ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 729

ਸੂਹੀ ਮਹਲਾ ੧ ਘਰੁ ੬    ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ {ਪੰਨਾ 729}

ਪਦਅਰਥ: ਚਿਲਕਣਾ = ਲਿਸ਼ਕਵਾਂ। ਘੋਟਿਮ = ਮੈਂ ਘੋਟਿਆ, ਮੈਂ ਘਸਾਇਆ। ਕਾਲੜੀ = ਕਾਲੀ ਜੇਹੀ, ਥੋੜੀ ਥੋੜੀ ਕਾਲੀ। ਮਸੁ = ਸਿਆਹੀ। ਸਉ = ਸੌ ਵਾਰੀ। ਤਿਸੁ = ਉਸ ਕੈਂਹ (ਦੇ ਭਾਂਡੇ) ਨੂੰ।੧।

ਸੇਈ = ਉਹ ਹੀ। ਮੈ ਨਾਲਿ ਚਲੰਨ੍ਹ੍ਹਿ = ਮੇਰੇ ਨਾਲ ਸਾਥ ਕਰਦੇ ਹਨ। ਮੰਗੀਐ = ਮੰਗਿਆ ਜਾਂਦਾ ਹੈ। ਖੜੇ = ਖਲੋਤੇ ਹੋਏ, ਅਝੱਕ ਹੋ ਕੇ। ਦਸੰਨ੍ਹ੍ਹਿ = ਦੱਸਦੇ ਹਨ, ਲੇਖਾ ਸਮਝਾਂਦੇ ਹਨ।੧।ਰਹਾਉ।

ਮੰਡਪ = ਮੰਦਰ। ਪਾਸਹੁ = ਪਾਸਿਆਂ ਤੋਂ, ਚੁਫੇਰਿਓਂ। ਚਿਤਵੀਆਹਾ = ਚਿੱਤਰੀਆਂ ਹੋਈਆਂ। ਕੰਮਿ = ਕੰਮ ਵਿਚ। ਆਵਨ੍ਹ੍ਹੀ = ਆਵਨ੍ਹ੍ਹਿ, ਆਉਂਦੀਆਂ। ਵਿਚਹੁ = ਅੰਦਰੋਂ।੨।

ਬਗਾ ਕਪੜੇ = ਬਗਲਿਆਂ ਦੇ ਖੰਭ। ਬਗੇ = ਚਿੱਟੇ। ਮੰਝਿ = ਵਿਚ। ਘੁਟਿ ਘੁਟਿ = (ਗਲੋਂ) ਘੁੱਟ ਘੁੱਟ ਕੇ। ਖਾਵਣੇ = ਖਾਣ ਵਾਲੇ। ਕਹੀਅਨ੍ਹ੍ਹਿ = ਕਹੇ ਜਾਂਦੇ।੩।

ਸਰੀਰੁ ਮੈ = ਮੇਰਾ ਸਰੀਰ। ਮੈਜਨੁ = {मेधाविन्} ਤੋਤੇ। ਭੂਲੰਨ੍ਹ੍ਹਿ = ਭੁਲੇਖਾ ਖਾ ਜਾਂਦੇ ਹਨ। ਤੇ ਗੁਣ = ਉਹੀ ਗੁਣ, ਉਹੋ ਜੇਹੇ ਗੁਣ। ਮੈ ਤਨਿ = ਮੇਰੇ ਸਰੀਰ ਵਿਚ। ਹੰਨ੍ਹ੍ਹਿ = ਹਨ।੪।

ਅੰਧੁਲੈ = ਅੰਨੇ (ਮਨੁੱਖ) ਨੇ। ਡੂਗਰ ਵਾਟ = ਡੁੱਗਰ ਦਾ ਰਸਤਾ, ਪਹਾੜੀ ਰਸਤਾ। ਅਖੀ = ਅੱਖਾਂ ਨਾਲ। ਲੋੜੀ = ਭਾਲਦਾ ਹਾਂ। ਨਾ ਲਹਾ = ਮੈਂ ਲੱਭ ਨਹੀਂ ਸਕਦਾ। ਹਉ = ਮੈਂ। ਕਿਤੁ = ਕਿਸ ਤਰੀਕੇ ਨਾਲ?੫।

ਚਾਕਰੀਆ = ਲੋਕਾਂ ਦੀਆਂ ਖ਼ੁਸ਼ਾਮਦਾਂ। ਚੰਗਿਆਈਆ = ਬਾਹਰਲੇ ਵਿਖਾਵੇ। ਕਿਤੁ = ਕਿਸ ਕੰਮ? ਜਿਤੁ = ਜਿਸ ਤਰ੍ਹਾਂ।੬।

ਅਰਥ: ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ) ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ।੧।

ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ੧।ਰਹਾਉ।

ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ।੨।

ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ।੩।

(ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ।੪।

ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ?੫।

ਹੇ ਨਾਨਕ! ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ।੯।੧।੩।

ਨੋਟ: ਅੰਕ ੧ ਦੱਸਦਾ ਹੈ ਕਿ 'ਘਰੁ ੬' ਦਾ ਇਹ ਪਹਿਲਾ ਸ਼ਬਦ ਹੈ। ਸੂਹੀ ਵਿਚ ਹੁਣ ਤਕ ਗੁਰੂ ਨਾਨਕ ਦੇਵ ਜੀ ਦੇ ੩ ਸ਼ਬਦ ਆ ਚੁਕੇ ਹਨ।

ਸੂਹੀ ਮਹਲਾ ੧ ॥ ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥ {ਪੰਨਾ 729}

ਪਦਅਰਥ: ਜਪ ਤਪ ਕਾ ਬੇੜੁਲਾ = ਜਤ ਤਪ ਦਾ ਸੋਹਣਾ ਬੇੜਾ। ਜਪੁ ਤਪੁ = ਨਾਮ = ਸਿਮਰਨ {ਨੋਟ:'ਰਹਾਉ' ਦੀ ਤੁਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੍ਰਮਾਣ ਭੀ ਹਨ:

ਭਨਤਿ ਨਾਨਕੁ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥

ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੪॥੨॥੪॥ {ਧਨਾਸਰੀ ਮ: ੧, ਪੰਨਾ ੬੬੧

ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥

ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ਰਹਾਉ॥ {ਗੂਜਰੀ ਮ: ੧, ਪੰਨਾ ੫੦੩

ਬੰਧੁ = ਬੰਨ, ਤਿਆਰ ਕਰ। ਜਿਤੁ = ਜਿਸ ਬੇੜੇ ਦੀ ਰਾਹੀਂ। ਵਹੇਲਾ = ਵਹਿਲਾ, ਛੇਤੀ। ਪੰਥੁ = ਰਸਤਾ, ਜੀਵਨ = ਪੰਥ। ਸੁਹੇਲਾ = ਸੌਖਾ।੧।

ਮੰਜੀਠੜਾ = ਸੋਹਣੀ ਮਜੀਠ। ਰਤਾ = ਰੰਗਿਆ। ਸਦ ਰੰਗ = ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ = ਹੇ ਮਿੱਤਰ! ਹੇ ਪਿਆਰੇ!੧।ਰਹਾਉ।

ਸਾਜਨ = ਹੇ ਸੱਜਣ! ਚਲੇ ਪਿਆਰਿਆ = ਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨ = ਸਫ਼ਰ ਦੇ ਪਿਆਰੇ ਪਾਂਧੀ! ਗੰਠੜੀਐ = ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ = ਉਹ ਪਰਮਾਤਮਾ।੨।

ਆਵਾਗਉਣੁ = ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ = ਮੁਕਾ ਦਿੱਤਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ ਪ੍ਰਭੂ।੩।

ਮਾਰਿ = ਮਾਰ ਕੇ। ਸੀਤਾ ਹੈ ਚੋਲਾ = ਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ। ਸਹ ਕੇ = ਖਸਮ = ਪ੍ਰਭੂ ਦੇ। ਅੰਮ੍ਰਿਤ ਬੋਲਾ = ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ।੪।

ਖਰਾ = ਬਹੁਤ। ਕੇਰੀਆ = ਦੀਆਂ। ਸਾਚਾ = ਸਦਾ-ਥਿਰ।੫।

ਅਰਥ: (ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ। (ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ।੧।

ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ।੧।ਰਹਾਉ।

ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ? (ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ।੨।

ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ। ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ।੩।

ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ।੪।

ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, (ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ।੫।੨।੪।

ਨੋਟ: ਅੰਕ ੨ ਦੱਸਦਾ ਹੈ ਕਿ 'ਘਰੁ ੬' ਦਾ ਇਹ ਦੂਜਾ ਸ਼ਬਦ ਹੈ। ਸੂਹੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ ਚੌਥਾ ਸ਼ਬਦ ਹੈ।

ਸੂਹੀ ਮਹਲਾ ੧ ॥ ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥ ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥ ਤਿਨ੍ਹ੍ਹਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥ ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥ ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥ ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥ ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥ ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥ ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥ ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥ ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥ {ਪੰਨਾ 729}

ਪਦਅਰਥ: ਜਿਨ ਕਉ = ਜਿਨ੍ਹਾਂ (ਜੀਵਾਂ) ਨੂੰ। ਭਾਂਡੈ = ਭਾਂਡੇ ਵਿਚ, ਹਿਰਦੇ ਵਿਚ। ਭਾਉ = ਪ੍ਰੇਮ। ਸਵਾਰਸੀ = ਸਵਾਰੇਗਾ, ਸੋਹਣਾ ਬਣਾਏਗਾ। ਸੂਖੀ = ਸੁਖਾਂ ਦੀ। ਪਸਾਉ = ਪ੍ਰਸਾਦੁ, ਬਖ਼ਸ਼ਸ਼। ਵਿਸਾਰਸੀ = ਵਿਸਾਰ ਦੇਵੇਗਾ, ਭੁਲਾ ਦੇਂਦਾ ਹੈ। ਸਹਸਾ = ਸਹਿਮ, ਸ਼ੱਕ। ਸਰਪਰ = ਜ਼ਰੂਰ।੧।

ਲੀਖਿਆ = (ਬਖ਼ਸ਼ਸ਼ ਦਾ) ਲੇਖਾ। ਦੀਖਿਆ = ਸਿੱਖਿਆ। ਸਤਿਗੁਰ ਭਾਇ = ਗੁਰੂ ਦੇ ਪ੍ਰੇਮ ਵਿਚ, ਗੁਰੂ ਦੇ ਅਨੁਸਾਰ। ਭੀਖਿਆ = ਭਿੱਖਿਆ ਵਾਸਤੇ।੨।

ਮਹਲੁ = ਟਿਕਾਣਾ। ਹਜੂਰਿ = ਪ੍ਰਭੂ ਦੀ ਹਜ਼ੂਰੀ ਵਿਚ। ਦਰਿ = ਦਰਵਾਜ਼ੇ ਤੇ। ਦਰਵਾਣੀ = ਦਰਬਾਨਾਂ ਦੀ। ਨਾਹਿ ਮੂਲੇ = ਬਿਲਕੁਲ ਨਹੀਂ। ਤਾ ਕੈ ਬੋਲਿ = ਉਸ (ਗੁਰੂ) ਦੇ ਬਚਨ ਦੀ ਰਾਹੀਂ।੩।

ਆਣੇ = ਲਿਆਉਂਦਾ ਹੈ, ਵਾਪਸ ਬੁਲਾ ਲੈਂਦਾ ਹੈ। ਦੂਜਾ ਕੋਇ ਮਤੈ ਨਾਹਿ = ਕੋਈ ਦੂਜਾ ਮੱਤਾਂ ਨਹੀਂ ਦੇ ਸਕਦਾ। ਸਾਜਿ ਜਾਣੈ = ਪੈਦਾ ਕਰਨੇ ਜਾਣਦਾ ਹੈ। ਕਰਮੁ = ਬਖ਼ਸ਼ਸ਼। ਨਦਰੀ = ਮੇਹਰ ਦੀ ਨਜ਼ਰ ਕਰਨ ਵਾਲਾ ਪ੍ਰਭੂ।੪।

ਅਰਥ: (ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ) , (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ। ਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ। ਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧।

ਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ। ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ, ਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ।੨।

(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ; ਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ, ਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ।੩।

ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ, ਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ।

ਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ।੪।੩।੫।

TOP OF PAGE

Sri Guru Granth Darpan, by Professor Sahib Singh