ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 695

ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ    ੴ ਸਤਿਗੁਰ ਪ੍ਰਸਾਦਿ ॥ ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥ ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥ ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥ ਕੁਲ ਜਨ ਮਧੇ ਮਿਲ੍ਯ੍ਯਿੋ ਸਾਰਗ ਪਾਨ ਰੇ ॥ ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥ ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥ ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥ ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥ ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥ ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥ ਕਰਮ ਕਰਿ ਖਾਰੁ ਮਫੀਟਸਿ ਰੀ ॥੪॥ ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥ ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥ ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥ ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥ {ਪੰਨਾ 695}

ਪਦਅਰਥ: ਨਿੰਦਸਿ ਕਾਇ = ਤੂੰ ਕਿਉਂ ਨਿੰਦਦੀ ਹੈਂ? ਭੂਲੀ ਗਵਾਰੀ = ਹੇ ਭੁੱਲੀ ਹੋਈ ਮੂਰਖ ਜੀਵ = ਇਸਤ੍ਰੀ! ਦੁਕ੍ਰਿਤੁ = ਪਾਪ। ਸੁਕ੍ਰਿਤੁ = ਕੀਤਾ ਹੋਇਆ ਭਲਾ ਕੰਮ। ਥਾਰੋ = ਤੇਰਾ (ਆਪਣਾ)। ਰੀ = ਹੇ (ਜੀਵ = ਇਸਤ੍ਰੀ) !੧।ਰਹਾਉ।

ਸੰਕਰਾ ਮਸਤਕਿ = ਸ਼ਿਵ ਦੇ ਮੱਥੇ ਉਤੇ। ਸੁਰਸਰੀ = ਗੰਗਾ। ਰੇ = ਹੇ ਭਾਈ! ਮਧੇ = ਵਿਚ। ਮਿਲ੍ਯ੍ਯਿੋ = ਆ ਕੇ ਮਿਲਿਆ, ਜੰਮਿਆ। ਸਾਰਗਪਾਨ = ਵਿਸ਼ਨੂੰ। ਕਰਮ ਕਰਿ = ਕੀਤੇ ਕਰਮਾਂ ਦੇ ਕਾਰਨ। ਮਫੀਟਸਿ = ਨਾਹ ਫਿੱਟਿਆ, ਨਾਹ ਹਟਿਆ।੧।

ਬਿਸ੍ਵ = ਸਾਰਾ ਜਗਤ। ਦੀਪਕੁ = ਦੀਵਾ, ਚਾਨਣ ਦੇਣ ਵਾਲਾ। ਰੇ = ਹੇ ਭਾਈ! ਸੁਆਰਥੀ = ਸਾਰਥੀ, ਰਥਵਾਹੀ, ਰਥ ਚਲਾਣ ਵਾਲਾ। ਪੰਖੀ ਰਾਇ = ਪੰਛੀਆਂ ਦਾ ਰਾਜਾ। ਚੇ = ਦੇ। ਬਾਧਵਾ = ਰਿਸ਼ਤੇਦਾਰ। ਅਰੁਣ = ਪ੍ਰਭਾਤ, ਪਹੁ = ਫੁਟਾਲਾ, ਪ੍ਰਭਾਤ ਦੀ ਲਾਲੀ। ਪੁਰਾਣਕ ਕਥਾ ਅਨੁਸਾਰ 'ਅਰੁਣ' ਗਰੁੜ ਦਾ ਵੱਡਾ ਭਰਾ ਸੀ, ਸੂਰਜ ਦਾ ਰਥਵਾਹੀ ਮਿਥਿਆ ਗਿਆ ਹੈ। ਇਹ ਜਮਾਂਦਰੂ ਹੀ ਪਿੰਗਲਾ ਸੀ।੨।

ਪਾਤਿਕ = ਪਾਪ। ਹਰਤਾ = ਨਾਸ ਕਰਨ ਵਾਲਾ। ਨਾਥੁ = ਖਸਮ। ਤੀਰਥਿ ਤੀਰਥਿ = ਹਰੇਕ ਤੀਰਥ ਉੱਤੇ। ਪਾਰੁ = ਪਾਰਲਾ ਬੰਨਾ, ਖ਼ਲਾਸੀ। ਕਪਾਲੁ = ਖੋਪਰੀ। ਨੋਟ: ਪੁਰਾਣਕ ਕਥਾ = ਅਨੁਸਾਰ ਬ੍ਰਹਮਾ ਆਪਣੀ ਲੜਕੀ ਸਰਸ੍ਵਤੀ ਉਤੇ ਮੋਹਿਤ ਹੋ ਗਿਆ, ਸ਼ਿਵ ਜੀ ਨੇ ਉਸ ਦਾ ਪੰਜਵਾਂ ਸਿਰ ਕੱਟ ਦਿੱਤਾ; ਸ਼ਿਵ ਜੀ ਤੋਂ ਇਹ ਬ੍ਰਹਮ = ਹੱਤਿਆ ਹੋ ਗਈ, ਉਹ ਖੋਪਰੀ ਹੱਥ ਦੇ ਨਾਲ ਚੰਬੜ ਗਈ; ਕਈ ਤੀਰਥਾਂ ਤੇ ਗਏ, ਆਖ਼ਰ ਕਪਾਲ = ਮੋਚਨ ਤੀਰਥ ਉਤੇ ਜਾ ਕੇ ਲੱਥੀ।੩।

ਸਸੀਅ = ਚੰਦ੍ਰਮਾ। ਧੇਨ = ਗਾਂ। ਕਲਪ ਤਰ = ਕਲਪ ਰੁੱਖ, ਮਨੋ = ਕਾਮਨਾ ਪੂਰੀ ਕਰਨ ਵਾਲਾ ਰੁੱਖ। ਸਿਖਰਿ = {शिखरिन् ਭਾਵ, ਲੰਮੇ ਕੰਨਾਂ ਵਾਲਾ उच्चै: श्रवस् Long = eared} ਲੰਮੇ ਕੰਨਾਂ ਵਾਲਾ ਸਤ = ਮੂੰਹਾ ਘੋੜਾ, ਜੋ ਸਮੁੰਦਰ ਵਿਚੋਂ ਨਿਕਲਿਆ, ਜਦੋਂ ਸਮੁੰਦਰ ਨੂੰ ਦੇਵਤਿਆਂ ਨੇ ਰਿੜਕਿਆ। ਸੁਨਾਗਰ = ਬੜਾ ਸਿਆਣਾ ਧਨੰਤਰ ਵੈਦ {Skt. धल्वव्तरि}ਨਦੀ ਚੇ = ਨਦੀਆਂ ਦੇ। ਖਾਰੁ = ਖਾਰਾ = ਪਨ।੪।

ਦਾਧੀਲੇ = ਸਾੜ ਦਿੱਤਾ। ਉਪਾੜੀਲੇ = ਪੁੱਟ ਦਿੱਤਾ। ਬਣੁ = ਬਾਗ਼। ਸਲਿ ਬਿਸਲਿ = ਸੱਲ ਬਿਸੱਲ {Skt. शल्य विशल्या}ਸਲਿ = ਸੱਲ, ਪੀੜ। ਬਿਸਲਿ = ਵਿਸ਼ੱਲ, ਦੂਰ ਕਰਨ ਵਾਲੀ। ਆਣਿ = ਲਿਆ ਕੇ। ਤੋਖੀਲੇ = ਖ਼ੁਸ਼ ਕੀਤਾ।੫।

ਕ੍ਰਿਤ = ਕੀਤਾ ਹੋਇਆ। ਪੂਰਬਲੇ = ਪਹਿਲਾ, ਪਹਿਲੇ ਜਨਮ ਦਾ। ਘਰ ਗੇਹਣਿ = ਹੇ (ਸਰੀਰ-) ਘਰ ਦੀ ਮਾਲਕ! ਹੇ ਮੇਰੀ ਜਿੰਦੇ! ਤਾ ਚੇ = ਤਾਂ ਤੇ। ਮੋਹਿ = ਮੈਂ।੬।

ਅਰਥ: ਹੇ ਭੁੱਲੜ ਮੂਰਖ ਜਿੰਦੇ! ਤੂੰ ਪਰਮਾਤਮਾ ਨੂੰ ਕਿਉਂ ਦੋਸ ਦੇਂਦੀ ਹੈਂ? ਪਾਪ ਪੁੰਨ ਤੇਰਾ ਆਪਣਾ ਕੀਤਾ ਹੋਇਆ ਕੰਮ ਹੈ (ਜਿਸ ਦੇ ਕਾਰਨ ਦੁੱਖ ਸੁਖ ਸਹਾਰਨਾ ਪੈਂਦਾ ਹੈ)।੧।ਰਹਾਉ।

(ਹੇ ਮੇਰੀ ਜਿੰਦੇ!) ਆਪਣੇ ਕੀਤੇ ਕਰਮਾਂ ਦੇ ਕਾਰਨ (ਚੰਦ੍ਰਮਾ ਦਾ) ਦਾਗ਼ ਨਾਹ ਹਟ ਸਕਿਆ; ਭਾਵੇਂ ਉਹ ਸ਼ਿਵ ਜੀ ਦੇ ਮੱਥੇ ਉੱਤੇ ਵੱਸਦਾ ਹੈ, ਨਿੱਤ ਗੰਗਾ ਵਿਚ ਇਸ਼ਨਾਨ ਕਰਦਾ ਹੈ, ਤੇ ਉਸੇ ਦੀ ਕੁਲ ਵਿਚ ਵਿਸ਼ਨੂ ਜੀ ਨੇ (ਕ੍ਰਿਸ਼ਨ-ਰੂਪ ਧਾਰ ਕੇ) ਜਨਮ ਲਿਆ।੧।

(ਹੇ ਘਰ-ਗੇਹਣਿ!) ਆਪਣੇ ਕਰਮਾਂ ਕਰਕੇ ਅਰੁਣ ਪਿੰਗਲਾ ਹੀ ਰਿਹਾ, ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਸ ਦਾ ਸੁਆਮੀ ਹੈ, ਉਸ ਸੂਰਜ ਦਾ ਉਹ ਰਥਵਾਹੀ ਹੈ, ਤੇ, ਪੰਛੀਆਂ ਦਾ ਰਾਜਾ ਗਰੁੜ ਉਸ ਦਾ ਰਿਸ਼ਤੇਦਾਰ ਹੈ।੨।

(ਬ੍ਰਹਮ-ਹੱਤਿਆ ਦੇ) ਕੀਤੇ ਕਰਮ ਅਨੁਸਾਰ (ਸ਼ਿਵ ਜੀ ਦੇ ਹੱਥ ਨਾਲੋਂ) ਖੋਪਰੀ ਨਾਹ ਲਹਿ ਸਕੀ, ਭਾਵੇਂ (ਸ਼ਿਵ ਜੀ) ਸਾਰੇ ਜਗਤ ਦਾ ਨਾਥ (ਸਮਝਿਆ ਜਾਂਦਾ) ਹੈ, (ਹੋਰ ਜੀਵਾਂ ਦੇ) ਅਨੇਕਾਂ ਪਾਪਾਂ ਦਾ ਨਾਸ ਕਰਨ ਵਾਲਾ ਹੈ, ਪਰ ਉਹ ਹਰੇਕ ਤੀਰਥ ਉੱਤੇ ਭਟਕਦਾ ਫਿਰਿਆ, ਤਾਂ ਭੀ (ਉਸ ਖੋਪਰੀ ਤੋਂ) ਖ਼ਲਾਸੀ ਨਹੀਂ ਸੀ ਹੁੰਦੀ।੩।

(ਹੇ ਮੇਰੀ ਜਿੰਦੇ!) ਆਪਣੇ ਕੀਤੇ (ਮੰਦ-ਕਰਮ) ਅਨੁਸਾਰ (ਸਮੁੰਦਰ ਦਾ) ਖਾਰਾ-ਪਨ ਨਹੀਂ ਹਟ ਸਕਿਆ, ਭਾਵੇਂ ਉਹ ਸਾਰੀਆਂ ਨਦੀਆਂ ਦਾ ਨਾਥ ਹੈ ਤੇ ਉਸ ਵਿਚੋਂ ਅੰਮ੍ਰਿਤ, ਚੰਦ੍ਰਮਾ, ਕਾਮਧੇਨ, ਲੱਛਮੀ, ਕਲਪ-ਰੁੱਖ, ਸੱਤ-ਮੂੰਹਾ ਘੋੜਾ, ਧਨੰਤਰੀ ਵੈਦ (ਆਦਿਕ ਚੌਦਾਂ ਰਤਨ) ਨਿਕਲੇ ਸਨ।੪।

(ਹੇ ਘਰ-ਗੇਹਣਿ!) ਆਪਣੇ ਕੀਤੇ ਕਰਮਾਂ ਦੇ ਅਧੀਨ (ਹਨੂਮਾਨ ਦੇ ਭਾਗਾਂ ਵਿਚੋਂ) ਉਸ ਦੀ ਨਿੱਕੀ ਜਹੀ ਕੱਛ ਨਾਹ ਹਟ ਸਕੀ, ਭਾਵੇਂ ਉਸ ਨੇ (ਸ੍ਰੀ ਰਾਮ ਚੰਦ੍ਰ ਜੀ ਦੀ ਖ਼ਾਤਰ) ਲੰਕਾ ਦਾ ਕਿਲ੍ਹਾ ਸਾੜਿਆ, ਰਾਵਣ ਦਾ ਬਾਗ਼ ਉਜਾੜ ਦਿੱਤਾ, ਸੱਲ ਦੂਰ ਕਰਨ ਵਾਲੀ ਬੂਟੀ ਲਿਆ ਕੇ ਰਾਮ ਚੰਦ੍ਰ ਜੀ ਨੂੰ ਪ੍ਰਸੰਨ ਹੀ ਕੀਤਾ।੫।

ਹੇ ਮੇਰੀ ਜਿੰਦੇ! ਪਿਛਲਾ ਕੀਤਾ ਕੋਈ ਕਰਮ (ਅਵਤਾਰ-ਪੂਜਾ, ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਮਿਟਦਾ ਨਹੀਂ; ਤਾਹੀਏਂ ਮੈਂ ਤਾਂ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ। ਤ੍ਰਿਲੋਚਨ ਆਖਦਾ ਹੈ ਕਿ ਮੈਂ ਤਾਂ 'ਰਾਮ ਰਾਮ' ਹੀ ਜਪਦਾ ਹਾਂ (ਭਾਵ, ਪਰਮਾਤਮਾ ਦੀ ਓਟ ਹੀ ਲੈਂਦਾ ਹਾਂ ਤੇ ਆਪਣੇ ਕਿਸੇ ਕੀਤੇ ਕਰਮ ਕਰ ਕੇ ਆਏ ਦੁੱਖ ਤੋਂ ਪ੍ਰਭੂ ਨੂੰ ਦੋਸ ਨਹੀਂ ਦੇਂਦਾ)।੬।੧।

ਜ਼ਰੂਰੀ ਨੋਟ: ਭਗਤ ਤ੍ਰਿਲੋਚਨ ਜੀ ਜਾਤਿ ਦੇ ਬ੍ਰਾਹਮਣ ਸਨ। ਬ੍ਰਾਹਮਣ-ਆਗੂਆਂ ਦੀ ਚਲਾਈ ਹੋਈ ਪਰਪਾਟੀ ਅਨੁਸਾਰ ਲੋਕ ਅਵਤਾਰ-ਪੂਜਾ ਨੂੰ ਹੀ ਸ੍ਰੇਸ਼ਟ ਭਗਤੀ ਮੰਨ ਰਹੇ ਸਨ; ਅਤੇ ਦਾਨ-ਪੁੰਨ ਤੀਰਥ-ਇਸ਼ਨਾਨ ਆਦਿਕ ਕੰਮਾਂ ਨੂੰ ਪਾਪਾਂ ਦੀ ਨਿਵਿਰਤੀ ਤੇ ਸੁਰਗ ਆਦਿਕ ਸੁਖਾਂ ਦੀ ਪ੍ਰਾਪਤੀ ਦਾ ਸਾਧਨ ਸਮਝਦੇ ਸਨ।

ਪਰ ਇਸ ਸ਼ਬਦ ਦੀ ਰਾਹੀਂ ਭਗਤ ਜੀ ਨੇ ਇਹਨਾਂ ਦੋਹਾਂ ਕੰਮਾਂ ਦਾ ਖੰਡਨ ਕੀਤਾ ਹੈ। ਜਿਨ੍ਹਾਂ ਦੇਵਤਿਆਂ ਤੇ ਅਵਤਾਰਾਂ ਦੀ ਪੂਜਾ ਖ਼ਾਸ ਪ੍ਰਚਲਤ ਹੈ, ਉਹਨਾਂ ਦਾ ਜ਼ਿਕਰ ਸ਼ਬਦ ਦੇ ਚਹੁੰਆਂ ਬੰਦਾਂ ਵਿਚ ਕਰ ਕੇ ਆਖਦੇ ਹਨ:

. ਤੁਸੀ ਵਿਸ਼ਨੂ ਦੀ (ਕ੍ਰਿਸ਼ਨ-ਮੂਰਤੀ ਦੀ) ਪੂਜਾ ਕਰਦੇ ਹੋ ਤੇ ਗੰਗਾ ਵਿਚ ਇਸ਼ਨਾਨ ਕਰਨ ਨੂੰ ਪੁੰਨ-ਕਰਮ ਸਮਝਦੇ ਹੋ। ਪਰ ਤੁਸੀ ਇਹ ਭੀ ਦੱਸਦੇ ਹੋ ਕਿ ਆਪਣੀ ਇਸਤ੍ਰੀ ਅਹੱਲਿਆ ਦੇ ਸੰਬੰਧ ਵਿਚ ਗੋਤਮ ਨੇ ਚੰਦ੍ਰਮਾ ਨੂੰ ਦਾਗ਼ ਲਾ ਦਿੱਤਾ ਸੀ, ਇਹ ਦਾਗ਼ ਚੰਦ੍ਰਮਾ ਦੇ ਮੱਥੇ ਉਤੇ ਉਸ ਦੇ ਕੁਕਰਮ ਦਾ ਕਲੰਕ ਹੈ। ਨਿੱਤ ਦਾ ਗੰਗਾ ਦਾ ਇਸ਼ਨਾਨ ਤੇ ਵਿਸ਼ਨੂ ਜੀ ਦਾ (ਕ੍ਰਿਸ਼ਨ ਰੂਪ ਧਾਰ ਕੇ) ਚੰਦ੍ਰਮਾ ਦੀ ਕੁਲ ਵਿਚ ਜੰਮਣਾ ਭੀ ਚੰਦ੍ਰਮਾ ਦੇ ਉਸ ਕਲੰਕ ਨੂੰ ਅਜੇ ਤਕ ਦੂਰ ਨਹੀਂ ਕਰ ਸਕੇ। ਦੱਸੋ; ਗੰਗਾ ਦੇ ਇਸ਼ਨਾਨ ਨਾਲ ਤੇ ਕ੍ਰਿਸ਼ਨ-ਮੂਰਤੀ ਦੀ ਪੂਜਾ ਕਰ ਕੇ ਤੁਹਾਡੇ ਪਾਪ ਤੇ ਕੁਕਰਮ ਕਿਵੇਂ ਧੁਪ ਜਾਣਗੇ?

. ਤੁਸੀ ਗਰੁੜ ਨੂੰ ਪੰਛੀਆਂ ਦਾ ਰਾਜਾ ਮੰਨਦੇ ਹੋ, ਤੇ, ਦੁਸਹਿਰੇ ਵਾਲੇ ਦਿਨ ਉਸ ਦਾ ਦਰਸ਼ਨ ਕਰਨ ਲਈ ਦੌੜਦੇ ਫਿਰਦੇ ਹੋ; ਸੂਰਜ ਨੂੰ ਦੇਵਤਾ ਜਾਣ ਕੇ ਹਰ ਸੰਗ੍ਰਾਂਦ ਨੂੰ ਉਸ ਦੀ ਪੂਜਾ ਕਰਦੇ ਹੋ। ਵੇਖੋ, ਤੁਸੀ ਪਿੰਗੁਲੇ ਅਰੁਣ ਨੂੰ ਸੂਰਜ ਦਾ ਰਥਵਾਹੀ ਮੰਨਦੇ ਹੋ, ਤੇ; ਗਰੁੜ ਦਾ ਰਿਸ਼ਤੇਦਾਰ ਸਮਝਦੇ ਹੋ। ਜੇ ਗਰੁੜ ਆਪਣੇ ਰਿਸ਼ਤੇਦਾਰ ਦਾ; ਤੇ, ਸੂਰਜ ਆਪਣੇ ਰਥਵਾਹੀ ਦਾ ਅਜੇ ਤਕ ਪਿੰਗੁਲਾ-ਪਨ ਦੂਰ ਨਹੀਂ ਕਰ ਸਕੇ, ਤਾਂ ਇਹ ਦੋਵੇਂ ਤੁਹਾਡਾ ਕੀਹ ਸਵਾਰਨਗੇ?

. ਤੁਸੀ ਇਕ ਟਟੀਹਰੀ ਦੇ ਬੱਚਿਆਂ ਦੀ ਕਰਣੀ ਸੁਣਾ ਕੇ ਦੱਸਦੇ ਹੋ ਕਿ ਟਟੀਹਰੀ ਦੇ ਬੱਚਿਆਂ ਨੂੰ ਰੋੜ੍ਹ ਲੈ ਜਾਣ ਦੇ ਅਪਰਾਧ ਵਿਚ ਸਮੁੰਦਰ ਅੱਜ ਤਕ ਖਾਰਾ ਚਲਿਆ ਆਉਂਦਾ ਹੈ। ਪਰ ਨਾਲ ਹੀ ਤੁਸੀ ਇਹ ਭੀ ਆਖਦੇ ਹੋ ਕਿ ਸਮੁੰਦਰ ਵਿਚੋਂ ਚੌਦਾਂ ਰਤਨ ਨਿਕਲੇ ਸਨ ਜਿਨ੍ਹਾਂ ਵਿਚ ਕਾਮਧੇਨ ਤੇ ਕਲਪ ਰੁੱਖ ਭੀ ਸਨ, ਤੇ, ਸਮੁੰਦਰ ਵਿਚ ਹੀ ਤੁਸੀ ਵਿਸ਼ਨੂ ਜੀ ਦਾ ਨਿਵਾਸ ਭੀ ਦੱਸਦੇ ਹੋ। ਪਰ ਜੇ ਇਹ ਵਿਸ਼ਨੂ ਜੀ ਕਾਮਧੇਨ ਤੇ ਕਲਪਰੁੱਖ ਅਜੇ ਤਕ ਸਮੁੰਦਰ ਦੇ ਅਪਰਾਧ ਦਾ ਅਸਰ ਨਹੀਂ ਮਿਟਾ ਸਕੇ, ਸਮੁੰਦਰ ਦਾ ਖਾਰਾਪਨ ਨਹੀਂ ਦੂਰ ਕਰ ਸਕੇ, ਤਾਂ ਤੁਸੀ ਇਸੇ ਵਿਸ਼ਨੂ ਜੀ ਦੀ ਪੂਜਾ ਵਿਚੋਂ ਕਿਸ ਲਾਭ ਦੀ ਆਸ ਰੱਖਦੇ ਹੋ? ਤੁਸੀ ਪੁੰਨ-ਦਾਨ ਦੇ ਆਸਰੇ ਸੁਰਗ ਵਿਚ ਅੱਪੜ ਕੇ ਇਸੇ ਕਾਮਧੇਨ ਤੇ ਕਲਪਰੁੱਖ ਤੋਂ ਮਨ ਦੀਆਂ ਮੁਰਾਦਾਂ ਕਿਵੇਂ ਪੂਰੀਆਂ ਕਰਾ ਲਵੋਗੇ?

. ਤੁਸੀ ਸ੍ਰੀ ਰਾਮ ਚੰਦ੍ਰ ਜੀ ਦੀ ਮੂਰਤੀ ਹੋ, ਤੇ ਆਪ ਹੀ ਆਖਦੇ ਹੋ ਕਿ ਹਨੂੰਮਾਨ ਨੂੰ ਇਹਨਾਂ ਦੀ ਅਤੁੱਟ ਸੇਵਾ ਕਰਨ ਤੇ ਭੀ ਇਕ ਨਿੱਕੀ ਜਿਹੀ ਕੱਛ ਹੀ ਮਿਲੀ। ਕੀ ਤੁਸੀ ਸ੍ਰੀ ਰਾਮ ਚੰਦ੍ਰ ਜੀ ਨੂੰ ਹਨੂੰਮਾਨ ਨਾਲੋਂ ਵਧੀਕ ਪ੍ਰਸੰਨ ਕਰ ਲਵੋਗੇ?

. ਜਿਸ ਸ਼ਿਵ ਜੀ ਨੂੰ ਬਲੀ ਦੇਵ ਸਮਝ ਕੇ ਮੰਦਰਾਂ ਵਿਚ ਟਿਕਾਏ ਸ਼ਿਵ ਦੀ ਪੂਜਾ ਕਰਦੇ ਹੋ, ਉਸੇ ਬਾਬਤ ਇਹ ਭੀ ਆਖਦੇ ਹੋ ਕਿ ਜਦੋਂ ਬ੍ਰਹਮਾ ਆਪਣੀ ਹੀ ਲੜਕੀ ਉਤੇ ਮੋਹਿਤ ਹੋ ਗਿਆ, ਤਾਂ ਸ਼ਿਵ ਜੀ ਨੇ ਉਸ ਦਾ ਇਕ ਸਿਰ ਕੱਟ ਦਿੱਤਾ, ਤੇ, ਇਹ ਸਿਰ ਸ਼ਿਵ ਜੀ ਦੇ ਹੱਥ ਨਾਲ ਜੁੜ ਗਿਆ। ਕਈ ਤੀਰਥਾਂ ਤੇ ਭਟਕਦੇ ਫਿਰੇ, ਸਿਰ ਸ਼ਿਵ ਜੀ ਦੇ ਹੱਥ ਨਾਲੋਂ ਲਹਿੰਦਾ ਹੀ ਨਹੀਂ ਸੀ। ਦੱਸੋ, ਜੋ ਸ਼ਿਵ ਜੀ ਆਪ ਇਤਨੇ ਆਤੁਰ ਤੇ ਦੁਖੀ ਹੋਏ, ਤੁਹਾਡਾ ਕੀਹ ਸਵਾਰਨਗੇ?

ਆਪਣੀ ਘਰ-ਗੇਹਣਿ ਨੂੰ, ਜਿੰਦ ਨੂੰ ਸੰਬੋਧਨ ਕਰ ਕੇ ਅਵਤਾਰ-ਪੂਜਾ ਨੂੰ ਸਮਝਾਂਦੇ ਹੋਏ ਤ੍ਰਿਲੋਚਨ ਜੀ ਅਖ਼ੀਰ ਤੇ ਆਖਦੇ ਹਨ ਕਿ ਇੱਕ ਪਰਮਾਤਮਾ ਦੀ ਭਗਤੀ ਹੀ ਪਿਛਲੇ ਕੁਕਰਮਾਂ ਦੇ ਸੰਸਕਾਰ ਮਿਟਾਣ ਦੇ ਸਮਰੱਥ ਹੈ।

ਤ੍ਰਿਲੋਚਨ ਜੀ ਦੇ ਇਸ ਸ਼ਬਦ ਨੂੰ ਗੁਰਮਤਿ ਨਾਲ ਅਜੁੜਵਾਂ ਸਮਝ ਕੇ ਭਗਤ ਬਾਣੀ ਦੇ ਵਿਰੋਧੀ ਸੱਜਣ ਇਸ ਬਾਰੇ ਇਉਂ ਲਿਖਦੇ ਹਨ-"ਇਸ ਸ਼ਬਦ ਵਿਚ ਪੁਰਾਣਕ ਗੱਲਾਂ ਲਿਖ ਕੇ ਕਰਮਾਂ ਨੂੰ ਪ੍ਰਬਲ ਮੰਨਿਆ ਹੈ, ਪਰੰਤੂ ਸ਼ਿਵ ਜੀ ਦੀਆਂ ਜਟਾਂ ਵਿਚ ਦੀ ਗੰਗਾ ਦਾ ਆਉਣਾ ਅਤੇ ਚੰਦ੍ਰਮਾ ਦਾ ਮੱਥੇ ਤੇ ਹੋਣਾ ਅਤੇ ਗਰੁੜ ਉਤੇ ਵਿਸ਼ਨੂੰ ਦੀ ਸਵਾਰੀ ਹੋਣੀ ਆਦਿ ਦੱਸਿਆ ਹੈ। ਇਹ ਸਭ ਖ਼ਿਆਲ ਸ੍ਰਿਸ਼ਟੀ-ਨਿਯਮ ਤੋਂ ਬਿਲਕੁਲ ਉਲਟ ਹੈ।

ਅਤੇ

"ਇਹ ਝਗੜਾ ਭਗਤ ਜੀ ਅਤੇ ਉਹਨਾਂ ਦੀ ਇਸਤ੍ਰੀ ਦਾ ਹੈ ਜੋ ਨਾਰਾਇਣ ਦੀ ਨਿੰਦਿਆ ਕਰਦੀ ਹੈ। ਇਸ ਸ਼ਬਦ ਨਾਲ ਲੋਕਾਂ ਨੇ ਰੱਬ ਨੂੰ ਇਹਨਾਂ ਦੇ ਘਰ ਰਸੋਈਆ ਬਣ ਕੇ ਰਹਿਣ ਦੀ ਸਾਖੀ ਘੜੀ ਹੈ।"

ਅਤੇ

"ਇਹਨਾਂ ਦੇ ਨਾਮ ਨਾਲ ਬਹੁਤ ਸਾਰੀਆਂ ਕਥਾਵਾਂ ਭੀ ਲਾਈਆਂ ਹੋਈਆਂ ਹਨ। ਕਹਿੰਦੇ ਹਨ ਕਿ ਇਹਨਾਂ ਦੇ ਘਰ ਰੱਬ ਰਸੋਈਆ ਬਣ ਕੇ ਰੋਟੀਆਂ ਪਕਾਉਂਦਾ ਰਿਹਾ। ਪਰ ਇਹ ਪੁਰਾਣੇ ਮਨ-ਘੜਤ ਮਸਲੇ ਹਨ।"

ਉਪਰ-ਦਿੱਤੀ ਲਿਖਤ ਵਿਚੋਂ ਤਿੰਨ ਇਤਰਾਜ਼ ਮਿਲਦੇ ਹਨ-(੧) ਭਗਤ ਜੀ ਨੇ ਕਰਮਾਂ ਨੂੰ ਪ੍ਰਬਲ ਮੰਨਿਆ ਹੈ। (੨) ਸ਼ਬਦ ਵਿਚ ਦਿੱਤੀਆਂ ਗੱਲਾਂ ਦਾ ਖ਼ਿਆਲ ਸ੍ਰਿਸ਼ਟੀ-ਨਿਯਮਾਂ ਦੇ ਬਿਲਕੁਲ ਉਲਟ ਹੈ। (੩) ਰੱਬ ਦੇ ਰਸੋਈਆ ਬਣ ਕੇ ਭਗਤ ਜੀ ਦੇ ਘਰ ਰੋਟੀਆਂ ਪਕਾਣ ਵਾਲੀ ਕਹਾਣੀ ਇਕ ਮਨ-ਘੜਤ ਮਸਲਾ ਹੈ।

ਇਹਨਾਂ ਇਤਰਾਜ਼ਾਂ ਨੂੰ ਰਤਾ ਧੀਰਜ ਨਾਲ ਵਿਚਾਰੀਏ। ਰੱਬ ਦੇ ਰਸੋਈਆ ਬਣਨ ਵਾਲੀ ਕਹਾਣੀ ਬਿਲਕੁਲ ਮਨ-ਘੜਤ ਹੈ। ਨਾਹ ਹੀ ਇਸ ਦਾ ਇਸ ਸ਼ਬਦ ਨਾਲ ਕੋਈ ਜੋੜ ਦਿੱਸਦਾ ਹੈ। ਸ਼ਬਦ ਵਿਚ ਇਸ ਘੜੀ ਕਹਾਣੀ ਦਾ ਕੋਈ ਰਤਾ ਭੀ ਜ਼ਿਕਰ ਨਹੀਂ ਹੈ, ਲੋਕਾਂ ਨੇ ਇਹ ਕਹਾਣੀ ਘੜ ਲਈ ਹੈ। ਇਹ ਕਹਾਣੀ ਮੰਨੀ ਨਹੀਂ ਜਾ ਸਕਦੀ। ਬੱਸ! ਇਸ ਕਹਾਣੀ ਨੂੰ ਨਾਹ ਮੰਨੀਏ। ਸ਼ਬਦ ਨਾਲ ਰੁੱਸਣ ਦਾ ਕੋਈ ਕਾਰਨ ਨਹੀਂ ਦਿੱਸਦਾ। ਸ਼ਬਦ ਦੇ ਅਰਥ ਦੇ ਹੇਠ ਦਿੱਤੇ ਜ਼ਰੂਰੀ ਨੋਟ ਨੂੰ ਮੁੜ ਗਹੁ ਨਾਲ ਪੜ੍ਹੋ। ਧਾਰਮਿਕ ਆਗੂ ਬ੍ਰਾਹਮਣ ਦੀਆਂ ਚਲਾਈਆਂ ਹੋਈਆਂ ਪੁਰਾਣਕ ਕਹਾਣੀਆਂ ਦਾ ਹਵਾਲਾ ਦੇ ਕੇ ਭਗਤ ਜੀ (ਜੋ ਆਪ ਭੀ ਜਾਤਿ ਦੇ ਬ੍ਰਾਹਮਣ ਹੀ ਹਨ) ਉਹਨਾਂ ਕਹਾਣੀਆਂ ਦੇ ਮੰਨਣ ਵਾਲਿਆਂ ਨੂੰ ਸਮਝਾ ਰਹੇ ਹਨ ਕਿ ਇਸ ਅਵਤਾਰ-ਪੂਜਾ, ਮੂਰਤੀ ਪੂਜਾ ਤੇ ਗੰਗਾ-ਇਸ਼ਨਾਨ ਨੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਨਹੀਂ ਮਿਟਾ ਸਕਣੇ। ਜੇ ਪਿਛਲੇ ਬੰਧਨਾਂ ਵਿਚੋਂ ਖ਼ਲਾਸੀ ਦੀ ਲੋੜ ਹੈ ਤਾਂ ਇਕ ਪਰਮਾਤਮਾ ਦਾ ਨਾਮ ਜਪੋ।

ਇਹ ਖ਼ਿਆਲ ਨਿਰੋਲ ਗੁਰਮਤਿ ਨਾਲ ਰਲਦਾ ਹੈ। ਪੁਰਾਣਕ ਕਹਾਣੀਆਂ ਮੰਨਣ ਵਾਲਿਆਂ ਨੂੰ ਉਹਨਾਂ ਹੀ ਕਹਾਣੀਆਂ ਦਾ ਹਵਾਲਾ ਦੇ ਕੇ ਸਮਝਾਣਾ ਕੋਈ ਮਾੜੀ ਗੱਲ ਨਹੀਂ ਹੈ। ਸਤਿਗੁਰੂ ਜੀ ਨੇ ਆਪ ਭੀ ਸੈਂਕੜੇ ਥਾਈਂ ਅਜਿਹੇ ਹਵਾਲੇ ਦਿੱਤੇ ਹਨ। ਮਿਸਾਲ ਦੇ ਤੌਰ ਤੇ ਵੇਖੋ, ਰਾਮਕਲੀ ਕੀ ਵਾਰ ਮਹਲਾ ੩, ਪਉੜੀ ਨੰ: ੧੪, ਪੰਨਾ ੯੫੩; ਸਲੋਕੁ ਮਹਲਾ ੧-

ਸਹੰਸਰ ਦਾਨ ਦੇਇ ਇੰਦ੍ਰੁ ਰੋਆਇਆ ॥ ਪਰਸ ਰਾਮੁ ਰੋਵੈ ਘਰਿ ਆਇਆ ॥

ਅਜੈ ਸੁ ਰੋਵੈ ਭੀਖਿਆ ਖਾਇ ॥ ਐਸੀ ਦਰਗਹ ਮਿਲੈ ਸਜਾਇ ॥

... ... ... ... ... ...

ਰੋਵੈ ਜਨਮੇਜਾ ਖੁਇ ਗਇਆ ॥ ਏਕੀ ਕਾਰਣਿ ਪਾਪੀ ਭਇਆ ॥

... ... ... ... ... ...

... ... ... ... ... ... ਨਾਨਕ ਦੁਖੀਆ ਸਭੁ ਸੰਸਾਰੁ।

ਮੰਨੇ ਨਾਉ ਸੋਈ ਜਿਣਿ ਜਾਇ। ਅਉਰੀ ਕਰਮ ਨ ਲੇਖੈ ਲਾਇ।੧।੧੪।

ਇਥੇ ਕਈ ਪੁਰਾਣਕ ਕਹਾਣੀਆਂ ਦਿੱਤੀਆਂ ਗਈਆਂ ਹਨ। ਇਹਨਾਂ ਕਹਾਣੀਆਂ ਦੇ ਮੰਨਣ ਵਾਲਿਆਂ ਨੂੰ ਇਹਨਾਂ ਕਹਾਣੀਆਂ ਦੀ ਰਾਹੀਂ ਹੀ ਸਮਝਾਂਦੇ ਹਨ ਕਿ "ਮੰਨੇ ਨਾਉ ਸੋਈ ਜਿਣਿ ਜਾਇ"ਹੂ-ਬ-ਹੂ ਇਹੀ ਤਰੀਕਾ ਭਗਤ ਤ੍ਰਿਲੋਚਨ ਜੀ ਨੇ ਵਰਤਿਆ ਹੈ।

ਬਾਕੀ ਰਿਹਾ ਇਤਰਾਜ਼ ਕਰਮਾਂ ਦੀ ਪ੍ਰਬਲਤਾ ਦਾ। ਇਸ ਬਾਰੇ ਭੀ ਇੱਕ ਨਹੀਂ, ਸੈਂਕੜੇ ਪ੍ਰਮਾਣ ਗੁਰਬਾਣੀ ਵਿਚ ਮਿਲਦੇ ਹਨ ਕਿ ਕੀਤੇ ਕਰਮਾਂ ਦੇ ਸੰਸਕਾਰ ਮਿਟਾਣ ਲਈ ਇਕੋ ਇੱਕ ਵਸੀਲਾ ਹੈ, ਤੇ, ਉਹ ਹੈ ਪਰਮਾਤਮਾ ਦਾ ਨਾਮ ਸਿਮਰਨਾ। ਮਿਸਾਲ ਦੇ ਤੌਰ ਤੇ ਵੇਖੋ-

(੧) ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ।੨।੧੭। {ਸਲੋਕ ਮ: ੧, ਸੂਹੀ ਕੀ ਵਾਰ ਮ: ੩

(੨) ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥ {ਪਉੜੀ ੧੭, ਸਾਰੰਗ ਕੀ ਵਾਰ

(੩) ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥ {ਸੂਹੀ ਮ: ੩, ਘਰੁ ੧੦

(੪) ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ।੧।੪। {ਸਲੋਕ ਮ: ੩, ਵਡਹੰਸ ਕੀ ਵਾਰ

(੪) ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨ੍ਹ੍ਹਿ।੧।੧੨। {ਸਲੋਕ ਮ: ੩, ਬਿਲਾਵਲ ਕੀ ਵਾਰ

ਘੜੀ ਹੋਈ ਕਹਾਣੀ ਦੇ ਕਾਰਨ ਅਸਾਂ ਸੱਚਾਈ ਤੋਂ ਨਹੀਂ ਰੁੱਸਣਾ। ਭਗਤ ਤ੍ਰਿਲੋਚਨ ਜੀ ਬ੍ਰਾਹਮਣ ਦੇ ਬਣਾਏ ਧਰਮ-ਜਾਲ ਦਾ ਪਾਜ ਖੋਲ੍ਹ ਰਹੇ ਹਨ। ਉਹਨਾਂ ਦੀ ਅਵਾਜ਼ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਦੇ ਜੀਵਨ ਨਾਲ ਵਿਅਰਥ ਤੇ ਵਿਰੋਧੀ ਕਹਾਣੀਆਂ ਘੜੀਆਂ ਜਾ ਸਕਦੀਆਂ ਸਨ।

ਸ੍ਰੀ ਸੈਣੁ ॥ ਧੂਪ ਦੀਪ ਘ੍ਰਿਤ ਸਾਜਿ ਆਰਤੀ ॥ ਵਾਰਨੇ ਜਾਉ ਕਮਲਾ ਪਤੀ ॥੧॥ ਮੰਗਲਾ ਹਰਿ ਮੰਗਲਾ ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥ ਊਤਮੁ ਦੀਅਰਾ ਨਿਰਮਲ ਬਾਤੀ ॥ ਤੁਹੀ ਨਿਰੰਜਨੁ ਕਮਲਾ ਪਾਤੀ ॥੨॥ ਰਾਮਾ ਭਗਤਿ ਰਾਮਾਨੰਦੁ ਜਾਨੈ ॥ ਪੂਰਨ ਪਰਮਾਨੰਦੁ ਬਖਾਨੈ ॥੩॥ ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥ {ਪੰਨਾ 695}

ਪਦਅਰਥ: ਘ੍ਰਿਤ = ਘਿਉ। ਸਾਜਿ = ਸਾਜ ਕੇ, ਬਣਾ ਕੇ, ਇਕੱਠੀਆਂ ਕਰ ਕੇ। ਵਾਰਨੇ ਜਾਉ = ਮੈਂ ਸਦਕੇ ਜਾਂਦਾ ਹਾਂ। ਕਮਲਾਪਤੀ = ਲੱਛਮੀ ਦਾ ਪਤੀ ਪਰਮਾਤਮਾ।੧।

ਮੰਗਲੁ = ਆਨੰਦ, ਸੁਖਦਾਈ ਸੁਲੱਖਣੀ ਮਰਯਾਦਾ। ਰਾਜਾ = ਮਾਲਕ। ਕੋ = ਦਾ (ਭਾਵ, ਦਾ ਬਖ਼ਸ਼ਿਆ ਹੋਇਆ)।੧।ਰਹਾਉ।

ਦੀਅਰਾ = ਸੋਹਣਾ ਜਿਹਾ ਦੀਵਾ। ਨਿਰਮਲ = ਸਾਫ਼। ਨਿਰੰਜਨੁ = ਮਾਇਆ ਤੋਂ ਰਹਿਤ।੨।

ਰਾਮਾ ਭਗਤਿ = ਪਰਮਾਤਮਾ ਦੀ ਭਗਤੀ ਦੀ ਰਾਹੀਂ। ਰਾਮਾਨੰਦੁ = {ਰਾਮ+ਆਨੰਦ} ਪਰਮਾਤਮਾ (ਦੇ ਮੇਲ) ਦਾ ਆਨੰਦ। ਪੂਰਨ = ਸਰਬ = ਵਿਆਪਕ। ਬਖਾਨੈ = ਉਚਾਰਦਾ ਹੈ, ਗੱਲਾਂ ਕਰਦਾ ਹੈ।੩।

ਮਦਨ ਮੂਰਤਿ = ਉਹ ਮੂਰਤਿ ਜਿਸ ਨੂੰ ਵੇਖ ਕੇ ਮਸਤੀ ਆ ਜਾਏ, ਸੋਹਣੇ ਸਰੂਪ ਵਾਲਾ। ਭੈ ਤਾਰਿ = ਡਰਾਂ ਤੋਂ ਪਾਰ ਲੰਘਾਉਣ ਵਾਲਾ। ਗੋਬਿੰਦ = {ਗੋ = ਸ੍ਰਿਸ਼ਟੀ। ਬਿੰਦ = ਜਾਨਣਾ, ਸਾਰ ਲੈਣੀ} ਸ੍ਰਿਸ਼ਟੀ ਦੀ ਸਾਰ ਲੈਣ ਵਾਲਾ। ਭਣੈ = ਆਖਦਾ ਹੈ। ਭਜੁ = ਸਿਮਰ। ਪਰਮਾਨੰਦੇ = ਪਰਮ ਅਨੰਦ ਮਾਣਨ ਵਾਲੇ ਨੂੰ।੪।

ਅਰਥ: ਹੇ ਮਾਇਆ ਦੇ ਮਾਲਕ ਪ੍ਰਭੂ! ਮੈਂ ਤੈਥੋਂ ਸਦਕੇ ਜਾਂਦਾ ਹਾਂ (ਤੈਥੋਂ ਸਦਕੇ ਜਾਣਾ ਹੀ) ਧੂਪ ਦੀਵੇ ਤੇ ਘਿਉ (ਆਦਿਕ) ਸਮੱਗ੍ਰੀ ਇਕੱਠੇ ਕਰ ਕੇ ਤੇਰੀ ਆਰਤੀ ਕਰਨੀ ਹੈ।੧।

ਹੇ ਹਰੀ! ਹੇ ਰਾਜਨ! ਹੇ ਰਾਮ! ਤੇਰੀ ਮਿਹਰ ਨਾਲ (ਮੇਰੇ ਅੰਦਰ) ਸਦਾ (ਤੇਰੇ ਨਾਮ-ਸਿਮਰਨ ਦਾ) ਅਨੰਦ ਮੰਗਲ ਹੋ ਰਿਹਾ ਹੈ।੧।ਰਹਾਉ।

ਹੇ ਕਮਲਾਪਤੀ! ਤੂੰ ਨਿਰੰਜਨ ਹੀ ਮੇਰੇ ਲਈ (ਆਰਤੀ ਕਰਨ ਲਈ) ਸੋਹਣਾ ਚੰਗਾ ਦੀਵਾ ਤੇ ਸਾਫ਼ ਸੁਥਰੀ ਵੱਟੀ ਹੈਂ।੨।

ਜੋ ਮਨੁੱਖ ਸਰਬ-ਵਿਆਪਕ ਪਰਮ ਆਨੰਦ-ਰੂਪ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਦੇ ਮਿਲਾਪ ਦਾ ਆਨੰਦ ਮਾਣਦਾ ਹੈ।੩।

ਸੈਣ ਆਖਦਾ ਹੈ-(ਹੇ ਮੇਰੇ ਮਨ!) ਉਸ ਪਰਮ-ਆਨੰਦ ਪਰਮਾਤਮਾ ਦਾ ਸਿਮਰਨ ਕਰ, ਜੋ ਸੋਹਣੇ ਸਰੂਪ ਵਾਲਾ ਹੈ, ਜੋ (ਸੰਸਾਰ ਦੇ) ਡਰਾਂ ਤੋਂ ਪਾਰ ਲੰਘਾਣ ਵਾਲਾ ਹੈ ਤੇ ਜੋ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ।੪।੨।

ਨੋਟ: ਇਸ ਸ਼ਬਦ ਨੂੰ ਗੁਰਮਤਿ ਦੇ ਉਲਟ ਸਮਝਣ ਦਾ ਭੁਲੇਖਾ ਖਾ ਕੇ ਵਿਰੋਧੀ ਸੱਜਣ ਜੀ ਨੇ ਇਸ ਬਾਰੇ ਇਉਂ ਲਿਖਿਆ ਹੈ-

"ਉਕਤ ਸ਼ਬਦ ਦੁਆਰਾ ਭਗਤ ਜੀ ਨੇ ਆਪਣੇ ਗੁਰੂ ਗੁਸਾਈਂ ਰਾਮਾਨੰਦ ਜੀ ਅੱਗੇ ਆਰਤੀ ਉਤਾਰੀ ਹੈ। ('ਮਦਨ ਮੂਰਤਿ' ਵਿਸ਼ਨੂ ਜੀ ਹਨ, ਭਗਤ ਜੀ ਪੱਕੇ ਵੈਸ਼ਨਵ ਸਨ) ਪਰੰਤੂ ਗੁਰਮਤਿ ਅੰਦਰ 'ਗਗਨ ਮੈ ਥਾਲੁ' ਵਾਲੇ ਸ਼ਬਦ ਵਿਚ ਭਗਤ ਵਾਲੀ ਆਰਤੀ ਦਾ ਖੰਡਨ ਹੈ। ਦੀਵੇ ਮਚਾ ਕੇ ਆਰਤੀ ਕਰਨ ਵਾਲੇ ਮਹਾ ਅਗਿਆਨੀ ਦੱਸੇ ਹਨ। ਨਾਲ ਲੱਗਦੇ ਇਹ ਭੀ ਹੁਕਮ ਹੈ 'ਕਿਸਨ ਬਿਸਨ ਕਬਹੂੰ ਨ ਧਿਆਊ'ਇਸ ਕਰ ਕੇ ਸਾਬਤ ਹੋਇਆ ਕਿ ਭਗਤ ਸੈਣ ਜੀ ਦੀ ਰਚਨਾ ਗੁਰੂ-ਆਸ਼ੇ ਦੇ ਉੱਕੀ ਵਿਰੁੱਧ ਹੈ।"

ਇਸ ਸ਼ਬਦ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲੇ ਸੱਜਣ ਜੀ ਨੇ ਭਗਤ ਜੀ ਬਾਰੇ ਤਿੰਨ ਗੱਲਾਂ ਦੱਸੀਆਂ ਹਨ-(੧) ਇਸ ਸ਼ਬਦ ਦੀ ਰਾਹੀਂ ਸੈਣ ਜੀ ਨੇ ਆਪਣੇ ਗੁਰੂ ਰਾਮਾਨੰਦ ਜੀ ਦੀ ਆਰਤੀ ਉਤਾਰੀ ਹੈ। (੨) ਭਗਤ ਜੀ ਪੱਕੇ ਵੈਸ਼ਨੋ ਸਨ। (੩) ਦੀਵੇ ਮਚਾ ਕੇ ਆਰਤੀ ਕਰਨ ਵਾਲਾ ਮਹਾਂ ਅਗਿਆਨੀ ਹੈ।

ਪਰ ਅਚਰਜ ਗੱਲ ਇਹ ਹੈ ਕਿ ਇਸ ਸ਼ਬਦ ਵਿਚ ਇਹਨਾਂ ਤਿੰਨਾਂ ਦੂਸ਼ਣਾਂ ਵਿਚੋਂ ਇੱਕ ਭੀ ਨਹੀਂ ਲੱਭਦਾ। ਵਿਚਾਰ ਕੇ ਵੇਖੀਏ-

(੧) ਜਿਸ ਦੀ ਉਸਤਤਿ ਇੱਥੇ ਕਰ ਰਹੇ ਹਨ, ਉਸ ਵਾਸਤੇ ਸੈਣ ਜੀ ਨੇ ਹੇਠ-ਲਿਖੇ ਲਫ਼ਜ਼ ਵਰਤੇ ਹਨ-ਕਮਲਾਪਤੀ, ਹਰਿ, ਰਾਜਾ ਰਾਮ, ਨਿਰੰਜਨ, ਪੂਰਨ, ਪਰਮਾਨੰਦ, ਮਦਨ-ਮੂਰਤਿ, ਭੈ-ਤਾਰਿ, ਗੋਬਿੰਦ। ਇਹਨਾਂ ਲਫ਼ਜ਼ਾਂ ਵਿਚ ਸੈਣ ਜੀ ਦੇ ਗੁਰੂ ਦਾ ਕੋਈ ਜ਼ਿਕਰ ਨਹੀਂ ਹੈ।

ਇਉਂ ਜਾਪਦਾ ਹੈ ਕਿ ਸ਼ੱਕ ਕਰਨ ਵਾਲੇ ਸੱਜਣ ਨੇ ਸ਼ਬਦ ਦੇ ਤੀਜੇ ਬੰਦ ਵਿਚ ਵਰਤੇ ਲਫ਼ਜ਼ 'ਰਾਮਾਨੰਦ' ਤੋਂ ਉਕਾਈ ਖਾਧੀ ਹੈ। ਇਸ ਤੁਕ ਦਾ ਅਰਥ ਇਉਂ ਹੈ-ਜੋ ਮਨੁੱਖ ਸਰਬ ਵਿਆਪਕ ਪਰਮ ਆਨੰਦ-ਸਰੂਪ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਉਸ ਰਾਮ ਦੇ ਮਿਲਾਪ ਦਾ ਆਨੰਦ ਮਾਣਦਾ ਹੈ (ਵੇਖੋ ਸ਼ਬਦ ਦੇ ਨਾਲ ਦਿੱਤੇ ਪਦ-ਅਰਥਾਂ ਨੂੰ)।

(੨) ਲਫ਼ਜ਼ 'ਮਦਨ ਮੂਰਤਿ' ਦੇ ਵਰਤਣ ਤੋਂ, ਭਗਤ ਜੀ ਨੂੰ ਵੈਸ਼ਨਵ ਸਮਝਣ ਵਿਚ ਭੀ ਉਕਾਈ ਹੀ ਖਾਧੀ ਗਈ ਹੈ। ਲਫ਼ਜ਼ 'ਮਦਨ' ਦਾ ਅਰਥ ਹੈ 'ਖੇੜਾ, ਖ਼ੁਸ਼ੀ, ਹੁਲਾਰਾ ਪੈਦਾ ਕਰਨ ਵਾਲਾ' (ਵੇਖੋ ਪਦ-ਅਰਥ)।

(੩) ਸ਼ਬਦ ਦੇ ਬੰਦ ਨੰ: ੧ ਅਤੇ ੨ ਤੋਂ ਸੈਣ ਜੀ ਨੂੰ ਦੀਵੇ ਮਚਾ ਕੇ ਆਰਤੀ ਕਰਨ ਵਾਲਾ ਸਮਝਿਆ ਗਿਆ ਹੈ, ਪਰ ਉਹ ਤਾਂ ਆਖਦੇ ਹਨ-ਹੇ ਕਮਲਾਪਤੀ! ਮੈਂ ਤੈਥੋਂ ਸਦਕੇ ਜਾਂਦਾ ਹਾਂ, ਇਹੀ ਧੂਪ, ਦੀਵੇ ਤੇ ਘਿਉ (ਆਦਿਕ) ਸਮੱਗ੍ਰੀ ਇਕੱਠੀ ਕਰ ਕੇ ਤੇਰੀ ਆਰਤੀ ਕਰਨੀ ਹੈ।੧। ਹੇ ਕਮਲਾਪਤੀ! ਤੂੰ ਨਿਰੰਜਨ ਹੀ ਮੇਰੇ ਵਾਸਤੇ (ਆਰਤੀ ਕਰਨ ਲਈ) ਸੋਹਣਾ ਚੰਗਾ ਦੀਵਾ ਤੇ ਸਾਫ਼-ਸੁਥਰੀ ਵੱਟੀ ਹੈਂ।੨।

ਸੋ, ਘਟ ਤੋਂ ਘਟ ਇਸ ਸ਼ਬਦ ਤੋਂ ਤਾਂ ਇਹ ਸਾਬਤ ਨਹੀਂ ਹੁੰਦਾ ਕਿ ਭਗਤ ਸੈਣ ਜੀ ਦੀ ਰਚਨਾ ਗੁਰੂ ਆਸ਼ੇ ਦੇ ਕਿਤੇ ਰਤਾ ਭੀ ਵਿਰੁੱਧ ਹੈ।

ਪੀਪਾ ॥ ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥ ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥ ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥ ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥ {ਪੰਨਾ 695}

ਪਦਅਰਥ: ਕਾਯਉ = ਕਾਯਾ ਹੀ, ਕਾਇਆਂ ਹੀ, ਸਰੀਰ। ਕਾਇਅਉ = ਕਾਇਆ ਹੀ। ਦੇਵਲ = {Skt. देव+आलय} ਦੇਵਾਲਾ, ਮੰਦਰ। ਜੰਗਮ = ਸ਼ਿਵ = ਉਪਾਸ਼ਕ ਰਮਤੇ ਜੋਗੀ, ਜਿਨ੍ਹਾਂ ਨੇ ਸਿਰ ਉਤੇ ਮੋਰਾਂ ਦੇ ਖੰਭ ਬੱਧੇ ਹੁੰਦੇ ਹਨ। ਜਾਤੀ = ਜਾਤ੍ਰੀ। ਨਈਬੇਦਾ = ਦੁੱਧ ਦੀ ਖੀਰ ਆਦਿਕ ਸੁਆਦਲੇ ਭੋਜਨ, ਜੋ ਮੂਰਤੀ ਦੀ ਭੇਟ ਕੀਤੇ ਜਾਣ। ਪੂਜਉ = ਮੈਂ ਪੂਜਦਾ ਹਾਂ। ਪਤੀ = ਪੱਤਰ (ਆਦਿਕ ਭੇਟ ਧਰ ਕੇ)।੧।

ਬਹੁ ਖੰਡ = ਦੇਸ ਦੇਸਾਂਤਰ। ਨਵ ਨਿਧਿ = (ਨਾਮ = ਰੂਪ) ਨੌ ਖ਼ਜ਼ਾਨੇ। ਆਇਬੋ = ਜੰਮੇਗਾ। ਜਾਇਬੋ = ਮਰੇਗਾ। ਦੁਹਾਈ = ਤੇਜ ਪ੍ਰਤਾਪ।੧।ਰਹਾਉ।

ਪਿੰਡੇ = ਸਰੀਰ ਵਿਚ। ਪਾਵੈ = ਲੱਭ ਲੈਂਦਾ ਹੈ। ਪ੍ਰਣਵੈ = ਬੇਨਤੀ ਕਰਦਾ ਹੈ। ਪਰਮ ਤਤੁ = ਪਰਮ ਆਤਮਾ, ਪਰਮਾਤਮਾ, ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦਾ ਅਸਲ ਸੋਮਾ। ਲਖਾਵੈ = ਜਣਾਉਂਦਾ ਹੈ।੨।੧।

ਅਰਥ: ਦੇਸ ਦੇਸਾਂਤਰਾਂ ਨੂੰ ਖੋਜ ਕੇ (ਆਖ਼ਰ ਆਪਣੇ) ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ-ਰੂਪ ਨੌ ਨਿਧੀ ਲੱਭ ਲਈ ਹੈ, (ਹੁਣ ਮੇਰੀ ਕਾਇਆਂ ਵਿਚ) ਪਰਮਾਤਮਾ (ਦੀ ਯਾਦ) ਦਾ ਹੀ ਤੇਜ-ਪ੍ਰਤਾਪ ਹੈ, (ਉਸ ਦੀ ਬਰਕਤਿ ਨਾਲ ਮੇਰੇ ਲਈ) ਨਾ ਕੁਝ ਜੰਮਦਾ ਹੈ ਨਾਹ ਮਰਦਾ ਹੈ (ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ)।੧।ਰਹਾਉ।

(ਸੋ) ਕਾਇਆਂ (ਦੀ ਖੋਜ) ਹੀ ਮੇਰਾ ਦੇਵਤਾ ਹੈ (ਜਿਸ ਦੀ ਮੈਂ ਆਰਤੀ ਕਰਨੀ ਹੈ) , ਸਰੀਰ (ਦੀ ਖੋਜ) ਹੀ ਮੇਰਾ ਮੰਦਰ ਹੈ (ਜਿਥੇ ਮੈਂ ਸਰੀਰ ਅੰਦਰ ਵੱਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ) , ਕਾਇਆਂ (ਦੀ ਖੋਜ) ਹੀ ਮੈਂ ਜੰਗਮ ਅਤੇ ਜਾਤ੍ਰੂ ਲਈ (ਤੀਰਥ ਦੀ ਜਾਤ੍ਰਾ ਹੈ)। ਸਰੀਰ (ਦੀ ਖੋਜ) ਹੀ (ਮੇਰੇ ਵਾਸਤੇ ਮੇਰੇ ਅੰਦਰ ਵੱਸਦੇ ਦੇਵਤੇ ਲਈ) ਧੂਪ ਦੀਪ ਤੇ ਨੈਵੇਦ ਹੈ, ਕਾਇਆ ਦੀ ਖੋਜ (ਕਰ ਕੇ) ਹੀ, ਮੈਂ ਮਾਨੋ, ਪੱਤਰ ਭੇਟ ਰੱਖ ਕੇ (ਆਪਣੇ ਅੰਦਰ ਵੱਸਦੇ ਇਸ਼ਟ ਦੇਵ ਦੀ) ਪੂਜਾ ਕਰ ਰਿਹਾ ਹਾਂ।੧।

ਪੀਪਾ ਬੇਨਤੀ ਕਰਦਾ ਹੈ-ਜੋ ਸ੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿਚ (ਵਿਆਪਕ) ਹੈ ਉਹੀ (ਮਨੁੱਖਾ) ਸਰੀਰ ਵਿਚ ਹੈ, ਜੋ ਮਨੁੱਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ, ਜੇ ਸਤਿਗੁਰੂ ਮਿਲ ਪਏ ਤਾਂ (ਅੰਦਰ ਹੀ) ਦਰਸ਼ਨ ਕਰਾ ਦੇਂਦਾ ਹੈ।੨।੧।

ਨੋਟ: ਮੂਰਤੀ-ਪੂਜਾ ਦੇ ਘੁੱਪ ਹਨੇਰੇ ਵਿਚ ਕਿਤੇ ਟਾਵੇਂ ਟਾਵੇਂ ਪ੍ਰਭੂ-ਸਿਮਰਨ ਦੀ ਇਹ ਲੋ ਹੋ ਰਹੀ ਸੀ। ਸਤਿਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਸਾਰੇ ਉਹ ਅਸਥਾਨ ਫਿਰ ਕੇ ਵੇਖੇ ਜੋ ਧਰਮ-ਪ੍ਰਚਾਰ ਦਾ ਸੋਮਾ ਅਖਵਾਂਦੇ ਸਨ। ਇਹ ਭਗਤ ਆਪੋ ਆਪਣੇ ਵਤਨ ਵਿਚ ਬੈਠੇ ਕੁਰਾਹੇ ਜਾ ਰਹੇ ਬੰਦਿਆਂ ਨੂੰ ਪ੍ਰਭੂ-ਭਗਤੀ ਦਾ ਚਾਨਣ ਦੇਣ ਦੇ ਜਤਨ ਕਰਦੇ ਰਹੇ। ਇਹ ਹੋ ਨਹੀਂ ਸੀ ਸਕਦਾ ਕਿ ਰੱਬੀ ਨੂਰ ਦੇ ਆਸ਼ਿਕ ਸਤਿਗੁਰੂ ਜੀ ਦੀਆਂ ਨਜ਼ਰਾਂ ਤੋਂ ਉਹ ਚਾਨਣ, ਜਿਸ ਨੂੰ ਉਹ ਆਪ ਪਿਆਰ ਕਰਨ ਵਾਲੇ ਸਨ, ਉਹਲੇ ਰਹਿ ਜਾਂਦਾ, ਜਦੋਂ ਕਿ ਉਹ ਸਾਰੇ ਭਾਰਤ ਵਿਚ ਇਹੀ ਚਾਨਣ ਅਪੜਾਣ ਲਈ ਪੂਰੇ ਅੱਠ ਸਾਲ ਕਈ ਔਖ ਸਹਾਰ ਸਹਾਰ ਕੇ ਫਿਰਦੇ ਰਹੇ।

ਨੋਟ: ਇਸ ਸ਼ਬਦ ਵਿਚ ਭਗਤ ਪੀਪਾ ਜੀ ਮੂਰਤੀ-ਪੂਜਾ ਦਾ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਮੰਦਰ ਵਿਚ ਅਸਥਾਪਨ ਕੀਤੇ ਦੇਵਤੇ ਨੂੰ ਧੂਪ, ਦੀਵੇ ਤੇ ਨਈਵੇਦ ਪੱਤ੍ਰ ਆਦਿਕਾਂ ਦੀ ਭੇਟ ਰੱਖ ਕੇ ਪੂਜਣ ਦੇ ਥਾਂ ਸਰੀਰ-ਮੰਦਰ ਵਿਚ ਵੱਸਦੇ ਰਾਮ ਨੂੰ ਸਿਮਰੋ।

ਹਰੇਕ ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਸੋ, 'ਰਹਾਉ' ਦੀ ਤੁਕ ਤੋਂ ਸ਼ੁਰੂ ਕੀਤਿਆਂ ਭਗਤ ਪੀਪਾ ਜੀ ਦੇ ਸ਼ਬਦ ਦਾ ਭਾਵ ਇਉਂ ਬਣਦਾ ਹੈ-ਜਿਸ ਮਨੁੱਖ ਦੇ ਸਰੀਰ ਵਿਚ ਰਾਮ ਦੀ ਯਾਦ ਦੀ ਦੁਹਾਈ ਮੱਚ ਜਾਂਦੀ ਹੈ, ਉਹ ਦੇਸ ਦੇਸਾਂਤਰਾਂ ਦੇ ਤੀਰਥਾਂ ਤੇ ਮੰਦਰਾਂ ਵਲ ਭਟਕਣ ਦੇ ਥਾਂ ਰਾਮ ਨੂੰ ਆਪਣੇ ਸਰੀਰ ਵਿਚ ਹੀ ਲੱਭ ਲੈਂਦਾ ਹੈ। ਸੋ, ਉਸ ਰਾਮ ਨੂੰ ਆਪਣੇ ਸਰੀਰ ਦੇ ਅੰਦਰ ਲੱਭੋ, ਇਹੀ ਅਸਲ ਦੇਵਤੇ ਦੀ ਭਾਲ ਹੈ, ਇਹੀ ਅਸਲ ਮੰਦਰ ਹੈ, ਇਹੀ ਅਸਲ ਪੂਜਾ ਹੈ। ਪਰ ਉਸ ਪਰਮ-ਤੱਤ (ਪਰਮਾਤਮਾ) ਨੂੰ ਨਿਰਾ ਆਪਣੇ ਸਰੀਰ ਵਿਚ ਹੀ ਨਾਹ ਸਮਝ ਰੱਖਣਾ, ਸਾਰੇ ਬ੍ਰਹਮੰਡ ਵਿਚ ਭੀ ਉਹੀ ਵੱਸਦਾ ਵੇਖੋ। ਇਹ ਸੂਝ ਸਤਿਗੁਰੂ ਪਾਸੋਂ ਮਿਲਦੀ ਹੈ।

ਭਗਤ ਜੀ ਨੇ ਇਸ ਸ਼ਬਦ ਵਿਚ ਹੇਠ-ਲਿਖੀਆਂ ਚਾਰ ਗੱਲਾਂ ਤੇ ਜ਼ੋਰ ਦਿੱਤਾ ਹੈ-(੧) ਪਰਮਾਤਮਾ ਦੀ ਯਾਦ, ਸਾਧਾਰਨ ਯਾਦ ਨਹੀਂ ਸਗੋਂ ਪਰਮਾਤਮਾ ਦੀ ਦੁਹਾਈ ਪਰਮਾਤਮਾ ਦੀ ਤੀਬਰ ਯਾਦ; (੨) ਪਰਮਾਤਮਾ ਦੀ ਯਾਦ ਹੀ ਅਸਲੀ ਦੇਵ-ਪੂਜਾ ਹੈ; (੩) ਉਹ ਪਰਮਾਤਮਾ ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ, ਸਾਰੀ ਸ੍ਰਿਸ਼ਟੀ ਵਿਚ ਭੀ ਵੱਸਦਾ ਹੈ, ਤੇ ਸਾਰੀ ਸ੍ਰਿਸ਼ਟੀ ਦਾ ਰਚਣਹਾਰਾ ਹੈ; (੪) ਸਤਿਗੁਰੂ ਹੀ ਪਰਮਾਤਮਾ ਨਾਲ ਮਿਲਾਪ ਕਰਾ ਸਕਦਾ ਹੈ।

ਪਰ ਵਿਰੋਧੀ ਸੱਜਣ ਜੀ ਇਸ ਸ਼ਬਦ ਨੂੰ ਗੁਰਮਤਿ ਦੇ ਉਲਟ ਸਮਝਦੇ ਹੋਏ ਇਸ ਬਾਰੇ ਇਉਂ ਲਿਖਦੇ ਹਨ:

"ਇਹ ਸ਼ਬਦ ਵੇਦਾਂਤ ਮਤ ਦਾ ਹੈ ਅਰੁ ਗੋਸਾਈਂ ਰਾਮਾਨੰਦ ਜੀ ਦੀ ਰਚਨਾ ਨਾਲ ਮਿਲਦਾ ਜੁਲਦਾ ਹੈ, ਮਾਨੋ, ਦੋਵੇਂ ਸ਼ਬਦ ਇੱਕ ਦੀ ਰਚਨਾ ਹਨ। ਭਗਤ ਜੀ ਕਾਇਆਂ ਵਿਚ ਰੱਬ ਮੰਨਦੇ ਹਨ। ਮੈਂ ਬ੍ਰਹਮ ਹਾਂ (ਅਹੰ ਬ੍ਰਹਮ ਅਸਮੀ) ਦਾ ਸਿੱਧਾਂਤ ਹੈ। ਇਸ ਸ਼ਬਦ ਅੰਦਰ ਪ੍ਰੇਮਾ ਭਗਤੀ ਦਾ ਲੇਸ ਬਿਲਕੁਲ ਨਹੀਂ, ਕੇਵਲ ਗਿਆਨ ਵਿਚਾਰ ਚਰਚਾ ਹੈ। ਵੇਦਾਂਤੀ ਮੂੰਹ ਜ਼ਬਾਨੀ ਲੇਖਾ ਪੱਤਾ ਨਿਬੇੜ ਕੇ ਆਪਣੇ ਆਪ ਨੂੰ ਹੀ ਰੱਬ ਕਲਪਤ ਕਰਦੇ ਹਨ, ਪਰ ਗੁਰਮਤਿ ਅੰਦਰ ਇਸ ਆਸ਼ੇ ਦਾ ਪੂਰਨ ਤੌਰ ਪਰ ਖੰਡਨ ਹੈ। ਵੇਦਾਂਤ ਮਤ ਹਉਮੈ ਹੰਕਾਰ ਦੀ ਗਠੜੀ ਹੈ। ਗੁਰਮਤਿ ਅਤੇ ਵੇਦਾਂਤ ਮਤ ਵਿਚ ਦਿਨ ਰਾਤ ਦਾ ਫ਼ਰਕ ਹੈ।"

ਸ਼ਬਦ ਦੇ ਵਿਰੁੱਧ ਉਸ ਸੱਜਣ ਜੀ ਨੇ ਦੋ ਇਤਰਾਜ਼ ਕੀਤੇ ਹਨ-(੧) ਇਹ ਸ਼ਬਦ ਵੇਦਾਂਤ ਮਤ ਦਾ ਹੈ, ਭਗਤ ਜੀ ਕਾਇਆਂ ਵਿਚ ਰੱਬ ਮੰਨਦੇ ਹਨ, 'ਮੈਂ ਬ੍ਰਹਮ ਹਾਂ' ਦਾ ਸਿੱਧਾਂਤ ਹੈ। (੨) ਇਸ ਸ਼ਬਦ ਅੰਦਰ ਪ੍ਰੇਮਾ ਭਗਤੀ ਦਾ ਲੇਸ ਬਿਲਕੁਲ ਨਹੀਂ।

ਇਤਰਾਜ਼ ਕਰਨ ਵਾਲੇ ਸੱਜਣ ਜੀ ਨੇ ਇਤਰਾਜ਼ ਕਰਨ ਵਿਚ ਕੁਝ ਕਾਹਲੀ ਕਰ ਵਿਖਾਈ ਹੈ। ਇਹਨਾਂ ਨੂੰ ਤਾਂ 'ਪ੍ਰੇਮਾ ਭਗਤੀ ਦਾ ਲੇਸ' ਭੀ ਨਹੀਂ ਲੱਭਾ, ਪਰ ਭਗਤ ਜੀ ਨੇ 'ਰਹਾਉ' ਦੀ ਤੁਕ ਵਿਚ ਸ਼ਬਦ ਦਾ ਮੁੱਖ ਭਾਵ ਹੀ ਇਹ ਆਖਿਆ ਹੈ ਕਿ ਮੰਦਰ ਵਿਚ ਜਾ ਕੇ ਮੂਰਤੀ-ਪੂਜਾ ਕਰਨ ਦੇ ਥਾਂ ਆਪਣੇ ਸਰੀਰ ਦੇ ਅੰਦਰ "ਰਾਮ ਕੀ ਦੁਹਾਈ" ਮਚਾ ਦਿਉ, ਇਤਨੀ ਤੀਬਰ ਯਾਦ ਵਿਚ ਜੁੜੋ ਕਿ ਕਿਸੇ ਅਨ-ਪੂਜਾ ਦਾ ਫੁਰਨਾ ਉੱਠੇ ਹੀ ਨਾਹ, ਅੰਦਰ ਰਾਮ ਹੀ ਰਾਮ ਦੀ ਲਿਵ ਬਣ ਜਾਏ।

ਇਤਰਾਜ਼ ਕਰਨ ਵਾਲੇ ਸੱਜਣ ਜੀ ਨੂੰ ਇਥੇ ਵੇਦਾਂਤ ਮਤ ਦਿੱਸਿਆ ਹੈ, ਪਰ ਭਗਤ ਜੀ ਨੇ ਆਪਣੇ ਰੱਬ ਬਾਰੇ ਤਿੰਨ ਗੱਲਾਂ ਸਾਫ਼ ਆਖੀਆਂ ਹਨ-ਉਹ ਰੱਬ ਮਨੁੱਖਾ ਸਰੀਰ ਵਿਚ ਵੱਸਦਾ ਹੈ, ਉਹ ਪ੍ਰਭੂ ਸਾਰੇ ਬ੍ਰਹਮੰਡ ਵਿਚ ਵੱਸਦਾ ਹੈ, ਤੇ ਉਹ ਪਰਮਾਤਮਾ "ਪਰਮ ਤਤੁ" ਹੈ, ਭਾਵ ਸਾਰੀ ਰਚਨਾ ਦਾ ਮੂਲ-ਕਾਰਨ ਹੈ, ਬ੍ਰਹਮੰਡ ਵਿਚ ਨਿਰਾ ਵੱਸਦਾ ਹੀ ਨਹੀਂ ਹੈ, ਬ੍ਰਹਮੰਡ ਨੂੰ ਬਨਾਣ ਵਾਲਾ ਭੀ ਹੈ।

ਚੰਗਾ ਹੋਵੇ ਜੇ ਅਸੀ ਕਿਸੇ ਪੱਖ-ਪਾਤ ਵਿਚ ਆ ਕੇ ਕਾਹਲੀ ਨਾਲ ਮੂੰਹ ਨਾਹ ਮੋੜਦੇ ਜਾਈਏ। ਸਮਾ ਦੇ ਕੇ ਸਹਿਜੇ ਸਹਿਜੇ ਸਾਂਝ ਪਾਓ, ਇਸ ਸ਼ਬਦ ਵਿਚ ਤੇ ਗੁਰਮਤਿ ਵਿਚ ਕੋਈ ਫ਼ਰਕ ਨਹੀਂ ਦਿੱਸੇਗਾ।

ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ਹ੍ਹੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥ {ਪੰਨਾ 695}

ਪਦਅਰਥ: ਆਰਤਾ = ਲੋੜਵੰਦਾ, ਦੁਖੀਆ, ਮੰਗਤਾ {Skt. आर्तं}੧।ਰਹਾਉ।

ਸੀਧਾ = ਆਟਾ। ਮਾਗਉ = ਮੰਗਦਾ ਹਾਂ। ਜੀਉ = ਜਿੰਦ, ਮਨ। ਪਨ੍ਹ੍ਹੀਆ = ਜੁੱਤੀ {Skt. उपानह् }ਛਾਦਨੁ = ਕਪੜਾ। ਨੀਕਾ = ਸੋਹਣਾ। ਸਤ ਸੀ ਕਾ ਅਨਾਜ = ਸੱਤ ਸੀਆਂ ਵਾਲਾ ਅੰਨ, ਉਹ ਅੰਨ ਜੋ ਪੈਲੀ ਨੂੰ ਸੱਤ ਵਾਰੀ ਵਾਹ ਕੇ ਪੈਦਾ ਕੀਤਾ ਹੋਵੇ।੧।

ਲਾਵੇਰੀ = ਦੁੱਧ ਦੇਣ ਵਾਲੀ। ਤਾਜਨਿ ਤੁਰੀ = ਅਰਬੀ ਘੋੜੀ। ਗੀਹਨਿ = {Skt. गृहिनी} ਇਸਤ੍ਰੀ। ਮੰਗੀ = ਮੰਗਿ, ਮੰਗ ਕੇ।੨।

ਅਰਥ: ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ) ; ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ।੧।ਰਹਾਉ।

ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ, ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ, ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ।੧।

ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ, ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ। ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਘਰ ਦੀ ਚੰਗੀ ਇਸਤ੍ਰੀ ਭੀ ਲੈਂਦਾ ਹਾਂ।੨।੧।

ਨੋਟ: ਸੰਸਕ੍ਰਿਤ ਲਫ਼ਜ਼ 'ਆਰਤ' {आर्तं} ਦਾ ਅਰਥ ਹੈ 'ਦੁਖੀਆ, ਲੋੜਵੰਦ'। 'ਰਹਾਉ' ਦੀ ਤੁਕ ਅਤੇ ਬਾਕੀ ਦੇ ਸਾਰੇ ਸ਼ਬਦ ਨੂੰ ਗਹੁ ਨਾਲ ਪੜ੍ਹਿਆਂ ਭੀ ਇਹੀ ਗੱਲ ਸਿੱਧ ਹੁੰਦੀ ਹੈ ਕਿ ਪ੍ਰਭੂ ਦੇ ਦਰ ਤੋਂ ਰੋਜ਼ਾਨਾ ਜੀਵਨ ਦੀਆਂ ਲੋੜਾਂ ਹੀ ਮੰਗ ਰਹੇ ਹਨ। ਲਫ਼ਜ਼ "ਗੋਪਾਲ"-ਵਿਚ ਭੀ ਇਹੀ ਇਸ਼ਾਰਾ ਮਿਲਦਾ ਹੈ (ਭਾਵ, ਧਰਤੀ ਨੂੰ ਪਾਲਣ ਵਾਲਾ)।

ਪਰ ਚੂੰਕਿ ਲਫ਼ਜ਼ 'ਆਰਤੀ' ਨਾਲ ਲਫ਼ਜ਼ 'ਆਰਤਾ' ਮਿਲਦਾ ਜੁਲਦਾ ਹੈ, ਇਸ ਵਾਸਤੇ ਇਸ ਸ਼ਬਦ ਨੂੰ ਭੀ 'ਆਰਤੀ' ਵਾਲੇ ਸ਼ਬਦਾਂ ਦੇ ਨਾਲ ਹੀ ਧਨਾਸਰੀ ਰਾਗ ਵਿਚ ਦਰਜ ਕੀਤਾ ਗਿਆ ਹੈ, ਉਂਞ 'ਆਰਤੀ' ਬਾਰੇ ਇਸ ਵਿਚ ਕੋਈ ਜ਼ਿਕਰ ਨਹੀਂ ਹੈ, ਕਿਉਂਕਿ 'ਆਰਤੀ' ਵਿਚ ਫੁੱਲ, ਦੀਵੇ ਆਦਿਕ ਦਾ ਹੋਣਾ ਜ਼ਰੂਰੀ ਹੈ।

ਨੋਟ: ਭਗਤ-ਬਾਣੀ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲਾ ਵੀਰ ਭਗਤ ਧੰਨਾ ਜੀ ਬਾਰੇ ਇਉਂ ਲਿਖਦਾ ਹੈ-"ਭਗਤ ਧੰਨਾ ਜੀ ਦੇ ਪਿਤਾ ਦਾ ਨਾਮ ਮਾਹੀ ਸੀ। ਇਹਨਾਂ ਦਾ ਵਤਨ ਇਲਾਕਾ ਮਾਰਵਾੜ ਸੀ। ਆਪ ਮਮੂਲੀ ਜ਼ਿਮੀਦਾਰ ਸਨ। ਕਿਸੇ ਬ੍ਰਾਹਮਣ ਪਾਸੋਂ ਸਾਲਗਰਾਮ ਲੈ ਕੇ ਪੂਜਾ ਕਰਨ ਲੱਗਾ। ਜਦੋਂ ਕੁਝ ਫਲ ਪਰਾਪਤ ਨਾਹ ਹੋਇਆ, ਅੰਤ ਉਸੀ ਬ੍ਰਾਹਮਣ ਨੂੰ ਜਾ ਕੇ ਸਾਲਗਰਾਮ ਮੋੜ ਦਿੱਤਾ। ਕਹਿਣ ਲੱਗਾ ਕਿ ਸਾਲਗਰਾਮ ਮੇਰੇ ਨਾਲ ਗੁੱਸੇ ਹੈ, ਮੇਰੀ ਰੋਟੀ ਨਹੀਂ ਖਾਂਦਾ। ਬ੍ਰਾਹਮਣ ਨੇ ਅਸਲ ਗੱਲ ਦੱਸੀ ਕਿ ਭਾਈ! ਇਹ ਤਾਂ ਪੱਥਰ ਹੈ, ਇਹ ਖਾਂਦਾ ਪੀਂਦਾ ਕੁਝ ਨਹੀਂ, ਰੱਬ ਤਾਂ ਹੋਰ ਹੈ।

"ਇਸ ਗੱਲ ਦਾ ਅਸਰ ਧੰਨਾ ਜੀ ਦੇ ਦਿਲ ਉੱਤੇ ਕਾਫ਼ੀ ਹੋਇਆ। ਆਖ਼ਰ ਆਪ ਰਾਮਾਨੰਦ ਜੀ ਦੀ ਮੰਡਲੀ ਨਾਲ ਰਲ ਗਏ। ਇਹਨਾਂ ਦੇ ਸੰਬੰਧ ਦੇ ਵਿਚ ਕਈ ਅਣਬਣ ਜਿਹੀਆਂ ਕਥਾਵਾਂ ਹਨ ਕਿ ਆਪ ਰੱਬ ਨਾਲ ਗੱਲਾਂ ਕੀਤਾ ਕਰਦੇ ਸੀ, ਤੇ ਉਸ ਪਾਸੋਂ ਪਸ਼ੂ ਚਰਾਉਂਦੇ।"

ਇਸ ਸ਼ਬਦ ਬਾਰੇ ਵਿਰੋਧੀ ਸੱਜਣ ਜੀ ਲਿਖਦੇ ਹਨ: ਉਕਤ ਸ਼ਬਦ ਅੰਦਰ ਭਗਤ ਜੀ ਨੇ ਆਪਣੇ ਗੁਰੂ ਤੋਂ ਗਊ, ਇਸਤ੍ਰੀ, ਘੋੜੀ ਆਦਿ ਮੰਗਾਂ ਮੰਗੀਆਂ ਹਨ। ਇਸ ਕਿਸਮ ਦਾ ਇਕ ਸ਼ਬਦ ਕਬੀਰ ਜੀ ਨੇ ਭੀ ਲਿਖਿਆ ਹੈ। ਇਹ ਸ਼ਬਦ ਉਸੀ ਦਾ ਅਨੁਵਾਦ ਰੂਪ ਹੈ, ਪਰ ਇਹ ਸਿੱਧਾਂਤ ਗੁਰਮਤ ਸਿੱਧਾਂਤ ਦੀ ਵਿਰੋਧਤਾ ਕਰਦਾ ਹੈ। ਸਤਿਗੁਰੂ ਸਾਹਿਬਾਨ ਦਾ ਸਿੱਧਾਂਤ ਇਹ ਹੈ:

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ, ਕਾਹੇ ਮਨ ਭਉ ਕਰਿਆ ॥

ਕਾਹੇ ਰੇ ਮਨ ਚਿਤਵਹਿ ਉਦਮੁ, ਜਾ ਆਹਰਿ ਹਰਿ ਜੀਉ ਪਰਿਆ ॥

ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ {ਗੂਜਰੀ ਮ: ੫

ਅਕਾਲ ਪੁਰਖ ਅਣਮੰਗਿਆਂ ਰੋਜ਼ੀ ਦਹਿੰਦ ਹੈ। ਪਰੰਤੂ ਉੱਦਮ ਦੇ ਸਾਧਨ ਕਰਨੇ ਮਾਨੁੱਖੀ ਪਰਮ ਧਰਮ ਹੈ।

ਪਰ ਜਿਸ ਸ਼ਬਦ ਦਾ ਹਵਾਲਾ ਵਿਰੋਧੀ ਸੱਜਣ ਜੀ ਨੇ ਦਿੱਤਾ ਹੈ, ਉਸ ਵਿਚ ਤਾਂ ਰੋਜ਼ੀ ਦੇ ਤੌਖ਼ਲੇ ਕਰਨ ਵੱਲੋਂ ਰੋਕਿਆ ਹੈ। ਇਹ ਤਾਂ ਕਿਤੇ ਭੀ ਨਹੀਂ ਕਿਹਾ ਗਿਆ ਕਿ ਪਰਮਾਤਮਾ ਦੇ ਦਰ ਤੋਂ ਮੰਗਣਾ ਕੁਝ ਭੀ ਨਹੀਂ। ਇਹ ਤਾਂ ਠੀਕ ਹੈ ਕਿ ਉਹ ਅਣ-ਮੰਗਿਆ ਦਾਨ ਦੇਂਦਾ ਹੈ। ਪਰ ਫਿਰ ਭੀ ਉਸ ਦੇ ਦਰ ਤੋਂ ਦੁਨੀਆਵੀ ਚੀਜ਼ਾਂ ਮੰਗਣ ਦੀ ਮਨਾਹੀ ਕਿਤੇ ਨਹੀਂ ਕੀਤੀ ਗਈ। ਸਗੋਂ ਅਨੇਕਾਂ ਐਸੇ ਸ਼ਬਦ ਮਿਲਦੇ ਹਨ, ਜਿਨ੍ਹਾਂ ਦੀ ਰਾਹੀਂ ਪਰਮਾਤਮਾ ਦੇ ਦਰ ਤੋਂ ਦੁਨੀਆਵੀ ਮੰਗਾਂ ਭੀ ਮੰਗੀਆਂ ਗਈਆਂ ਹਨ। ਹਾਂ, ਇਹ ਹੁਕਮ ਕੀਤਾ ਗਿਆ ਹੈ ਕਿ ਦਾਤਾਰ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਦਰ ਤੋਂ ਨਾਹ ਮੰਗੋ।

"ਮਾਂਗਉ ਰਾਮ ਤੇ ਸਭਿ ਥੋਕ ॥

ਮਾਨੁਖ ਕਉ ਜਾਚਤ ਸ੍ਰਮੁ ਪਾਈਐ, ਪ੍ਰਭ ਕੈ ਸਿਮਰਨਿ ਮੋਖ ॥ਰਹਾਉ।੫੦॥" {ਧਨਾਸਰੀ ਮ: ੫

"ਮੈ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ, ਮੈ ਤੁਧੁ ਆਗੈ ਅਰਦਾਸਿ ॥

ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ, ਮੇਰਾ ਦੁਖੁ ਸੁਖੁ ਤੁਧ ਹੀ ਪਾਸਿ ॥੨॥੧॥੧੨॥" {ਸੂਹੀ ਮ: ੪

ਸਿੱਖ ਦੀ ਸਰਧਾ ਤਾਂ ਇਹ ਹੈ ਕਿ ਦੁਨੀਆ ਦਾ ਹਰੇਕ ਕਾਰ-ਵਿਹਾਰ ਸ਼ੁਰੂ ਕਰਨ ਲੱਗਿਆਂ ਉਸ ਦੀ ਸਫਲਤਾ ਵਾਸਤੇ ਪ੍ਰਭੂ-ਦਰ ਤੇ ਅਰਦਾਸਿ ਕਰਨੀ ਹੈ। ਸਿੱਖ ਵਿਦਿਆਰਥੀ ਇਮਤਿਹਾਨ ਦੇਣ ਜਾ ਰਿਹਾ ਹੈ, ਤੁਰਨ ਲੱਗਿਆਂ ਅਰਦਾਸਿ ਕਰੇ। ਸਿੱਖ ਸਫ਼ਰ ਵਿਚ ਚੱਲਿਆ ਹੈ, ਅਰਦਾਸਿ ਕਰ ਕੇ ਤੁਰੇ। ਸਿੱਖ ਆਪਣਾ ਰਿਹਾਇਸ਼ੀ ਮਕਾਨ ਬਣਵਾਣ ਲੱਗਾ ਹੈ, ਨੀਂਹ ਰੱਖਣ ਵੇਲੇ ਪਹਿਲਾਂ ਅਰਦਾਸਿ ਕਰੇ। ਹਰੇਕ ਦੁਖੁ ਸੁਖ ਵੇਲੇ ਸਿੱਖ ਅਰਦਾਸਿ ਕਰੇ। ਜਦੋਂ ਕੋਈ ਰੋਗ ਆਦਿਕ ਬਿਪਤਾ ਪ੍ਰਭੂ ਦੀ ਮਿਹਰ ਨਾਲ ਦੂਰ ਹੁੰਦੀ ਹੈ, ਤਦੋਂ ਭੀ ਸਿੱਖ ਸ਼ੁਕਰਾਨੇ ਵਜੋਂ ਅਰਦਾਸਿ ਕਰੇ। ਕੀ ਇਹ ਸਾਰਾ ਉੱਦਮ ਗੁਰਮਤਿ ਦੇ ਵਿਰੁੱਧ ਹੈ? ਬਾਣੀ ਵਿਚ ਹੁਕਮ ਤਾਂ ਇਹੀ ਹੈ:

ਕੀਤਾ ਲੋੜੀਐ ਕੰਮੁ, ਸੁ ਹਰਿ ਪਹਿ ਆਖੀਐ ॥

ਕਾਰਜੁ ਦੇਇ ਸਵਾਰਿ, ਸਤਿਗੁਰ ਸਚੁ ਸਾਖੀਐ ॥੨੦॥ {ਸਿਰੀ ਰਾਗ ਕੀ ਵਾਰ

TOP OF PAGE

Sri Guru Granth Darpan, by Professor Sahib Singh