਦੇ) ਮਨ ਵਿਚ ਆਤਮਕ ਹੁਲਾਰੇ ਪੈਦਾ ਕਰਦੀ ਹੈ। (ਇਸ ਬਾਣੀ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸਮਾਈ ਹੋਈ ਰਹਿੰਦੀ ਹੈ।੨।

ਹੇ ਭਾਈ ਜਨੋ! ਇਕ ਹੈਰਾਨ ਕਰਨ ਵਾਲਾ ਤਮਾਸ਼ਾ ਵੇਖੋ। (ਗੁਰੂ ਮਨੁੱਖ ਦੇ ਅੰਦਰੋਂ) ਤੇਰ-ਮੇਰ ਮਿਟਾ ਕੇ ਪਰਮਾਤਮਾ (ਦਾ ਨਾਮ ਉਸ ਦੇ) ਮਨ ਵਿਚ ਵਸਾ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਅਮੋਲਕ ਹੈ, (ਕਿਸੇ ਭੀ ਦੁਨਿਆਵੀ ਕੀਮਤ ਨਾਲ) ਨਹੀਂ ਮਿਲ ਸਕਦਾ। (ਹਾਂ,) ਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ।੩।

(ਹੇ ਭਾਈ! ਭਾਵੇਂ) ਪਰਮਾਤਮਾ ਆਪ ਹੀ ਸਭ ਵਿਚ ਵੱਸਦਾ ਹੈ, (ਪਰ) ਗੁਰੂ ਦੀ ਮਤਿ ਉਤੇ ਤੁਰਿਆਂ ਹੀ (ਮਨੁੱਖ ਦੇ) ਹਿਰਦੇ ਵਿਚ ਪਰਗਟ ਹੁੰਦਾ ਹੈ। ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਜਿਸ ਮਨੁੱਖ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ (ਉਸ ਨੂੰ ਆਪਣੇ ਅੰਦਰ ਵੱਸਦਾ) ਪਛਾਣ ਲਿਆ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਪਤੀਜਿਆ ਰਹਿੰਦਾ ਹੈ।੪।

TOP OF PAGE

Sri Guru Granth Darpan, by Professor Sahib Singh