ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 764

ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਹਮ ਘਰਿ ਸਾਜਨ ਆਏ ॥ਸਾਚੈ ਮੇਲਿ ਮਿਲਾਏ ॥ ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥ ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥ ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥ ਆਵਹੁ ਮੀਤ ਪਿਆਰੇ ॥ ਮੰਗਲ ਗਾਵਹੁ ਨਾਰੇ ॥ ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥ ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥ ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥ ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥ ਮਨੁ ਤਨੁ ਅੰਮ੍ਰਿਤਿ ਭਿੰਨਾ ॥ ਅੰਤਰਿ ਪ੍ਰੇਮੁ ਰਤੰਨਾ ॥ ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥ ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥ ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥ ਆਤਮ ਰਾਮੁ ਸੰਸਾਰਾ ॥ ਸਾਚਾ ਖੇਲੁ ਤੁਮ੍ਹ੍ਹਾਰਾ ॥ ਸਚੁ ਖੇਲੁ ਤੁਮ੍ਹ੍ਹਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥ ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥ ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥ ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥ {ਪੰਨਾ 764}

ਪਦਅਰਥ: ਹਮ ਘਰ = ਮੇਰੇ ਹਿਰਦੇ = ਘਰ ਵਿਚ। ਸਾਜਨ ਆਏ = ਪ੍ਰਭੂ = ਮਿੱਤਰ ਜੀ ਆ ਪ੍ਰਗਟੇ ਹਨ {ਨੋਟ:ਇਹ ਲਫ਼ਜ਼ ਆਦਰ ਦੇ ਭਾਵ ਵਿਚ 'ਬਹੁ-ਵਚਨ' ਵਿਚ ਵਰਤੇ ਗਏ ਹਨ; ਜਿਵੇਂ "ਪ੍ਰਭ ਜੀ ਬਸਹਿ ਸਾਧ ਕੀ ਰਸਨਾ"}ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ। ਮੇਲਿ = ਆਪਣੇ ਮੇਲਿ ਵਿਚ, ਆਪਣੇ ਚਰਨਾਂ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਮਨਿ = (ਮੇਰੇ) ਮਨ ਵਿਚ। ਭਾਏ = ਪਿਆਰੇ ਲੱਗ ਰਹੇ ਹਨ। ਪੰਚ = ਮੇਰੇ ਪੰਜੇ ਗਿਆਨ ਇੰਦ੍ਰੇ {ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ = ਪਿਆਰ ਵਿਚ ਰਲ ਬੈਠੇ ਹਨ}ਸੁਖੁ = ਆਤਮਕ ਆਨੰਦ। ਜਿਸੁ...ਲਾਇਆ = ਜਿਸ ਨਾਲ ਮਨ ਜੋੜਿਆ ਸੀ, ਜਿਸ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ। ਅਨਦਿਨੁ = ਹਰ ਰੋਜ਼। ਘਰ ਮੰਦਰ = ਮੇਰਾ ਹਿਰਦਾ ਆਦਿਕ ਸਾਰੇ ਅੰਗ। ਪੰਚ ਸਬਦ ਧੁਨਿ = ਪੰਜ ਕਿਸਮਾਂ ਦੇ ਸਾਜਾਂ ਦੇ ਵੱਜਣ ਦੀ ਮਿਲਵੀਂ ਸੁਰ। ਅਨਹਦ = ਇਕ-ਰਸ। ਪੰਚ ਸਬਦ = {ਤਾਰ, ਚੰਮ, ਧਾਤ, ਘੜਾ, ਫੂਕ ਮਾਰਨ ਵਾਲੇ}

ਮੀਤ ਪਿਆਰੇ = ਹੇ ਮੇਰੇ ਪਿਆਰੇ ਮਿੱਤਰੋ! ਹੇ ਮੇਰੇ ਗਿਆਨ = ਇੰਦ੍ਰਿਓ! ਨਾਰੇ = ਹੇ ਨਾਰੀਓ! ਹੇ ਮੇਰੀ ਸਹੇਲੀਓ! ਹੇ ਮੇਰੇ ਗਿਆਨ = ਇੰਦ੍ਰਿਓ! ਮੰਗਲ = ਖ਼ੁਸ਼ੀ ਦੇ ਗੀਤ, ਉਹ ਗੀਤ ਜੋ ਮਨ ਵਿਚ ਖ਼ੁਸ਼ੀ ਪੈਦਾ ਕਰਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ। ਸਚੁ = ਸਦਾ ਕਾਇਮ ਰਹਿਣ ਵਾਲਾ। ਸਚੁ ਮੰਗਲੁ = ਅਟੱਲ ਆਤਮਕ ਆਨੰਦ ਦੇਣ ਵਾਲਾ ਸਿਫ਼ਤਿ-ਸਾਲਾਹ ਦਾ ਗੀਤ। ਤਾ = ਤਦੋਂ ਹੀ। ਭਾਵਹੁ = ਪਿਆਰੀਆਂ ਲੱਗੋਗੀਆਂ। ਸੋਹਿਲੜਾ = ਖ਼ੁਸ਼ੀ ਪੈਦਾ ਕਰਨ ਵਾਲਾ ਗੀਤ। ਜੁਗ ਚਾਰੇ = ਸਦਾ ਲਈ ਅਟੱਲ। ਅਪਨੈ ਘਰਿ = ਮੇਰੇ ਹਿਰਦੇ = ਘਰ ਵਿਚ। ਥਾਨਿ = ਹਿਰਦੇ = ਥਾਂ ਵਿਚ। ਸੁਹਾਇਆ = ਸੋਭਾ ਦੇ ਰਿਹਾ ਹੈ। ਕਾਰਜ = ਮੇਰੇ ਜੀਵਨ = ਮਨੋਰਥ। ਸਬਦਿ = ਗੁਰੂ ਦੇ ਸ਼ਬਦ ਨੇ। ਨੇਤ੍ਰੀ = ਮੇਰੀਆਂ ਅੱਖਾਂ ਵਿਚ। ਅੰਜਨੁ = ਸੁਰਮਾ। ਤ੍ਰਿਭਵਣ ਰੂਪੁ = ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦੀਦਾਰ। ਸਖੀ = ਹੇ ਮੇਰੀ ਸਹੇਲੀਹੋ! ਹੇ ਮੇਰੇ ਗਿਆਨ = ਇੰਦ੍ਰਿਓ! ਮਿਲਹੁ = ਆਪੋ ਆਪਣੇ ਵਿਸ਼ੇ ਵਲੋਂ ਹਟ ਕੇ ਪ੍ਰਭੂ = ਪਿਆਰ ਵਿਚ ਰਲ ਮਿਲੋ। ਰਸਿ = ਆਨੰਦ ਨਾਲ। ਸਾਜਨੁ = ਮਿੱਤਰ = ਪ੍ਰਭੂ।੨।

ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਨਾਲ। ਭਿੰਨਾ = ਭਿੱਜਾ ਹੋਇਆ। ਅੰਤਰਿ = (ਮੇਰੇ) ਅੰਦਰ, ਮੇਰੇ ਹਿਰਦੇ ਵਿਚ। ਰਤੰਨਾ = ਰਤਨ। ਤਤੁ = {तत्व} The Supreme Being, ਪਰਮਾਤਮਾ। ਪਰਮ ਤਤੁ = ਪਰਮਾਤਮਾ। ਵੀਚਾਰੋ = ਵੀਚਾਰੁ, ਵਿਚਾਰ। ਜੰਤ ਭੇਖ ਦਾਤਾ = ਭੇਖਾਰੀ ਜੀਵਾਂ ਦਾ ਦਾਤਾ। ਸਫਲਿਓ = ਕਾਮਯਾਬ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ। ਜਾਨੁ = ਸੁਜਾਨ, ਸਿਆਣਾ। ਆਪੇ = ਆਪ ਹੀ। ਕਾਰਣੁ = ਜਗਤ। ਮੋਹਨਿ = ਮੋਹਨ ਨੇ, ਪ੍ਰਭੂ ਨੇ {ਵੇਖੋ = "ਮੋਹਨ ਤੇਰੇ ਊਚੇ ਮੰਦਰ" = ਗਉੜੀ ਮ: ੫}੩।

ਆਤਮ ਰਾਮੁ = ਜਿੰਦ = ਜਾਨ। ਰਾਮੁ = {रमते इति राम } ਸਰਬ = ਵਿਆਪਕ। ਸਾਚਾ = ਸਚ = ਮੁਚ ਦੀ ਹੋਂਦ ਵਾਲਾ। ਅਗਮ = ਅਪਹੁੰਚ {अगम्य}ਅਪਾਰਾ = ਬੇਅੰਤ। ਸਿਧ = ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਕੇਤੇ = ਅਨੇਕਾਂ। ਕਾਲੁ = ਮੌਤ। ਬਿਕਾਲੁ = {"ਕਾਲ" ਦੇ ਉਲਟ} ਜਨਮ। ਦੇਵਾਲੇ ਭਏ = ਕਮਲੇ ਹੋ ਗਏ, ਨੱਸ ਗਏ। ਗੁਰਿ = ਗੁਰੂ ਨੇ। ਠਾਏ = ਠਾਇ, ਥਾਂ = ਸਿਰ, ਪ੍ਰਭੂ ਦੇ ਚਰਨਾਂ ਵਿਚ। ਸਬਦਿ = ਸ਼ਬਦ ਦੀ ਰਾਹੀਂ। ਸੰਗਮਿ = ਸੰਗਮ ਵਿਚ।੪।

ਅਰਥ: ਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਜੀ ਆ ਪ੍ਰਗਟੇ ਹਨ। ਸਦਾ-ਥਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ। ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦ੍ਰੇ (ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-ਪਿਆਰ ਵਿਚ) ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਜਿਸ ਨਾਮ-ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈਨੂੰ ਮਿਲ ਗਈ ਹੈ। ਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ (ਉਸ ਨਾਮ ਨਾਲ) ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦ੍ਰੇ ਸੁਹਾਵਣੇ ਹੋ ਗਏ ਹਨ। ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ (ਹੁਣ ਮੇਰੇ ਅੰਦਰ ਅਜੇਹਾ ਆਨੰਦ ਬਣਿਆ ਪਿਆ ਹੈ, ਮਾਨੋ) ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ (ਮੇਰੇ ਅੰਦਰ) ਵੱਜ ਰਹੇ ਹਨ।੧।

ਹੇ ਮੇਰੇ ਗਿਆਨ-ਇੰਦ੍ਰਿਓ! ਹੇ ਮੇਰੀ ਸਹੇਲੀਓ! ਆਓ, ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ। ਉਹ ਗੀਤ ਗਾਵੋ ਜੋ ਅਟੱਲ ਆਤਮਕ ਆਨੰਦ ਪੈਦਾ ਕਰਦਾ ਹੈ, ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ।

(ਹੇ ਸਹੇਲੀਓ! ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ) ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦੇ-ਥਾਂ ਵਿਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ।

ਉੱਚੇ ਤੋਂ ਉੱਚਾ ਆਤਮਕ ਆਨੰਦ ਦੇਣ ਵਾਲਾ ਸਤਿਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮੈਨੂੰ ਅੱਖਾਂ ਵਿਚ ਪਾਣ ਲਈ ਮਿਲਿਆ ਹੈ (ਉਸ ਦੀ ਬਰਕਤਿ ਨਾਲ ਗੁਰੂ ਨੇ) ਮੈਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ।

ਹੇ ਸਹੇਲੀਓ! ਪ੍ਰਭੂ ਚਰਨਾਂ ਵਿਚ ਜੁੜੋ ਤੇ ਆਨੰਦ ਨਾਲ ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਆਤਮਕ ਹੁਲਾਰਾ ਪੈਦਾ ਕਰਦਾ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਆ ਪ੍ਰਗਟਿਆ ਹੈ।੨।

(ਹੇ ਸਹੇਲੀਹੋ!) ਮੇਰਾ ਮਨ ਤੇ ਸਰੀਰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਗਿਆ ਹੈ, ਮੇਰੇ ਹਿਰਦੇ ਵਿਚ ਪ੍ਰੇਮ-ਰਤਨ ਪੈਦਾ ਹੋ ਪਿਆ ਹੈ। ਮੇਰੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦਾ ਇਕ ਐਸਾ) ਸੋਹਣਾ ਰਤਨ ਪੈਦਾ ਹੋ ਪਿਆ ਹੈ (ਜਿਸ ਦੀ ਬਰਕਤਿ ਨਾਲ ਮੈਂ ਉਸ ਦੇ ਦਰ ਤੇ ਇਉਂ ਅਰਦਾਸਿ ਕਰਦੀ ਹਾਂ-ਹੇ ਪ੍ਰਭੂ! ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਹਨ) ਤੂੰ ਭਿਖਾਰੀ ਜੀਵਾਂ ਦਾ ਕਾਮਯਾਬ ਦਾਤਾ ਹੈਂ, ਤੂੰ ਹਰੇਕ ਜੀਵ ਦੇ ਸਿਰ ਉਤੇ (ਰਾਖਾ ਤੇ) ਦਾਤਾਰ ਹੈਂ। ਤੂੰ ਸਿਆਣਾ ਹੈਂ, ਗਿਆਨ-ਵਾਨ ਹੈਂ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪ ਹੀ ਇਹ (ਸਾਰਾ) ਜਗਤ ਰਚਿਆ ਹੈ (ਤੇ ਆਪ ਹੀ ਹਰੇਕ ਦੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈਂ ਤੇ ਪੂਰੀਆਂ ਕਰਦਾ ਹੈਂ)

ਹੇ ਸਹੇਲੀਓ! ਮੇਰਾ ਹਾਲ ਸੁਣੋ) ਮੋਹਨ-ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵੱਸ ਵਿਚ ਕਰ ਲਿਆ ਹੈ, ਮੇਰਾ ਮਨ ਮੇਰਾ ਤਨ ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜਾ ਪਿਆ ਹੈ।੩।

ਹੇ ਪ੍ਰਭੂ! ਤੂੰ ਸੰਸਾਰ ਦੀ ਜਿੰਦ-ਜਾਨ ਹੈਂ, ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ (ਭਾਵ, ਹੈ ਤਾਂ ਇਹ ਸੰਸਾਰ ਇਕ ਖੇਡ ਹੀ, ਹੈ ਤਾਂ ਨਾਸਵੰਤ, ਪਰ ਮਨ ਦਾ ਭਰਮ ਨਹੀਂ, ਸਚ-ਮੁਚ ਮੌਜੂਦ ਹੈ)

ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ (ਇਹ ਅਸਲੀਅਤ) ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ। (ਇਹ ਸੰਸਾਰ ਵਿਚ) ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ (ਤੇਰੀ ਹੀ ਮੇਹਰ ਨਾਲ ਇਸ ਮਰਾਤਬੇ ਤੇ ਪਹੁੰਚਦੇ ਹਨ) ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ। (ਤੇਰੀ ਹੀ ਮੇਹਰ ਨਾਲ) ਗੁਰੂ ਨੇ ਜਿਸ ਦਾ ਮਨ ਤੇਰੇ ਚਰਨਾਂ ਵਿਚ ਜੋੜਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।

ਹੇ ਨਾਨਕ! ਪ੍ਰਭੂ ਦੀ ਮੇਹਰ ਦਾ ਸਦਕਾ) ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਔਗੁਣ ਸਾੜ ਲਏ, ਉਸ ਨੇ ਗੁਣਾਂ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ।੪।੧।੨।

ਨੋਟ: ਛੰਦ ਦੇ ਬੰਦ ੪ ਹਨ। 'ਘਰੁ ੨' ਦਾ ਇਹ ਪਹਿਲਾ ਛੰਦ ਹੈ। ਕੁੱਲ ਜੋੜ ੨ ਹੈ।

TOP OF PAGE

Sri Guru Granth Darpan, by Professor Sahib Singh