ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 689

ਧਨਾਸਰੀ ਛੰਤ ਮਹਲਾ ੧ ॥ ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ ॥ ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ ॥ ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ ॥ ਗੁਣੀ ਅਚਾਰਿ ਨਹੀ ਰੰਗਿ ਰਾਤੀ ਅਵਗੁਣ ਬਹਿ ਬਹਿ ਰੋਸੀ ॥ ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥ ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥੧॥ ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥ ਸਾਚਾ ਨਾਮੁ ਧਿਆਇ ਪਾਵਹਿ ਸੁਖਿ ਮਹਲੋ ॥ ਹਰਿ ਨਾਮੁ ਧਿਆਏ ਤਾ ਸੁਖੁ ਪਾਏ ਪੇਈਅੜੈ ਦਿਨ ਚਾਰੇ ॥ ਨਿਜ ਘਰਿ ਜਾਇ ਬਹੈ ਸਚੁ ਪਾਏ ਅਨਦਿਨੁ ਨਾਲਿ ਪਿਆਰੇ ॥ ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ ॥ ਨਾਨਕ ਸਰਸੀ ਤਾ ਪਿਰੁ ਪਾਏ ਰਾਤੀ ਸਾਚੈ ਨਾਏ ॥੨॥ ਪਿਰੁ ਧਨ ਭਾਵੈ ਤਾ ਪਿਰ ਭਾਵੈ ਨਾਰੀ ਜੀਉ ॥ ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ ॥ ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ ॥ ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ ॥ ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ ॥ ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ ॥੩॥ ਪਿਰ ਘਰਿ ਸੋਹੈ ਨਾਰਿ ਜੇ ਪਿਰ ਭਾਵਏ ਜੀਉ ॥ ਝੂਠੇ ਵੈਣ ਚਵੇ ਕਾਮਿ ਨ ਆਵਏ ਜੀਉ ॥ ਝੂਠੁ ਅਲਾਵੈ ਕਾਮਿ ਨ ਆਵੈ ਨਾ ਪਿਰੁ ਦੇਖੈ ਨੈਣੀ ॥ ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥ ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੁ ਨ ਪਾਏ ॥ ਨਾਨਕ ਆਪੇ ਆਪੁ ਪਛਾਣੈ ਗੁਰਮੁਖਿ ਸਹਜਿ ਸਮਾਏ ॥੪॥ ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ ॥ ਨਾਮ ਬਿਨਾ ਕੂੜਿਆਰਿ ਕੂੜੁ ਕਮਾਣਿਆ ਜੀਉ ॥ ਹਰਿ ਭਗਤਿ ਸੁਹਾਵੀ ਸਾਚੇ ਭਾਵੀ ਭਾਇ ਭਗਤਿ ਪ੍ਰਭ ਰਾਤੀ ॥ ਪਿਰੁ ਰਲੀਆਲਾ ਜੋਬਨਿ ਬਾਲਾ ਤਿਸੁ ਰਾਵੇ ਰੰਗਿ ਰਾਤੀ ॥ ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥ ਨਾਨਕ ਸਾਚੁ ਮਿਲੈ ਵਡਿਆਈ ਪਿਰ ਘਰਿ ਸੋਹੈ ਨਾਰੀ ॥੫॥੩॥ {ਪੰਨਾ 689}

ਪਦਅਰਥ: ਪਿਰੁ = ਪਤੀ = ਪ੍ਰਭੂ। ਸੰਗਿ = (ਤੇਰੇ) ਨਾਲ। ਮੂਠੜੀਏ = ਹੇ ਠੱਗੀ ਹੋਈ ਜੀਵ = ਇਸਤ੍ਰੀ! ਮਸਤਕਿ = ਮੱਥੇ ਉਤੇ। ਪੁਰਬਿ = ਪੂਰਬਲੇ ਸਮੇ ਵਿਚ, ਪਹਿਲੇ ਜਨਮਾਂ ਵਿਚ। ਕਿਆ ਜਾਣਾ = ਮੈਂ ਕੀਹ ਜਾਣਾਂ? ਮੈਨੂੰ ਪਤਾ ਨਹੀਂ। ਗੁਣੀ = ਗੁਣਾਂ ਵਾਲੀ। ਅਚਾਰਿ = ਉੱਚੇ ਆਚਰਨ ਵਾਲੀ। ਰੰਗਿ = ਪ੍ਰਭੂ ਦੇ ਪ੍ਰੇਮ = ਰੰਗ ਵਿਚ। ਬਹਿ ਬਹਿ = ਬੈਠ ਕੇ ਬੈਠ ਕੇ, ਮੁੜ ਮੁੜ। ਰੋਸੀ = ਰੋਵੇਗੀ। ਜੋਬਨੁ = ਜਵਾਨੀ। ਪੁੰਨਿਆ = ਪੁੱਗ ਗਏ, ਮੁੱਕ ਗਏ। ਦੋਹਾਗਣਿ = {दुर्भागिनी} ਭੈੜੀ ਕਿਸਮਤ ਵਾਲੀ। ਛੂਟੀ = ਇਕੱਲੀ ਰਹਿ ਗਈ, ਛੁੱਟੜ ਹੋ ਗਈ। ਝੂਠਿ = ਝੂਠ ਵਿਚ ਫਸਣ ਦੇ ਕਾਰਨ, ਕੂੜੇ ਮੋਹ ਵਿਚ ਫਸ ਕੇ।੧।

ਬੂਡੀ = ਹੇ ਡੁੱਬੀ ਹੋਈਏ! ਘਾਲਿਓ = ਬਰਬਾਦ ਕਰ ਲਿਆ ਹੈ। ਭਾਇ = ਪ੍ਰੇਮ ਵਿਚ। ਚਲੋ = ਚਲੁ, ਚੱਲ। ਸੁਖਿ = ਆਤਮਕ ਆਨੰਦ ਵਿਚ ਟਿਕ ਕੇ। ਮਹਲੋ = ਮਹਲੁ, ਪਰਮਾਤਮਾ ਦਾ ਟਿਕਾਣਾ। ਪੇਈਅੜੈ = ਪੇਕੇ ਘਰ ਵਿਚ, ਜਗਤ ਵਿਚ। ਚਾਰੇ = ਚਾਰਿ ਹੀ, ਚਾਰ ਹੀ। ਜਾਇ = ਜਾ ਕੇ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਅਨਦਿਨੁ = ਹਰ ਰੋਜ਼। ਲੋਕ ਸਬਾਏ = ਹੇ ਸਾਰੇ ਲੋਕੋ! ਸਰਸੀ = ਸ = ਰਸੀ, ਆਤਮਕ ਰਸ ਮਾਣਨ ਵਾਲੀ। ਤਾ = ਤਦੋਂ। ਨਾਏ = ਨਾਇ, ਨਾਮ ਵਿਚ। ਸਾਚੈ ਨਾਏ = ਸਦਾ-ਥਿਰ ਨਾਮ ਵਿਚ।੨।

ਪਿਰੁ ਧਨ ਭਾਵੈ = ਪਤੀ ਇਸਤ੍ਰੀ ਨੂੰ ਪਿਆਰਾ ਲੱਗੇ। ਧਨ ਪਿਰ ਭਾਵੈ = ਇਸਤ੍ਰੀ ਪਤੀ ਨੂੰ ਪਿਆਰੀ ਲੱਗਦੀ ਹੈ {ਨੋਟ: "ਪਿਰੁ ਭਾਵੈ" ਅਤੇ "ਪਿਰ ਭਾਵੈ" ਦਾ ਫ਼ਰਕ ਖਾਸ ਧਿਆਨ = ਜੋਗ ਹੈ}ਰੰਗਿ = ਰੰਗ ਵਿਚ। ਨਾਹ ਪਿਆਰੀ = ਖਸਮ ਦੀ ਪਿਆਰੀ। ਕਰੇਈ = ਕਰਦੀ ਹੈ। ਰਸ = ਚਾਉ। ਰੰਗੁ = ਪ੍ਰੇਮ, ਪਿਆਰ। ਸੇਤੀ = ਨਾਲ। ਲਾਲ = ਸੋਹਣੀ। ਮਾਰਿ = ਮਾਰ ਕੇ। ਸਾਚਿ = ਸਦਾ-ਥਿਰ ਪ੍ਰਭੂ ਵਿਚ।੩।

ਪਿਰ ਘਰਿ = ਪਿਰ ਦੇ ਘਰ ਵਿਚ, ਪ੍ਰਭੂ = ਪਤੀ ਦੇ ਦਰ ਤੇ। ਸੋਹੈ– ਸੋਭਦੀ ਹੈ, ਸੋਭਾ ਪਾਂਦੀ ਹੈ। ਪਿਰ ਭਾਵਏ = ਪਿਰ ਨੂੰ ਭਾਵੈ, ਪ੍ਰਭੂ = ਪਤੀ ਨੂੰ ਚੰਗੀ ਲੱਗੇ। ਵੈਣ = ਬਚਨ, ਬੋਲ। ਚਵੈ = ਬੋਲੇ। ਕਾਮਿ ਨ ਆਵਏ = ਕੰਮ ਨਹੀਂ ਆਉਂਦਾ। ਅਲਾਵੈ = ਬੋਲਦੀ ਹੈ। ਨੈਣੀ = ਅੱਖਾਂ ਨਾਲ। ਅਵਗੁਣਿਆਰੀ = ਔਗੁਣਾਂ ਨਾਲ ਭਰੀ ਹੋਈ। ਕੰਤਿ = ਕੰਤ ਨੇ। ਵਿਸਾਰੀ = ਤਿਆਗੀ ਹੋਈ। ਛੂਟੀ = ਛੁੱਟੜ ਹੋ ਜਾਂਦੀ ਹੈ। ਵਿਧਣ = {ਧਣੀ ਤੋਂ ਬਿਨਾ, ਨਿਖਸਮੀ} ਦੁੱਖੀ। ਰੈਣੀ = ਜ਼ਿੰਦਗੀ ਦੀ ਰਾਤ। ਸਾ ਧਨ = ਜੀਵ = ਇਸਤ੍ਰੀ। ਮਹਲੁ = ਪ੍ਰਭੂ ਦਾ ਦਰ = ਘਰ। ਆਪੇ ਆਪੁ = ਆਪਣੇ ਆਪੇ ਨੂੰ, ਆਪਣੇ ਅਸਲੇ ਨੂੰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਹਜਿ = ਆਤਮਕ ਅਡੋਲਤਾ ਵਿਚ।੪।

ਧਨੁ = {धन्य} ਮੁਬਾਰਕ, ਕਿਸਮਤ ਵਾਲੀ। ਸੋਹਾਗਣਿ = {सौभागिनी} ਚੰਗੇ ਭਾਗਾਂ ਵਾਲੀ। ਨਾਰਿ = ਇਸਤ੍ਰੀ। ਜਿਨਿ = ਜਿਸ (ਨਾਰਿ) ਨੇ। ਕੂੜਿਆਰਿ = ਕੂੜ ਦੀ ਵਣਜਾਰਨ। ਸੁਹਾਵੀ = ਸੋਹਣੀ। ਭਾਵੀ = ਪਿਆਰੀ ਲੱਗੀ। ਭਾਇ = ਪ੍ਰੇਮ ਵਿਚ। ਭਾਇ ਭਗਤਿ ਪ੍ਰਭ = ਪ੍ਰਭੂ ਦੇ ਪ੍ਰੇਮ ਵਿਚ, ਪ੍ਰਭੂ ਦੀ ਭਗਤੀ ਵਿਚ। ਰਲੀਆਲਾ = ਰਲੀਆਂ ਦਾ ਘਰ, ਆਨੰਦ ਦਾ ਸੋਮਾ। ਜੋਬਨਿ ਬਾਲਾ = ਜਵਾਨੀ ਵਿਚ ਜਵਾਨ, ਚੜ੍ਹਦੀ ਜਵਾਨੀ ਵਾਲਾ। ਤਿਸੁ = ਉਸ (ਪਿਰ) ਨੂੰ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਵਿਗਾਸੀ = ਖਿੜੇ ਹਿਰਦੇ ਵਾਲੀ। ਸਹੁ = ਖਸਮ (ਨੂੰ) ਰਾਵਾਸੀ = ਮਾਣਦੀ ਹੈ, ਮਿਲਾਪ ਪ੍ਰਾਪਤ ਕਰਦੀ ਹੈ। ਗੁਣਕਾਰੀ = ਗੁਣ ਪੈਦਾ ਕਰਨ ਵਾਲਾ। ਸਾਚੁ = ਸਦਾ-ਥਿਰ ਪ੍ਰਭੂ।੫।

ਅਰਥ: ਹੇ (ਮਾਇਆ ਦੇ ਮੋਹ ਵਿਚ) ਠੱਗੀ ਗਈ ਜੀਵ-ਇਸਤ੍ਰੀਏ! (ਤੇਰਾ) ਪਤੀ-ਪ੍ਰਭੂ ਤੇਰੇ ਨਾਲ ਹੈ, ਪਰ ਤੈਨੂੰ ਇਸ ਗੱਲ ਦੀ ਸਮਝ ਨਹੀਂ ਆਈ। (ਤੇਰੇ ਭੀ ਕੀਹ ਵੱਸ?) ਜੋ ਕੁਝ ਤੂੰ ਪਹਿਲੇ ਜਨਮਾਂ ਵਿਚ ਕਰਮ ਕਮਾਏ, ਉਹਨਾਂ ਦੇ ਅਨੁਸਾਰ ਤੇਰੇ ਮੱਥੇ ਉਤੇ (ਪ੍ਰਭੂ ਦੀ ਰਜ਼ਾ ਵਿਚ) ਲੇਖ ਹੀ ਅਜੇਹਾ ਲਿਖਿਆ ਗਿਆ (ਕਿ ਤੂੰ ਸੰਗ-ਵੱਸਦੇ ਪ੍ਰਭੂ-ਪਤੀ ਨੂੰ ਪਛਾਣ ਨਹੀਂ ਸਕਦੀ)

ਪਹਿਲੇ ਜਨਮਾਂ ਵਿਚ ਕੀਤੇ ਕਰਮਾਂ ਅਨੁਸਾਰ (ਮੱਥੇ ਤੇ ਲਿਖਿਆ) ਲੇਖ (ਕਿਸੇ ਪਾਸੋਂ) ਮਿਟ ਨਹੀਂ ਸਕਦਾ। ਕਿਸੇ ਨੂੰ ਇਹ ਸਮਝ ਨਹੀਂ ਆ ਸਕਦੀ ਕਿ (ਉਸ ਲਿਖੇ ਲੇਖ ਅਨੁਸਾਰ ਸਾਡੇ ਆਉਣ ਵਾਲੇ ਜੀਵਨ ਵਿਚ) ਕੀਹ ਵਾਪਰੇਗੀ। (ਪੂਰਬਲੀ ਕਮਾਈ ਅਨੁਸਾਰ) ਜੇਹੜੀ ਜੀਵ-ਇਸਤ੍ਰੀ ਗੁਣਾਂ ਵਾਲੀ ਨਹੀਂ, ਉੱਚੇ ਆਚਰਣ ਵਾਲੀ ਨਹੀਂ, ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਨਹੀਂ, ਉਹ (ਕੀਤੇ) ਔਗੁਣਾਂ ਦੇ ਕਾਰਨ ਮੁੜ ਮੁੜ ਦੁਖੀ (ਹੀ) ਹੋਵੇਗੀ।

(ਜੀਵ ਧਨ ਜੋਬਨ ਆਦਿਕ ਦੇ ਮਾਣ ਵਿਚ ਪ੍ਰਭੂ ਨੂੰ ਭੁਲਾ ਬੈਠਦਾ ਹੈ, ਪਰ ਇਹ) ਧਨ ਤੇ ਜਵਾਨੀ ਅੱਕ (ਦੇ ਬੂਟੇ) ਦੀ ਛਾਂ (ਵਰਗੇ ਹੀ) ਹਨ, ਜਦੋਂ ਬੁੱਢਾ ਹੋ ਜਾਂਦਾ ਹੈ, ਤੇ ਉਮਰ ਦੇ ਦਿਨ ਆਖ਼ਰ ਮੁੱਕ ਜਾਂਦੇ ਹਨ (ਤਾਂ ਇਹ ਧਨ ਜਵਾਨੀ ਸਾਥ ਤੋੜ ਜਾਂਦੇ ਹਨ)

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਭਾਗਣ ਜੀਵ-ਇਸਤ੍ਰੀ ਛੁੱਟੜ ਹੋ ਜਾਂਦੀ ਹੈ, ਕੂੜੇ ਮੋਹ ਵਿਚ ਫਸ ਕੇ ਪ੍ਰਭੂ-ਪਤੀ ਤੋਂ ਵਿਛੁੜ ਜਾਂਦੀ ਹੈ।੧।

ਹੇ (ਮਾਇਆ ਦੇ ਮੋਹ ਵਿਚ) ਡੁੱਬੀ ਹੋਈਏ! ਤੂੰ ਆਪਣਾ ਘਰ ਬਰਬਾਦ ਕਰ ਲਿਆ ਹੈ, (ਹੁਣ ਤਾਂ ਜੀਵਨ-ਸਫ਼ਰ ਵਿਚ) ਗੁਰੂ ਦੇ ਪ੍ਰੇਮ ਵਿਚ ਰਹਿ ਕੇ ਤੁਰ। ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਤੂੰ ਆਤਮਕ ਆਨੰਦ ਵਿਚ ਟਿਕ ਕੇ ਪਰਮਾਤਮਾ ਦਾ ਦਰ ਲੱਭ ਲਏਂਗੀ।

ਜੀਵ-ਇਸਤ੍ਰੀ ਤਦੋਂ ਹੀ ਆਤਮਕ ਆਨੰਦ ਮਾਣ ਸਕਦੀ ਹੈ ਜਦੋਂ ਪਰਮਾਤਮਾ ਦਾ ਨਾਮ ਸਿਮਰਦੀ ਹੈ (ਇਸ ਜਗਤ ਦਾ ਕੀਹ ਮਾਣ?) ਜਗਤ ਵਿਚ ਤਾਂ ਚਾਰ ਦਿਨਾਂ ਦਾ ਹੀ ਵਾਸਾ ਹੈ। (ਸਿਮਰਨ ਦੀ ਬਰਕਤਿ ਨਾਲ ਜੀਵ-ਇਸਤ੍ਰੀ) ਆਪਣੇ ਅਸਲੀ ਘਰ ਵਿਚ ਪਹੁੰਚ ਕੇ ਟਿਕੀ ਰਹਿੰਦੀ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮਿਲ ਪੈਂਦੀ ਹੈ, ਤੇ ਹਰ ਰੋਜ਼ (ਭਾਵ, ਸਦਾ ਹੀ) ਉਸ ਪਿਆਰੇ ਨਾਲ ਮਿਲੀ ਰਹਿੰਦੀ ਹੈ।

ਹੇ ਸਾਰੇ ਲੋਕੋ! ਸੁਣ ਲਵੋ, ਭਗਤੀ ਤੋਂ ਬਿਨਾ (ਮਨ ਭਟਕਦਾ ਹੀ ਰਹਿੰਦਾ ਹੈ) ਅੰਤਰ ਆਤਮੇ ਟਿਕਾਉ ਨਹੀਂ ਲੈ ਸਕਦਾ। ਹੇ ਨਾਨਕ! ਜਦੋਂ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਜਾਂਦੀ ਹੈ ਤਦੋਂ ਉਹ ਆਤਮਕ ਰਸ ਮਾਣਨ ਵਾਲੀ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲੈਂਦੀ ਹੈ।੨।

ਜਦੋਂ ਜੀਵ-ਇਸਤ੍ਰੀ ਨੂੰ ਪਭੂ-ਪਤੀ ਪਿਆਰਾ ਲੱਗਣ ਲੱਗ ਪੈਂਦਾ ਹੈ ਤਦੋਂ ਉਹ ਜੀਵ ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਪ੍ਰਭੂ-ਪ੍ਰੀਤਮ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰਵਾਨ ਹੋ ਜਾਂਦੀ ਹੈ। ਗੁਰੂ ਦੇ ਸ਼ਬਦ ਦਾ ਵਿਚਾਰ ਕਰਨ ਵਾਲੀ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ ਤੇ ਨਿਊਂ ਨਿਊਂ ਕੇ (ਭਾਵ, ਪੂਰਨ ਨਿਮ੍ਰਤਾ-ਸਰਧਾ ਨਾਲ) ਪ੍ਰਭੂ ਦੀ ਭਗਤੀ ਕਰਦੀ ਹੈ। ਪ੍ਰਭੂ-ਪ੍ਰੀਤਮ (ਉਸ ਦੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਤੇ ਉਹ ਉਸ ਦੇ ਨਾਮ-ਰਸ ਵਿਚ (ਭਿੱਜ ਕੇ) ਉਸ ਦੇ ਮਿਲਾਪ ਦਾ ਆਨੰਦ ਲੈਂਦੀ ਹੈ।

ਸਦਾ-ਥਿਰ ਪ੍ਰਭੂ ਦੇ ਨਾਲ (ਜੁੜ ਕੇ) ਉਸ ਦੇ ਨਾਮ-ਰੰਗ ਵਿਚ ਰੰਗੀਜ ਕੇ ਜੀਵ-ਇਸਤ੍ਰੀ ਆਪਣੇ ਮਨ ਨੂੰ ਮਾਰ ਕੇ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ। ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਟਿਕੀ ਹੋਈ ਸੁਭਾਗ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਪ੍ਰੀਤਿ ਕਰਦੀ ਹੈ, ਪਤੀ ਦੀ ਪਿਆਰੀ ਹੋ ਜਾਂਦੀ ਹੈ।੩।

ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਦਰ ਤੇ ਤਦੋਂ ਹੀ ਸੋਭਾ ਪਾਂਦੀ ਹੈ ਜਦੋਂ ਉਹ ਪ੍ਰਭੂ-ਪਤੀ ਨੂੰ ਪਸੰਦ ਆ ਜਾਂਦੀ ਹੈ। (ਪਰ ਜੇਹੜੀ ਜੀਵ-ਇਸਤ੍ਰੀ ਅੰਦਰੋਂ ਪਿਆਰ ਤੋਂ ਸੱਖਣੀ ਹੋਵੇ ਤੇ ਬਾਹਰੋਂ ਪ੍ਰੇਮ ਦੱਸਣ ਲਈ) ਝੂਠੇ ਬੋਲ ਬੋਲੇ, (ਉਸ ਦਾ ਕੋਈ ਵੀ ਬੋਲ ਪ੍ਰਭੂ-ਪਤੀ ਦਾ ਪਿਆਰ ਜਿੱਤਣ ਲਈ) ਕੰਮ ਨਹੀਂ ਆ ਸਕਦਾ। (ਜੇਹੜੀ ਜੀਵ-ਇਸਤ੍ਰੀ) ਝੂਠਾ ਬੋਲ ਹੀ ਬੋਲਦੀ ਹੈ (ਉਹ ਬੋਲ) ਉਸ ਦੇ ਕੰਮ ਨਹੀਂ ਆਉਂਦਾ, ਪ੍ਰਭੂ-ਪਤੀ ਉਸ ਵਲ ਤੱਕਦਾ ਭੀ ਨਹੀਂ। ਉਸ ਔਗੁਣ-ਭਰੀ ਨੂੰ ਖਸਮ-ਪ੍ਰਭੂ ਨੇ ਤਿਆਗ ਦਿੱਤਾ ਹੁੰਦਾ ਹੈ, ਉਹ ਛੁੱਟੜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿਚ ਲੰਘਦੀ ਹੈ।

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਨਹੀਂ ਵਸਾਂਦੀ, ਉਹੀ ਮਾਇਆ-ਮੋਹ ਦੀ ਫਾਹੀ ਵਿਚ ਫਸੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਦਰ-ਘਰ ਨਹੀਂ ਲੱਭ ਸਕਦੀ। ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੀ ਜੀਵ-ਇਸਤ੍ਰੀ ਆਪਣੇ ਅਸਲੇ ਨੂੰ ਪਛਾਣਦੀ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ।੪।

ਉਹ ਜੀਵ-ਇਸਤ੍ਰੀ ਮੁਬਾਰਕ ਹੈ ਚੰਗੇ ਭਾਗਾਂ ਵਾਲੀ ਹੈ ਜਿਸ ਨੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ। ਪਰ ਜਿਸ ਨੇ ਉਸ ਦੀ ਯਾਦ ਭੁਲਾ ਦਿੱਤੀ ਹੈ, ਉਹ ਕੂੜ ਦੀ ਵਣਜਾਰਨ ਹੈ ਉਹ ਕੂੜ ਹੀ ਕਮਾਂਦੀ ਹੈ (ਭਾਵ, ਉਹ ਨਾਸਵੰਤ ਪਦਾਰਥਾਂ ਦੀ ਦੌੜ-ਭੱਜ ਹੀ ਕਰਦੀ ਰਹਿੰਦੀ ਹੈ) ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੀ ਭਗਤੀ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਮਸਤ ਰਹਿੰਦੀ ਹੈ। ਆਨੰਦ ਦਾ ਸੋਮਾ ਤੇ ਸਦਾ ਹੀ ਜਵਾਨ ਰਹਿਣ ਵਾਲਾ ਪ੍ਰਭੂ-ਪਤੀ ਉਸ ਪ੍ਰੇਮ-ਰੰਗ ਵਿਚ ਰੰਗੀ ਹੋਈ ਜੀਵ-ਇਸਤ੍ਰੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਖਿੜੇ ਹਿਰਦੇ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜਨ ਦਾ (ਇਹ) ਫਲ ਉਸ ਨੂੰ ਮਿਲਦਾ ਹੈ ਕਿ ਉਸ ਦੇ ਅੰਦਰ ਆਤਮਕ ਗੁਣ ਪੈਦਾ ਹੋ ਜਾਂਦੇ ਹਨ।

ਹੇ ਨਾਨਕ! ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ (ਪ੍ਰਭੂ-ਦਰ ਤੇ) ਆਦਰ ਮਿਲਦਾ ਹੈ, ਉਹ ਪ੍ਰਭੂ-ਪਤੀ ਦੇ ਦਰ ਤੇ ਸੋਭਾ ਪਾਂਦੀ ਹੈ।੫।੩।

TOP OF PAGE

Sri Guru Granth Darpan, by Professor Sahib Singh