ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 715 ਟੋਡੀ ਮਹਲਾ ੫ ਘਰੁ ੩ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਹਾਂ ਹਾਂ ਲਪਟਿਓ ਰੇ ਮੂੜ੍ਹ੍ਹੇ ਕਛੂ ਨ ਥੋਰੀ ॥ ਤੇਰੋ ਨਹੀ ਸੁ ਜਾਨੀ ਮੋਰੀ ॥ ਰਹਾਉ ॥ ਆਪਨ ਰਾਮੁ ਨ ਚੀਨੋ ਖਿਨੂਆ ॥ ਜੋ ਪਰਾਈ ਸੁ ਅਪਨੀ ਮਨੂਆ ॥੧॥ ਨਾਮੁ ਸੰਗੀ ਸੋ ਮਨਿ ਨ ਬਸਾਇਓ ॥ ਛੋਡਿ ਜਾਹਿ ਵਾਹੂ ਚਿਤੁ ਲਾਇਓ ॥੨॥ ਸੋ ਸੰਚਿਓ ਜਿਤੁ ਭੂਖ ਤਿਸਾਇਓ ॥ ਅੰਮ੍ਰਿਤ ਨਾਮੁ ਤੋਸਾ ਨਹੀ ਪਾਇਓ ॥੩॥ ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥ ਗੁਰ ਪ੍ਰਸਾਦਿ ਨਾਨਕ ਕੋ ਤਰਿਆ ॥੪॥੧॥੧੬॥ {ਪੰਨਾ 715} ਪਦਅਰਥ: ਹਾਂ ਹਾਂ = ਠੀਕ ਹੈ, ਮੈਂ ਸਮਝ ਲਿਆ ਹੈ। ਰੇ ਮੂੜ੍ਹ੍ਹੇ = ਹੇ ਮੂਰਖ (ਮਨ) ! ਥੋਰੀ = ਥੋੜੀ। ਸੁ = ਉਹ (ਮਾਇਆ) । ਜਾਨੀ ਮੋਰੀ = ਤੂੰ ਆਪਣੀ ਸਮਝ ਬੈਠਾ ਹੈਂ।੧।ਰਹਾਉ। ਚੀਨੋ = ਪਛਾਣਿਆ, ਸਾਂਝ ਪਾਈ। ਖਿਨੂਆ = ਇਕ ਛਿਨ ਵਾਸਤੇ ਭੀ। ਮਨੂਆ = ਮੰਨੀ ਹੋਈ ਹੈ।੧। ਸੰਗੀ = ਸਾਥੀ। ਮਨਿ = ਮਨ ਵਿਚ। ਛੋਡਿ ਜਾਹਿ = (ਜੇਹੜੇ ਪਦਾਰਥ) ਛੱਡ ਜਾਣਗੇ। ਵਾਹੂ = ਉਹਨਾਂ ਨਾਲ।੨। ਸੰਚਿਓ = ਇਕੱਠਾ ਕੀਤਾ ਹੈ। ਜਿਤੁ = ਜਿਸ ਦੀ ਰਾਹੀਂ। ਤਿਸਾਇਓ = ਤ੍ਰਿਖਾ, ਤ੍ਰੇਹ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਤੋਸਾ = ਰਸਤੇ ਦਾ ਖ਼ਰਚ।੩। ਕ੍ਰੋਧਿ = ਕ੍ਰੋਧ ਵਿਚ। ਕੂਪਿ = ਖੂਹ ਵਿਚ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਕੋ = ਕੋਈ ਵਿਰਲਾ।੪। ਅਰਥ: ਹੇ ਮੂਰਖ (ਮਨ) ! ਮੈਂ ਸਮਝ ਲਿਆ ਹੈ ਕਿ ਤੂੰ (ਮਾਇਆ ਨਾਲ) ਚੰਬੜਿਆ ਹੋਇਆ ਹੈਂ, (ਤੇਰੀ ਉਸ ਨਾਲ ਪ੍ਰੀਤਿ ਭੀ) ਕੁਝ ਥੋੜੀ ਜਿਹੀ ਨਹੀਂ ਹੈ। (ਜੇਹੜੀ ਮਾਇਆ ਸਦਾ) ਤੇਰੀ ਨਹੀਂ ਬਣੀ ਰਹਿਣੀ, ਉਸ ਨੂੰ ਤੂੰ ਆਪਣੀ ਸਮਝ ਰਿਹਾ ਹੈਂ।ਰਹਾਉ। ਹੇ ਭਾਈ! ਪਰਮਾਤਮਾ (ਹੀ) ਆਪਣਾ (ਅਸਲ ਸਾਥੀ ਹੈ ਉਸ ਨਾਲ ਤੂੰ) ਇਕ ਛਿਨ ਵਾਸਤੇ ਭੀ ਜਾਣ-ਪਛਾਣ ਨਹੀਂ ਪਾਈ। ਜੇਹੜੀ (ਮਾਇਆ) ਬਿਗਾਨੀ (ਬਣ ਜਾਣੀ) ਹੈ ਉਸ ਨੂੰ ਤੂੰ ਆਪਣੀ ਮੰਨ ਲਿਆ ਹੈ।੧। ਹੇ ਭਾਈ! ਪਰਮਾਤਮਾ ਦਾ ਨਾਮ (ਅਸਲ) ਸਾਥੀ ਹੈ, ਉਸ ਨੂੰ ਤੂੰ ਆਪਣੇ ਮਨ ਵਿਚ (ਕਦੇ) ਨਹੀਂ ਵਸਾਇਆ। (ਜੇਹੜੇ ਪਦਾਰਥ ਆਖ਼ਰ) ਛੱਡ ਜਾਣਗੇ, ਉਹਨਾਂ ਨਾਲ ਤੂੰ ਚਿੱਤ ਜੋੜਿਆ ਹੋਇਆ ਹੈ।੨। ਹੇ ਭਾਈ! ਤੂੰ ਉਸ ਧਨ-ਪਦਾਰਥ ਨੂੰ ਇਕੱਠਾ ਕਰ ਰਿਹਾ ਹੈਂ, ਜਿਸ ਦੀ ਰਾਹੀਂ (ਮਾਇਆ ਦੀ) ਭੁੱਖ ਤ੍ਰੇਹ (ਬਣੀ ਰਹੇਗੀ) । ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜੀਵਨ-ਸਫ਼ਰ ਦਾ ਖ਼ਰਚ ਹੈ, ਉਹ ਤੂੰ ਹਾਸਲ ਨਹੀਂ ਕੀਤਾ।੩। ਹੇ ਨਾਨਕ! ਆਖ-ਹੇ ਭਾਈ!) ਤੂੰ ਕਾਮ ਕ੍ਰੋਧ ਵਿਚ ਤੂੰ ਮੋਹ ਦੇ ਖੂਹ ਵਿਚ ਪਿਆ ਹੋਇਆ ਹੈਂ। (ਪਰ ਤੇਰੇ ਭੀ ਕੀਹ ਵੱਸ?) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਖੂਹ ਵਿਚੋਂ) ਪਾਰ ਲੰਘਦਾ ਹੈ।੪।੧।੧੬। ਟੋਡੀ ਮਹਲਾ ੫ ॥ ਹਮਾਰੈ ਏਕੈ ਹਰੀ ਹਰੀ ॥ ਆਨ ਅਵਰ ਸਿਞਾਣਿ ਨ ਕਰੀ ॥ ਰਹਾਉ ॥ ਵਡੈ ਭਾਗਿ ਗੁਰੁ ਅਪੁਨਾ ਪਾਇਓ ॥ ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥੧॥ ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥ ਹਰਿ ਹਰਿ ਧਿਆਇ ਕੁਸਲ ਸਭਿ ਖੇਮਾ ॥੨॥ ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥ ਮਹਾ ਅਨੰਦ ਕੀਰਤਨ ਹਰਿ ਸੁਨੀਆ ॥੩॥ ਕਹੁ ਨਾਨਕ ਜਿਨਿ ਠਾਕੁਰੁ ਪਾਇਆ ॥ ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥ {ਪੰਨਾ 715} ਪਦਅਰਥ: ਹਮਾਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਆਨ ਅਵਰ = ਕੋਈ ਹੋਰ। ਨ ਕਰੀ = ਨ ਕਰੀਂ, ਮੈਂ ਨਹੀਂ ਕਰਦਾ।ਰਹਾਉ। ਭਾਗਿ = ਕਿਸਮਤ ਨਾਲ। ਗੁਰਿ = ਗੁਰੂ ਨੇ। ਕਉ = ਨੂੰ। ਮੋ ਕਉ = ਮੈਨੂੰ। ਦ੍ਰਿੜਾਇਓ = ਪੱਕਾ ਕਰ ਦਿੱਤਾ।੧। ਨੇਮਾ = ਧਾਰਮਿਕ ਰਹਿਤ। ਕੁਸਲ ਖੇਮ = ਖ਼ੁਸ਼ੀਆਂ ਸੁਖ। ਸਭਿ = ਸਾਰੇ।੧। ਆਚਾਰ ਬਿਉਹਾਰ = ਕਰਮ ਕਾਂਡ, ਧਾਰਮਿਕ ਰਸਮਾਂ। ਗੁਨੀਆ = ਗੁਣ। ਸੁਨੀਆ = ਸੁਣ ਕੇ।੩। ਨਾਨਕ = ਹੇ ਨਾਨਕ! ਜਿਨਿ = ਜਿਸ (ਮਨੁੱਖ) ਨੇ। ਤਿਸ ਕੇ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}। ਗ੍ਰਿਹ = ਹਿਰਦਾ = ਘਰ।੪। ਅਰਥ: ਹੇ ਭਾਈ! ਮੈਂ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦਾ ਹੀ ਆਸਰਾ ਰੱਖਿਆ ਹੋਇਆ ਹੈ। (ਪਰਮਾਤਮਾ ਤੋਂ ਬਿਨਾ) ਮੈਂ ਕੋਈ ਹੋਰ ਆਸਰਾ ਨਹੀਂ ਪਛਾਣਦਾ।ਰਹਾਉ। ਹੇ ਭਾਈ! ਬੜੀ ਕਿਸਮਤਿ ਨਾਲ ਮੈਂ ਆਪਣਾ ਗੁਰੂ ਲੱਭਾ। ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ (ਦੇ ਕੇ) ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ।੧। ਹੁਣ, ਹੇ ਭਾਈ! ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ) ਜਪ ਤਪ ਹੈ, ਵਰਤ ਹੈ, ਧਾਰਮਿਕ ਨਿਯਮ ਹੈ। ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੈਨੂੰ ਸਾਰੇ ਸੁਖ ਆਨੰਦ ਪ੍ਰਾਪਤ ਹੋ ਰਹੇ ਹਨ।੨। ਹੇ ਭਾਈ! ਪਰਮਾਤਮਾ ਦੇ ਗੁਣ ਗਾਣੇ (ਹੁਣ ਮੇਰੇ ਵਾਸਤੇ) ਧਾਰਮਿਕ ਰਸਮਾਂ ਅਤੇ (ਉੱਚੀ) ਜਾਤਿ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ (ਮੇਰੇ ਅੰਦਰ) ਵੱਡਾ ਆਨੰਦ ਪੈਦਾ ਹੁੰਦਾ ਹੈ।੩। ਹੇ ਨਾਨਕ! ਆਖ-ਜਿਸ ਮਨੁੱਖ ਨੇ (ਆਪਣੇ ਹਿਰਦੇ ਵਿਚ ਵੱਸਦਾ) ਪਰਮਾਤਮਾ ਲੱਭ ਲਿਆ, ਉਸ ਦੇ ਹਿਰਦੇ-ਘਰ ਵਿਚ ਹਰੇਕ ਚੀਜ਼ ਆ ਗਈ।੪।੨।੧੭। ਟੋਡੀ ਮਹਲਾ ੫ ਘਰੁ ੪ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਰੂੜੋ ਮਨੁ ਹਰਿ ਰੰਗੋ ਲੋੜੈ ॥ ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥ ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥ ਗੁਰ ਮਿਲਿ ਭਰਮੁ ਗਵਾਇਆ ਹੇ ॥੧॥ ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥ ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥ {ਪੰਨਾ 715} ਪਦਅਰਥ: ਰੂੜੋ = ਸੁੰਦਰ। ਰੂੜੋ ਹਰਿ ਰੰਗੋ = ਪਰਮਾਤਮਾ ਦਾ ਸੋਹਣਾ ਪ੍ਰੇਮ = ਰੰਗ। ਲੋੜੈ = ਚਾਹੁੰਦਾ ਹੈ। ਗਾਲੀ = (ਨਿਰੀਆਂ) ਗੱਲਾਂ ਨਾਲ। ਨੀਹੁ = ਨਿਹੁ, ਪ੍ਰੇਮ।ਰਹਾਉ। ਹਉ = ਮੈਂ। ਢੂਢੇਦੀ = ਢੂੰਢਦੀ ਰਹੀ। ਬੀਥੀ = {वीथि} ਗਲੀ। ਬੀਥੀ ਬੀਥੀ = ਗਲੀ ਗਲੀ, ਜਾਪ ਤਾਪ ਕਰਮ ਕਾਂਡ ਆਦਿਕ ਦੀ ਹਰੇਕ ਗਲੀ। ਪੇਖਾ = ਪੇਖਾਂ, ਮੈਂ ਵੇਖਿਆ। ਮਿਲਿ = ਮਿਲ ਕੇ। ਭਰਮੁ = ਭਟਕਦਾ।੧। ਬੁਧਿ = ਅਕਲ, ਸਮਝ। ਸਾਧੂ ਕੰਨਹੁ = ਗੁਰੂ ਪਾਸੋਂ। ਧੁਰਿ = ਧੁਰ ਦਰਗਾਹ ਤੋਂ। ਅਲੋਇ = (ਮੈਂ) ਵੇਖ ਲਿਆ।੨। ਅਰਥ: (ਹੇ ਭਾਈ! ਉਂਞ ਤਾਂ ਇਹ) ਮਨ ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ (ਪ੍ਰਾਪਤ ਕਰਨਾ) ਚਾਹੁੰਦਾ ਰਹਿੰਦਾ ਹੈ, ਪਰ ਨਿਰੀਆਂ ਗੱਲਾਂ ਨਾਲ ਪ੍ਰੇਮ ਨਹੀਂ ਮਿਲਦਾ।ਰਹਾਉ। ਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ ਮੈਂ (ਜਾਪ ਤਾਪ ਕਰਮ ਕਾਂਡ ਆਦਿਕ ਦੀ) ਗਲੀ ਗਲੀ ਢੂੰਢਦੀ ਰਹੀ, ਵੇਖਦੀ ਰਹੀ। (ਆਖ਼ਰ) ਗੁਰੂ ਨੂੰ ਮਿਲ ਕੇ (ਮੈਂ ਆਪਣੇ ਮਨ ਦੀ) ਭਟਕਣਾ ਦੂਰ ਕੀਤੀ ਹੈ।੧। (ਹੇ ਭਾਈ! ਮਨ ਦੀ ਭਟਕਣਾ ਦੂਰ ਕਰਨ ਦੀ) ਇਹ ਅਕਲ ਮੈਂ ਗੁਰੂ ਪਾਸੋਂ ਹਾਸਲ ਕੀਤੀ, ਮੇਰੇ ਮੱਥੇ ਉਤੇ (ਗੁਰੂ ਦੇ ਮਿਲਾਪ ਦਾ) ਲੇਖ ਧੁਰ ਦਰਗਾਹ ਤੋਂ ਲਿਖਿਆ ਹੋਇਆ ਸੀ। ਹੇ ਨਾਨਕ! ਆਖ-) ਇਸ ਤਰ੍ਹਾਂ ਮੈਂ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਆਪਣੀਆਂ ਅੱਖਾਂ ਨਾਲ ਵੇਖ ਲਿਆ।੨।੧।੧੮। ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥ {ਪੰਨਾ 715} ਪਦਅਰਥ: ਗਰਬਿ = ਅਹੰਕਾਰ ਵਿਚ। ਗਹਿਲੜੋ = ਗਹਿਲਾ, ਬਾਵਲਾ, ਝੱਲਾ। ਮੂੜੜੋ = ਮੂੜ੍ਹਾ, ਮੂਰਖ। ਹੀਓ = ਹਿਰਦਾ। ਰੇ = ਹੇ ਭਾਈ! ਮਹਰਾਜ ਰੀ = ਮਹਾਰਾਜ ਦੀ। ਮਾਇਓ = ਮਾਇਆ (ਨੇ) । ਡੀਹਰ ਨਿਆਈ = ਮੱਛੀ ਵਾਂਗ। ਮੋਹਿ = ਮੋਹ ਵਿਚ। ਫਾਕਿਓ = ਫਸਾ ਲਿਆ ਹੈ।ਰਹਾਉ। ਘਣੋ = ਬਹੁਤ। ਸਦ = ਸਦਾ। ਲੋੜੈ = ਮੰਗਦਾ ਹੈ। ਬਿਨੁ ਲਹਣੇ = ਭਾਗਾਂ ਤੋਂ ਬਿਨਾ। ਕੈਠੇ = ਕਿਸ ਥਾਂ ਤੋਂ, ਕਿਥੋਂ? ਮਹਰਾਜ ਰੋ = ਮਹਾਰਾਜ ਦਾ। ਗਾਥੁ = ਸਰੀਰ। ਵਾਹੂ ਸਿਉ = ਉਸ (ਸਰੀਰ) ਨਾਲ ਹੀ। ਲੁਭੜਿਓ = ਲੋਭ ਕਰ ਰਿਹਾ ਹੈ, ਮੋਹ ਕਰ ਰਿਹਾ ਹੈ। ਨਿਹਭਾਗੜੋ = ਨਿਭਾਗਾ। ਭਾਹਿ = (ਤ੍ਰਿਸ਼ਨਾ ਦੀ) ਅੱਗ। ਸੰਜੋਇਓ = ਜੋੜ ਰਿਹਾ ਹੈ।੧। ਮਨ = ਹੇ ਮਨ! ਸੀਖ = ਸਿੱਖਿਆ। ਸਾਧੂ ਜਨ = ਗੁਰਮੁਖਿ ਸਤਸੰਗੀ। ਸਗਲੋ = ਸਾਰੇ। ਥਾਰੇ = ਤੇਰੇ। ਪ੍ਰਾਛਤ = ਪਾਪ। ਜਾ ਕੋ = ਜਿਸ ਦਾ। ਗਾਠੜੀਓ = ਗਠੜੀ ਵਿਚੋਂ। ਗਰਭਾਸਿ = ਗਰਭ ਜੂਨ ਵਿਚ। ਨ ਪਉੜਿਓ = ਨਹੀਂ ਪੈਂਦਾ।੨। ਅਰਥ: ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ।ਰਹਾਉ। ਹੇ ਭਾਈ! ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ।੧। ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਆਖ-) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ।੨।੨।੧੯। |
Sri Guru Granth Darpan, by Professor Sahib Singh |