ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 725 ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ ॥ ਸੇ ਗੁਣ ਮੁਝੈ ਨ ਆਵਨੀ ਕੈ ਜੀ ਦੋਸੁ ਧਰੇਹ ॥੪॥ ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ ॥ ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥੫॥ ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ ॥ ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ ॥੬॥ {ਪੰਨਾ 725} ਪਦਅਰਥ: ਕੰਤੁ = ਪਤੀ = ਪ੍ਰਭੂ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ {सौभागिनी}। ਮੈ ਤੇ = ਮੇਰੇ ਨਾਲੋਂ। ਤੇ = ਤੋਂ, ਨਾਲੋਂ। ਵਧਵੀ = ਚੰਗੀਆਂ। ਮੁਝੈ = ਮੇਰੇ ਅੰਦਰ, ਮੈਨੂੰ। ਆਵਨੀ = ਆਵਨਿ, ਆਉਂਦੇ, ਪੈਦਾ ਹੁੰਦੇ। ਕੈ = ਕਿਸੁ, ਕਿਸ ਉੱਤੇ? ਧਰੇਹ = ਧਰਾਂ।੪। ਜਿਨੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸਹੁ = ਪਤੀ = ਪ੍ਰਭੂ। ਰਾਵਿਆ = ਸਿਮਰਿਆ। ਜਾਏ = ਜਾਇ, ਜਾ ਕੇ। ਪਾਇ = ਪੈਂਰੀ। ਲਗਉ = ਲਗਉਂ, ਮੈਂ ਲੱਗਾਂਗੀ। ਕਰਉ = ਕਰਉਂ, ਮੈਂ ਕਰਾਂਗੀ। ਪੰਥੁ = ਰਸਤਾ। ਬਤਾਏ ਲੇਉਗੀ = ਬਤਾਇ ਲੇਉਂਗੀ, ਪੁੱਛ ਲਵਾਂਗੀ।੫। ਭਉ = ਡਰ, ਅਦਬ। ਕਾਮਣ = ਟੂਣੇ, ਜਾਦੂ। ਕਾਮਣਿ = ਇਸਤ੍ਰੀ। ਤਉ = ਤਦੋਂ।੬। ਅਰਥ: ਜਿਨ੍ਹਾਂ ਚੰਗੇ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਨੇ ਪ੍ਰਭੂ-ਪਤੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਮੈਥੋਂ ਚੰਗੀਆਂ ਹਨ, (ਜੇਹੜੇ ਗੁਣ ਉਹਨਾਂ ਦੇ ਅੰਦਰ ਹਨ) ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ, (ਇਸ ਵਾਸਤੇ) ਮੈਂ ਕਿਸ ਉਤੇ ਦੋਸ਼ ਥੱਪਾਂ (ਕਿ ਮੈਨੂੰ ਪ੍ਰਭੂ-ਪਤੀ ਕਿਉਂ ਨਹੀਂ ਮਿਲਦਾ) ?।੪। (ਹੁਣ) ਮੈਂ ਉਹਨਾਂ ਸਹੇਲੀਆਂ ਨੂੰ ਜਾ ਕੇ ਪੁੱਛਾਂਗੀ, ਜਿਨ੍ਹਾਂ ਨੇ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਕਰ ਲਿਆ ਹੈ। ਮੈਂ ਉਹਨਾਂ ਦੇ ਚਰਨੀ ਲੱਗਾਂਗੀ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗੀ, (ਤੇ, ਉਹਨਾਂ ਪਾਸੋਂ ਪ੍ਰਭੂ-ਪਤੀ ਦੇ ਮਿਲਾਪ ਦਾ) ਰਸਤਾ ਪੁੱਛ ਲਵਾਂਗੀ।੫। ਹੇ ਨਾਨਕ! ਜਦੋਂ (ਜੀਵ-ਇਸਤ੍ਰੀ ਪ੍ਰਭੂ-ਪਤੀ ਦੀ) ਰਜ਼ਾ ਨੂੰ ਸਮਝ ਲੈਂਦੀ ਹੈ, ਜਦੋਂ ਉਸ ਦੇ ਡਰ-ਅਦਬ ਨੂੰ (ਜਿੰਦ ਵਾਸਤੇ ਸੁਗੰਧੀ ਬਣਾਂਦੀ ਹੈ, ਜਿਵੇਂ ਸਰੀਰ ਉਤੇ ਕੋਈ ਇਸਤ੍ਰੀ) ਚੰਦਨ ਲਾਂਦੀ ਹੈ, ਜਦੋਂ ਇਸਤ੍ਰੀ (ਪਤੀ ਨੂੰ ਵੱਸ ਕਰਨ ਵਾਸਤੇ ਆਤਮਕ) ਗੁਣਾਂ ਨੂੰ ਟੂਣੇ ਬਣਾਂਦੀ ਹੈ, ਤਦੋਂ ਉਹ ਪ੍ਰਭੂ ਪਿਆਰੇ ਦਾ ਮਿਲਾਪ ਹਾਸਲ ਕਰ ਲੈਂਦੀ ਹੈ।੬। ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ ॥ ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥੭॥ ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥ ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥੮॥ ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ ॥ ਰਸੀਆ ਹੋਵੈ ਮੁਸਕ ਕਾ ਤਬ ਫੂਲੁ ਪਛਾਣੈ ॥੯॥ ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥ ਸਹਜੇ ਸਹਜੇ ਮਿਲਿ ਰਹੈ ਅਮਰਾ ਪਦੁ ਪਾਵੈ ॥੧੦॥੧॥ {ਪੰਨਾ 725} ਪਦਅਰਥ: ਦਿਲਿ = ਦਿਲ ਵਿਚ। ਰੇ = ਹੇ ਭਾਈ! ਸੋਈ = ਉਹੀ ਮਨੁੱਖ। ਲੋਚੀਐ = ਤਾਂਘ ਕਰੀਏ। ਬਾਤੀ = ਬਾਤੀਂ, ਗੱਲਾਂ ਨਾਲ। ਮੇਲੁ = ਮਿਲਾਪ।੭। ਧਾਤੁ = (ਸੋਨਾ ਆਦਿਕ) ਧਾਤ। ਫੁਨਿ = ਮੁੜ (ਗਲ ਕੇ) । ਕਉ = ਨੂੰ। ਲਿਵ = ਲਗਨ, ਪਿਆਰ। ਲਿਵੈ ਕਉ = ਪਿਆਰ ਵਲ ਹੀ। ਧਾਵੈ = ਦੌੜਦਾ ਹੈ। ਪਰਸਾਦੀ = ਕਿਰਪਾ ਨਾਲ ਹੀ। ਜਾਣੀਐ = ਸਮਝ ਆਉਂਦੀ ਹੈ। ਤਉ = ਤਦੋਂ। ਅਨਭਉ = ਭੈ = ਰਹਿਤ ਪ੍ਰਭੂ।੮। ਪਾਨਾ ਵਾੜੀ = ਪਾਨਾਂ ਦੀ ਕਿਆਰੀ। ਘਰਿ = ਘਰ ਵਿਚ। ਖਰੁ = ਖ਼ਰੁ, ਖੋਤਾ, ਮੂਰਖ ਮਨੁੱਖ। ਸਾਰ = ਕਦਰ। ਰਸੀਆ = ਪ੍ਰੇਮੀ। ਮੁਸਕ = ਮੁਸ਼ਕ, ਕਸਤੂਰੀ, ਸੁਗੰਧੀ। ਪਛਾਣੈ = ਸਾਂਝ ਪਾਂਦਾ ਹੈ।੯। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ = ਜਲ। ਭ੍ਰਮੁ = ਭਟਕਣਾ। ਭ੍ਰਮਿ = ਭਟਕਣਾ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਅਮਰ = ਮੌਤ ਤੋਂ ਰਹਿਤ। ਅਮਰਾ ਪਦੁ = ਉਹ ਦਰਜਾ ਜਿਥੇ ਆਤਮਕ ਮੌਤ ਨਹੀਂ ਪੁੰਹਦੀ।੧੦। ਅਰਥ: ਹੇ ਭਾਈ! ਜੇਹੜਾ ਮਨੁੱਖ ਆਪਣੇ ਦਿਲ ਦੀ ਰਾਹੀਂ (ਪਰਮਾਤਮਾ ਦੇ ਚਰਨਾਂ ਵਿਚ) ਮਿਲਿਆ ਹੈ, ਉਹ ਸਦਾ ਪ੍ਰਭੂ ਨਾਲ ਮਿਲਿਆ ਰਹਿੰਦਾ ਹੈ, ਉਹੀ ਮਨੁੱਖ (ਪ੍ਰਭੂ-ਚਰਨਾਂ ਵਿਚ) ਮਿਲਿਆ ਹੋਇਆ ਆਖਿਆ ਜਾ ਸਕਦਾ ਹੈ। ਨਿਰੀਆਂ ਗੱਲਾਂ ਦੀ ਰਾਹੀਂ (ਪ੍ਰਭੂ ਨਾਲ) ਮਿਲਾਪ ਨਹੀਂ ਹੋ ਸਕਦਾ, ਭਾਵੇਂ ਕਿਤਨੀ ਹੀ ਤਾਂਘ ਕਰਦੇ ਰਹੀਏ।੭। ਹੇ ਭਾਈ! ਜਿਵੇਂ ਸੋਨਾ ਆਦਿਕ) ਧਾਤ (ਕੁਠਾਲੀ ਵਿਚ ਗਲ ਕੇ) ਮੁੜ (ਹੋਰ) (ਸੋਨੇ-) ਧਾਤ ਨਾਲ ਮਿਲ ਜਾਂਦੀ ਹੈ, (ਇਸੇ ਤਰ੍ਹਾਂ) ਪਿਆਰ ਪਿਆਰ ਵਲ ਦੌੜਦਾ ਹੈ (ਖਿੱਚ ਖਾਂਦਾ ਹੈ) । ਜਦੋਂ ਗੁਰੂ ਦੀ ਕਿਰਪਾ ਨਾਲ ਇਹ ਸੂਝ ਪੈਂਦੀ ਹੈ, ਤਦੋਂ ਮਨੁੱਖ ਡਰ-ਰਹਿਤ ਪ੍ਰਭੂ ਨੂੰ ਮਿਲ ਪੈਂਦਾ ਹੈ।੮। ਹੇ ਭਾਈ! ਪਾਨਾਂ ਦੀ ਕਿਆਰੀ (ਹਿਰਦੇ-) ਘਰ ਵਿਚ ਲੱਗੀ ਹੋਈ ਹੈ, ਪਰ ਖੋਤਾ (ਮੂਰਖ ਮਨੁੱਖ ਇਸ ਦੀ) ਕਦਰ ਨਹੀਂ ਜਾਣਦਾ। ਜਦੋਂ ਮਨੁੱਖ ਸੁਗੰਧੀ ਦਾ ਪ੍ਰੇਮੀ ਬਣ ਜਾਂਦਾ ਹੈ, ਤਦੋਂ ਫੁਲਾਂ ਨਾਲ ਪਿਆਰ ਪਾਂਦਾ ਹੈ।੯। ਹੇ ਨਾਨਕ! ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਸ (ਦੇ ਮਨ) ਦੀ ਭਟਕਣਾ ਅੰਦਰੇ ਅੰਦਰ ਹੀ ਮੁੱਕ ਜਾਂਦੀ ਹੈ। ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਉਹ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਆਤਮਕ ਮੌਤ ਨੇੜੇ ਨਹੀਂ ਢੁਕਦੀ।੧੦।੧। ਨੋਟ: ਇਸ ਬਾਣੀ ਦੇ ਸ਼ੁਰੂ ਵਿਚ ਕੋਈ ਸਿਰਲੇਖ ਨਹੀਂ ਹੈ, ਪਰ ਇਹ 'ਅਸ਼ਟਪਦੀ' ਹੀ ਹੈ। ਉਂਞ, ਸਾਧਾਰਨ ਨਿਯਮ ਅਨੁਸਾਰ 'ਅਸ਼ਟਪਦੀਆਂ' ਤਦੋਂ ਹੀ ਦਰਜ ਹੁੰਦੀਆਂ ਹਨ, ਜਦੋਂ ਮਹਲਾ ੯ ਦੇ ਸ਼ਬਦ ਭੀ ਦਰਜ ਹੋ ਚੁਕਦੇ ਹਨ। ਇਸ ਰਾਗ ਵਿਚ ਮਹਲਾ ੯ ਦੇ ਸ਼ਬਦ ਅਜੇ ਅਗਾਂਹ ਆਉਣੇ ਹਨ। ਤਿਲੰਗ ਮਹਲਾ ੪ ॥ ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥ ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥ ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ ॥ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥ ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥ ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥ {ਪੰਨਾ 725} ਪਦਅਰਥ: ਕੀਆ = ਦੀਆਂ। ਕਥਾ ਕਹਾਣੀਆ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਗੁਰਿ = ਗੁਰੂ ਨੇ। ਮੀਤਿ = ਮਿੱਤਰ ਨੇ। ਕਉ = ਨੂੰ, ਤੋਂ। ਬਲਿ ਜਾਈਆ = ਮੈਂ ਸਦਕੇ ਜਾਂਦਾ ਹਾਂ, ਬਲਿ ਜਾਂਦੀਆਂ।੧। ਆਇ = ਆ ਕੇ। ਗੁਰਸਿਖ = ਹੇ ਗੁਰੂ ਦੇ ਸਿੱਖ!।ਰਹਾਉ। ਭਾਵਦੇ = ਚੰਗੇ ਲੱਗਦੇ ਹਨ। ਸੇ = ਉਹ ਗੁਣ (ਬਹੁ-ਵਚਨ) । ਤੇ = ਤੋਂ, ਪਾਸੋਂ। ਭਾਣਾ = ਰਜ਼ਾ। ਘੁਮਿ ਘੁਮਿ ਜਾਏ = ਘੁਮਿ ਘੁਮਿ ਜਾਈਂ, ਮੈਂ ਮੁੜ ਮੁੜ ਸਦਕੇ ਜਾਂਦਾ ਹਾਂ।੨। ਹਉ = ਮੈਂ, ਹਉਂ। ਵਾਰੀ = ਕੁਰਬਾਨ। ਚਾਕਰੀ = ਸੇਵਾ। ਸਦ = ਸਦਾ।੩। ਹਰਿ = ਹੇ ਹਰੀ! ਤੇ = ਤੋਂ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਨਿਸਤਾਰਾ = ਪਾਰ = ਉਤਾਰਾ।੪। ਤੇ = ਉਹ {ਬਹੁ-ਵਚਨ}। ਪਰਵਾਨਾ = ਕਬੂਲ, ਮਨਜ਼ੂਰ। ਵਿਟਹੁ = ਤੋਂ।੫। ਅਰਥ: ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ।ਰਹਾਉ। ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ। ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ।੧। ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ। ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ। ਮੈਂ ਉਹਨਾਂ (ਵਡ-ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ।੨। ਹੇ ਗੁਰਸਿੱਖ! ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਸਦਾ ਸਦਕੇ ਜਾਂਦਾ ਹਾਂ, ਜਿਨ੍ਹਾਂ ਪਿਆਰੇ ਗੁਰੂ ਦਾ ਦਰਸਨ ਕੀਤਾ ਹੈ, ਜਿਨ੍ਹਾਂ ਗੁਰੂ ਦੀ (ਦੱਸੀ) ਸੇਵਾ ਕੀਤੀ ਹੈ।੩। ਹੇ ਹਰੀ! ਤੇਰਾ ਨਾਮ ਸਾਰੇ ਦੁੱਖ ਦੂਰ ਕਰਨ ਦੇ ਸਮਰੱਥ ਹੈ, (ਪਰ ਇਹ ਨਾਮ) ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਗੁਰੂ ਦੇ ਸਨਮੁਖ ਰਿਹਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ।੪। ਹੇ ਗੁਰਸਿੱਖ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ। ਨਾਨਕ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹੈ, ਸਦਾ ਸਦਕੇ ਜਾਂਦਾ ਹੈ।੫। ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥ ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥ ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥ ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥ ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥ ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥ ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ ॥ ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥ ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ ॥ ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥ {ਪੰਨਾ 725} ਪਦਅਰਥ: ਸਾ = ਉਹ {ਇਸਤ੍ਰੀ ਲਿੰਗ}। ਹਰਿ ਪ੍ਰਭ = ਹੇ ਹਰੀ ਪ੍ਰਭੂ! ਭਾਵੈ = (ਤੈਨੂੰ) ਚੰਗੀ ਲੱਗਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਾਵੈ = ਦੇਂਦਾ ਹੈ।੬। ਸੇਤੀ = ਨਾਲ। ਪਿਰਹੜੀ = ਪ੍ਰੇਮ। ਤਿਨਾ ਜੀਅ = ਉਹਨਾਂ ਦੇ ਦਿਲ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਜਪਿ = ਜਪ ਕੇ। ਜੀਵਦੇ = ਆਤਮਕ ਜੀਵਨ ਹਾਸਲ ਕਰਦੇ ਹਨ। ਸਮਾਲੇ = ਸਮਾਲਿ, ਹਿਰਦੇ ਵਿਚ ਸੰਭਾਲ ਕੇ।੭। ਕਉ = ਨੂੰ, ਤੋਂ। ਘੁਮਿ ਜਾਇਆ = ਮੈਂ ਸਦਕੇ ਜਾਂਦਾ ਹਾਂ। ਸਿਉ = ਸਮੇਤ। ਸਭੁ = ਸਾਰਾ।੮। ਗੁਰਿ ਪਿਆਰੈ = ਪਿਆਰੇ ਗੁਰੂ ਦੀ ਰਾਹੀਂ। ਧੰਨੁ = {धन्य} ਸਲਾਹੁਣ = ਜੋਗ। ਗੁਰਿ = ਗੁਰੂ ਨੇ। ਮਾਰਗੁ = ਰਸਤਾ। ਗੁਰ ਪੁੰਨੁ = ਗੁਰੂ ਦਾ ਉਪਕਾਰ।੯। ਗੁਰਸਿਖ = ਗੁਰੂ ਦੇ ਸਿੱਖ। ਪੁੰਨ = {ਵਿਸ਼ੇਸ਼ਣ} ਪਵਿਤ੍ਰ, ਭਾਗਾਂ ਵਾਲੇ। ਸੇ ਪਰਾਣੀ = ਉਹ ਬੰਦੇ।੧੦। ਅਰਥ: ਹੇ ਹਰੀ! ਹੇ ਪ੍ਰਭੂ! ਉਹੀ ਸਿਫ਼ਤਿ-ਸਾਲਾਹ ਤੇਰੀ ਸਿਫ਼ਤਿ-ਸਾਲਾਹ ਕਹੀ ਜਾ ਸਕਦੀ ਹੈ ਜੇਹੜੀ ਤੈਨੂੰ ਪਸੰਦ ਆ ਜਾਂਦੀ ਹੈ। (ਹੇ ਭਾਈ!) ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਉਹਨਾਂ ਨੂੰ ਪ੍ਰਭੂ (ਸੁਖ-) ਫਲ ਦੇਂਦਾ ਹੈ।੬। ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ, ਉਹਨਾਂ ਦੇ ਦਿਲ (ਸਦਾ) ਪ੍ਰਭੂ (ਦੇ ਚਰਨਾਂ) ਨਾਲ ਹੀ (ਜੁੜੇ ਰਹਿੰਦੇ) ਹਨ। ਉਹ ਮਨੁੱਖ ਪਿਆਰੇ ਪ੍ਰਭੂ ਨੂੰ ਸਦਾ ਸਿਮਰ ਸਿਮਰ ਕੇ, ਪ੍ਰਭੂ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਆਤਮਕ ਜੀਵਨ ਹਾਸਲ ਕਰਦੇ ਹਨ।੭। ਹੇ ਭਾਈ! ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਪਿਆਰੇ ਪ੍ਰਭੂ ਦੀ ਸੇਵਾ-ਭਗਤੀ ਕੀਤੀ ਹੈ। ਉਹ ਮਨੁੱਖ ਆਪ (ਆਪਣੇ) ਪਰਵਾਰ ਸਮੇਤ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ, ਉਹਨਾਂ ਸਾਰਾ ਸੰਸਾਰ ਭੀ ਬਚਾ ਲਿਆ ਹੈ।੮। ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਸਲਾਹੁਣ-ਜੋਗ ਹੈ, ਪਿਆਰੇ ਗੁਰੂ ਦੀ ਰਾਹੀਂ (ਹੀ) ਮੈਂ ਪਰਮਾਤਮਾ ਦੀ ਸੇਵਾ-ਭਗਤੀ ਸ਼ੁਰੂ ਕੀਤੀ ਹੈ। ਮੈਨੂੰ ਗੁਰੂ ਨੇ (ਹੀ) ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸਿਆ ਹੈ। ਗੁਰੂ ਦਾ (ਮੇਰੇ ਉਤੇ ਇਹ) ਉਪਕਾਰ ਹੈ, ਵੱਡਾ ਉਪਕਾਰ ਹੈ।੯। ਹੇ ਭਾਈ! ਗੁਰੂ ਦੇ ਜੇਹੜੇ ਸਿੱਖ ਗੁਰੂ ਦੀ (ਦੱਸੀ) ਸੇਵਾ ਕਰਦੇ ਹਨ, ਉਹ ਭਾਗਾਂ ਵਾਲੇ ਹੋ ਗਏ ਹਨ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ, ਸਦਾ ਹੀ ਕੁਰਬਾਨ ਜਾਂਦਾ ਹੈ।੧੦। |
Sri Guru Granth Darpan, by Professor Sahib Singh |