ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 679 ਧਨਾਸਰੀ ਮਹਲਾ ੫ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥ ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥ ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥ ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥ ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥ {ਪੰਨਾ 679} ਪਦਅਰਥ: ਪਿਆਰੇ = ਹੇ ਪਿਆਰੇ! ਕਲਿ ਕਲੇਸ = ਸੰਸਾਰਕ ਝਗੜੇ। ਮਹਾ = ਵੱਡੇ (ਭਿਆਨਕ) । ਭਉਜਲੁ = ਸੰਸਾਰ = ਸਮੁੰਦਰ। ਤਾਰੇ = ਪਾਰ ਲੰਘਾ ਦੇਂਦਾ ਹੈ।ਰਹਾਉ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਨਿਮਖ = ਅੱਖ ਝਮਕਣ ਜਿਤਨਾ ਸਮਾ {निमेष}। ਰੈਨਿ = ਰਾਤ। ਚਿਤਾਰੇ = ਚਿਤਾਰਿ, ਚੇਤੇ ਰੱਖ। ਸਾਧ ਸੰਗ = ਸਾਧ ਸੰਗਤਿ ਵਿਚ। ਨਿਸੰਗ = ਝਾਕਾ ਲਾਹ ਕੇ। ਮਨਿ = ਮਨ ਵਿਚ। ਨਿਧਾਨੁ = ਖ਼ਜ਼ਾਨਾ। ਧਾਰੇ = ਧਾਰਿ, ਟਿਕਾ ਲੈ।੧। ਬੀਚਾਰੇ = ਬੀਚਾਰਿ; ਸੋਚ = ਮੰਡਲ ਵਿਚ ਵਸਾ ਲੈ। ਰੇਨ = ਚਰਨ = ਧੂੜ। ਮੰਗਲ = ਖੁਸ਼ੀ। ਸਧਾਰੇ = ਦੇਂਦੀ ਹੈ।੨। ਅਰਥ: ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਇਹ ਸਿਮਰਨ) ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿਚ ਲੋਭ ਮੋਹ (ਦੀਆਂ ਲਹਿਰਾਂ ਉਠ ਰਹੀਆਂ) ਹਨ।ਰਹਾਉ। ਹੇ ਭਾਈ! ਦਿਨ ਰਾਤ ਛਿਨ ਛਿਨ ਹਰੇਕ ਸਾਹ ਦੇ ਨਾਲ (ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹੁ। ਸਾਧ ਸੰਗਤਿ ਵਿਚ (ਬੈਠ ਕੇ) ਝਾਕਾ ਲਾਹ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਵਸਾਈ ਰੱਖ।੧। ਹੇ ਪਿਆਰੇ! ਪਰਮਾਤਮਾ ਦੇ ਕੋਮਲ ਚਰਨਾਂ ਉਤੇ ਆਪਣਾ ਸਿਰ ਨਿਵਾਈ ਰੱਖ। ਗੋਬਿੰਦ ਦੇ ਗੁਣ ਆਪਣੇ ਸੋਚ-ਮੰਡਲ ਵਿਚ ਵਸਾ। ਹੇ ਨਾਨਕ! ਸੰਤ ਜਨਾਂ ਦੇ ਚਰਨਾਂ ਦੀ ਧੂੜ (ਆਪਣੇ ਮੱਥੇ ਉਤੇ ਲਾਇਆ ਕਰ, ਇਹ ਚਰਨ-ਧੂੜ) ਆਤਮਕ ਖ਼ੁਸ਼ੀਆਂ ਤੇ ਆਤਮਕ ਆਨੰਦ ਦੇਂਦੀ ਹੈ।੨।੧।੩੧। ਧਨਾਸਰੀ ਮਹਲਾ ੫ ਘਰੁ ੮ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥ ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥ ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ {ਪੰਨਾ 679} ਪਦਅਰਥ: ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਿਮਰਿ = ਸਿਮਰ ਕੇ। ਪਾਵਉ = ਪਾਵਉਂ, ਮੈਂ ਪਾਂਦਾ ਹਾਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਲੇ = ਸਮ੍ਹ੍ਹਾਲਿ, ਸੰਭਾਲ ਕੇ, ਹਿਰਦੇ ਵਿਚ ਵਸਾ ਕੇ। ਲੋਕਿ = ਲੋਕ ਵਿਚ। ਸੰਗਿ = ਨਾਲ। ਸਹਾਈ = ਮਦਦਗਾਰ। ਜਤ ਕਤ = ਜਿੱਥੇ ਕਿਥੇ, ਹਰ ਥਾਂ। ਮੋਹਿ = ਮੇਰਾ।੧। ਜੀਅ ਨਾਲੇ = (ਮੇਰੀ) ਜਿੰਦ ਦੇ ਨਾਲ। ਜਲਿ = ਪਾਣੀ ਵਿਚ। ਤਸਕਰੁ = ਚੋਰ। ਭਾਹਿ = ਅੱਗ। ਨ ਸਾਕੈ ਜਾਲੇ = ਜਲਾ ਨ ਸਕੇ।੧।ਰਹਾਉ। ਕਉ = ਵਾਸਤੇ। ਟਿਕ = ਟੇਕ, ਸਹਾਰਾ। ਬਾਲੈ = ਬਾਲ ਵਾਸਤੇ। ਬੋਹਿਥੁ = ਜਹਾਜ਼।੨। ਅਰਥ: ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ।੧।ਰਹਾਉ। ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ। ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ।੧। ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ) । ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ।੨।੧।੩੨। ਧਨਾਸਰੀ ਮਹਲਾ ੫ ॥ ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥ ਸੰਤਨ ਕਉ ਅਨਦੁ ਸਗਲ ਹੀ ਜਾਈ ॥ ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥ ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥ ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥ {ਪੰਨਾ 679} ਪਦਅਰਥ: ਦਇਆਲ = ਦਇਆਵਾਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਰਿਦੈ = ਹਿਰਦੇ ਵਿਚ। ਸਿੰਚਾਈ = ਮੈਂ ਭੀ ਭਰ ਲਵਾਂ। ਨਵ ਨਿਧਿ = (ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ। ਰਿਧਿ ਸਿਧਿ = ਕਰਾਮਾਤੀ ਤਾਕਤਾਂ। ਜਨ ਪਾਈ = ਸੰਤ ਜਨਾਂ ਦੇ ਪੈਰਾਂ ਵਿਚ।੧। ਕਉ = ਨੂੰ। ਜਾਈ = ਥਾਂ। ਸਗਲ ਹੀ ਜਾਈ = ਸਭ ਥਾਵਾਂ ਵਿਚ। ਗ੍ਰਿਹਿ = ਘਰ ਵਿਚ। ਰਵਿ ਰਹਿਆ = ਵੱਸ ਰਿਹਾ ਹੈ। ਸ੍ਰਬ = ਸਰਬ, ਸਾਰੀਆਂ। ਠਾਈ = ਥਾਵਾਂ ਵਿਚ।੧।ਰਹਾਉ। ਪਹੁਚਨਹਾਰਾ = ਬਰਾਬਰੀ ਕਰ ਸਕਣ ਵਾਲਾ। ਜਾ ਕੈ ਅੰਗਿ = ਜਿਸ ਦੇ ਪੱਖ ਵਿਚ। ਗੁਸਾਈ = ਧਰਤੀ ਦਾ ਖਸਮ = ਪ੍ਰਭੂ। ਤ੍ਰਾਸ = ਡਰ। ਧਿਆਈ = ਧਿਆਇ।੨। ਅਰਥ: ਹੇ ਭਾਈ! ਸੰਤ ਜਨਾਂ ਨੂੰ (ਹਰਿ-ਨਾਮ ਦੀ ਬਰਕਤਿ ਨਾਲ) ਸਭਨੀਂ ਥਾਈਂ ਆਤਮਕ ਆਨੰਦ ਬਣਿਆ ਰਹਿੰਦਾ ਹੈ। ਘਰ ਵਿਚ, (ਘਰੋਂ) ਬਾਹਰ (ਹਰ ਥਾਂ) ਪਰਮਾਤਮਾ ਭਗਤਾਂ ਦਾ (ਰਾਖਾ) ਹੈ। (ਭਗਤਾਂ ਨੂੰ ਪ੍ਰਭੂ) ਸਭਨੀਂ ਥਾਈਂ ਵੱਸਦਾ (ਦਿੱਸਦਾ ਹੈ) ।੧।ਰਹਾਉ। ਹੇ ਭਾਈ! ਧਰਤੀ ਦੇ ਸਾਰੇ ਨੌ ਖ਼ਜ਼ਾਨੇ, ਸਾਰੀਆਂ ਕਰਾਮਾਤੀ ਤਾਕਤਾਂ, ਸੰਤ ਜਨਾਂ ਦੇ ਪੈਰਾਂ ਵਿਚ ਟਿਕੀਆਂ ਰਹਿੰਦੀਆਂ ਹਨ। ਪ੍ਰਭੂ ਜੀ ਆਪਣੇ ਸੇਵਕਾਂ ਉਤੇ (ਸਦਾ) ਕਿਰਪਾਲ ਰਹਿੰਦੇ ਹਨ, ਦਇਆਵਾਨ ਰਹਿੰਦੇ ਹਨ। (ਜੇ ਪ੍ਰਭੂ ਦੀ ਕਿਰਪਾ ਹੋਵੇ, ਤਾਂ ਸੰਤ ਜਨਾਂ ਦੀ ਸਰਨ ਪੈ ਕੇ) ਮੈਂ ਭੀ ਆਪਣੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਇਕੱਠਾ ਕਰ ਸਕਾਂ।੧। ਹੇ ਭਾਈ! ਜਿਸ ਮਨੁੱਖ ਦੇ ਪੱਖ ਵਿਚ ਪਰਮਾਤਮਾ ਆਪ ਹੁੰਦਾ ਹੈ, ਉਸ ਮਨੁੱਖ ਦੀ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ। ਹੇ ਨਾਨਕ! ਆਖ-ਹੇ ਭਾਈ!) ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਸਹਮ ਮੁੱਕ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕਦੀ) , ਤੂੰ ਭੀ ਉਸ ਦਾ ਨਾਮ ਸਿਮਰਿਆ ਕਰ।੨।੨।੩੩। ਧਨਾਸਰੀ ਮਹਲਾ ੫ ॥ ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥ ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥ ਜੇ ਕੋਊ ਅਪੁਨੀ ਓਟ ਸਮਾਰੈ ॥ ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥ ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥ ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥ {ਪੰਨਾ 679} ਪਦਅਰਥ: ਦਰਬੁ = {द्रव्य} ਧਨ। ਦਰਬਵੰਤੁ = ਧਨ ਵਾਲਾ ਮਨੁੱਖ, ਧਨੀ। ਦੇਖਿ = ਵੇਖ ਕੇ। ਗਰਬੈ = ਅਹੰਕਾਰ ਕਰਦਾ ਹੈ। ਭੂਮਵੰਤੁ = ਜ਼ਿਮੀਂ ਦਾ ਮਾਲਕ। ਅਭਿਮਾਨੀ = ਅਹੰਕਾਰੀ। ਰਾਜੁ = ਹਕੂਮਤ। ਜਾਨੈ = ਸਮਝਦਾ ਹੈ। ਟੇਕ = ਆਸਰਾ।੧। ਕੋਊ = ਕੋਈ ਮਨੁੱਖ। ਓਟ = ਆਸਰਾ। ਸਮਾਰੈ = ਸੰਭਾਲੇ, ਹਿਰਦੇ ਵਿਚ ਵਸਾਈ ਰੱਖੇ। ਬਿਤੁ = ਵਿਤ, ਪਾਂਇਆਂ। ਵਰਤੈ = ਜਗਤ ਨਾਲ ਕਾਰ = ਵਿਹਾਰ ਰੱਖਦਾ ਹੈ। ਬਲੁ = ਤਾਕਤ, ਹੌਸਲਾ।੧।ਰਹਾਉ। ਆਨ = ਹੋਰ ਸਾਰੇ (ਆਸਰੇ) । ਤਿਆਗਿ = ਛੱਡ ਕੇ। ਇਕ ਆਸਰ = ਇੱਕ ਆਸਰੇ ਵਾਲੇ। ਕਰਿ = ਕਰ ਕੇ, ਆਖ ਕੇ। ਅਨੁਗ੍ਰਹ = ਕਿਰਪਾ ਨਾਲ। ਗਾਏ = ਗਾਇ, ਗਾ ਕੇ।੨। ਅਰਥ: ਜੇ ਕੋਈ ਮਨੁੱਖ ਆਪਣੀ ਅਸਲੀ ਓਟ (ਪਰਮਾਤਮਾ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖੇ, ਤਾਂ ਉਹ (ਅਹੰਕਾਰ ਆਦਿਕ ਦੇ ਮੁਕਾਬਲੇ ਤੇ) ਆਪਣਾ ਹੌਸਲਾ ਨਹੀਂ ਹਾਰਦਾ, (ਕਿਉਂਕਿ) ਉਹ ਮਨੁੱਖ ਆਪਣੇ ਵਿਤ ਅਨੁਸਾਰ ਵਰਤਦਾ ਹੈ (ਵਿਤੋਂ ਬਾਹਰਾ ਨਹੀਂ ਹੁੰਦਾ, ਅਹੰਕਾਰ ਵਿਚ ਨਹੀਂ ਆਉਂਦਾ, ਮਨੁੱਖਤਾ ਤੋਂ ਨਹੀਂ ਡਿੱਗਦਾ) ।੧।ਰਹਾਉ। (ਹੇ ਭਾਈ! ਧਨੀ ਮਨੁੱਖ ਨੂੰ ਧਨ ਦਾ ਆਸਰਾ ਹੁੰਦਾ ਹੈ, ਪਰ) ਧਨੀ ਮਨੁੱਖ ਧਨ ਨੂੰ ਵੇਖ ਕੇ ਅਹੰਕਾਰ ਕਰਨਾ ਲੱਗ ਪੈਂਦਾ ਹੈ। (ਜ਼ਿਮੀਂ ਦੇ ਮਾਲਕ ਨੂੰ ਜ਼ਿਮੀਂ ਦਾ ਸਹਾਰਾ ਹੁੰਦਾ ਹੈ, ਪਰ) ਜ਼ਿਮੀਂ ਦਾ ਮਾਲਕ (ਆਪਣੀ ਜ਼ਿਮੀਂ ਵੇਖ ਕੇ) ਅਹੰਕਾਰੀ ਹੋ ਜਾਂਦਾ ਹੈ। ਰਾਜਾ ਸਮਝਦਾ ਹੈ ਸਾਰਾ ਦੇਸ ਮੇਰਾ ਹੀ ਰਾਜ ਹੈ (ਰਾਜੇ ਨੂੰ ਰਾਜ ਦਾ ਸਹਾਰਾ ਹੈ, ਪਰ ਰਾਜ ਦਾ ਅਹੰਕਾਰ ਭੀ ਹੈ) । ਇਸੇ ਤਰ੍ਹਾਂ ਪਰਮਾਤਮਾ ਦੇ ਸੇਵਕ ਨੂੰ ਮਾਲਕ-ਪ੍ਰਭੂ ਦਾ ਆਸਰਾ ਹੈ (ਪਰ ਉਸ ਨੂੰ ਕੋਈ ਅਹੰਕਾਰ ਨਹੀਂ) ।੧। ਹੇ ਨਾਨਕ! ਜੇਹੜੇ ਮਨੁੱਖ ਹੋਰ ਸਾਰੇ (ਧਨ ਭੁਇਂ ਰਾਜ ਆਦਿਕ ਦੇ) ਆਸਰੇ ਛੱਡ ਕੇ ਇਕ ਪ੍ਰਭੂ ਦਾ ਆਸਰਾ ਰੱਖਣ ਵਾਲੇ ਬਣ ਜਾਂਦੇ ਹਨ, ਜੇਹੜੇ ਇਹ ਆਖ ਕੇ ਪ੍ਰਭੂ ਦੇ ਦਰ ਤੇ ਆ ਜਾਂਦੇ ਹਨ ਕਿ, ਹੇ ਪ੍ਰਭੂ! ਅਸੀ ਤੇਰੀ ਸਰਨ ਆਏ ਹਾਂ, ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾ ਗਾ ਕੇ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ।੨।੩।੩੪। ਧਨਾਸਰੀ ਮਹਲਾ ੫ ॥ ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ ਠਾਕੁਰੁ ਗਾਈਐ ਆਤਮ ਰੰਗਿ ॥ ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥ ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥ ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥ {ਪੰਨਾ 679-680} ਪਦਅਰਥ: ਜਾ ਕਉ = ਜਿਸ (ਮਨੁੱਖ) ਨੂੰ। ਰੰਗੁ = ਪ੍ਰੇਮ। ਇਸੁ ਜੁਗ ਮਹਿ = ਇਸ ਜਗਤ ਵਿਚ। ਸੂਰਾ = ਸੂਰਮਾ। ਆਤਮੁ = ਆਪਣੇ ਆਪ ਨੂੰ, ਆਪਣੇ ਮਨ ਨੂੰ। ਜਿਣੈ = ਜਿੱਤ ਲੈਂਦਾ ਹੈ। ਵਸਿ = ਵੱਸ ਵਿਚ। ਤਾ ਕੈ ਵਸਿ = ਉਸ ਦੇ ਵੱਸ ਵਿਚ।੧। ਆਤਮ ਰੰਗਿ = ਦਿਲੀ ਪਿਆਰ ਨਾਲ। ਗਾਈਐ = ਗਾਣਾ ਚਾਹੀਦਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਸੰਗਿ = ਨਾਲ।੧।ਰਹਾਉ। ਵਸਹਿ = ਵੱਸ ਪੈਣ। ਮੇਰੈ ਹੀਅਰੈ = ਮੇਰੇ ਹਿਰਦੇ ਵਿਚ। ਪੁਨੀਤਾ = ਪਵਿਤ੍ਰ। ਦੇਹੀ = ਸਰੀਰ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਕੈ = ਨਾਨਕ ਦੇ ਹਿਰਦੇ ਵਿਚ।੨। ਅਰਥ: ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ-ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ।੧।ਰਹਾਉ। ਹੇ ਭਾਈ! ਇਸ ਜਗਤ ਵਿਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਹੈ ਜਿਸ ਨੂੰ (ਜਿਸ ਦੇ ਹਿਰਦੇ ਵਿਚ) ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਹੈ। ਪੂਰਾ ਗੁਰੂ ਜਿਸ ਮਨੁੱਖ ਦਾ (ਮਦਦਗਾਰ ਬਣ ਜਾਂਦਾ) ਹੈ, ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਸਾਰੀ (ਸ੍ਰਿਸ਼ਟੀ) ਉਸ ਦੇ ਵੱਸ ਵਿਚ ਆ ਜਾਂਦੀ ਹੈ (ਦੁਨੀਆ ਦਾ ਕੋਈ ਪਦਾਰਥ ਉਸ ਨੂੰ ਮੋਹ ਨਹੀਂ ਸਕਦਾ) ।੧। ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ੍ਰ ਹੋ ਜਾਏ। (ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ।੨।੪।੩੫। |
Sri Guru Granth Darpan, by Professor Sahib Singh |