ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 744

ਸੂਹੀ ਮਹਲਾ ੫ ॥ ਸਾਧਸੰਗਿ ਤਰੈ ਭੈ ਸਾਗਰੁ ॥ ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥ ਸਿਮਰਿ ਸਿਮਰਿ ਜੀਵਾ ਨਾਰਾਇਣ ॥ ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥ ਜੀਵਨ ਪਦਵੀ ਹਰਿ ਕਾ ਨਾਉ ॥ ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥ ਆਠ ਪਹਰ ਪਾਰਬ੍ਰਹਮੁ ਧਿਆਈਐ ॥ ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥ ਸਰਣਿ ਪਏ ਜਪਿ ਦੀਨ ਦਇਆਲਾ ॥ ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥ {ਪੰਨਾ 744}

ਪਦਅਰਥ: ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਰੈ = ਪਾਰ ਲੰਘ ਜਾਂਦਾ ਹੈ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ}ਸਾਗਰੁ = (ਸੰਸਾਰ-) ਸਮੁੰਦਰ। ਸਿਮਰਿ = ਸਿਮਰ ਕੇ। ਰਤਨਾਗਰੁ = {रत्नाकर} ਰਤਨਾਂ ਦੀ ਖਾਣਿ।੧।

ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਸੋਗ = ਗ਼ਮ। ਸਭਿ = ਸਾਰੇ। ਮਿਲਿ = ਮਿਲ ਕੇ। ਤਜਾਇਣ = ਤਜੇ ਜਾਂਦੇ ਹਨ।੧।ਰਹਾਉ।

ਪਦਵੀ = ਦਰਜਾ, ਪਿਆਰ। ਸਾਚੁ = ਸਦਾ-ਥਿਰ ਪ੍ਰਭੂ (ਦਾ ਮਿਲਾਪ) ਸੁਆਉ = ਸੁਆਰਥ, ਜ਼ਿੰਦਗੀ ਦਾ ਨਿਸ਼ਾਨਾ।੨।

ਧਿਆਈਐ = ਸਿਮਰਨਾ ਚਾਹੀਦਾ ਹੈ। ਪੂਰਬਿ = ਪੂਰਬਲੇ ਜਨਮ ਵਿਚ।੩।

ਜਪਿ = ਜਪ ਕੇ। ਨਾਨਕ ਜਾਚੈ = ਨਾਨਕ ਮੰਗਦਾ ਹੈ। ਰਵਾਲਾ = ਚਰਨ = ਧੂੜ।੪।

ਅਰਥ: ਹੇ ਭਾਈ! ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਹੇ ਭਾਈ! ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗ਼ਮ ਨਾਸ ਹੋ ਜਾਂਦੇ ਹਨ, ਪਾਪ ਤਿਆਗੇ ਜਾਂਦੇ ਹਨ।੧।ਰਹਾਉ।

ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਤਨਾਂ ਦੀ ਖਾਣਿ ਹਰਿ-ਨਾਮ ਸਿਮਰ ਸਿਮਰ ਕੇ ਮਨੁੱਖ ਡਰਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੧।

ਹੇ ਭਾਈ! ਪਰਮਾਤਮਾ ਦਾ ਨਾਮ (ਹੀ) ਆਤਮਕ ਜ਼ਿੰਦਗੀ ਦਾ ਪਿਆਰ ਹੈ। (ਨਾਮ ਦੀ ਬਰਕਤਿ ਨਾਲ) ਮਨ ਪਵਿਤਰ ਹੋ ਜਾਂਦਾ ਹੈ, ਸਰੀਰ ਪਵਿਤਰ ਹੋ ਜਾਂਦਾ ਹੈ, (ਨਾਮ ਸਿਮਰਦਿਆਂ) ਸਦਾ-ਥਿਰ ਪ੍ਰਭੂ (ਦਾ ਮਿਲਾਪ ਹੀ) ਜੀਵਨ ਮਨੋਰਥ ਬਣ ਜਾਂਦਾ ਹੈ।੨।

ਹੇ ਭਾਈ! ਪਰਮਾਤਮਾ ਦਾ ਨਾਮ ਅੱਠੇ ਪਹਰ ਸਿਮਰਦੇ ਰਹਿਣਾ ਚਾਹੀਦਾ ਹੈ, ਪਰ ਇਹ ਦਾਤਿ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿਚ (ਮੱਥੇ ਉਤੇ ਨਾਮ ਸਿਮਰਨ ਦਾ) ਲੇਖ ਲਿਖਿਆ ਹੋਵੇ।੩।

ਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜੇਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ।੪।੨੮।੩੪।

ਸੂਹੀ ਮਹਲਾ ੫ ॥ ਘਰ ਕਾ ਕਾਜੁ ਨ ਜਾਣੀ ਰੂੜਾ ॥ ਝੂਠੈ ਧੰਧੈ ਰਚਿਓ ਮੂੜਾ ॥੧॥ ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥ ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥ ਹਰਿ ਕੇ ਦਾਸ ਹਰਿ ਸੇਤੀ ਰਾਤੇ ॥ ਰਾਮ ਰਸਾਇਣਿ ਅਨਦਿਨੁ ਮਾਤੇ ॥੨॥ ਬਾਹ ਪਕਰਿ ਪ੍ਰਭਿ ਆਪੇ ਕਾਢੇ ॥ ਜਨਮ ਜਨਮ ਕੇ ਟੂਟੇ ਗਾਢੇ ॥੩॥ ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥ ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥ {ਪੰਨਾ 744}

ਪਦਅਰਥ: ਘਰ ਕਾ ਕਾਜੁ = ਹਿਰਦੇ = ਘਰ ਦੇ ਕੰਮ ਆਉਣ ਵਾਲਾ ਕੰਮ। ਰੂੜਾ ਕਾਜੁ = ਸੋਹਣਾ ਕੰਮ। ਧੰਧੈ = ਧੰਧੇ ਵਿਚ। ਮੂੜਾ = ਮੂਰਖ।੧।

ਜਿਤੁ = ਜਿਸ (ਕੰਮ) ਵਿਚ। ਤਿਤੁ ਤਿਤੁ = ਉਸ ਉਸ (ਕੰਮ) ਵਿਚ। ਦੇਹਿ = ਦੇਂਦਾ ਹੈਂ।੧।ਰਹਾਉ।

ਸੇਤੀ = ਨਾਲ। ਰਾਤੇ = ਰੰਗੇ ਹੋਏ। ਰਸਾਇਣਿ = ਰਸਾਇਣ ਵਿਚ, ਰਸਾਂ = ਦੇ = ਘਰ ਵਿਚ, ਸਭ ਤੋਂ ਸ੍ਰੇਸ਼ਟ ਰਸ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}ਮਾਤੇ = ਮਸਤ।੨।

ਪਕਰਿ = ਫੜ ਕੇ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਗਾਢੇ = ਗੰਢ ਲਿਆ।੩।

ਉਧਰੁ = ਬਚਾ ਲੈ। ਪ੍ਰਭ = ਹੇ ਪ੍ਰਭੂ! ਧਾਰੇ = ਧਾਰਿ, ਧਾਰ ਕੇ, ਕਰ ਕੇ। ਦੁਆਰੇ = ਦੁਆਰਿ, ਦਰ ਤੇ।੪।

ਅਰਥ: ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਅਸਾਂ ਜੀਵਾਂ ਨੂੰ) ਲਾਂਦਾ ਹੈਂ, ਉਸ ਉਸ ਕੰਮ ਵਿਚ ਅਸੀ ਲੱਗਦੇ ਹਾਂ। ਜਦੋਂ ਤੂੰ (ਸਾਨੂੰ ਆਪਣਾ ਨਾਮ) ਦੇਂਦਾ ਹੈਂ, ਤਦੋਂ ਤੇਰਾ ਨਾਮ ਜਪਦੇ ਹਾਂ।੧।ਰਹਾਉ।

(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਇਹ ਮੂਰਖ ਝੂਠੇ ਧੰਧੇ ਵਿਚ ਮਸਤ ਰਹਿੰਦਾ ਹੈ, ਉਹ ਸੋਹਣਾ ਕੰਮ ਕਰਨਾ ਨਹੀਂ ਜਾਣਦਾ, ਜੇਹੜਾ ਇਸ ਦੇ ਆਪਣੇ ਹਿਰਦੇ-ਘਰ ਦੇ ਕੰਮ ਆਉਂਦਾ ਹੈ।੧।

ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਨਾਲ ਹੀ ਰੰਗੇ ਰਹਿੰਦੇ ਹਨ, ਹਰ ਵੇਲੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ ਰਸ ਵਿਚ ਮਸਤ ਰਹਿੰਦੇ ਹਨ।੨।

ਹੇ ਭਾਈ! ਪ੍ਰਭੂ ਨੇ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਬਾਂਹ ਫੜ ਕੇ (ਝੂਠੇ ਧੰਧਿਆਂ ਵਿਚੋਂ) ਕੱਢ ਲਿਆ, ਅਨੇਕਾਂ ਜਨਮਾਂ ਦੇ (ਪ੍ਰਭੂ ਨਾਲੋਂ) ਟੁੱਟਿਆਂ ਹੋਇਆਂ ਨੂੰ (ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲ) ਜੋੜ ਲਿਆ।੩।

ਹੇ ਦਾਸ ਨਾਨਕ! ਆਖ-) ਹੇ ਮਾਲਕ ਪ੍ਰਭੂ! ਮੇਹਰ ਕਰ। (ਮੈਨੂੰ ਝੂਠੇ ਧੰਧਿਆਂ ਤੋਂ) ਬਚਾ ਲੈ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ) ੪।੨੯।੩੫।

ਸੂਹੀ ਮਹਲਾ ੫ ॥ ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥ ਸਰਬ ਸੂਖ ਫਿਰਿ ਨਹੀ ਡਲਾਇਆ ॥੧॥ ਗੁਰੂ ਧਿਆਇ ਹਰਿ ਚਰਨ ਮਨਿ ਚੀਨ੍ਹ੍ਹੇ ॥ ਤਾ ਤੇ ਕਰਤੈ ਅਸਥਿਰੁ ਕੀਨ੍ਹ੍ਹੇ ॥੧॥ ਰਹਾਉ ॥ ਗੁਣ ਗਾਵਤ ਅਚੁਤ ਅਬਿਨਾਸੀ ॥ ਤਾ ਤੇ ਕਾਟੀ ਜਮ ਕੀ ਫਾਸੀ ॥੨॥ ਕਰਿ ਕਿਰਪਾ ਲੀਨੇ ਲੜਿ ਲਾਏ ॥ ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥ {ਪੰਨਾ 744}

ਪਦਅਰਥ: ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਨਿਹਚਲੁ ਘਰੁ = ਕਦੇ ਨਾਹ ਡੋਲਣ ਵਾਲਾ ਹਿਰਦਾ = ਘਰ। ਡਲਾਇਆ = {ਅੱਖਰ 'ਡ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਡੋਲਾਇਆ' ਹੈ। ਇਥੇ 'ਡੁਲਾਇਆ' ਪੜ੍ਹਨਾ ਹੈ} ਭਟਕਣਾ ਵਿਚ ਪਾ ਸਕਦਾ।੧।

ਮਨਿ = ਮਨ ਵਿਚ। ਚੀਨ੍ਹ੍ਹੇ = ਪਛਾਣ ਲਏ। ਤਾ ਤੇ = ਇਸ ਦੇ ਕਾਰਨ। ਕਰਤੈ = ਕਰਤਾਰ ਨੇ। ਅਸਥਿਰੁ = ਅਡੋਲ = ਚਿੱਤ।੧।ਰਹਾਉ।

ਅਚੁਤ = {अच्युत} ਕਦੇ ਨਾਹ ਡਿੱਗਣ ਵਾਲਾ। ਫਾਸੀ = ਫਾਹੀ।੨।

ਕਰਿ = ਕਰ ਕੇ। ਲੜਿ = ਲੜ ਨਾਲ, ਪੱਲੇ ਨਾਲ। ਗਾਏ = ਗਾਇ, ਗਾ ਕੇ। ਨਾਨਕ = ਹੇ ਨਾਨਕ!੩।

ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ, ਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ।੧।ਰਹਾਉ।

ਹੇ ਭਾਈ! ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ (ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ।੧।

ਹੇ ਭਾਈ! ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ ਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ।੨।

ਹੇ ਨਾਨਕ! ਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ, ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ।੩।੩੦।੩੬।

ਸੂਹੀ ਮਹਲਾ ੫ ॥ ਅੰਮ੍ਰਿਤ ਬਚਨ ਸਾਧ ਕੀ ਬਾਣੀ ॥ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥ ਕਲੀ ਕਾਲ ਕੇ ਮਿਟੇ ਕਲੇਸਾ ॥ ਏਕੋ ਨਾਮੁ ਮਨ ਮਹਿ ਪਰਵੇਸਾ ॥੧॥ ਸਾਧੂ ਧੂਰਿ ਮੁਖਿ ਮਸਤਕਿ ਲਾਈ ॥ ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥ {ਪੰਨਾ 744}

ਪਦਅਰਥ: ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੇ। ਸਾਧ = ਗੁਰੂ। ਜੋ ਜੋ = ਜੇਹੜਾ ਜੇਹੜਾ ਮਨੁੱਖ। ਤਿਸ ਕੀ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕੀ' ਦੇ ਕਾਰਨ ਉੱਡ ਗਿਆ ਹੈ}ਗਤਿ = ਉੱਚੀ ਆਤਮਕ ਅਵਸਥਾ। ਰਸਨ = ਜੀਭ ਨਾਲ। ਬਖਾਨੀ = ਉਚਾਰਦਾ ਹੈ।੧।ਰਹਾਉ।

ਕਲੀ = ਝਗੜੇ = ਕਲੇਸ਼। ਕਾਲ = ਜੀਵਨ = ਸਮਾ। ਕਲੀ ਕਾਲ = ਕਲੇਸ਼ਾਂ = ਭਰਿਆ ਜੀਵਨ = ਸਮਾ। ਪਰਵੇਸਾ = ਦਖ਼ਲ।੨।

ਧੂਰਿ = ਪੈਰਾਂ ਦੀ ਖ਼ਾਕ। ਮੁਖਿ = ਮੂੰਹ ਉਤੇ। ਮਸਤਕਿ = ਮੱਥੇ ਉਤੇ। ਉਧਰੇ = ਬਚ ਗਏ।੨।

ਅਰਥ: ਹੇ ਭਾਈ! ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ। ਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ।੧।

ਹੇ ਭਾਈ! ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ, (ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ।੧।

ਹੇ ਨਾਨਕ! ਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ।੨।੩੧।੩੭।

ਸੂਹੀ ਮਹਲਾ ੫ ਘਰੁ ੩ ॥ ਗੋਬਿੰਦਾ ਗੁਣ ਗਾਉ ਦਇਆਲਾ ॥ ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥ ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥ ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥ ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥ ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥ {ਪੰਨਾ 744}

ਪਦਅਰਥ: ਗੋਬਿੰਦ = ਹੇ ਗੋਬਿੰਦ! ਦਇਆਲਾ = ਹੇ ਦਇਆਲ! ਕਿਰਪਾਲਾ = ਹੇ ਕਿਰਪਾਲ! ਗਾਉ = ਗਾਉਂ, ਮੈਂ ਗਾਂਦਾ ਰਹਾਂ।ਰਹਾਉ।

ਕਰਿ = ਕਰ ਕੇ। ਜੀਉ = ਜਿੰਦ। ਪਿੰਡੁ = ਸਰੀਰ। ਮਾਲਾ = ਮਾਲ, ਰਾਸਿ = ਪੂੰਜੀ।੧।

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਜਪਿ = ਜਪਿਆ ਕਰ। ਨਾਨਕੁ ਜਾਚੈ = ਨਾਨਕ ਮੰਗਦਾ ਹੈ। ਸੰਤ ਰਵਾਲਾ = ਗੁਰੂ ਦੇ ਚਰਨਾਂ ਦੀ ਧੂੜ।੨।

ਅਰਥ: ਹੇ ਗੋਬਿੰਦ! ਹੇ ਦਇਆਲ! ਹੇ ਪੂਰਨ ਕਿਰਪਾਲ! ਮੈਨੂੰ ਆਪਣਾ) ਦਰਸਨ ਦੇਹ, ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ।ਰਹਾਉ।

ਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ। ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ।੧।

ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ। ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ੨।੩੨।੩੮।

ਸੂਹੀ ਮਹਲਾ ੫ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ ਆਪੇ ਥੰਮੈ ਸਚਾ ਸੋਈ ॥੧॥ ਹਰਿ ਹਰਿ ਨਾਮੁ ਮੇਰਾ ਆਧਾਰੁ ॥ ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥ ਸਭ ਰੋਗ ਮਿਟਾਵੇ ਨਵਾ ਨਿਰੋਆ ॥ ਨਾਨਕ ਰਖਾ ਆਪੇ ਹੋਆ ॥੨॥੩੩॥੩੯॥ {ਪੰਨਾ 744}

ਪਦਅਰਥ: ਥੰਮੈ = ਸਹਾਰਾ ਦੇਂਦਾ ਹੈ। ਆਪੇ = ਆਪ ਹੀ। ਸਚਾ = ਸਦਾ ਕਾਇਮ ਰਹਿਣ ਵਾਲਾ। ਸੋਈ = ਉਹ (ਪ੍ਰਭੂ) ਹੀ।੧।

ਆਧਾਰੁ = ਆਸਰਾ। ਕਰਣ ਕਾਰਣ = ਜਗਤ ਦਾ ਮੂਲ। ਸਮਰਥੁ = ਸਭ ਤਾਕਤਾਂ ਵਾਲਾ। ਅਪਾਰੁ = ਬੇਅੰਤ।੧।ਰਹਾਉ।

ਨਿਰੋਆ = ਨਿ = ਰੋਗ, ਰੋਗ = ਰਹਿਤ। ਰਖਾ = ਰਾਖਾ।੨।

ਅਰਥ: ਹੇ ਭਾਈ! ਜੇਹੜਾ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ ਮੇਰਾ ਆਸਰਾ ਹੈ।੧।ਰਹਾਉ।

ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਹਰੇਕ ਜੀਵ ਨੂੰ) ਸਹਾਰਾ ਦੇਂਦਾ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ (ਜੋ ਵਿਕਾਰਾਂ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ) ੧।

ਹੇ ਨਾਨਕ! ਜਿਸ ਮਨੁੱਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ, ਉਸ ਦੇ ਉਹ ਸਾਰੇ ਰੋਗ ਮਿਟਾ ਦੇਂਦਾ ਹੈ, ਉਸ ਨੂੰ ਨਵਾਂ ਨਿਰੋਆ ਕਰ ਦੇਂਦਾ ਹੈ।੨।੩੩।੩੯।

TOP OF PAGE

Sri Guru Granth Darpan, by Professor Sahib Singh