ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 750

ਸੂਹੀ ਮਹਲਾ ੫ ॥ ਸਗਲ ਤਿਆਗਿ ਗੁਰ ਸਰਣੀ ਆਇਆ ਰਾਖਹੁ ਰਾਖਨਹਾਰੇ ॥ ਜਿਤੁ ਤੂ ਲਾਵਹਿ ਤਿਤੁ ਹਮ ਲਾਗਹ ਕਿਆ ਏਹਿ ਜੰਤ ਵਿਚਾਰੇ ॥੧॥ ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ॥ ਕਰਿ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥ ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ॥ ਆਪੁ ਤਿਆਗਿ ਹੋਈਐ ਸਭ ਰੇਣਾ ਜੀਵਤਿਆ ਇਉ ਮਰੀਐ ॥੨॥ ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥ ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥ ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ ਤੇਰੀ ਸਰਣਿ ਦਇਆਲਾ ॥ ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥੪॥੧੧॥੫੮॥ {ਪੰਨਾ 750}

ਪਦਅਰਥ: ਸਗਲ = ਸਾਰੇ (ਆਸਰੇ) ਤਿਆਗਿ = ਛੱਡ ਕੇ। ਰਾਖਣਹਾਰੇ = ਹੇ ਰੱਖਿਆ ਦੀ ਸਮਰਥਾ ਵਾਲੇ! ਜਿਤੁ = ਜਿਸ (ਕੰਮ) ਵਿਚ। ਤਿਸੁ = ਉਸ (ਕੰਮ) ਵਿਚ। ਹਮ ਲਾਗਹ = ਅਸੀ = (ਜੀਵ) ਲੱਗ ਪੈਂਦੇ ਹਾਂ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}੧।

ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਗੁਰਦੇਵ = ਹੇ ਗੁਰਦੇਵ! ਗਾਵਾ = ਗਾਵਾਂ, ਮੈਂ ਗਾਵਾਂ।੧।ਰਹਾਉ।

ਧਿਆਈਐ = ਸਿਮਰਨਾ ਚਾਹੀਦਾ ਹੈ। ਪ੍ਰਸਾਦਿ = ਕਿਰਪਾ ਨਾਲ। ਭਉ = ਭਵ = ਸਾਗਰ, ਸੰਸਾਰ = ਸਮੁੰਦਰ। ਤਰੀਐ = ਪਾਰ ਲੰਘ ਸਕੀਦਾ ਹੈ। ਆਪੁ = ਆਪਾ = ਭਾਵ। ਰੇਣਾ = ਚਰਨ = ਧੂੜ। ਇਉ = ਇਸ ਤਰ੍ਹਾਂ। ਜੀਵਤਿਆ ਮਰੀਐ = ਦੁਨੀਆ ਦਾ ਕਾਰ = ਵਿਹਾਰ ਕਰਦਿਆਂ ਨਿਰਮੋਹ ਹੋ ਜਾਈਦਾ ਹੈ।੨।

ਸਫਲ = ਕਾਮਯਾਬ। ਤਿਸ ਕਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਭੀਤਰਿ = ਵਿਚ। ਸੰਗਿ = ਸੰਗਤਿ ਵਿਚ। ਜਾਪੁ = ਜਪਦਾ ਹੈ। ਮਨੋਰਥ = ਮੁਰਾਦਾਂ। ਆਪੇ = ਆਪ ਹੀ।੩।

ਪ੍ਰਭ = ਪ੍ਰਭੂ! ਕਰਿ = ਕਰ ਕੇ। ਦੀਜੈ = ਦੇਹ। ਸਾਧ ਰਵਾਲਾ = ਗੁਰੂ ਦੇ ਚਰਨਾਂ ਦੀ ਧੂੜ।੪।

ਅਰਥ: ਹੇ ਮੇਰੇ ਰਾਮ ਜੀ! ਹੇ ਮੇਰੇ ਪ੍ਰਭੂ! ਤੂੰ (ਮੇਰੇ) ਦਿਲ ਦੀ ਜਾਣਨ ਵਾਲਾ ਹੈਂ। ਹੇ ਦਇਆ ਦੇ ਘਰ ਗੁਰਦੇਵ! ਹੇ ਸੁਆਮੀ! ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ।੧।ਰਹਾਉ।

ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ! ਮੇਰੀ ਰੱਖਿਆ ਕਰ। ਮੈਂ ਸਾਰੇ (ਆਸਰੇ) ਛੱਡ ਕੇ ਗੁਰੂ ਦੀ ਸਰਨ ਆ ਪਿਆ ਹਾਂ। ਹੇ ਪ੍ਰਭੂ! ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? ਤੂੰ ਜਿਸ ਕੰਮ ਵਿਚ ਅਸਾਂ ਜੀਵਾਂ ਨੂੰ ਲਾ ਦੇਂਦਾ ਹੈਂ, ਅਸੀ ਉਸ ਕੰਮ ਵਿਚ ਲੱਗ ਪੈਂਦੇ ਹਾਂ।੧।

ਹੇ ਭਾਈ! ਅੱਠੇ ਪਹਰ ਆਪਣੇ ਮਾਲਕ-ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਹੇ ਭਾਈ! ਆਪਾ-ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ।੨।

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਜਗਤ ਵਿਚ ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ। ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ।੩।

ਹੇ ਨਾਨਕ! ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਮਾਲਕ-ਪ੍ਰਭੂ! ਹੇ ਦਇਆ ਦੇ ਸੋਮੇ! ਮੈਂ ਤੇਰੀ ਸਰਨ ਆਇਆ ਹਾਂ! ਮੇਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਗੁਰੂ ਦੇ ਚਰਨਾਂ ਦੀ ਧੂੜ ਦੇਹ।੪।੧੧।੫੮।

ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧    ੴ ਸਤਿਗੁਰ ਪ੍ਰਸਾਦਿ ॥ ਸਭਿ ਅਵਗਣ ਮੈ ਗੁਣੁ ਨਹੀ ਕੋਈ ॥ ਕਿਉ ਕਰਿ ਕੰਤ ਮਿਲਾਵਾ ਹੋਈ ॥੧॥ ਨਾ ਮੈ ਰੂਪੁ ਨ ਬੰਕੇ ਨੈਣਾ ॥ ਨਾ ਕੁਲ ਢੰਗੁ ਨ ਮੀਠੇ ਬੈਣਾ ॥੧॥ ਰਹਾਉ ॥ ਸਹਜਿ ਸੀਗਾਰ ਕਾਮਣਿ ਕਰਿ ਆਵੈ ॥ ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥ ਨਾ ਤਿਸੁ ਰੂਪੁ ਨ ਰੇਖਿਆ ਕਾਈ ॥ ਅੰਤਿ ਨ ਸਾਹਿਬੁ ਸਿਮਰਿਆ ਜਾਈ ॥੩॥ ਸੁਰਤਿ ਮਤਿ ਨਾਹੀ ਚਤੁਰਾਈ ॥ ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥ ਖਰੀ ਸਿਆਣੀ ਕੰਤ ਨ ਭਾਣੀ ॥ ਮਾਇਆ ਲਾਗੀ ਭਰਮਿ ਭੁਲਾਣੀ ॥੫॥ ਹਉਮੈ ਜਾਈ ਤਾ ਕੰਤ ਸਮਾਈ ॥ ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥ ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥ ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥ ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥ ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥ {ਪੰਨਾ 750}

ਪਦਅਰਥ: ਸਭਿ = ਸਾਰੇ। ਮੈ = ਮੇਰੇ ਅੰਦਰ। ਕੰਤ ਮਿਲਾਵਾ = ਕੰਤ ਦਾ ਮਿਲਾਪ।੧।

ਮੈ = ਮੇਰਾ। ਬੰਕੇ = ਬਾਂਕੇ, ਸੋਹਣੇ। ਨੈਣਾ = ਨੇਤਰ, ਅੱਖਾਂ। ਕੁਲ ਢੰਗੁ = ਉੱਚੀ ਕੁਲ ਵਾਲਿਆਂ ਵਾਲਾ ਚੱਜ = ਆਚਾਰ। ਬੈਣਾ = ਬੋਲ।੧।ਰਹਾਉ।

ਸਹਜਿ = ਅਡੋਲ ਆਤਮਕ ਅਵਸਥਾ ਵਿਚ। ਕਾਮਣਿ = ਇਸਤ੍ਰੀ, ਜੀਵ = ਇਸਤ੍ਰੀ। ਕਰਿ = ਕਰ ਕੇ। ਸੋਹਾਗਣਿ = ਚੰਗੇ ਭਾਗਾਂ ਵਾਲੀ। ਜਾ = ਜਦੋਂ।੨।

ਤਿਸੁ = ਉਸ (ਪ੍ਰਭੂ ਕੰਤ) ਦਾ। ਰੇਖਿਆ = ਚਿੰਨ੍ਹ। ਕਾਈ = ਕੋਈ। ਅੰਤਿ = ਅੰਤ ਵੇਲੇ, ਦੁਨੀਆ ਛੱਡਣ ਵੇਲੇ।੩।

ਪ੍ਰਭ = ਹੇ ਪ੍ਰਭੂ! ਪਾਈ = ਚਰਨੀਂ।੪।

ਖਰੀ = ਬਹੁਤ। ਕੰਤ ਨ ਭਾਣੀ = ਕੰਤ ਨੂੰ ਪਸੰਦ ਨ ਆਈ।੫।

ਜਾਈ = ਜਾਵੇ, ਦੂਰ ਹੋਵੇ। ਕੰਤ = ਹੇ ਕੰਤ! ਤਉ = ਤਦੋਂ। ਪਿਆਰੇ = ਹੇ ਪਿਆਰੇ! ਨਉਨਿਧਿ = ਨੌ ਖ਼ਜ਼ਾਨੇ।੬।

ਕਰੁ = ਹੱਥ। ਗਹਿ ਲੇਹੁ = ਫੜ ਲਵੋ।੭।

ਭਣਤਿ = ਬੇਨਤੀ ਕਰਦਾ ਹੈ। ਹੋਸੀ = (ਸਦਾ) ਰਹੇਗਾ। ਜੈ ਭਾਵੈ = ਜੋ ਤਿਸ ਭਾਵੈ, ਜੇਹੜੀ ਜੀਵ = ਇਸਤ੍ਰੀ ਉਸ ਨੂੰ ਚੰਗੀ ਲੱਗਦੀ ਹੈ। ਤੇ = ਉਸ ਨੂੰ।੮।

ਅਰਥ: ਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ, ਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?) ੧।ਰਹਾਉ।

ਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ (ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ?੧।

ਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ) ਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ।੨।

ਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ। ਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ।੩।

ਹੇ ਪ੍ਰਭੂ! ਮੇਰੀ ਉੱਚੀ) ਸੁਰਤਿ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ। (ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ।੪।

ਜੇਹੜੀ ਜੀਵ-ਇਸਤ੍ਰੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ, ਉਹ (ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ।੫।

ਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ, ਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ।੬।

ਹੇ ਪ੍ਰਭੂ ਰਾਇ! ਹੇ ਪ੍ਰੀਤਮ! ਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ, ਹੁਣ ਤੂੰ ਮੇਰਾ ਹੱਥ ਫੜ ਲੈ।੭।

ਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ। ਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।੮।੧।

TOP OF PAGE

Sri Guru Granth Darpan, by Professor Sahib Singh