ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 697

ਜੈਤਸਰੀ ਮਃ ੪ ॥ ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥ ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥ ਮੇਰਾ ਮਨੁ ਆਲਸੀਆ ਉਘਲਾਨਾ ॥ ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥ ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥ ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥ ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥ ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥ ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥ ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥ {ਪੰਨਾ 697}

ਪਦਅਰਥ: ਕਛੂਅ = ਕੁਝ ਭੀ। ਜਾਨਹ = ਅਸੀ ਜਾਣਦੇ। ਗਤਿ = ਹਾਲਤ। ਮਿਤਿ = ਮਰਯਾਦਾ। ਗਤਿ ਮਿਤਿ = ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ। ਮੁਗਧ = ਮੂਰਖ। ਧਾਰਿ = ਕਰ ਕੇ। ਊਤਮ = ਸ੍ਰੇਸ਼ਟ। ਕਰਿ ਲੀਜੈ = ਬਣਾ ਲੈ।੧।

ਆਲਸੀਆ = ਸੁਸਤ। ਉਘਲਾਨਾ = ਸੌਂ ਗਿਆ ਸੀ, ਉਂਘਲਾ ਰਿਹਾ ਸੀ। ਆਨਿ = ਲਿਆ ਕੇ। ਮਿਲਿ = ਮਿਲ ਕੇ। ਕਪਟ = ਕਪਾਟ, ਕਿਵਾੜ, ਦਰਵਾਜ਼ੇ।ਰਹਾਉ।

ਖਿਨੁ ਖਿਨੁ = ਹਰ ਵੇਲੇ। ਹੀਅਰੈ = ਹਿਰਦੇ ਵਿਚ। ਪਰਾਨਾ = ਪ੍ਰਾਨ, ਜਿੰਦ। ਠਾਕੁਰ = ਹੇ ਠਾਕੁਰ! ਅਮਲੀ = ਨਸ਼ਈ ਮਨੁੱਖ। ਅਮਲਿ = ਨਸ਼ੇ ਵਿਚ। ਲੁਭਾਨਾ = ਲੋਭ ਕਰਦਾ ਹੈ।੨।

ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ। ਕੇਰੀ = ਦੀ। ਪੁਰਾਨਾ = ਪੁਰਾਣੇ, ਚਿਰ ਦੇ। ਹਮ ਸਰੇਵਹ = ਅਸੀ ਸੇਂਵਦੇ ਹਾਂ।੩।

ਠਾਕੁਰਿ = ਠਾਕੁਰ ਨੇ। ਜਿਨਿ = ਜਿਸ ਨੇ। ਤਿਸੁ = ਉਸ (ਗੁਰੂ) ਤੋਂ।੪।

ਅਰਥ: ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ। ਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ। ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ।ਰਹਾਉ।

ਹੇ ਭਾਈ! ਅਸੀ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ। ਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ।੧।

ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ। ਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ।੩।

ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ। ਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ। ਦਾਸ ਨਾਨਕ ਉਸ ਗੁਰੂ ਤੋਂ (ਸਦਾ) ਸਦਕੇ ਜਾਂਦਾ ਹੈ।੪।੩।

ਜੈਤਸਰੀ ਮਹਲਾ ੪ ॥ ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥ ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥ ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥ ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥ ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥ ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥ ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥ ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥ ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥ ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥ {ਪੰਨਾ 697}

ਪਦਅਰਥ: ਪੁਰਖੁ ਵਡ = ਮਹਾ ਪੁਰਖ। ਰਸਕਿ = ਰਸ ਨਾਲ, ਸੁਆਦ ਨਾਲ। ਫਲ ਲਾਗਿਬਾ = ਫਲ (ਖਾਣ) ਲੱਗ ਪੈਂਦਾ ਹੈ। ਭੁਇਅੰਗ = ਸੱਪ। ਗ੍ਰਸਿਓ = ਫੜਿਆ ਹੋਇਆ। ਬਚਨੀ = ਬਚਨੀਂ, ਬਚਨਾਂ ਉਤੇ ਤੁਰਿਆਂ। ਬਿਸੁ = ਜ਼ਹਿਰ। ਕਾਢਿਬਾ = ਕੱਢ ਦੇਂਦਾ ਹੈ।੧।

ਰਸਿ = ਰਸ ਵਿਚ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਮਿਲਿ ਸਾਧ ਗੁਰ = ਸਾਧੂ ਗੁਰੂ ਨੂੰ ਮਿਲ ਕੇ। ਨਾਮੈ = ਨਾਮ ਵਿਚ।ਰਹਾਉ।

ਸਾਧੂ = ਗੁਰੂ। ਲਿਵ = ਲਗਨ। ਉਨਮਨਿ = ਉਨਮਨ ਵਿਚ, ਉੱਚੀ ਆਤਮਕ ਅਵਸਥਾ ਵਿਚ।੨।

ਖੀਨ = ਕਮਜ਼ੋਰ, ਪਤਲੇ। ਦਰਸੁ = ਦਰਸਨ। ਤੇ = ਉਹ {ਬਹੁ-ਵਚਨ}ਦੂਜੈ ਭਾਇ = ਮਾਇਆ ਦੇ ਮੋਹ ਦੇ ਕਾਰਨ। ਪਵਹਿ = ਪੈਂਦੇ ਹਨ।੩।

ਹਰਿ = ਹੇ ਹਰੀ! ਬਿਮਲ = ਸੁਅੱਛ। ਪਗ = ਪੈਰ। ਸੇਵਹ = ਅਸੀ ਸੇਵੀਏ। ਰੇਣ = ਧੂੜ। ਨਾਨਕੁ ਮਾਗੈ = ਨਾਨਕ ਮੰਗਦਾ ਹੈ।੪।

ਅਰਥ: (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੋ ਗਿਆ ਹੈ। ਸਾਧੂ ਗੁਰੂ ਨੂੰ ਮਿਲ ਕੇ (ਜੇਹੜੇ ਮਨੁੱਖ) ਪਰਮਾਤਮਾ ਦੇ ਨਾਮ ਵਿਚ (ਜੁੜਦੇ ਹਨ) , ਪਰਮਾਤਮਾ ਦਾ ਨਾਮ ਰਸ ਚੱਖਦੇ ਹਨ ਉਹਨਾਂ ਵਿਕਾਰੀਆਂ ਨੂੰ ਭੀ ਪਰਮਾਤਮਾ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ।ਰਹਾਉ।

ਹੇ ਭਾਈ! ਗੁਰੂ (ਸਭ ਦਾ) ਸੱਜਣ ਹੈ, ਗੁਰੂ ਮਹਾ ਪੁਰਖ ਹੈ, ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਬੜੇ ਸੁਆਦ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਫਲ ਖਾਣ ਲੱਗ ਪੈਂਦਾ ਹੈ। ਹੇ ਭਾਈ! ਮਨੁੱਖ ਨੂੰ ਮਾਇਆ-ਸਪਣੀ ਗ੍ਰਸੀ ਰੱਖਦੀ ਹੈ, ਪਰ ਗੁਰੂ ਦੇ ਬਚਨਾਂ ਉਤੇ ਤੁਰਨ ਦੀ ਬਰਕਤਿ ਨਾਲ ਪਰਮਾਤਮਾ (ਉਸ ਦੇ ਅੰਦਰੋਂ) ਉਹ ਜ਼ਹਿਰ ਕੱਢ ਦੇਂਦਾ ਹੈ।੧।

ਹੇ ਭਾਈ! ਉਹ ਮਨੁੱਖ ਸਲਾਹੁਣ-ਜੋਗ ਹੋ ਜਾਂਦਾ ਹੈ, ਵੱਡੀ ਕਿਸਮਤ ਵਾਲਾ ਹੋ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ। ਗੁਰੂ ਨੂੰ ਮਿਲ ਕੇ ਉਸ ਦੀ ਸੁਰਤਿ ਉੱਚੀ ਆਤਮਕ ਅਵਸਥਾ ਵਿਚ ਟਿਕ ਜਾਂਦੀ ਹੈ। (ਜਿਉਂ ਜਿਉਂ) ਉਹ ਪਰਮਾਤਮਾ ਦੇ ਪਵਿਤ੍ਰ ਕਰਨ ਵਾਲੇ ਗੁਣ ਗਾਂਦਾ ਹੈ (ਤਿਉਂ ਤਿਉਂ ਉਸ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ।੨।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਕਦੇ) ਗੁਰੂ ਦਾ ਦਰਸਨ ਨਾਹ ਕੀਤਾ ਉਹਨਾਂ ਦੇ ਭਾਗ ਹਿਰ ਗਏ, ਧੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ-ਹੀਨਤਾ ਮਿਲ ਗਈ ਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।੩।

ਹੇ ਪ੍ਰਭੂ! ਸਾਨੂੰ ਸੁਅੱਛ ਅਕਲ ਬਖ਼ਸ਼, ਅਸੀ ਗੁਰੂ ਦੀ ਚਰਨੀਂ ਲੱਗੇ ਰਹੀਏ, ਤੇ ਹੇ ਹਰੀ! ਤੂੰ ਸਾਨੂੰ ਪਿਆਰਾ ਲੱਗਦਾ ਰਹੇਂ। ਹੇ ਭਾਈ! ਦਾਸ ਨਾਨਕ (ਤਾਂ ਪ੍ਰਭੂ ਦੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ਦਾ ਹੈ।੪।੪।

ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ {ਪੰਨਾ 697}

ਪਦਅਰਥ: ਜਿਨ ਹਿਰਦੇ = ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ। ਤਿਨ ਮਾਤ = ਉਹਨਾਂ ਦੀ ਮਾਂ। ਬਾਂਝਾ = ਸੰਢ, ਜਿਸ ਦੇ ਘਰ ਸੰਤਾਨ ਪੈਦਾ ਨਾਹ ਹੋ ਸਕੇ। ਸੁੰਞੀ = ਸੱਖਣੀ। ਦੇਹ = ਕਾਂਇਆਂ, ਸਰੀਰ। ਓਇ = ਉਹ {ਲਫ਼ਜ਼ 'ਓਹ' ਤੋਂ ਬਹੁ-ਵਚਨ}ਮੁਏ = ਆਤਮਕ ਮੌਤ ਮਰ ਗਏ। ਕਰਾਂਝਾ = ਕ੍ਰੁਝ ਕ੍ਰੁਝ ਕੇ।੧।

ਮਾਝਾ = ਅੰਦਰ, ਜੋ ਅੰਦਰ ਹੀ ਵੱਸ ਰਿਹਾ ਹੈ। ਕ੍ਰਿਪਾਲਿ = ਕ੍ਰਿਪਾਲ ਨੇ। ਪ੍ਰਭਿ = ਪ੍ਰਭੂ ਨੇ। ਗੁਰਿ = ਗੁਰੂ ਨੇ।ਰਹਾਉ।

ਕੀਰਤਿ = ਸਿਫ਼ਤਿ-ਸਾਲਾਹ। ਕਲਜੁਗਿ = ਜਗਤ ਵਿਚ। ਪਦੁ = ਆਤਮਕ ਦਰਜਾ। ਪਾਈਐ = ਮਿਲਦਾ ਹੈ। ਮਾਝਾ = ਦੀ ਰਾਹੀਂ। ਹਉ = ਮੈਂ। ਜਿਨਿ = ਜਿਸ (ਗੁਰੂ) ਨੇ {ਲਫ਼ਜ਼ 'ਜਿਨ' ਅਤੇ 'ਜਿਨਿ' ਦਾ ਫ਼ਰਕ ਚੇਤੇ ਰੱਖੋ}ਗੁਪਤੁ = ਅੰਦਰ ਲੁਕਿਆ ਹੋਇਆ।੨।

ਸਾਧ = ਗੁਰੂ। ਸਭਿ = ਸਾਰੇ। ਕਿਲਬਿਖ = ਪਾਪ। ਦਾਣਾ = ਦਾਨਾ, ਸਿਆਣਾ। ਸਾਝਾ = ਸਾਂਝੀਵਾਲ।੩।

ਜਗ ਜੀਵਨਿ = ਜਗਤ ਦੇ ਜੀਵਨ (ਪ੍ਰਭੂ) ਨੇ। ਉਰਿ = ਹਿਰਦੇ ਵਿਚ। ਮਾਝਾ = ਵਿਚ। ਦਰਿ = ਦਰ ਤੇ। ਕਾਗਦ = ਕੀਤੇ ਕਰਮਾਂ ਦੇ ਲੇਖੇ ਦੇ ਕਾਗ਼ਜ਼। ਫਾਰੇ = ਪਾੜ ਦਿੱਤੇ ਗਏ।੪।

ਅਰਥ: ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ। ਹੇ ਭਾਈ! ਕ੍ਰਿਪਾਲ ਪ੍ਰਭੂ ਨੇ (ਜਿਸ ਮਨੁੱਖ ਉਤੇ) ਕਿਰਪਾ ਕੀਤੀ ਉਸ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖ਼ਸ਼ੀ ਉਸ ਦਾ ਮਨ (ਨਾਮ ਜਪਣ ਦੀ ਕਦਰ) ਸਮਝ ਗਿਆ।ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ।੧।

ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ।੨।

ਹੇ ਭਾਈ! ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ।੩।

ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ। ਹੇ ਨਾਨਕ! ਆਖ-ਹੇ ਭਾਈ) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ।੪।੫।

TOP OF PAGE

Sri Guru Granth Darpan, by Professor Sahib Singh