ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 693

ਦਸ ਬੈਰਾਗਨਿ ਮੋਹਿ ਬਸਿ ਕੀਨ੍ਹ੍ਹੀ ਪੰਚਹੁ ਕਾ ਮਿਟ ਨਾਵਉ ॥ ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥ ਪਾਛੈ ਬਹੁਰਿ ਨ ਆਵਨੁ ਪਾਵਉ ॥ ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥ ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ॥ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥ ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥ ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥ ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥ {ਪੰਨਾ 693}

ਪਦਅਰਥ: ਬੈਰਾਗਨਿ = {Skt. वैरागिनी = A female ascetic who has subdued all her passions and desires.} ਸ਼ਾਂਤ ਹੋਏ ਇੰਦ੍ਰੇ। ਮੋਹਿ = ਮੈਂ {ਵੇਖੋ ਲਫ਼ਜ਼ 'ਮੋਹਿ' ਬੰਦ ਨੰ: ੨}ਪੰਚਹੁ ਕਾ = ਪੰਜ ਕਾਮਾਦਿਕਾਂ ਦਾ। ਨਾਵਉ = ਨਾਮ ਹੀ, ਨਿਸ਼ਾਨ ਹੀ। ਸਤਰਿ ਦੋਇ = ਬਹੱਤਰ ਹਜ਼ਾਰ ਨਾੜੀਆਂ। {ਵੇਖੋ "ਬਹਤਰਿ ਘਰ ਇਕ ਪੁਰਖੁ ਸਮਾਇਆ" = ਸੂਹੀ ਕਬੀਰ ਜੀ}ਅੰਮ੍ਰਿਤ ਸਰਿ = ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਦੇ ਸਰੋਵਰ ਨਾਲ। ਬਿਖੁ = ਜ਼ਹਿਰ, ਮਾਇਆ ਦਾ ਪ੍ਰਭਾਵ।੧।

ਪਾਛੈ = ਮੁੜ। ਬਹੁਰਿ = ਫਿਰ। ਘਟ ਤੇ = ਹਿਰਦੇ ਤੋਂ, ਦਿਲੋਂ, ਚਿੱਤ ਜੋੜ ਕੇ। ਉਚਰਉ = ਮੈਂ ਉਚਾਰਦਾ ਹਾਂ। ਆਤਮ ਕਉ = ਆਪਣੇ ਆਪ ਨੂੰ।ਰਹਾਉ।

ਬਜਰ = ਕਰੜਾ। ਕੁਠਾਰੁ = ਕੁਹਾੜਾ। ਮੋਹਿ = ਮੈਂ (ਵੇਖੋ ਪਹਿਲੀ ਤੁਕ ਵਿਚ ਲਫ਼ਜ਼ 'ਮੋਹਿ') ਲਗਿ = ਲੱਗ ਕੇ। ਪਾਵਉ = ਚਰਨੀਂ। (ਨੋਟ: ਇੱਥੇ ਰਾਮਾਇਣ ਦੀ ਉਸ ਸਾਖੀ ਵਲ ਇਸ਼ਾਰਾ ਹੈ ਜਦੋਂ ਸੀਤਾ ਜੀ ਦੇ ਸੁਅੰਬਰ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਸ਼ਿਵ ਜੀ ਦਾ ਧਨੁੰਖ ਤੋੜਿਆ ਸੀ; ਪਰਸ ਰਾਮ ਇਹ ਸੁਣ ਕੇ ਆਪਣਾ ਭਿਆਨਕ ਸ਼ਸਤ੍ਰ ਕੁਹਾੜਾ ਲੈ ਕੇ ਸ੍ਰੀ ਰਾਮ ਚੰਦਰ ਜੀ ਨੂੰ ਮਾਰਨ ਲਈ ਆਇਆ। ਪਰ ਸ੍ਰੀ ਰਾਮ ਚੰਦਰ ਜੀ ਨੇ ਕ੍ਰੋਧ ਵਿਚ ਆਏ ਪਰਸ ਰਾਮ ਦੇ ਚਰਨੀਂ ਹੱਥ ਲਾ ਦਿੱਤੇ, ਇਸ ਤਰ੍ਹਾਂ ਉਸ ਦਾ ਕ੍ਰੋਧ ਤੇ ਬਲ ਖਿੱਚ ਲਿਆ ਤੇ ਕੁਹਾੜਾ ਉਸ ਦੇ ਹੱਥੋਂ ਡਿੱਗ ਪਿਆ) ਡਰਪਾਵਉ = ਡਰਦਾ ਹਾਂ।੨।

ਛੂਟਉ = ਬਚਦਾ ਹਾਂ। ਤਿਹ = ਇਸ ਮਾਇਆ ਨੂੰ। ਤਜਿ = ਤਿਆਗ ਕੇ।੩।

ਇਤੁ ਕਰਿ = ਇਸ ਤਰ੍ਹਾਂ। ਕਰਹਿ = ਕਰਦੇ ਹਨ। ਚੁਕਾਈਐ = ਦੂਰ ਹੋ ਜਾਂਦਾ ਹੈ। ਬਾਹਰਿ = (ਬੈਰਾਗੀ ਬਣ ਕੇ ਬਨ ਆਦਿਕਾਂ ਵਿਚ) ਬਾਹਰ। ਇਹ ਸੰਜਮ = (ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ਕੇ, ਕਾਮਾਦਿਕਾਂ ਤੋਂ ਬਚ ਕੇ, ਆਪਣੇ ਗੁਰੂ ਦੀ ਸ਼ਰਨ ਪੈ ਕੇ, ਮਾਇਆ ਦਾ ਮੋਹ ਤਿਆਗ ਕੇ) ਇਹਨਾਂ ਜੁਗਤੀਆਂ ਨਾਲ।੪।

ਅਰਥ: (ਪ੍ਰਭੂ ਦੇ ਨਾਮ ਦਾ ਵੈਰਾਗੀ ਬਣ ਕੇ) ਮੈਂ ਆਪਣੀਆਂ ਦਸੇ ਵੈਰਾਗਣ ਇੰਦ੍ਰੀਆਂ ਨੂੰ ਆਪਣੇ ਵੱਸ ਵਿਚ ਕਰ ਲਿਆ ਹੈ, (ਮੇਰੇ ਅੰਦਰੋਂ ਹੁਣ) ਪੰਜ ਕਾਮਾਦਿਕਾਂ ਦਾ ਖੁਰਾ-ਖੋਜ ਹੀ ਮਿਟ ਗਿਆ ਹੈ (ਭਾਵ, ਮੇਰੇ ਉੱਤੇ ਇਹ ਆਪਣਾ ਜ਼ੋਰ ਨਹੀਂ ਪਾ ਸਕਦੇ) ; ਮੈਂ ਆਪਣੀ ਰਗ-ਰਗ ਨੂੰ ਨਾਮ ਅੰਮ੍ਰਿਤ ਦੇ ਸਰੋਵਰ ਨਾਲ ਭਰ ਲਿਆ ਹੈ ਤੇ (ਮਾਇਆ ਦੇ) ਜ਼ਹਿਰ ਦਾ ਪੂਰਨ ਤੌਰ ਤੇ ਨਾਸ ਕਰ ਦਿੱਤਾ ਹੈ।੧।

ਹੁਣ ਮੈਂ ਮੁੜ ਮੁੜ ਜਨਮ ਮਰਨ ਵਿਚ ਨਹੀਂ ਆਵਾਂਗਾ, (ਕਿਉਂਕਿ) ਮੈਂ ਚਿੱਤ ਜੋੜ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹਾਂ ਤੇ ਆਪਣੇ ਆਤਮਾ ਨੂੰ (ਸਹੀ ਜੀਵਨ ਦੀ) ਸਿੱਖਿਆ ਦੇਂਦਾ ਰਹਿੰਦਾ ਹਾਂ।੧।ਰਹਾਉ।

ਆਪਣੇ ਸਤਗੁਰੂ ਦੀ ਚਰਨੀਂ ਲੱਗ ਕੇ, ਗੁਰੂ ਅੱਗੇ ਅਰਜ਼ੋਈ ਕਰ ਕੇ (ਕਾਲ ਦੇ ਹੱਥੋਂ) ਮੈਂ (ਉਸ ਦਾ) ਭਿਆਨਕ ਕੁਹਾੜਾ ਖੋਹ ਲਿਆ ਹੈ। (ਕਾਲ ਪਾਸੋਂ ਡਰਨ ਦੇ ਥਾਂ) ਮੈਂ ਉਲਟਾ ਭਗਤ ਜਨਾਂ ਤੋਂ ਡਰਦਾ ਹਾਂ (ਭਾਵ, ਅਦਬ ਕਰਦਾ ਹਾਂ) ਤੇ ਉਹਨਾਂ ਦਾ ਹੀ ਸੇਵਕ ਬਣ ਗਿਆ ਹਾਂ।੨।

ਇਸ ਸੰਸਾਰ ਦੇ ਬੰਧਨਾਂ ਤੋਂ ਮੇਰੀ ਤਦੋਂ ਹੀ ਖ਼ਲਾਸੀ ਹੋ ਸਕਦੀ ਹੈ ਜੇ ਮੈਂ ਮਾਇਆ ਦੇ ਮੋਹ ਵਿਚ ਨਾ ਫਸਾਂ; ਮਾਇਆ (ਦਾ ਮੋਹ) ਹੀ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਮੂਲ ਹੈ, ਇਸ ਨੂੰ ਤਿਆਗ ਕੇ ਹੀ ਪ੍ਰਭੂ ਦਾ ਦੀਦਾਰ ਹੋ ਸਕਦਾ ਹੈ।੩।

ਇਸ ਤਰੀਕੇ ਨਾਲ ਜੋ ਮਨੁੱਖ ਪ੍ਰਭੂ ਦੀ ਭਗਤੀ ਕਰਦੇ ਹਨ; ਉਹਨਾਂ ਦਾ ਹਰੇਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ। ਨਾਮਦੇਵ ਆਖਦਾ ਹੈ-(ਹੇ ਭਾਈ! ਭੇਖੀ ਬੈਰਾਗੀ ਬਣ ਕੇ) ਬਾਹਰ ਭਟਕਣ ਦਾ ਕੋਈ ਲਾਭ ਨਹੀਂ; (ਜਿਹੜੇ ਸੰਜਮ ਅਸਾਂ ਦੱਸੇ ਹਨ) ਇਹਨਾਂ ਸੰਜਮਾਂ ਦੀ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ।੪।੨।

ਸ਼ਬਦ ਦਾ ਭਾਵ: ਸਿਮਰਨ ਦੀ ਮਹਿਮਾ-ਇੰਦ੍ਰੇ ਵੱਸ ਵਿਚ ਆ ਜਾਂਦੇ ਹਨ ਤੇ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।

ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥ ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੧॥ ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥੧॥ ਰਹਾਉ ॥ ਜਿਉ ਧਰਣੀ ਕਉ ਇੰਦ੍ਰੁ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥ ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੨॥ ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥ ਜਿਉ ਤਰੁਣੀ ਕਉ ਕੰਤੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੩॥ ਬਾਰਿਕ ਕਉ ਜੈਸੇ ਖੀਰੁ ਬਾਲਹਾ ਚਾਤ੍ਰਿਕ ਮੁਖ ਜੈਸੇ ਜਲਧਰਾ ॥ ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥੪॥ ਸਾਧਿਕ ਸਿਧ ਸਗਲ ਮੁਨਿ ਚਾਹਹਿ ਬਿਰਲੇ ਕਾਹੂ ਡੀਠੁਲਾ ॥ ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥੫॥੩॥ {ਪੰਨਾ 693}

ਪਦਅਰਥ: ਮਾਰਵਾੜਿ = ਮਾਰਵਾੜ (ਵਰਗੇ ਰੇਤਲੇ ਦੇਸ) ਵਿਚ। ਨੀਰੁ = ਪਾਣੀ। ਬਾਲਹਾ = {Skt. वल्लभ, ਵੱਲਬ} ਪਿਆਰਾ। ਕਰਹਲਾ = ਊਠ ਨੂੰ। ਕੁਰੰਕ = ਹਰਨ। ਨਿਸਿ = ਰਾਤ ਵੇਲੇ। ਨਾਦੁ = (ਘੰਡੇਹੇੜੇ ਦੀ) ਆਵਾਜ਼। ਮਨਿ = ਮਨ ਵਿਚ। ਰਮਈਆ = ਸੋਹਣਾ ਰਾਮ।੧।

ਰੂੜੋ = ਸੋਹਣਾ।੧।

ਧਰਣੀ = ਧਰਤੀ। ਇੰਦ੍ਰੁ = (ਭਾਵ) ਮੀਂਹ। ਕੁਸਮ ਬਾਸੁ = ਫੁੱਲ ਦੀ ਸੁਗੰਧੀ। ਭਵਰਲਾ = ਭੌਰੇ ਨੂੰ।੨।

ਸੂਰੁ = ਸੂਰਜ। ਹੰਸੁਲਾ = ਹੰਸ ਨੂੰ। ਤਰੁਣੀ = ਜੁਆਨ ਇਸਤ੍ਰੀ। ਕੰਤੁ = ਖਸਮ।੩।

ਖੀਰੁ = ਦੁੱਧ। ਚਾਤ੍ਰਿਕ = ਪਪੀਹਾ। ਜਲਧਰਾ = ਬੱਦਲ।੪।

ਸਾਧਿਕ = ਸਾਧਨਾ ਕਰਨ ਵਾਲੇ। ਸਿਧ = ਪੁੱਗੇ ਹੋਏ ਜੋਗੀ। ਬੀਠੁਲਾ = {Skt. विष्ठल = one situated at a distance. वि+स्थल = ਜਿਸ ਦਾ ਅਸਥਾਨ ਦੂਰ ਪਰੇ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ} ਪਰਮਾਤਮਾ।੫।

ਅਰਥ: ਜਿਵੇਂ ਮਾਰਵਾੜ (ਦੇਸ) ਵਿਚ ਪਾਣੀ ਪਿਆਰਾ ਲੱਗਦਾ ਹੈ, ਜਿਵੇਂ ਊਠ ਨੂੰ ਵੇਲ ਪਿਆਰੀ ਲੱਗਦੀ ਹੈ, ਜਿਵੇਂ ਹਰਨ ਨੂੰ ਰਾਤ ਵੇਲੇ (ਘੰਡੇਹੇੜੇ ਦੀ) ਅਵਾਜ਼ ਪਿਆਰੀ ਲੱਗਦੀ ਹੈ, ਜਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਲੱਗਦਾ ਹੈ।੧।

ਹੇ ਮੇਰੇ ਸੋਹਣੇ ਰਾਮ! ਤੇਰਾ ਨਾਮ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ ਅਤੇ ਤੇਰਾ ਰੰਗ ਬਹੁਤ ਸੋਹਣਾ ਹੈ।੧।ਰਹਾਉ।

ਜਿਵੇਂ ਧਰਤੀ ਨੂੰ ਮੀਂਹ ਪਿਆਰਾ ਲੱਗਦਾ ਹੈ, ਜਿਵੇਂ ਭੌਰੇ ਨੂੰ ਫੁੱਲ ਦੀ ਸੁਗੰਧੀ ਪਿਆਰੀ ਲੱਗਦੀ ਹੈ, ਤਿਵੇਂ ਕੋਇਲ ਨੂੰ ਅੰਬ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।੨।

ਜਿਵੇਂ ਚਕਵੀ ਨੂੰ ਸੂਰਜ ਪਿਆਰਾ ਲੱਗਦਾ ਹੈ; ਜਿਵੇਂ ਹੰਸ ਨੂੰ ਮਾਨਸਰੋਵਰ ਪਿਆਰਾ ਲੱਗਦਾ ਹੈ; ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।੩।

ਜਿਵੇਂ ਬਾਲਕ ਨੂੰ ਦੁੱਧ ਪਿਆਰਾ ਲੱਗਦਾ ਹੈ, ਜਿਵੇਂ ਪਪੀਹੇ ਦੇ ਮੂੰਹ ਨੂੰ ਬੱਦਲ ਪਿਆਰਾ ਲੱਗਦਾ ਹੈ, ਮੱਛੀ ਨੂੰ ਜਿਵੇਂ ਪਾਣੀ ਪਿਆਰਾ ਲੱਗਦਾ ਹੈ, ਤਿਵੇਂ ਮੇਰੇ ਮਨ ਵਿਚ ਸੋਹਣਾ ਰਾਮ ਪਿਆਰਾ ਲੱਗਦਾ ਹੈ।੪।

(ਜੋਗ) ਸਾਧਨਾ ਕਰਨ ਵਾਲੇ, (ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਤੇ ਸਾਰੇ ਮੁਨੀ (ਸੋਹਣੇ ਰਾਮ ਦਾ ਦਰਸ਼ਨ ਕਰਨਾ) ਚਾਹੁੰਦੇ ਹਨ, ਪਰ ਕਿਸੇ ਵਿਰਲੇ ਨੂੰ ਦੀਦਾਰ ਹੁੰਦਾ ਹੈ; (ਹੇ ਮੇਰੇ ਸੋਹਣੇ ਰਾਮ! ਜਿਵੇਂ) ਸਾਰੇ ਭਵਨਾਂ (ਦੇ ਜੀਵਾਂ) ਨੂੰ ਤੇਰਾ ਨਾਮ ਪਿਆਰਾ ਹੈ, ਤਿਵੇਂ ਹੀ ਮੈਂ ਨਾਮੇ ਦੇ ਮਨ ਵਿਚ ਭੀ ਤੂੰ ਬੀਠੁਲ ਪਿਆਰਾ ਹੈਂ।੫।੩।

ਨੋਟ: ਇੱਥੇ 'ਬੀਠੁਲ' ਤੋਂ ਕਿਸੇ ਕ੍ਰਿਸ਼ਨ-ਮੂਰਤੀ ਦਾ ਭਾਵ ਨਹੀਂ, ਕਿਉਂਕਿ 'ਰਹਾਉ' ਦੀ ਤੁਕ ਵਿਚ ਉਸ ਨੂੰ 'ਰਾਮਈਆ' ਆਖ ਕੇ ਸੰਬੋਧਨ ਕਰਦੇ ਹਨ; ਹਰੇਕ 'ਬੰਦ' ਦੇ ਅਖ਼ੀਰ ਵਿਚ ਭੀ ਜਿਸ ਨੂੰ 'ਰਾਮਈਆ' ਆਖਦੇ ਹਨ, ਉਸੇ ਨੂੰ ਅਖ਼ੀਰਲੇ ਬੰਦ ਵਿਚ 'ਬੀਠੁਲਾ' ਆਖਿਆ ਗਿਆ ਹੈ। ਨਾਮਦੇਵ ਜੀ ਦਾ 'ਰਾਮਈਆ' ਤੇ 'ਬੀਠੁਲ' ਇੱਕੋ ਹੀ ਹੈ। ਜੇ ਨਾਮਦੇਵ ਜੀ ਕ੍ਰਿਸ਼ਨ-ਉਪਾਸ਼ਕ ਹੁੰਦੇ ਤਾਂ ਉਸ ਨੂੰ 'ਰਾਮਈਆ' ਨਾ ਆਖਦੇ।

ਪਹਿਲ ਪੁਰੀਏ ਪੁੰਡਰਕ ਵਨਾ ॥ ਤਾ ਚੇ ਹੰਸਾ ਸਗਲੇ ਜਨਾਂ ॥ ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥ ਪਹਿਲ ਪੁਰਸਾਬਿਰਾ ॥ ਅਥੋਨ ਪੁਰਸਾਦਮਰਾ ॥ ਅਸਗਾ ਅਸ ਉਸਗਾ ॥ ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥ ਨਾਚੰਤੀ ਗੋਪੀ ਜੰਨਾ ॥ ਨਈਆ ਤੇ ਬੈਰੇ ਕੰਨਾ ॥ ਤਰਕੁ ਨ ਚਾ ॥ ਭ੍ਰਮੀਆ ਚਾ ॥ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥ ਪਿੰਧੀ ਉਭਕਲੇ ਸੰਸਾਰਾ ॥ ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ ਹੋ ਜੀ ॥ ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ {ਪੰਨਾ 693}

ਪਦਅਰਥ: ਪਹਿਲ ਪੁਰੀਏ = ਪਹਿਲਾਂ ਪਹਿਲ। {ਪੁਰਾ (पुरा) ਸੰਸਕ੍ਰਿਤ ਪਦ ਹੈ, ਇਸ ਦਾ ਅਰਥ ਹੈ 'ਪਹਿਲਾਂ'}ਪੁੰਡਰਕ ਵਨਾ = ਪੁੰਡਰਕਾਂ ਦਾ ਬਨ, ਕੌਲ ਫੁੱਲਾਂ ਦਾ ਖੇਤ। ਪੁੰਡਰਕ = {पुंडरीक} ਚਿੱਟਾ ਕੌਲ ਫੁੱਲ। ਤਾ ਚੇ = ਉਸ (ਪੁੰਡਰਕ ਵਨ) ਦੇ, ਉਸ (ਕੌਲ ਫੁੱਲਾਂ ਦੇ ਖੇਤ) ਦੇ। ਸਗਲੇ ਜਨਾਂ = ਸਾਰੇ ਜੀਅ ਜੰਤ। ਕ੍ਰਿਸ੍ਨਾ = ਮਾਇਆ। ਤੇ = ਤੋਂ। ਜਾਨਊ = ਜਾਣੋ, ਸਮਝੋ। ਹਰਿ ਕ੍ਰਿਸ੍ਨਾ = ਪ੍ਰਭੂ ਦੀ ਮਾਇਆ। ਹਰਿ ਨਾਚਨਾ = ਪ੍ਰਭੂ ਦੀ ਨਾਚ ਕਰਨ ਵਾਲੀ (ਸ੍ਰਿਸ਼ਟੀ) ਨਾਚੰਤੀ = ਨੱਚ ਰਹੀ ਹੈ।੧।

ਪੁਰਸਾਬਿਰਾ = ਪੁਰਸ = ਆਬਿਰਾ। ਪੁਰਸ = ਪਰਮਾਤਮਾ। ਆਬਿਰਾ = ਪਰਗਟ (ਹੋਇਆ) ਆਬਿਰ ਭੂ = {आविर भु } ਪਰਗਟ ਹੋਣਾ। ਅਥੋਨ = ਉਸ ਤੋਂ ਪਿਛੋਂ, ਫਿਰ। ਪੁਰਸਾਦਮਰਾ = ਪੁਰਸ਼ਾਤ = ਅਮਰਾ {पुरूषात् = अमरा} ਪੁਰਸ਼ ਤੋਂ ਮਾਇਆ। ਅਮਰਾ = ਮਾਇਆ, ਕੁਦਰਤ। ਅਸ ਗਾ = ਇਸ ਦਾ। ਅਸ = ਅਤੇ। ਉਸ ਗਾ = ਉਸ ਦਾ। ਬਾਗਰਾ = ਸੋਹਣਾ ਜਿਹਾ ਬਾਗ਼। ਪਿੰਧੀ = ਟਿੰਡਾਂ। ਸਾਗਰਾ = ਸਮੁੰਦਰ, ਪਾਣੀ।੧।ਰਹਾਉ।

ਗੋਪੀ ਜੰਨਾ = ਇਸਤ੍ਰੀਆਂ ਅਤੇ ਮਰਦ। ਨਈਆ = ਨਾਇਕ, ਪਰਮਾਤਮਾ। ਤੇ = ਤੋਂ। ਬੈਰੇ = ਵੱਖਰੇ। ਕੰਨਾ = ਕੋਈ ਨਹੀਂ। ਕੇਸਵਾ ਬਚਉਨੀ = ਕੇਸ਼ਵ ਦੇ ਬਚਨ ਹੀ। ਅਈਏ ਮਈਏ = ਇਸਤ੍ਰੀ ਮਰਦ ਵਿਚ। ਅਈਆ = {अर्या} ਇਸਤ੍ਰੀ। ਮਈਆ {मर्य} ਮਨੁੱਖ। ਏਕ ਆਨ = {एकायन = ਇਕ ਅਯਨ। ਅਯਨ = ਰਸਤਾ} ਇੱਕੋ ਰਾਹੇ, ਇੱਕ = ਰਸ।੨।

ਉਭਕਲੇ = ਡੁਬਕੀਆਂ। ਸੰਸਾਰਾ = ਸੰਸਾਰ (ਸਮੁੰਦਰ) ਵਿਚ। ਭ੍ਰਮਿ ਭ੍ਰਮਿ = ਭਟਕ ਭਟਕ ਕੇ। ਤੁਮ ਚੇ = ਤੇਰੇ। ਚੇ = ਦੇ। ਰੇ = ਹੇ ਭਾਈ! ਕੁਨੁ = ਕੌਣ? ਜੀ = ਹੇ (ਪ੍ਰਭੂ) ਜੀ! ਆਲਾ = ਆਲਯ, ਘਰ, ਜਗਤ ਦਾ ਜੰਜਾਲ। ਤੇ = ਤੋਂ। ਨਿਵਾਰਣਾ = ਬਚਾ ਲੈ। ਜਮ ਕਾਰਣਾ = ਜਮਾਂ (ਦੇ ਡਰ) ਦਾ ਕਾਰਨ।

ਨੋਟ: ਲਫ਼ਜ਼ 'ਆਲਾ' ਦਾ ਅਰਥ ਕਈ ਸੱਜਣ 'ਆਇਆ' ਕਰਦੇ ਹਨ। ਇਸ ਲਫ਼ਜ਼ 'ਆਲਾ' ਨੂੰ ਉਹ ਧਾਤੂ 'ਆ' ਦਾ 'ਭੂਤਕਾਲ' ਮੰਨਦੇ ਹਨ। ਮਰਾਠੀ ਬੋਲੀ ਵਿਚ ਕਿਸੇ ਧਾਤੂ ਤੋਂ 'ਭੂਤਕਾਲ' ਬਣਾਣ ਲਈ ਪਿਛੇਤਰ 'ਲਾ' ਵਰਤੀਦਾ ਹੈ। ਪਰ ਧਾਤੂ 'ਆ' ਤੋਂ ਮਰਾਠੀ ਵਿਚ 'ਆਲਾ' ਭੂਤਕਾਲ ਨਹੀਂ ਬਣਦਾ, '' ਅਤੇ 'ਲਾ' ਦੇ ਵਿਚਕਾਰ 'ਇ' ਭੀ ਵਰਤੀ ਜਾਂਦੀ ਹੈ। 'ਆ' ਤੋਂ ਭੂਤਕਾਲ 'ਆਇਲਾ' ਹੈ; ਜਿਵੇਂ:

"ਗਰੁੜ ਚੜੇ ਗੋਬਿੰਦੁ ਆਇਲਾ" {ਨਾਮਦੇਵ ਜੀ}

ਲਫ਼ਜ਼ 'ਤੇ' ਦਾ ਉਹ ਸੱਜਣ 'ਅਤੇ' ਅਰਥ ਕਰਦੇ ਹਨ। ਇਹ ਭੀ ਗ਼ਲਤ ਹੈ। 'ਤੇ' ਦਾ ਅਰਥ ਹੈ 'ਤੋਂ'। 'ਅਤੇ' ਵਾਸਤੇ ਪੁਰਾਣੀ ਪੰਜਾਬੀ ਵਿਚ ਲਫ਼ਜ਼ 'ਤੈ' ਹੈ।੩।

ਅਰਥ: ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {"ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ"}ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) ("ਦੁਯੀ ਕੁਦਰਤਿ ਸਾਜੀਐ") ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) ("ਕਰਿ ਆਸਣੁ ਡਿਠੋ ਚਾਉ") । (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ੧।ਰਹਾਉ।

ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ।੧।

ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ, (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ। (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ, (ਇਸ ਸੰਬੰਧੀ) ਭਰਮ ਦੂਰ ਕਰ ਦੇਹ। ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ੨।

(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ। ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ। ਹੇ (ਪ੍ਰਭੂ) ਜੀ! ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ? (ਤਾਂ) ਹੇ ਜੀ! ਮੈਂ ਨਾਮਾ ਹਾਂ। ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ।੩, ੪।

ਸ਼ਬਦ ਦਾ ਭਾਵ: ਮਾਇਆ ਦਾ ਪ੍ਰਭਾਵ ਅਤੇ ਇਸ ਦਾ ਇਲਾਜ।

ਇਹ ਸਾਰੀ ਮਾਇਕ ਰਚਨਾ ਪ੍ਰਭੂ ਤੋਂ ਹੀ ਹੋਈ ਹੈ, ਪ੍ਰਭੂ ਸਭ ਵਿਚ ਵਿਆਪਕ ਹੈ। ਪਰ ਜੀਵ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਹੱਥ ਉੱਤੇ ਨੱਚ ਰਹੇ ਹਨ। ਪ੍ਰਭੂ ਦੀ ਸ਼ਰਨ ਪਿਆਂ ਹੀ ਇਸ ਤੋਂ ਬਚੀਦਾ ਹੈ।

TOP OF PAGE

Sri Guru Granth Darpan, by Professor Sahib Singh