ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 756

ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥੧੯॥ ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥ ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥੨੦॥ ਗੁਰ ਪੂਰੇ ਪੂਰੀ ਮਤਿ ਹੈ ਅਹਿਨਿਸਿ ਨਾਮੁ ਧਿਆਇ ॥ ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥੨੧॥ ਗੁਰੁ ਸਾਲਾਹੀ ਆਪਣਾ ਨਿਵਿ ਨਿਵਿ ਲਾਗਾ ਪਾਇ ॥ ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥੨੨॥ ਖਿੰਚੋਤਾਣਿ ਵਿਗੁਚੀਐ ਏਕਸੁ ਸਿਉ ਲਿਵ ਲਾਇ ॥ ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥੨੩॥ {ਪੰਨਾ 756}

ਪਦਅਰਥ: ਮੈਲਾ = ਮੈਲੇ ਮਨ ਵਾਲਾ। ਵਾਰੋ ਵਾਰ = ਮੁੜ ਮੁੜ। ਪਇਐ ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ।੧੯।

ਸਚਿ = ਸਦਾ-ਥਿਰ ਪ੍ਰਭੂ ਵਿਚ। ਸਲਾਹੀ = ਸਾਲਾਹਿ, ਸਿਫ਼ਤਿ-ਸਾਲਾਹ ਕਰ। ਮਨਿ = ਮਨ ਵਿਚ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਸਚਿਆਰੁ = ਸੁਰਖ਼ = ਰੂ।੨੦।

ਪੂਰੀ = ਉਕਾਈ = ਹੀਣ। ਅਹਿ = ਦਿਨ। ਨਿਸਿ = ਰਾਤ। ਠਾਕਿ ਰਹਾਇ = ਰੋਕ ਕੇ ਰੱਖਦਾ ਹੈ।੨੧।

ਸਾਲਾਹੀ = ਸਾਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਾਂ। ਨਿਵਿ = ਨਿਊਂ ਕੇ। ਲਾਗਾ = ਲਾਗਾਂ, ਮੈਂ ਲੱਗਾਂ। ਪਾਇ = ਪੈਰੀਂ। ਸਉਪੀ = ਸਉਪੀਂ, ਮੈਂ ਸਉਂਪ ਦਿਆਂ। ਧਰੀ = ਧਰੀਂ, ਮੈਂ ਧਰ ਦਿਆਂ। ਆਪੁ = ਆਪਾ = ਭਾਵ। ਗਵਾਇ = ਦੂਰ ਕਰ ਕੇ।੨੨।

ਖਿੰਚੋਤਾਣਿ = ਖਿੰਚੋਤਾਣ ਵਿਚ, ਡਾਂਵਾਂ = ਡੋਲ ਹਾਲਤ ਵਿਚ। ਵਿਗੁਚੀਐ = ਖ਼ੁਆਰ ਹੋਈਦਾ ਹੈ। ਲਿਵ ਲਾਇ = ਪਿਆਰ ਜੋੜ। ਮੇਰਾ = ਮਮਤਾ। ਸਚਿ = ਸਦਾ-ਥਿਰ ਪ੍ਰਭੂ ਵਿਚ।੨੩।

ਅਰਥ: ਹੇ ਭਾਈ! ਹਉਮੈ (ਦੀ ਮੈਲ) ਨਾਲ ਮੈਲਾ ਹੋਇਆ ਹੋਇਆ ਜਗਤ ਭਟਕ ਰਿਹਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਰਹਿੰਦਾ ਹੈ, ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਓਹੋ ਜਿਹੇ ਹੀ ਹੋਰ ਕਰਮ ਕਰੀ ਜਾਂਦਾ ਹੈ। (ਕਰਮਾਂ ਦੀ ਬਣੀ ਇਸ ਫਾਹੀ ਨੂੰ) ਕੋਈ ਮਿਟਾ ਨਹੀਂ ਸਕਦਾ।੧੯।

ਹੇ ਭਾਈ! ਜੇ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹੇ, ਤਾਂ ਇਸ ਦਾ ਪਿਆਰ ਸਦਾ-ਥਿਰ ਪ੍ਰਭੂ ਵਿਚ ਬਣ ਜਾਂਦਾ ਹੈ। ਹੇ ਭਾਈ! ਤੂੰ (ਸਾਧ ਸੰਗਤਿ ਵਿਚ ਟਿਕ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋਵੇਂਗਾ।੨੦।

ਹੇ ਭਾਈ! ਪੂਰੇ ਗੁਰੂ ਦੀ ਮਤਿ ਉਕਾਈ-ਹੀਣ ਹੈ। (ਜੇਹੜਾ ਮਨੁੱਖ ਗੁਰੂ ਦੀ ਪੂਰੀ ਮਤਿ ਲੈ ਕੇ) ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਮਨੁੱਖ ਹਉਮੈ ਅਤੇ ਮਮਤਾ ਦੇ ਵੱਡੇ ਰੋਗ ਨੂੰ ਆਪਣੇ ਅੰਦਰੋਂ ਰੋਕ ਦੇਂਦਾ ਹੈ।੨੧।

ਹੇ ਭਾਈ! ਜੇ ਪ੍ਰਭੂ ਮੇਹਰ ਕਰੇ, ਤਾਂ) ਮੈਂ ਆਪਣੇ ਗੁਰੂ ਦੀ ਵਡਿਆਈ ਕਰਾਂ, ਨਿਊਂ ਨਿਊਂ ਕੇ ਮੈਂ ਗੁਰੂ ਦੀ ਚਰਨੀਂ ਲੱਗਾਂ, ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰ ਦਿਆਂ, ਗੁਰੂ ਦੇ ਅੱਗੇ ਰੱਖ ਦਿਆਂ।੨੨।

ਹੇ ਭਾਈ! ਡਾਂਵਾਂ-ਡੋਲ ਹਾਲਤ ਵਿਚ ਰਿਹਾਂ ਖ਼ੁਆਰ ਹੋਈਦਾ ਹੈ। ਇਕ ਪਰਮਾਤਮਾ ਨਾਲ ਹੀ ਸੁਰਤਿ ਜੋੜੀ ਰੱਖ। ਆਪਣੇ ਅੰਦਰੋਂ ਹਉਮੈ ਦੂਰ ਕਰ, ਮਮਤਾ ਦੂਰ ਕਰ। (ਜਦੋਂ ਮਨੁੱਖ ਹਉਮੈ ਮਮਤਾ ਦੂਰ ਕਰਦਾ ਹੈ) ਤਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ।੨੩।

ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥ ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥੨੪॥ ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥ ਅਵਗਣ ਵਿਕਣਿ ਪਲ੍ਹ੍ਹਰਨਿ ਗੁਣ ਕੀ ਸਾਝ ਕਰੰਨ੍ਹ੍ਹਿ ॥੨੫॥ ਗੁਣ ਕੀ ਸਾਝ ਸੁਖੁ ਊਪਜੈ ਸਚੀ ਭਗਤਿ ਕਰੇਨਿ ॥ ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥੨੬॥ ਸੁਇਨਾ ਰੁਪਾ ਪਾਪ ਕਰਿ ਕਰਿ ਸੰਚੀਐ ਚਲੈ ਨ ਚਲਦਿਆ ਨਾਲਿ ॥ ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥੨੭॥ ਮਨ ਕਾ ਤੋਸਾ ਹਰਿ ਨਾਮੁ ਹੈ ਹਿਰਦੈ ਰਖਹੁ ਸਮ੍ਹ੍ਹਾਲਿ ॥ ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥੨੮॥ ਏ ਮਨ ਮੂਲਹੁ ਭੁਲਿਆ ਜਾਸਹਿ ਪਤਿ ਗਵਾਇ ॥ ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥੨੯॥ {ਪੰਨਾ 756}

ਪਦਅਰਥ: ਨੇ = ਨੂੰ। ਸਿ = ਉਹ ਮਨੁੱਖ {ਸੇ=ਬਹੁ = ਬਚਨ}ਭਾਇਰਾ = (ਮੇਰੇ) ਭਰਾ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ। ਲਗੰਨਿ = ਲੱਗਦੇ ਹਨ, ਚਿੱਤ ਜੋੜਦੇ ਹਨ। ਸਚਿ = ਸਦਾ-ਥਿਰ ਪ੍ਰਭੂ ਵਿਚ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ।੨੪।

ਸੇ = ਉਹ ਮਨੁੱਖ {ਬਹੁ-ਵਚਨ}ਸੇਵੰਨਿ = ਸਿਮਰਦੇ ਹਨ। ਵਿਕਣਿ = ਵਿਕਣ ਨਾਲ। ਅਵਗਣ ਵਿਕਣਿ = ਅਉਗਣਾਂ ਦੇ ਵਿਕ ਜਾਣ ਨਾਲ। ਪਲ੍ਹ੍ਹਰਨਿ = ਪਲ੍ਹਰਦੇ ਹਨ, ਪ੍ਰਫੁਲਤ ਹੁੰਦੇ ਹਨ।੨੫।

ਸਚੀ ਭਗਤਿ = ਸਦਾ ਕਾਇਮ ਰਹਿਣ ਵਾਲੀ ਹਰਿ = ਭਗਤੀ। ਕਰੰਨ੍ਹ੍ਹਿ = ਕਰਦੇ ਹਨ। ਵਣੰਜਹਿ = ਵਿਹਾਝਦੇ ਹਨ। ਸਿਉ = ਨਾਲ, ਦੀ ਰਾਹੀਂ। ਲਾਹਾ = ਲਾਭ। ਲਏਨਿ = ਲੈਂਦੇ ਹਨ।੨੬।

ਰੁਪਾ = ਚਾਂਦੀ। ਸੰਚੀਐ = ਇਕੱਠਾ ਕਰੀਦਾ ਹੈ। ਨ ਚਲਸੀ = ਨਹੀਂ ਚੱਲੇਗਾ। ਸਭ = ਸਾਰੀ ਲੁਕਾਈ। ਮੁਠੀ = ਲੁੱਟ ਲਈ। ਜਮਕਾਲਿ = ਜਮ = ਕਾਲ ਨੇ, ਮੌਤ ਨੇ, ਆਤਮਕ ਮੌਤ ਨੇ।੨੭।

ਤੋਸਾ = ਰਸਤੇ ਦਾ ਖ਼ਰਚ। ਸਮ੍ਹ੍ਹਾਲਿ = ਸੰਭਾਲ ਕੇ। ਅਖੁਟੁ = ਕਦੇ ਨਾਹ ਮੁੱਕਣ ਵਾਲਾ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ।੨੮।

ਮੂਲਹੁ = ਮੂਲ ਤੋਂ, ਪਰਮਾਤਮਾ ਤੋਂ। ਜਾਸਹਿ = ਜਾਵੇਂਗਾ। ਪਤਿ = ਇੱਜ਼ਤ। ਗਵਾਇ = ਗਵਾ ਕੇ। ਮੋਹ = ਮੋਹ ਵਿਚ। ਮੋਹਿ ਦੂਜੇ = ਦੂਜੇ ਦੇ ਮੋਹ ਵਿਚ, ਮਾਇਆ ਦੇ ਮੋਹ ਵਿਚ। ਵਿਆਖਿਆ: ਫਸਿਆ ਹੋਇਆ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।੨੯।

ਅਰਥ: ਹੇ ਭਾਈ! ਮੇਰੇ) ਉਹ ਮਨੁੱਖ ਭਰਾ ਹਨ, ਜੇਹੜੇ ਗੁਰੂ ਦੀ ਸਰਨ ਵਿਚ ਆ ਪਏ ਹਨ, ਅਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਚਿੱਤ ਜੋੜਦੇ ਹਨ। ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹ (ਫਿਰ ਪ੍ਰਭੂ ਨਾਲੋਂ) ਨਹੀਂ ਵਿਛੁੜਦੇ। ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ (ਟਿਕੇ ਹੋਏ) ਦਿੱਸਦੇ ਹਨ।੨੪।

ਹੇ ਭਾਈ! ਮੇਰੇ ਉਹ ਮਨੁੱਖ ਭਰਾ ਹਨ ਸੱਜਣ ਹਨ, ਜੇਹੜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ। (ਗੁਣਾਂ, ਦੇ ਵੱਟੇ) ਅਉਗਣ ਵਿਕ ਜਾਣ ਨਾਲ (ਦੂਰ ਹੋ ਜਾਣ ਨਾਲ) ਉਹ ਮਨੁੱਖ (ਆਤਮਕ ਜੀਵਨ ਵਿਚ) ਪ੍ਰਫੁਲਤ ਹੁੰਦੇ ਹਨ, ਉਹ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਂਦੇ ਹਨ।੨੫।

ਹੇ ਭਾਈ! ਗੁਰੂ ਨਾਲ (ਆਤਮਕ) ਸਾਂਝ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਉਹ ਪਰਮਾਤਮਾ ਦੀ ਅਟੱਲ ਰਹਿਣ ਵਾਲੀ ਭਗਤੀ ਕਰਦੇ ਰਹਿੰਦੇ ਹਨ। ਉਹ ਮਨੁੱਖ ਗੁਰੂ ਦੇ ਸ਼ਬਦ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਵਿਹਾਝਦੇ ਹਨ ਅਤੇ ਹਰਿ-ਨਾਮ (ਦਾ) ਲਾਭ ਖੱਟਦੇ ਹਨ।੨੬।

ਹੇ ਭਾਈ! ਕਈ ਕਿਸਮ ਦੇ) ਪਾਪ ਕਰ ਕਰ ਕੇ ਸੋਨਾ ਚਾਂਦੀ (ਆਦਿਕ ਧਨ) ਇਕੱਠਾ ਕਰੀਦਾ ਹੈ, ਪਰ (ਜਗਤ ਤੋਂ) ਤੁਰਨ ਵੇਲੇ (ਉਹ ਧਨ ਮਨੁੱਖ ਦੇ) ਨਾਲ ਨਹੀਂ ਜਾਂਦਾ। ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ। ਨਾਮ ਤੋਂ ਸੁੰਞੀ ਸਾਰੀ ਲੁਕਾਈ ਆਤਮਕ ਮੌਤ ਦੀ ਹੱਥੀ ਲੁੱਟੀ ਜਾਂਦੀ ਹੈ (ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ) ੨੭।

ਹੇ ਭਾਈ! ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ (ਜੀਵਨ-ਸਫ਼ਰ ਦਾ) ਖ਼ਰਚ ਹੈ। ਇਸ ਸਫ਼ਰ-ਖ਼ਰਚ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖੋ। ਇਹ ਖ਼ਰਚ ਕਦੇ ਮੁੱਕਣ ਵਾਲਾ ਨਹੀਂ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਂਦਾ ਹੈ।੨੮।

ਜਗਤ ਦੇ ਮੂਲ ਪਰਮਾਤਮਾ ਤੋਂ ਖੁੰਝੇ ਹੋਏ ਹੇ ਮਨ! (ਜੇ ਤੂੰ ਇਸੇ ਤਰ੍ਹਾਂ ਖੁੰਝਿਆ ਹੀ ਰਿਹਾ, ਤਾਂ) ਆਪਣੀ ਇੱਜ਼ਤ ਗਵਾ ਕੇ (ਇਥੋਂ) ਜਾਵੇਂਗਾ। ਇਹ ਜਗਤ ਤਾਂ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈ (ਤੂੰ ਇਸ ਨਾਲ ਆਪਣਾ ਮੋਹ ਛੱਡ, ਅਤੇ) ਗੁਰੂ ਦੀ ਮਤਿ ਉਤੇ ਤੁਰ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।੨੯।

ਹਰਿ ਕੀ ਕੀਮਤਿ ਨਾ ਪਵੈ ਹਰਿ ਜਸੁ ਲਿਖਣੁ ਨ ਜਾਇ ॥ ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥੩੦॥ ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥ ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥੩੧॥ ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥ ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥੩੨॥ ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥ ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥੩੩॥ ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ ॥ ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥੩੪॥੧॥੩॥ {ਪੰਨਾ 756}

ਪਦਅਰਥ: ਜਸੁ = ਸੋਭਾ, ਵਡਿਆਈ। ਕੈ ਸਬਦਿ = ਦੇ ਸ਼ਬਦਿ ਵਿਚ। ਸਿਉ = ਨਾਲ।੩੦।

ਸਹੁ = ਸ਼ਹੁ, ਖਸਮ = ਪ੍ਰਭੂ। ਰੰਗੁਲਾ = ਰੰਗੀਲਾ, ਆਨੰਦ = ਸਰੂਪ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਕਾਮਣਿ = ਜੀਵ = ਇਸਤ੍ਰੀ। ਰੰਗੁ = ਪ੍ਰੇਮ ਰੰਗ। ਤਾ = ਤਾਂ, ਤਦੋਂ। ਜਾ = ਜਾਂ, ਜਦੋਂ। ਕੈ ਅੰਕਿ = ਦੀ ਗੋਦ ਵਿਚ, ਦੇ ਚਰਨਾਂ ਵਿਚ।੩੧।

ਮਿਲਨਿ = ਮਿਲ ਪੈਂਦੇ ਹਨ। ਸੇਵੰਨਿ = ਸਰਨ ਪੈਂਦੇ ਹਨ। ਅੰਤਰਿ = (ਹਰੇਕ ਦੇ) ਅੰਦਰ। ਨਵਨਿਧਿ = ਧਰਤੀ ਦੇ ਸਾਰੇ ਨੌ ਖ਼ਜ਼ਾਨੇ। ਖਾਨਿ = ਖਾਂਦੇ ਹਨ। ਖਰਚਨਿ = ਖ਼ਰਚਦੇ ਹਨ। ਰਵੰਨਿ = ਸਿਮਰਦੇ ਹਨ।੩੨।

ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}ਸਹੰਨਿ = ਸਹਿੰਦੇ ਹਨ। ਗੁਰਿ = ਗੁਰੂ ਨੇ। ਉਬਰੇ = (ਜਨਮ ਮਰਨ ਦੇ ਗੇੜ ਵਿਚੋਂ) ਬਚ ਗਏ। ਸਿਉ = ਨਾਲ। ਕੇਲ = ਆਨੰਦ।੩੩।

ਜਿ = ਜੇਹੜੇ। ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनां}ਜਾਣੀਅਹਿ = ਜਾਣੇ ਜਾਂਦੇ ਹਨ। ਸਚੁ = ਸਦਾ-ਥਿਰ ਪ੍ਰਭੂ। ਲਹੰਨਿ = ਲੈਂਦੇ ਹਨ, ਮੇਲ ਪ੍ਰਾਪਤ ਕਰਦੇ ਹਨ।੩੪।

ਅਰਥ: ਹੇ ਭਾਈ! ਪਰਮਾਤਮਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਪਰਮਾਤਮਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸ ਮਨੁੱਖ ਦਾ ਮਨ ਅਤੇ ਤਨ ਗੁਰੂ ਦੇ ਸ਼ਬਦ ਵਿਚ ਰੰਗਿਆ ਜਾਂਦਾ ਹੈ, ਉਹ ਸਦਾ ਪਰਮਾਤਮਾ ਵਿਚ ਲੀਨ ਰਹਿੰਦਾ ਹੈ।੩੦।

ਹੇ ਭਾਈ! ਮੇਰਾ ਉਹ ਖਸਮ-ਪ੍ਰਭੂ ਆਨੰਦ-ਸਰੂਪ ਹੈ (ਜੇਹੜਾ ਮਨੁੱਖ ਉਸ ਦੇ ਚਰਨਾਂ ਵਿਚ ਆ ਜੁੜਦਾ ਹੈ) ਉਸ ਨੂੰ ਉਹ ਆਤਮਕ ਅਡੋਲਤਾ ਵਿਚ, ਪ੍ਰੇਮ-ਰੰਗ ਵਿਚ ਰੰਗ ਦੇਂਦਾ ਹੈ। ਜਦੋਂ ਕੋਈ ਜੀਵ-ਇਸਤ੍ਰੀ ਉਸ ਖਸਮ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦੀ ਹੈ, ਤਦੋਂ ਉਸ (ਦੀ ਜਿੰਦ) ਨੂੰ ਪ੍ਰੇਮ-ਰੰਗ ਚੜ੍ਹ ਜਾਂਦਾ ਹੈ।੩੧।

ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਪ੍ਰਭੂ ਨਾਲੋਂ) ਚਿਰ ਦੇ ਵਿਛੁੜੇ ਹੋਏ ਭੀ (ਪ੍ਰਭੂ ਨੂੰ) ਆ ਮਿਲਦੇ ਹਨ। ਪਰਮਾਤਮਾ ਦਾ ਨਾਮ (ਜੋ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ (ਹੈ, ਉਹਨਾਂ ਨੂੰ) ਆਪਣੇ ਅੰਦਰ ਹੀ ਲੱਭ ਪੈਂਦਾ ਹੈ। ਉਸ ਨਾਮ-ਖ਼ਜ਼ਾਨੇ ਨੂੰ ਉਹ ਆਪ ਵਰਤਦੇ ਹਨ, ਹੋਰਨਾਂ ਨੂੰ ਵੰਡਦੇ ਹਨ, ਉਹ ਫਿਰ ਭੀ ਨਹੀਂ ਮੁੱਕਦਾ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ।੩੨।

ਹੇ ਭਾਈ! ਗੁਰੂ ਦੀ ਸਰਨ ਆ ਪਏ) ਉਹ ਮਨੁੱਖ ਨਾਹ ਜੰਮਦੇ ਹਨ ਨਾਹ ਮਰਦੇ ਹਨ, ਨਾਹ ਹੀ ਉਹ (ਜਨਮ ਮਰਨ ਦੇ ਗੇੜ ਦੇ) ਦੁੱਖ ਸਹਾਰਦੇ ਹਨ। ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕਰ ਦਿੱਤੀ ਹੈ, ਉਹ (ਜਨਮ ਮਰਨ ਦੇ ਗੇੜ ਤੋਂ) ਬਚ ਗਏ। ਉਹ ਸਦਾ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦੇ ਹਨ।੩੩।

ਹੇ ਭਾਈ! ਜੇਹੜੇ ਭਲੇ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਮਿਲ ਕੇ ਮੁੜ ਕਦੇ ਨਹੀਂ ਵਿਛੁੜਦੇ। ਪਰ, ਹੇ ਨਾਨਕ! ਇਸ ਜਗਤ ਵਿਚ ਅਜੇਹੇ ਵਿਰਲੇ ਬੰਦੇ ਹੀ ਉੱਘੜਦੇ ਹਨ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਹਨ।੩੪।੧।੩।

ਸੂਹੀ ਮਹਲਾ ੩ ॥ ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ ॥ ਗੁਰ ਕੈ ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ ॥੧॥ ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥ ਹਉ ਤਿਨ ਕੈ ਬਲਿਹਾਰਣੈ ਮਨਿ ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨ੍ਹ੍ਹਿ ॥ ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥ ਨਾਮੁ ਧਿਆਇਨ੍ਹ੍ਹਿ ਰੰਗ ਸਿਉ ਗੁਰਮੁਖਿ ਨਾਮਿ ਲਗੰਨ੍ਹ੍ਹਿ ॥ ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨ੍ਹ੍ਹਿ ॥੩॥ ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥ ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ ॥੪॥ {ਪੰਨਾ 756-757}

ਪਦਅਰਥ: ਸੂਖਮੁ = {सुक्ष्म} ਬਹੁਤ ਬਾਰੀਕ, ਅਦ੍ਰਿਸ਼ਟ। ਅਗਮ = {अगम्य} ਅਪਹੁੰਚ। ਕਿਤੁ ਬਿਧਿ = ਕਿਸ ਤਰੀਕੇ ਨਾਲ? ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਅਚਿੰਤੁ = ਸਾਡੀਆਂ ਸੋਚਾਂ ਵਿਚਾਰਾਂ ਤੋਂ ਬਿਨਾ ਹੀ, ਸਹਜ ਸੁਭਾਇ। ਮਨਿ = ਮਨ ਵਿਚ। ਆਇ = ਆ ਕੇ।੧।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਕੈ ਬਲਿਹਾਰਣੈ = ਤੋਂ ਸਦਕੇ। ਰਵੰਨਿ = ਯਾਦ ਕਰਦੇ ਹਨ।੧।ਰਹਾਉ।

ਸਰਵਰੁ = ਸੋਹਣਾ ਤਾਲਾਬ, ਸੋਹਣਾ ਸਰ। ਲਹੰਨ੍ਹ੍ਹਿ = ਲੱਭ ਲੈਂਦੇ ਹਨ। ਸੇ = ਉਹ {ਬਹੁ-ਵਚਨ}ਹੰਸੁਲੇ = ਸੋਹਣੇ ਹੰਸ।੨।

ਧਿਆਇਨ੍ਹ੍ਹਿ = ਧਿਆਉਂਦੇ ਹਨ। ਰੰਗ = ਪਿਆਰ। ਸਿਉ = ਨਾਲ। ਨਾਮਿ = ਨਾਮ ਵਿਚ। ਧੁਰਿ = ਧੁਰ ਦਰਗਾਹ ਤੋਂ। ਪੂਰਬਿ = ਪਹਿਲੇ ਜਨਮ ਵਿਚ। ਭਾਣਾ = ਰਜ਼ਾ।੩।

ਘਰੁ = ਹਿਰਦਾ = ਘਰ। ਨਿਧਾਨੁ = ਖ਼ਜ਼ਾਨਾ। ਗੁਰਿ ਪੂਰੇ = ਪੂਰੇ ਗੁਰੂ ਨੇ। ਆਤਮ ਰਾਮੁ = ਸਰਬ = ਵਿਆਪਕ ਪਰਮਾਤਮਾ। ਪਛਾਨੁ = ਸਾਂਝ ਪੈਦਾ ਕਰ।੪।

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ। ਜੇਹੜੇ ਮਨੁੱਖ ਆਪਣੇ ਮਨ ਵਿਚ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦੇ ਰਹਿੰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।੧।ਰਹਾਉ।

ਹੇ ਭਾਈ! ਪਰਮਾਤਮਾ ਅਦ੍ਰਿਸ਼ਟ ਹੈ ਅਪਹੁੰਚ ਹੈ, (ਫਿਰ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ? ਹੇ ਭਾਈ! ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਉਸ ਦੇ ਮਨ ਦੀ) ਭਟਕਣਾ ਕੱਟੀ ਜਾਂਦੀ ਹੈ, ਤਦੋਂ ਪਰਮਾਤਮਾ ਸਹਜ ਸੁਭਾਇ (ਆਪ ਹੀ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।੧।

ਹੇ ਭਾਈ! ਗੁਰੂ ਇਕ ਸੋਹਣਾ ਸਰ ਹੈ, ਮਾਨ-ਸਰੋਵਰ ਹੈ। ਵੱਡੇ ਭਾਗਾਂ ਵਾਲੇ ਮਨੁੱਖ ਉਸ ਨੂੰ ਲੱਭ ਲੈਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਸੇਵਕਾਂ ਨੇ ਭਾਲ ਕੀਤੀ, ਉਹ ਸੋਹਣੇ ਹੰਸ (-ਗੁਰਸਿੱਖ ਉਸ ਗੁਰੂ-ਮਾਨਸਰੋਵਰ ਵਿਚੋਂ) ਨਾਮ (-ਮੋਤੀ) ਲੱਭ ਲੈਂਦੇ ਹਨ।੨।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ, ਅਤੇ ਨਾਮ ਵਿਚ ਜੁੜੇ ਰਹਿੰਦੇ ਹਨ। ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਪਹਿਲੇ ਹੀ ਇਹ ਲੇਖ ਲਿਖਿਆ ਹੁੰਦਾ ਹੈ, ਉਹੀ ਗੁਰੂ ਦੀ ਰਜ਼ਾ ਨੂੰ ਮੰਨਦੇ ਹਨ।੩।

ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਆਪਣੇ ਹਿਰਦਾ-ਘਰ ਦੀ ਖੋਜ ਕੀਤੀ, ਉਹਨਾਂ (ਆਪਣੇ ਹਿਰਦੇ ਵਿਚੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ। ਪੂਰੇ ਗੁਰੂ ਨੇ (ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਉਹ ਨਾਮ-ਖ਼ਜ਼ਾਨਾ) ਵਿਖਾਲ ਦਿੱਤਾ। ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਉਸ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ।੪।

TOP OF PAGE

Sri Guru Granth Darpan, by Professor Sahib Singh