ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 816 ਬਿਲਾਵਲੁ ਮਹਲਾ ੫ ॥ ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥ ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥ ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥ ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥ ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥ ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥ ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥ ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥ {ਪੰਨਾ 816} ਪਦਅਰਥ: ਜਿਨਿ = ਜਿਸ (ਪਰਮਾਤਮਾ) ਨੇ। ਤੂ = ਤੈਨੂੰ। ਬੰਧਿ ਕਰਿ ਛੋਡਿਆ = ਬੰਨ੍ਹ ਕੇ ਰੱਖਿਆ ਹੋਇਆ ਸੀ। (ਮਾਂ ਦੇ ਪੇਟ ਵਿਚ) । ਫੁਨਿ = ਫਿਰ, (ਮਾਂ ਦੇ ਪੇਟ ਵਿਚੋਂ ਕੱਢ ਕੇ) । ਚਰਣਾਰਬਿੰਦ = {ਚਰਣ = ਅਰਬਿੰਦ। ਅਰਬਿੰਦ = ਕਮਲ ਫੁੱਲ} ਕੌਲ ਫੁੱਲ ਵਰਗੇ ਸੋਹਣੇ ਚਰਨ। ਸੀਤਲ = ਸ਼ਾਂਤ = ਚਿੱਤ। ਹੋਤਾਇਆ = ਹੋ ਜਾਈਦਾ ਹੈ। ਅਥਵਾ = ਅਤੇ। ਜੀਵਤਿਆ = ਜੀਊਂਦਿਆਂ, ਇਸ ਲੋਕ ਵਿਚ। ਮੁਇਆ = ਮੁਇਆਂ, ਪਰਲੋਕ ਵਿਚ। ਕਾਮਿ = ਕੰਮ। ਤਿਸ ਕੋਊ = ਕੋਈ ਵਿਰਲਾ। ਸਿਉ = ਨਾਲ। ਰੰਗੁ = ਪ੍ਰੇਮ।੧।ਰਹਾਉ। ਉਸਨ = ਗਰਮੀ। ਸੀਤ = ਠੰਡਕ। ਕਰਤਾ = ਕਰਤਾਰ। ਘਾਮ ਤੇ = ਤਪਸ਼ ਤੋਂ। ਕੀਰੀ = ਕੀੜੀ। ਤੇ = ਤੋਂ। ਹਸਤੀ = ਹਾਥੀ। ਲੇ = ਲੈ ਕੇ, (ਆਪਣੇ ਚਰਨਾਂ ਨਾਲ ਲਾ ਕੇ) ।੨। ਅੰਡਜ = ਅੰਡੇ ਤੋਂ ਪੈਦਾ ਹੋਏ ਜੀਵ, (ਪੰਛੀ ਆਦਿਕ) । ਜੇਰਜ = ਜਿਓਰ ਤੋਂ ਜੰਮੇ ਹੋਏ (ਮਨੁੱਖ ਅਤੇ ਪਸ਼ੂ) । ਸੇਤਜ = {ਸੈਤ = ਪਸੀਨਾ} ਮੁੜ੍ਹਕੇ ਤੋਂ ਜੰਮੇ ਹੋਏ (ਜੂੰਆਂ ਆਦਿਕ) । ਉਤਭੁਜਾ = ਪਾਣੀ ਦੀ ਮਦਦ ਨਾਲ ਧਰਤੀ ਵਿਚੋਂ ਜੰਮੇ ਹੋਏ (ਬਨਸਪਤੀ) । ਕਿਰਤਿ = ਰਚਨਾ। ਨਿਰਤਿ = {ਨਿ = ਰਤਿ। ਰਤਿ = ਪਿਆਰ, ਮੋਹ} ਨਿਰਮੋਹ ਹੋ ਕੇ।੩। ਹਮ ਤੇ = ਅਸਾਂ (ਜੀਵਾਂ) ਤੋਂ। ਪ੍ਰਭ = ਹੇ ਪ੍ਰਭੂ! ਸਰਣਿ ਸਾਧ = ਗੁਰੂ ਦੀ ਸਰਨ (ਰੱਖ) । ਮਗਨ = ਡੁੱਬੇ ਹੋਏ। ਕੂਪ = ਖੂਹ। ਅੰਧ = ਅੰਨ੍ਹਾ। ਗੁਰ = ਹੇ ਗੁਰੂ!।੪। ਅਰਥ: (ਹੇ ਭਾਈ! ਜੇਹੜੀ ਮਾਇਆ) ਇਸ ਲੋਕ ਅਤੇ ਪਰਲੋਕ ਵਿਚ ਕਿਤੇ ਭੀ ਸਾਥ ਨਹੀਂ ਨਿਬਾਹੁੰਦੀ (ਜੀਵ ਉਸ ਨਾਲ ਸਦਾ ਮੋਹ ਪਾਈ ਰੱਖਦਾ ਹੈ। ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ, ਉਸ ਨਾਲ ਕੋਈ ਵਿਰਲਾ ਮਨੁੱਖ ਪਿਆਰ ਬਣਾਂਦਾ ਹੈ।੧।ਰਹਾਉ। ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ (ਪਹਿਲਾਂ ਮਾਂ ਦੇ ਪੇਟ ਵਿਚ) ਬੰਨ੍ਹ ਕੇ ਰੱਖਿਆ ਹੋਇਆ ਸੀ, ਫਿਰ (ਮਾਂ ਦੇ ਪੇਟ ਵਿਚੋਂ ਕੱਢ ਕੇ ਜਗਤ ਵਿਚ ਲਿਆ ਕੇ ਜਗਤ ਦੇ) ਸੁਖਾਂ ਵਿਚ ਲਿਆ ਵਸਾਇਆ ਹੈ, ਉਸ ਦੇ ਸੋਹਣੇ ਚਰਨ ਸਦਾ ਸਿਮਰਦਾ ਰਹੁ। (ਇਸ ਤਰ੍ਹਾਂ ਸਦਾ) ਸ਼ਾਂਤ-ਚਿੱਤ ਰਹਿ ਸਕੀਦਾ ਹੈ।੧। ਹੇ ਭਾਈ! ਵਿਕਾਰਾਂ ਦੀ) ਗਰਮੀ ਅਤੇ (ਨਾਮ ਦੀ) ਠੰਢਕ ਪਰਮਾਤਮਾ ਆਪ ਹੀ ਬਣਾਂਦਾ ਹੈ, ਉਹ (ਆਪ ਹੀ ਵਿਕਾਰਾਂ ਦੀ) ਤਪਸ਼ ਵਿਚੋਂ ਕੱਢਦਾ ਹੈ। ਉਹ ਪ੍ਰਭੂ ਕੀੜੀ (ਨਾਚੀਜ਼ ਜੀਵ ਤੋਂ) ਹਾਥੀ (ਮਾਣ-ਆਦਰ ਵਾਲਾ) ਬਣਾ ਦੇਂਦਾ ਹੈ, (ਆਪਣੇ ਚਰਨਾਂ ਨਾਲੋਂ) ਟੁੱਟੇ ਹੋਏ ਜੀਵ ਨੂੰ ਉਹ ਆਪ ਹੀ (ਬਾਹੋਂ) ਫੜ ਕੇ (ਆਪਣੇ ਚਰਨਾਂ ਨਾਲ) ਗੰਢ ਲੈਂਦਾ ਹੈ (ਉਸੇ ਦੀ ਸਰਨ ਪਿਆ ਰਹੁ) ।੨। (ਹੇ ਭਾਈ! ਦੁਨੀਆ ਵਿਚ) ਅੰਡੇ ਤੋਂ ਪੈਦਾ ਹੋਏ ਜੀਵ, ਜਿਓਰ ਤੋਂ ਜੰਮੇ ਹੋਏ ਜੀਵ, ਪਸੀਨੇ ਤੋਂ ਪੈਦਾ ਹੋਏ ਜੀਵ, ਸਾਰੀ ਬਨਸਪਤੀ-ਇਹ ਸਾਰੀ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ। ਉਸ ਪਰਮਾਤਮਾ ਦਾ ਨਾਮ (ਇਸ ਰਚਨਾ ਤੋਂ) ਨਿਰਮੋਹ ਰਹਿ ਕੇ ਸਿਮਰਨਾ ਚਾਹੀਦਾ ਹੈ-ਇਹ ਕਮਾਈ ਕਰਨ ਨਾਲ (ਜੀਵਨ ਦੇ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।੩। ਹੇ ਪ੍ਰਭੂ! ਅਸਾਂ ਜੀਵਾਂ ਪਾਸੋਂ ਕੁਝ ਭੀ ਨਹੀਂ ਹੋ ਸਕਦਾ (ਸਾਨੂੰ) ਗੁਰੂ ਦੀ ਸਰਨ ਪਾਈ ਰੱਖ। ਹੇ ਨਾਨਕ! ਅਰਦਾਸ ਕਰਿਆ ਕਰ-) ਹੇ ਗੁਰੂ! ਅਸੀ ਜੀਵ ਮਾਇਆ ਦੇ ਮੋਹ ਵਿਚ ਡੁੱਬੇ ਰਹਿੰਦੇ ਹਾਂ, (ਸਾਨੂੰ ਮੋਹ ਦੇ ਇਸ) ਹਨੇਰੇ ਖੂਹ ਵਿਚੋਂ ਕੱਢ ਲੈ।੪।੩।੬੦। ਬਿਲਾਵਲੁ ਮਹਲਾ ੫ ॥ ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥ ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥੧॥ ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥ ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥੧॥ ਰਹਾਉ ॥ ਬਰਨ ਆਸ੍ਰਮ ਸਾਸਤ੍ਰ ਸੁਨਉ ਦਰਸਨ ਕੀ ਪਿਆਸ ॥ ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ॥੨॥ ਓਹੁ ਸਰੂਪੁ ਸੰਤਨ ਕਹਹਿ ਵਿਰਲੇ ਜੋਗੀਸੁਰ ॥ ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥੩॥ ਸੋ ਅੰਤਰਿ ਸੋ ਬਾਹਰੇ ਬਿਨਸੇ ਤਹ ਭਰਮਾ ॥ ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥੪॥੩੧॥੬੧॥ {ਪੰਨਾ 816} ਪਦਅਰਥ: ਫਿਰਾ = ਫਿਰਾਂ, ਮੈਂ ਫਿਰਦਾ ਹਾਂ। ਖੋਜਉ = ਖੋਜਉਂ, ਮੈਂ ਖੋਜਦਾ ਹਾਂ। ਥਾਨ = (ਅਨੇਕਾਂ) ਥਾਂ। ਅਛੇਦ = ਅ = ਛੇਦ, ਜਿਸ ਦਾ ਨਾਸ ਨਾਹ ਹੋ ਸਕੇ। ਅਭੇਦ = ਅ = ਭੇਦ, ਜਿਸ ਦਾ ਭੇਦ ਨਾਹ ਪੈ ਸਕੇ।੧। ਕਬ = ਕਦੋਂ? ਦੇਖਉ = ਦੇਖਉਂ, ਮੈਂ ਵੇਖਾਂ। ਕੈ ਰੰਗਿ = ਦੇ ਰੰਗ ਵਿਚ। ਬਸੀਐ = ਜੇ ਵੱਸ ਸਕੀਏ।੧।ਰਹਾਉ। ਬਰਨ = ਚਾਰ ਵਰਨ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) । ਆਸ੍ਰਮ = ਚਾਰ ਆਸ਼੍ਰਮ (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਥ, ਸੰਨਿਆਸ। ਸੁਨਉ = ਸੁਨਉਂ, ਮੈਂ ਸੁਣਦਾ ਹਾਂ।੨। ਕਹਹਿ = ਦੱਸਦੇ ਹਨ। ਜੋਗੀਸੁਰ = {ਜੋਗੀ = ਈਸੁਰ} ਜੋਗੀਰਾਜ। ਕਰਿ = ਕਰ ਕੇ। ਜਾ ਕਉ = ਜਿਸ ਨੂੰ। ਤੇ = ਉਹ {ਬਹੁ-ਵਚਨ}। ਈਸੁਰ = ਵੱਡੇ ਮਨੁੱਖ।੩। ਅੰਤਰਿ = (ਹਰੇਕ ਜੀਵ ਦੇ) ਅੰਦਰ। ਬਾਹਰੇ = ਬਾਹਰਿ, ਸਭ ਤੋਂ ਵੱਖਰਾ। ਤਹ = ਉਥੇ, ਉਸ ਵਿਚ (ਟਿਕਿਆਂ) । ਭੇਟਿਆ = ਮਿਲਿਆ। ਤਿਸੁ = ਉਸ (ਮਨੁੱਖ) ਨੂੰ। ਕਰਮਾ = ਭਾਗ।੪। ਅਰਥ: (ਹੇ ਭਾਈ! ਮੈਨੂੰ ਹਰ ਵੇਲੇ ਇਹ ਤਾਂਘ ਰਹਿੰਦੀ ਹੈ ਕਿ) ਆਪਣੀ ਜਿੰਦ ਦੇ ਚਾਉ ਨਾਲ ਕਦੋਂ ਮੈਂ ਆਪਣੇ (ਪਿਆਰੇ) ਪ੍ਰਭੂ ਨੂੰ ਵੇਖ ਸਕਾਂਗਾ। (ਜੇ ਰਾਤ ਨੂੰ ਸੁੱਤੇ ਪਿਆਂ ਸੁਪਨੇ ਵਿਚ ਹੀ) ਪ੍ਰਭੂ ਦੇ ਨਾਲ ਵੱਸ ਸਕੀਏ, ਤਾਂ ਇਸ ਜਾਗਦੇ ਰਹਿਣ ਨਾਲੋਂ (ਸੁੱਤੇ ਪਿਆਂ ਉਹ) ਸੁਪਨਾ ਚੰਗਾ ਹੈ।੧।ਰਹਾਉ। (ਹੇ ਭਾਈ! ਪ੍ਰਭੂ ਨੂੰ) ਲੱਭਦਾ ਲੱਭਦਾ ਮੈਂ (ਹਰ ਪਾਸੇ) ਫਿਰਦਾ ਰਹਿੰਦਾ ਹਾਂ, ਮੈਂ ਕਈ ਜੰਗਲ ਅਨੇਕਾਂ ਥਾਂ ਖੋਜਦਾ ਫਿਰਦਾ ਹਾਂ (ਪਰ ਮੈਨੂੰ ਪ੍ਰਭੂ ਕਿਤੇ ਭੀ ਨਹੀਂ ਲੱਭਦਾ। ਮੈਂ ਸੁਣਿਆ ਹੈ ਕਿ ਉਹ) ਭਗਵਾਨ ਪ੍ਰਭੂ ਜੀ ਇਹੋ ਜਿਹੇ ਹਨ ਕਿ ਉਸ ਨੂੰ ਮਾਇਆ ਛਲ ਨਹੀਂ ਸਕਦੀ, ਉਹ ਨਾਸ-ਰਹਿਤ ਹੈ, ਅਤੇ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ।੧। (ਹੇ ਭਾਈ! ਪ੍ਰਭੂ ਦਾ ਦਰਸਨ ਕਰਨ ਵਾਸਤੇ) ਮੈਂ ਚਹੁੰਆਂ ਵਰਨਾਂ ਅਤੇ ਚਹੁੰਆਂ ਆਸ਼੍ਰਮਾਂ ਦੇ ਕਰਮ ਕਰਦਾ ਹਾਂ, ਸ਼ਾਸਤ੍ਰਾਂ (ਦੇ ਉਪਦੇਸ਼ ਭੀ) ਸੁਣਦਾ ਹਾਂ (ਪਰ ਦਰਸਨ ਨਹੀਂ ਹੁੰਦਾ) ਦਰਸਨ ਦੀ ਲਾਲਸਾ ਬਣੀ ਹੀ ਰਹਿੰਦੀ ਹੈ। (ਹੇ ਭਾਈ!) ਉਸ ਅਬਿਨਾਸੀ ਠਾਕੁਰ-ਪ੍ਰਭੂ ਦਾ ਨਾਹ ਕੋਈ ਰੂਪ ਚਿਹਨ-ਚੱਕ੍ਰ ਹੈ ਅਤੇ ਨਾਹ ਹੀ ਉਹ (ਜੀਵਾਂ ਵਾਂਗ) ਪੰਜ ਤੱਤਾਂ ਤੋਂ ਬਣਿਆ ਹੈ।੨। (ਹੇ ਭਾਈ!) ਕਿਰਪਾ ਕਰ ਕੇ ਪ੍ਰਭੂ ਆਪ ਹੀ ਜਿਨ੍ਹਾਂ ਨੂੰ ਮਿਲਦਾ ਹੈ, ਉਹ ਵੱਡੇ ਜੋਗੀ ਹਨ ਉਹ ਵੱਡੇ ਭਾਗਾਂ ਵਾਲੇ ਹਨ। ਉਹ ਵਿਰਲੇ ਜੋਗੀਰਾਜ ਹੀ ਉਹ ਸੰਤ ਜਨ ਹੀ (ਉਸ ਪ੍ਰਭੂ ਦਾ) ਉਹ ਸਰੂਪ ਬਿਆਨ ਕਰਦੇ ਹਨ (ਕਿ ਉਸ ਦਾ ਕੋਈ ਰੂਪ ਰੇਖ ਨਹੀਂ ਹੈ) ।੩। (ਹੇ ਭਾਈ! ਵਿਰਲੇ ਸੰਤ ਜਨ ਹੀ ਦਿੱਸਦੇ ਹਨ ਕਿ) ਉਹ ਪ੍ਰਭੂ ਸਭ ਜੀਵਾਂ ਦੇ ਅੰਦਰ ਵੱਸਦਾ ਹੈ, ਅਤੇ ਉਹ ਸਭਨਾਂ ਤੋਂ ਵੱਖਰਾ ਭੀ ਹੈ, ਉਸ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਸਾਰੇ ਭਰਮ-ਵਹਿਮ ਨਾਸ ਹੋ ਜਾਂਦੇ ਹਨ। ਹੇ ਨਾਨਕ! ਜਿਸ ਮਨੁੱਖ ਦੇ ਪੂਰਨ ਭਾਗ ਜਾਗ ਪੈਂਦੇ ਹਨ ਉਸ ਨੂੰ ਉਹ ਪ੍ਰਭੂ (ਆਪ ਹੀ) ਮਿਲ ਪੈਂਦਾ ਹੈ।੪।੩੧।੬੧। ਬਿਲਾਵਲੁ ਮਹਲਾ ੫ ॥ ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥ ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ ॥੧॥ ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥ ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥੧॥ ਰਹਾਉ ॥ਸਾਧਸੰਗਿ ਆਰਾਧਨਾ ਹਰਿ ਨਿਧਿ ਆਪਾਰ ॥ ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥੨॥ ਭਗਤ ਅਰਾਧਹਿ ਏਕ ਰੰਗਿ ਗੋਬਿੰਦ ਗੁਪਾਲ ॥ ਰਾਮ ਨਾਮ ਧਨੁ ਸੰਚਿਆ ਜਾ ਕਾ ਨਹੀ ਸੁਮਾਰੁ ॥੩॥ ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥ ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥੪॥੩੨॥੬੨॥ {ਪੰਨਾ 816} ਪਦਅਰਥ: ਜੀਅ ਜੰਤ = (ਉਹ) ਸਾਰੇ ਜੀਵ। ਸੁਪ੍ਰਸੰਨ = ਬਹੁਤ ਪ੍ਰਸੰਨ, ਨਿਹਾਲ। ਦੇਖਿ = ਵੇਖ ਕੇ। ਪਰਤਾਪ = ਵਡਿਆਈ। ਕਰਜੁ = ਵਿਕਾਰਾਂ ਦਾ ਭਾਰ। ਕਰਿ = ਕਰ ਕੇ। ਆਹਰੁ = ਉੱਦਮ।੧। ਖਾਤ = ਖਾਂਦਿਆਂ। ਖਰਚਤ = ਵੰਡਦਿਆਂ। ਨਿਬਹਤ ਰਹੈ– ਉਮਰ ਬੀਤਦੀ ਰਹਿੰਦੀ ਹੈ। ਅਖੂਟ = ਕਦੇ ਨਾਂਹ ਮੁੱਕਣ ਵਾਲੀ। ਸਮਗਰੀ = (ਕੋਈ ਸੁਆਦਲਾ ਭੋਜਨ ਜਿਵੇਂ ਕੜਾਹ ਪ੍ਰਸਾਦ ਆਦਿਕ ਤਿਆਰ ਕਰਨ ਲਈ ਲੋੜੀਂਦੀ) ਰਸਦ। ਪੂਰਨ ਭਈ = ਲੋੜ ਅਨੁਸਾਰ ਇਕੱਠੀ ਹੋ ਜਾਂਦੀ ਹੈ। ਤੂਟ = ਤੋਟ, ਘਾਟ।੧।ਰਹਾਉ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਿਧਿ = ਖ਼ਜ਼ਾਨਾ। ਆਪਾਰ = ਬੇਅੰਤ। ਅਰੁ = ਅਤੇ। ਬਾਰ = ਚਿਰ।੨। ਅਰਾਧਹਿ = ਸਿਮਰਦੇ ਹਨ। ਰੰਗਿ = ਪ੍ਰੇਮ ਵਿਚ। ਸੰਚਿਆ = ਇਕੱਠਾ ਕਰ ਲਿਆ। ਜਾ ਕਾ = ਜਿਸ (ਧਨ) ਦਾ। ਸੁਮਾਰੁ = ਸ਼ੁਮਾਰ, ਅੰਦਾਜ਼ਾ।੩। ਪ੍ਰਭ = ਹੇ ਪ੍ਰਭੂ! ਗੁਸਾਈ = ਧਰਤੀ ਦਾ ਖਸਮ।੪। ਅਰਥ: ਹੇ ਭਾਈ! ਗੁਰੂ ਦਾ ਸ਼ਬਦ (ਆਤਮਕ ਜੀਵਨ ਦੇ ਪਲਰਨ ਵਾਸਤੇ ਇਕ ਐਸਾ ਭੋਜਨ ਹੈ ਜੋ) ਕਦੇ ਨਹੀਂ ਮੁੱਕਦਾ। (ਜਿਸ ਮਨੁੱਖ ਦੀ ਉਮਰ ਇਹ ਭੋਜਨ ਆਪ) ਵਰਤਦਿਆਂ (ਅਤੇ ਹੋਰਨਾਂ ਨੂੰ) ਵੰਡਦਿਆਂ ਗੁਜ਼ਰਦੀ ਹੈ, ਉਸ ਦੇ ਪਾਸ (ਇਸ) ਰਸਦ ਦੇ ਭੰਡਾਰ ਭਰੇ ਰਹਿੰਦੇ ਹਨ, (ਇਸ ਰਸਦ ਵਿਚ) ਕਦੇ ਭੀ ਤੋਟ ਨਹੀਂ ਆਉਂਦੀ।੧।ਰਹਾਉ। ਹੇ ਭਾਈ! ਗੁਰੂ ਨੇ ਆਪ ਉੱਦਮ ਕਰ ਕੇ (ਜਿਸ ਜਿਸ ਜੀਵ ਨੂੰ ਗੁਰ-ਸ਼ਬਦ ਦੀ ਦਾਤਿ ਦੇ ਕੇ ਉਹਨਾਂ ਦੇ ਸਿਰ ਉਤੇ ਪਿਛਲੇ ਜਨਮਾਂ ਦੇ ਕੀਤੇ ਹੋਏ) ਵਿਕਾਰਾਂ ਦਾ ਭਾਰ ਲਾਹ ਦਿੱਤਾ, ਉਹ ਸਾਰੇ ਜੀਵ ਪਰਮਾਤਮਾ ਦੀ ਪ੍ਰਤੱਖ ਵਡਿਆਈ ਵੇਖ ਕੇ ਨਿਹਾਲ ਹੋ ਜਾਂਦੇ ਹਨ।੧। (ਇਸੇ ਵਾਸਤੇ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਨਹੀਂ ਮੁੱਕਦਾ। (ਦੁਨੀਆ ਵਿਚ) ਧਰਮ, ਅਰਥ, ਕਾਮ, ਮੋਖ (ਇਹ ਚਾਰ ਹੀ ਪ੍ਰਸਿੱਧ ਅਮੋਲਕ ਪਦਾਰਥ ਮੰਨੇ ਗਏ ਹਨ। ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਪਰਮਾਤਮਾ ਉਸ ਨੂੰ ਇਹ ਪਦਾਰਥ) ਦੇਂਦਿਆਂ ਚਿਰ ਨਹੀਂ ਲਾਂਦਾ।੨। ਹੇ ਭਾਈ! ਗੋਬਿੰਦ ਗੁਪਾਲ ਦੇ ਭਗਤ ਇਕ-ਰਸ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦਾ ਨਾਮ ਸਿਮਰਦੇ ਹਨ। ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਧਨ (ਇਤਨਾ) ਇਕੱਠਾ ਕਰਦੇ ਰਹਿੰਦੇ ਹਨ ਕਿ ਉਸ ਦਾ ਅੰਦਾਜ਼ਾ ਨਹੀਂ ਲੱਗ ਸਕਦਾ।੩। ਹੇ ਪ੍ਰਭੂ! ਤੇਰੇ ਭਗਤ ਤੇਰੀ ਕਿਰਪਾ ਨਾਲ) ਤੇਰੀ ਸਰਨ ਪਏ ਰਹਿੰਦੇ ਹਨ। (ਹੇ ਭਾਈ! ਪ੍ਰਭੂ ਦੇ ਭਗਤ) ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰਦੇ ਰਹਿੰਦੇ ਹਨ। ਹੇ ਨਾਨਕ! ਜਗਤ ਦੇ ਖਸਮ ਪ੍ਰਭੂ ਦੇ ਗੁਣ ਬੇਅੰਤ ਹਨ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।੪।੩੨।੬੨। ਬਿਲਾਵਲੁ ਮਹਲਾ ੫ ॥ ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥ ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥੧॥ ਰਹਾਉ ॥ ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥੧॥ ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥ ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥੨॥ ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ ॥ ਸੰਤ ਪ੍ਰਸਾਦਿ ਭੇਟੇ ਪ੍ਰਭੂ ਪੂਰਨ ਜਗਦੀਸੈ ॥੩॥ ਜੈ ਜੈ ਕਾਰੁ ਸਭੈ ਕਰਹਿ ਸਚੁ ਥਾਨੁ ਸੁਹਾਇਆ ॥ ਜਪਿ ਨਾਨਕ ਨਾਮੁ ਨਿਧਾਨ ਸੁਖ ਪੂਰਾ ਗੁਰੁ ਪਾਇਆ ॥੪॥੩੩॥੬੩॥ {ਪੰਨਾ 816-817} ਪਦਅਰਥ: ਸਿਮਰਿ = ਸਿਮਰ ਕੇ। ਪੂਰਨ = ਸਾਰੇ ਗੁਣਾਂ ਨਾਲ ਭਰਪੂਰ। ਕਾਰਜ = (ਸਾਰੇ) ਕੰਮ। ਭਏ ਰਾਸਿ = ਸਫਲ ਹੋ ਜਾਂਦੇ ਹਨ। ਕਰਤਾਰ ਪੁਰਿ = ਕਰਤਾਰ ਦੇ ਸ਼ਹਿਰ ਵਿਚ, ਉਸ ਅਸਥਾਨ ਵਿਚ ਜਿਥੇ ਕਰਤਾਰ ਸਦਾ ਵੱਸਦਾ ਹੈ, ਸਾਧ ਸੰਗਤਿ ਵਿਚ। ਕਰਤਾ = ਪਰਮਾਤਮਾ।੧।ਰਹਾਉ। ਬਿਘਨੁ = ਰੁਕਾਵਟ। ਕੋਊ = ਕੋਈ ਭੀ। ਪਹਿ = ਪਾਸ। ਰਾਇ = ਰਾਜਾ। ਰਾਸਿ = ਸਰਮਾਇਆ।੧। ਤੋਟਿ = ਘਾਟ। ਨ ਮੂਲਿ = ਬਿਲਕੁਲ ਨਹੀਂ। ਪੂਰਨ = ਭਰੇ ਹੋਏ। ਭੰਡਾਰ = ਖ਼ਜ਼ਾਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਅਗਮ = ਅਪਹੁੰਚ। ਅਪਾਰ = ਬੇਅੰਤ।੨। ਬਸਤ = (ਸਾਧ ਸੰਗਤਿ ਵਿਚ, ਕਰਤਾਰ ਦੇ ਸ਼ਹਿਰ ਵਿਚ) ਵੱਸਦਿਆਂ। ਸਭਿ = ਸਾਰੇ। ਊਨ = ਕਮੀ, ਘਾਟਾ। ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਭੇਟੇ = ਮਿਲ ਪੈਂਦੇ ਹਨ। ਜਗਦੀਸੈ = ਜਗਤ ਦਾ ਮਾਲਕ।੩। ਜੈ ਜੈਕਾਰੁ = ਸੋਭਾ, ਵਡਿਆਈ। ਕਰਹਿ = ਕਰਦੇ ਹਨ। ਸਚੁ = ਸਦਾ ਕਾਇਮ ਰਹਿਣ ਵਾਲਾ। ਸੁਹਾਇਆ = ਸੋਹਣਾ। ਜਪਿ = ਜਪ ਕੇ। ਨਿਧਾਨ ਸੁਖ = ਸੁਖਾਂ ਦੇ ਖ਼ਜ਼ਾਨੇ।੪। ਅਰਥ: ਹੇ ਭਾਈ! ਸਾਧ ਸੰਗਤਿ ਵਿਚ ਪਰਮਾਤਮਾ (ਆਪ) ਵੱਸਦਾ ਹੈ, ਆਪਣੇ ਸੰਤ ਜਨਾਂ ਦੇ ਅੰਗ-ਸੰਗ ਵੱਸਦਾ ਹੈ। (ਸਾਧ ਸੰਗਤਿ ਵਿਚ) ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ (ਦਾ ਨਾਮ) ਸਿਮਰ ਸਿਮਰ ਕੇ (ਮਨੁੱਖ ਦੇ) ਸਾਰੇ ਕੰਮ ਸਫਲ ਹੋ ਜਾਂਦੇ ਹਨ।੧।ਰਹਾਉ। ਹੇ ਭਾਈ! ਪ੍ਰਭੂ ਪਾਤਿਸ਼ਾਹ ਆਪਣੇ ਸੰਤ ਜਨਾਂ ਦਾ (ਸਦਾ) ਆਪ ਰਾਖਾ ਹੈ, ਪ੍ਰਭੂ (ਦਾ ਨਾਮ) ਸੰਤ ਜਨਾਂ ਦਾ ਸਰਮਾਇਆ ਹੈ। (ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ ਆ ਕੇ) ਗੁਰੂ ਦੇ ਦਰ ਤੇ ਅਰਦਾਸ ਕਰਦੇ ਰਹਿੰਦੇ ਹਨ, (ਉਹਨਾਂ ਦੀ ਜ਼ਿੰਦਗੀ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਪੈਂਦੀ।੧। (ਹੇ ਭਾਈ! ਸਾਧ ਸੰਗਤਿ ਇਕ ਐਸਾ ਅਸਥਾਨ ਹੈ ਜਿਥੇ ਬਖ਼ਸ਼ਸ਼ਾਂ ਦੇ) ਭੰਡਾਰੇ ਭਰੇ ਰਹਿੰਦੇ ਹਨ, (ਉਥੇ ਇਹਨਾਂ ਬਖ਼ਸ਼ਸ਼ਾਂ ਦੀ) ਕਦੇ ਭੀ ਤੋਟ ਨਹੀਂ ਆਉਂਦੀ। (ਜੇਹੜਾ ਭੀ ਮਨੁੱਖ ਸਾਧ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ) ਮਨ ਵਿਚ (ਉਸ ਦੇ) ਹਿਰਦੇ ਵਿਚ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਸੋਹਣੇ ਚਰਣ ਟਿਕੇ ਰਹਿੰਦੇ ਹਨ।੨। (ਹੇ ਭਾਈ! ਜੇਹੜੇ ਭੀ ਮਨੁੱਖ ਸਾਧ ਸੰਗਤਿ ਵਿਚ) ਨਿਵਾਸ ਰੱਖਦੇ ਹਨ ਅਤੇ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਉਹ ਸਾਰੇ ਸੁਖੀ ਰਹਿੰਦੇ ਹਨ, ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਦਿੱਸਦੀ। ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਜਗਤ ਦੇ ਮਾਲਕ ਪੂਰਨ ਪ੍ਰਭੂ ਜੀ ਮਿਲ ਪੈਂਦੇ ਹਨ।੩। (ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕਦੇ ਹਨ) ਸਾਰੇ ਲੋਕ (ਉਹਨਾਂ ਦੀ) ਸੋਭਾ-ਵਡਿਆਈ ਕਰਦੇ ਹਨ। ਸਾਧ ਸੰਗਤਿ ਇਕ ਐਸਾ ਸੋਹਣਾ ਥਾਂ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ। ਹੇ ਨਾਨਕ! ਸਾਧ ਸੰਗਤਿ ਦੀ ਬਰਕਤਿ ਨਾਲ) ਸਾਰੇ ਸੁਖਾਂ ਦੇ ਖ਼ਜ਼ਾਨੇ ਹਰਿ-ਨਾਮ ਨੂੰ ਜਪ ਕੇ ਪੂਰੇ ਗੁਰੂ ਦਾ (ਸਦਾ ਲਈ) ਮਿਲਾਪ ਪ੍ਰਾਪਤ ਕਰ ਲਈਦਾ ਹੈ।੪।੩੩।੬੩। |
Sri Guru Granth Darpan, by Professor Sahib Singh |