ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 684 ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥ {ਪੰਨਾ 684} ਪਦਅਰਥ: ਤ੍ਰਿਪਤਿ = ਰੱਜ, ਸ਼ਾਂਤੀ। ਸਚੁ = ਸਦਾ-ਥਿਰ ਹਰਿ = ਨਾਮ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ। ਰਸਨਾ = ਜੀਭ (ਨਾਲ) ।੧। ਜਪਿ = ਜਪਿਆ ਕਰੋ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।੧।ਰਹਾਉ। ਅਨਿਕ ਪ੍ਰਕਾਰੀ = ਕਈ ਕਿਸਮਾਂ ਦੇ। ਬਸਤ੍ਰ = ਕੱਪੜੇ। ਓਢਾਏ = ਪਹਿਨ ਲਏ। ਅਨਦਿਨੁ = ਹਰ ਰੋਜ਼, ਹਰ ਵੇਲੇ।੨। ਹਸਤੀ = ਹਾਥੀ। ਅਸੁ = {अश्व} ਘੋੜੇ। ਮਾਰਗੁ = ਰਸਤਾ। ਰਿਦੈ = ਹਿਰਦੇ ਵਿਚ। ਨਿਹਾਰੀ = ਵੇਖਦਾ ਹੈ।੩। ਅੰਤਰਿ = ਅੰਦਰ। ਸੁਖ ਨਿਧਾਨ = ਸੁਖਾਂ ਦਾ ਖ਼ਜ਼ਾਨਾ। ਦਾਸਿ = (ਉਸ) ਦਾਸ ਨੇ।੪। ਅਰਥ: ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ-ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ। ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧। ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ) ।੨। ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ) ।੩। ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ।੪।੨।੫੬। ਧਨਾਸਰੀ ਮਹਲਾ ੫ ॥ ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥ ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥੧॥ ਰਹਾਉ ॥ ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥ ਦਾਸੀ ਹਰਿ ਕਾ ਨਾਮੁ ਧਿਆਇਆ ॥੧॥ ਬੰਧਨ ਕਾਟਨਹਾਰੁ ਸੁਆਮੀ ॥ ਜਨ ਨਾਨਕੁ ਸਿਮਰੈ ਅੰਤਰਜਾਮੀ ॥੨॥੩॥੫੭॥ {ਪੰਨਾ 684} ਪਦਅਰਥ: ਜੀਅ ਕਾ = ਜਿੰਦ ਦਾ। ਨਿਸਤਾਰਾ = ਪਾਰ = ਉਤਾਰਾ। ਸਾਗਰੁ = ਸਮੁੰਦਰ। ਜਿਨਿ = ਜਿਸ (ਗੁਰੂ) ਨੇ। ਤਾਰਾ = ਪਾਰ ਲੰਘਾ ਦਿੱਤਾ।੧।ਰਹਾਉ। ਕ੍ਰਮ = ਕਰਮ, ਧਾਰਮਿਕ ਰਸਮਾਂ, ਕਰਮ ਕਾਂਡ। ਰਤੁ = ਮਸਤ, ਪ੍ਰੇਮੀ। ਤੀਰਥ = ਤੀਰਥਾਂ ਉਤੇ। ਦਾਸੀ = ਦਾਸਾਂ ਨੇ।੧। ਕਾਟਨਹਾਰੁ = ਕੱਟ ਸਕਣ ਵਾਲਾ। ਸੁਆਮੀ = ਮਾਲਕ। ਨਾਨਕੁ ਸਿਮਰੈ = ਨਾਨਕ ਸਿਮਰਦਾ ਹੈ।੨। ਅਰਥ: ਹੇ ਭਾਈ! ਜਿਸ (ਗੁਰੂ) ਨੇ (ਸਰਨ ਆਏ ਮਨੁੱਖ ਨੂੰ ਸਦਾ) ਇਕ ਛਿਨ ਵਿਚ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ; ਉਸ ਗੁਰੂ ਦੇ ਚਰਨਾਂ ਦਾ ਧਿਆਨ ਜਿੰਦ ਵਾਸਤੇ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਵਸੀਲਾ ਹਨ।੧।ਰਹਾਉ। ਹੇ ਭਾਈ! ਕੋਈ ਮਨੁੱਖ ਧਾਰਮਿਕ ਰਸਮਾਂ ਦਾ ਪ੍ਰੇਮੀ ਬਣ ਜਾਂਦਾ ਹੈ; ਕੋਈ ਮਨੁੱਖ ਤੀਰਥਾਂ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ। ਪਰਮਾਤਮਾ ਦੇ ਦਾਸਾਂ ਨੇ (ਸਦਾ) ਪਰਮਾਤਮਾ ਦਾ ਨਾਮ ਹੀ ਸਿਮਰਿਆ ਹੈ।੧। ਹੇ ਭਾਈ! ਦਾਸ ਨਾਨਕ (ਭੀ ਉਸ ਪਰਮਾਤਮਾ ਦਾ ਨਾਮ) ਸਿਮਰਦਾ ਹੈ ਜੋ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਜੋ ਸਭ ਦਾ ਮਾਲਕ ਹੈ, ਜੋ (ਜੀਵਾਂ ਦੇ ਮਾਇਆ ਦੇ) ਬੰਧਨ ਕੱਟਣ ਦੀ ਸਮਰਥਾ ਰੱਖਦਾ ਹੈ।੨।੩।੫੭। ਧਨਾਸਰੀ ਮਹਲਾ ੫ ॥ ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥ ਦਾਸ ਤੇਰੇ ਕੀ ਨਿਰਮਲ ਰੀਤਿ ॥੧॥ ਰਹਾਉ ॥ ਜੀਅ ਪ੍ਰਾਨ ਮਨ ਧਨ ਤੇ ਪਿਆਰਾ ॥ ਹਉਮੈ ਬੰਧੁ ਹਰਿ ਦੇਵਣਹਾਰਾ ॥੧॥ ਚਰਨ ਕਮਲ ਸਿਉ ਲਾਗਉ ਨੇਹੁ ॥ ਨਾਨਕ ਕੀ ਬੇਨੰਤੀ ਏਹ ॥੨॥੪॥੫੮॥ {ਪੰਨਾ 684} ਪਦਅਰਥ: ਕਿਤੈ ਪ੍ਰਕਾਰਿ = ਕਿਸੇ ਤਰ੍ਹਾਂ ਭੀ। ਨ ਤੂਟਉ = ਟੁੱਟ ਨਾਹ ਜਾਏ। ਨਿਰਮਲ = ਪਵਿਤ੍ਰ। ਰੀਤਿ = ਜੀਵਨ = ਜੁਗਤਿ, ਜੀਵਨ = ਮਰਯਾਦਾ, ਰਹਿਣੀ = ਬਹਿਣੀ।੧।ਰਹਾਉ। ਜੀਅ ਤੇ = ਜਿੰਦ ਨਾਲੋਂ। ਬੰਧੁ = ਰੋਕ, ਬੰਨ੍ਹ। ਦੇਵਣਹਾਰਾ = ਦੇਣ = ਜੋਗਾ।੧। ਸਿਉ = ਨਾਲ। ਲਾਗਉ = ਲੱਗੀ ਰਹੇ। ਨੇਹੁ = ਪਿਆਰ, ਪ੍ਰੀਤਿ।੨। ਅਰਥ: ਹੇ ਪ੍ਰਭੂ! ਤੇਰੇ ਦਾਸਾਂ ਦੀ ਰਹਿਣੀ-ਬਹਿਣੀ ਪਵਿਤ੍ਰ ਰਹਿੰਦੀ ਹੈ, ਤਾ ਕਿ ਕਿਸੇ ਤਰ੍ਹਾਂ ਭੀ (ਉਹਨਾਂ ਦੀ ਤੇਰੇ ਨਾਲੋਂ) ਪ੍ਰੀਤਿ ਟੁੱਟ ਨਾਹ ਜਾਏ।੧।ਰਹਾਉ। ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਆਪਣੀ ਜਿੰਦ ਨਾਲੋਂ, ਪ੍ਰਾਣਾਂ ਨਾਲੋਂ, ਮਨ ਨਾਲੋਂ, ਧਨ ਨਾਲੋਂ, ਉਹ ਪਰਮਾਤਮਾ ਸਦਾ ਪਿਆਰਾ ਲੱਗਦਾ ਹੈ ਜੋ ਹਉਮੈ ਦੇ ਰਾਹ ਵਿਚ ਬੰਨ੍ਹ ਮਾਰਨ ਦੀ ਸਮਰਥਾ ਰੱਖਦਾ ਹੈ।੧। ਹੇ ਭਾਈ! ਨਾਨਕ ਦੀ (ਭੀ ਪਰਮਾਤਮਾ ਦੇ ਦਰ ਤੇ ਸਦਾ) ਇਹੀ ਅਰਦਾਸ ਹੈ ਕਿ ਉਸ ਦੇ ਸੋਹਣੇ ਚਰਨਾਂ ਨਾਲ (ਨਾਨਕ ਦਾ) ਪਿਆਰ ਬਣਿਆ ਰਹੇ।੨।੪।੫੮। ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ਮਹਲਾ ੯ ॥ ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥ ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥ {ਪੰਨਾ 684} ਪਦਅਰਥ: ਕਾਹੇ = ਕਾਹਦੇ ਵਾਸਤੇ? ਰੇ = ਹੇ ਭਾਈ! ਬਨ = ਜੰਗਲਾਂ ਵਿਚ। ਬਨਿ = ਜੰਗਲ ਵਿਚ। ਨਿਵਾਸੀ = ਵੱਸਣ ਵਾਲਾ। ਅਲੇਪਾ = ਨਿਰਲੇਪ, ਮਾਇਆ ਦੇ ਪ੍ਰਭਾਵ ਤੋਂ ਸੁਤੰਤਰ। ਤੋਹੀ ਸੰਗਿ = ਤੋ ਸੰਗਿ ਹੀ, ਤੇਰੇ ਨਾਲ ਹੀ।੧।ਰਹਾਉ। ਪੁਹਪ = ਫੁੱਲ। ਮਧਿ = ਵਿਚ। ਬਾਸੁ = ਸੁਗੰਧੀ। ਮੁਕਰ = ਸ਼ੀਸ਼ਾ। ਛਾਈ = ਛਾਇਆ, ਅਕਸ। ਨਿਰੰਤਰਿ = ਬਿਨਾ ਵਿੱਥ ਦੇ; ਹਰ ਥਾਂ, ਸਭਨਾਂ ਵਿਚ। ਘਟ ਹੀ = ਘਟਿ ਹੀ, ਹਿਰਦੇ ਵਿਚ ਹੀ {ਲਫ਼ਜ਼ 'ਘਟਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਭਾਈ = ਹੇ ਭਾਈ!।੧। ਭੀਤਰਿ = (ਆਪਣੇ ਸਰੀਰ ਦੇ) ਅੰਦਰ। ਗੁਰ ਗਿਆਨੁ = ਗੁਰੂ ਦਾ ਗਿਆਨ। ਗੁਰਿ = ਗੁਰੂ ਨੇ। ਆਪਾ = ਆਪਣਾ ਆਪ, ਆਪਣਾ ਆਤਮਕ ਜੀਵਨ। ਬਿਨੁ ਚੀਨੈ = ਪਰਖਣ ਤੋਂ ਬਿਨਾ। ਭ੍ਰਮ = ਭਟਕਣਾ। ਕਾਈ = ਹਰੇ ਰੰਗ ਦਾ ਜਾਲਾ ਜੋ ਉਸ ਥਾਂ ਲੱਗ ਜਾਂਦਾ ਹੈ ਜਿੱਥੇ ਪਾਣੀ ਕਾਫ਼ੀ ਚਿਰ ਖਲੋਤਾ ਰਹੇ। ਇਸ ਜਾਲੇ ਦੇ ਕਾਰਨ ਪਾਣੀ ਜ਼ਮੀਨ ਵਿਚ ਰਚ ਨਹੀਂ ਸਕਦਾ। ਇਸੇ ਤਰ੍ਹਾਂ ਭਟਕਣਾ ਦੇ ਜਾਲੇ ਦੇ ਕਾਰਨ ਪਾਣੀ ਜ਼ਮੀਨ ਮਨ ਦੇ ਅੰਦਰ ਅਸਰ ਨਹੀਂ ਕਰਦੀ।੨। ਅਰਥ: ਹੇ ਭਾਈ! ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ।੧।ਰਹਾਉ। ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ, ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ।੧। ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ। ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ) ।੨।੧। ਧਨਾਸਰੀ ਮਹਲਾ ੯ ॥ ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥ {ਪੰਨਾ 684} ਪਦਅਰਥ: ਸਾਧੋ = ਹੇ ਸੰਤ ਜਨੋ! ਭਰਮਿ = (ਮਾਇਆ ਦੀ) ਭਟਕਣਾ ਵਿਚ (ਪੈ ਕੇ) । ਭੁਲਾਨਾ = ਕੁਰਾਹੇ ਪਿਆ ਹੋਇਆ ਹੈ। ਹਾਥਿ = ਹੱਥ ਵਿਚ। ਬਿਕਾਨਾ = ਵਿਕਿਆ ਹੋਇਆ ਹੈ।੧।ਰਹਾਉ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਤਾ ਕੈ ਰਸਿ = ਉਹਨਾਂ ਦੇ ਮੋਹ ਵਿਚ। ਲਪਟਾਨਾ = ਫਸਿਆ ਰਹਿੰਦਾ ਹੈ। ਜੋਬਨੁ = ਜਵਾਨੀ। ਪ੍ਰਭਤਾ = ਤਾਕਤ, ਹੁਕੂਮਤ। ਮਦ = ਨਸ਼ਾ। ਮੈ = ਵਿਚ। ਅਹਿ = ਦਿਨ। ਨਿਸਿ = ਰਾਤ। ਦਿਵਾਨਾ = ਪਾਗਲ, ਝੱਲਾ।੧। ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਸਿਉ = ਨਾਲ। ਨਾਨਕ = ਹੇ ਨਾਨਕ! ਕੋਟਨ ਮੈ = ਕ੍ਰੋੜਾਂ ਵਿਚ। ਕਿਨਹੂ = ਕਿਸੇ ਵਿਰਲੇ ਨੇ। ਗੁਰਮੁਖਿ ਹੋਇ = ਗੁਰੂ ਦੀ ਸਰਨ ਪੈ ਕੇ।੨। ਅਰਥ: ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ। ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ।੧।ਰਹਾਉ। ਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ-(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ। ਜਵਾਨੀ, ਧਨ, ਤਾਕਤ ਦੇ ਨਸ਼ੇ ਵਿਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ।੧। ਜੇਹੜਾ ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ। ਹੇ ਦਾਸ ਨਾਨਕ! ਆਖ-) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਸਾਂਝ ਪਾਈ ਹੈ।੨।੨। |
Sri Guru Granth Darpan, by Professor Sahib Singh |