ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 831 ਬਿਲਾਵਲੁ ਮਹਲਾ ੯ ॥ ਜਾ ਮੈ ਭਜਨੁ ਰਾਮ ਕੋ ਨਾਹੀ ॥ ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥੧॥ ਰਹਾਉ ॥ ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥ ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥੧॥ ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ ॥ ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥੨॥ ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥ ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥੩॥੩॥ {ਪੰਨਾ 831} ਪਦਅਰਥ: ਜਾ ਮਹਿ = ਜਿਸ ਮਨੁੱਖ (ਦੇ ਹਿਰਦੇ) ਵਿਚ। ਕੋ = ਦਾ। ਤਿਹ ਨਰ = ਉਸ ਮਨੁੱਖ ਨੇ। ਅਕਾਰਥੁ = ਵਿਅਰਥ। ਖੋਇਆ = ਗਵਾ ਲਿਆ। ਯਹ = ਇਹ ਗੱਲ। ਮਾਹੀ = ਵਿਚ। ਰਾਖਹੁ ਮਨ ਮਾਹੀ = ਪੱਕੀ ਚੇਤੇ ਰੱਖੋ।੧।ਰਹਾਉ। ਫੁਨਿ = ਭੀ। ਬਸਿ = ਵੱਸ ਵਿਚ। ਜਾ ਕੇ ਮਨੂਆ = ਜਿਸ ਦਾ ਮਨ। ਤਾਹਿ = ਉਸ ਦਾ। ਮਾਨਹੁ = ਸਮਝੋ। ਸਾਚੁ = ਸੱਚੀ ਗੱਲ। ਯਾ ਕਉ = ਉਸ ਨੂੰ।੧। ਪਾਹਨੁ = ਪੱਥਰ। ਮਹਿ = ਵਿਚ। ਭੇਦੈ = ਵਿੰਨ੍ਹਦਾ। ਤਿਹ = ਉਸ ਨੂੰ। ਪਛਾਨਹੁ = ਸਮਝੋ। ਹੀਨ = ਸੱਖਣਾ।੨। ਕਲਿ ਮਹਿ = ਸੰਸਾਰ ਵਿਚ, ਮਨੁੱਖਾ ਜਨਮ ਵਿਚ। ਤੇ = ਤੋਂ, ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੇਦੁ = ਡੂੰਘੀ ਗੱਲ। ਗਰੂਆ = ਭਾਰਾ, ਆਦਰ = ਜੋਗ।੩। ਅਰਥ: ਹੇ ਭਾਈ! ਇਹ ਗੱਲ ਪੱਕੀ ਚੇਤੇ ਰੱਖੋ ਕਿ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ।੧।ਰਹਾਉ। ਹੇ ਭਾਈ! ਜਿਸ ਮਨੁੱਖ ਦਾ ਮਨ ਆਪਣੇ ਵੱਸ ਵਿਚ ਨਹੀਂ ਹੈ, ਉਹ ਭਾਵੇਂ ਤੀਰਥਾਂ ਦੇ ਇਸ਼ਨਾਨ ਕਰਦਾ ਹੈ ਵਰਤ ਭੀ ਰੱਖਦਾ ਹੈ, ਪਰ ਤੁਸੀ (ਇਹ ਤੀਰਥ ਵਰਤ ਆਦਿਕ ਵਾਲਾ) ਉਸ ਦਾ ਧਰਮ ਵਿਅਰਥ ਸਮਝੋ। ਮੈਂ ਅਜੇਹੇ ਮਨੁੱਖ ਨੂੰ ਭੀ ਇਹ ਸੱਚੀ ਗੱਲ ਆਖ ਦੇਂਦਾ ਹਾਂ।੧। ਹੇ ਭਾਈ! ਜਿਵੇਂ ਪੱਥਰ ਪਾਣੀ ਵਿਚ ਰੱਖਿਆ ਹੋਇਆ ਹੋਵੇ, ਉਸ ਨੂੰ ਪਾਣੀ ਵਿੰਨ੍ਹ ਨਹੀਂ ਸਕਦਾ। (ਪਾਣੀ ਉਸ ਉਤੇ ਅਸਰ ਨਹੀਂ ਕਰ ਸਕਦਾ) , ਇਹੋ ਜਿਹਾ ਹੀ ਤੁਸੀ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਦੀ ਭਗਤੀ ਤੋਂ ਵਾਂਜਿਆਂ ਰਹਿੰਦਾ ਹੈ।੨। ਹੇ ਭਾਈ! ਗੁਰੂ ਜ਼ਿੰਦਗੀ ਦਾ ਇਹ ਰਾਜ਼ ਦੱਸਦਾ ਹੈ ਕਿ ਮਨੁੱਖਾ ਜੀਵਨ ਵਿਚ ਇਨਸਾਨ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਸਕਦਾ ਹੈ। ਹੇ ਨਾਨਕ! ਆਖ-ਉਹੀ ਮਨੁੱਖ ਆਦਰ-ਜੋਗ ਹੈ ਜੇਹੜਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।੩।੩। ਨੋਟ: ਬਿਲਾਵਲ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਤਿੰਨ ਸ਼ਬਦ ਹਨ। ਬਿਲਾਵਲੁ ਅਸਟਪਦੀਆ ਮਹਲਾ ੧ ਘਰੁ ੧੦ ੴ ਸਤਿਗੁਰ ਪ੍ਰਸਾਦਿ ॥ ਨਿਕਟਿ ਵਸੈ ਦੇਖੈ ਸਭੁ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥ ਵਿਣੁ ਭੈ ਪਇਐ ਭਗਤਿ ਨ ਹੋਈ ॥ ਸਬਦਿ ਰਤੇ ਸਦਾ ਸੁਖੁ ਹੋਈ ॥੧॥ ਐਸਾ ਗਿਆਨੁ ਪਦਾਰਥੁ ਨਾਮੁ ॥ ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥੧॥ ਰਹਾਉ ॥ ਗਿਆਨੁ ਗਿਆਨੁ ਕਥੈ ਸਭੁ ਕੋਈ ॥ ਕਥਿ ਕਥਿ ਬਾਦੁ ਕਰੇ ਦੁਖੁ ਹੋਈ ॥ ਕਥਿ ਕਹਣੈ ਤੇ ਰਹੈ ਨ ਕੋਈ ॥ ਬਿਨੁ ਰਸ ਰਾਤੇ ਮੁਕਤਿ ਨ ਹੋਈ ॥੨॥ ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥ ਸਾਚੀ ਰਹਤ ਸਾਚਾ ਮਨਿ ਸੋਈ ॥ ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥ ਨਾਵਹੁ ਭੂਲੇ ਥਾਉ ਨ ਕੋਈ ॥੩॥ ਮਨੁ ਮਾਇਆ ਬੰਧਿਓ ਸਰ ਜਾਲਿ ॥ ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ ॥ ਜੋ ਆਂਜੈ ਸੋ ਦੀਸੈ ਕਾਲਿ ॥ ਕਾਰਜੁ ਸੀਧੋ ਰਿਦੈ ਸਮ੍ਹ੍ਹਾਲਿ ॥੪॥ ਸੋ ਗਿਆਨੀ ਜਿਨਿ ਸਬਦਿ ਲਿਵ ਲਾਈ ॥ ਮਨਮੁਖਿ ਹਉਮੈ ਪਤਿ ਗਵਾਈ ॥ ਆਪੇ ਕਰਤੈ ਭਗਤਿ ਕਰਾਈ ॥ ਗੁਰਮੁਖਿ ਆਪੇ ਦੇ ਵਡਿਆਈ ॥੫॥ ਰੈਣਿ ਅੰਧਾਰੀ ਨਿਰਮਲ ਜੋਤਿ ॥ ਨਾਮ ਬਿਨਾ ਝੂਠੇ ਕੁਚਲ ਕਛੋਤਿ ॥ ਬੇਦੁ ਪੁਕਾਰੈ ਭਗਤਿ ਸਰੋਤਿ ॥ ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥ ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ ॥ ਗੁਰਮੁਖਿ ਸਾਂਤਿ ਊਤਮ ਕਰਾਮੰ ॥ ਮਨਮੁਖਿ ਜੋਨੀ ਦੂਖ ਸਹਾਮੰ ॥ ਬੰਧਨ ਤੂਟੇ ਇਕੁ ਨਾਮੁ ਵਸਾਮੰ ॥੭॥ ਮੰਨੇ ਨਾਮੁ ਸਚੀ ਪਤਿ ਪੂਜਾ ॥ ਕਿਸੁ ਵੇਖਾ ਨਾਹੀ ਕੋ ਦੂਜਾ ॥ ਦੇਖਿ ਕਹਉ ਭਾਵੈ ਮਨਿ ਸੋਇ ॥ ਨਾਨਕੁ ਕਹੈ ਅਵਰੁ ਨਹੀ ਕੋਇ ॥੮॥੧॥ {ਪੰਨਾ 831} ਪਦਅਰਥ: ਨਿਕਟਿ = ਨੇੜੇ। ਸੋਈ = ਉਹੀ (ਪ੍ਰਭੂ) । ਬੂਝੈ = ਸਮਝਦਾ ਹੈ। ਵਿਣੁ ਭੈ ਪਇਐ = (ਪਰਮਾਤਮਾ ਦੇ) ਡਰ ਵਿਚ ਰਹਿਣ ਤੋਂ ਬਿਨਾ, ਮਨ ਵਿਚ ਪਰਮਾਤਮਾ ਦਾ ਡਰ = ਅਦਬ ਨਾਹ ਪਏ।੧। ਗਿਆਨੁ = (ਪਰਮਾਤਮਾ ਨਾਲ) ਡੂੰਘੀ ਸਾਂਝ। ਗੁਰਮੁਖਿ = ਉਹ ਮਨੁੱਖ ਜੋ ਗੁਰੂ ਵਲ ਮੂੰਹ ਰੱਖਦਾ ਹੈ। ਪਾਵਸਿ = ਹਾਸਲ ਕਰੇਗਾ। ਰਸਿ = (ਨਾਮ ਦੇ) ਰਸ ਵਿਚ। ਰਸਿ = ਰਸ ਕੇ, ਭਿੱਜ ਕੇ। ਮਾਨੁ = ਆਦਰ।੧।ਰਹਾਉ। ਕਥੈ = ਆਖਦਾ ਹੈ। ਸਭੁ ਕੋਈ = ਹਰੇਕ ਜੀਵ। ਕਥਿ ਕਥਿ = (ਗਿਆਨ = ਚਰਚਾ) ਆਖ ਆਖ ਕੇ। ਬਾਦੁ = ਚਰਚਾ। ਕਥਿ = ਕਥ ਕੇ, ਆਖ ਕੇ। ਕਹਣੈ ਤੇ = ਕਹਿਣ ਤੋਂ, ਚਰਚਾ ਕਰਨ ਤੋਂ। ਰਹੈ ਨ = ਹਟਦਾ ਨਹੀਂ। ਮੁਕਤਿ = (ਵਿਕਾਰਾਂ ਤੋਂ) ਖ਼ਲਾਸੀ।੨। ਗੁਰ ਤੇ = ਗੁਰੂ ਤੋਂ, ਗੁਰੂ ਪਾਸੋਂ। ਧਿਆਨੁ = ਪ੍ਰਭੂ ਵਿਚ ਸੁਰਤਿ ਦਾ ਟਿਕਾਓ। ਰਹਤ = ਰਹਿਣੀ, ਆਚਰਨ। ਸਾਚਾ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ। ਪਰੁ = ਪਰੰਤੂ। ਨਾਵਹੁ = ਨਾਮ ਤੋਂ।੩। ਸਰ ਜਾਲਿ = (ਮੋਹ ਦੇ) ਤੀਰਾਂ ਦੇ ਜਾਲ ਵਿਚ। ਬੰਧਿਓ = ਬੰਨਿ੍ਹਆ ਹੋਇਆ ਹੈ। ਬਿਖੁ = ਮਾਇਆ = ਜ਼ਹਿਰ। ਆਂਜੈ = ਲਿਆਇਆ ਜਾਂਦਾ ਹੈ, ਜੰਮਦਾ ਹੈ। ਕਾਲਿ = ਕਾਲ ਵਿਚ, ਕਾਲ ਦੇ ਵੱਸ ਵਿਚ, ਆਤਮਕ ਮੌਤ ਦੇ ਅਧੀਨ। ਕਾਰਜੁ = (ਮਨੁੱਖਾ ਜੀਵਨ ਵਿਚ ਕਰਣ = ਜੋਗ) ਕੰਮ। ਸੀਧੋ = ਸਫਲ।੪। ਜਿਨਿ = ਜਿਸ ਨੇ। ਲਿਵ = ਲਗਨ। ਪਤਿ = ਇੱਜ਼ਤ। ਕਰਤੈ = ਕਰਤਾਰ ਨੇ।੫। ਰੈਣਿ = (ਜ਼ਿੰਦਗੀ ਦੀ) ਰਾਤ। ਕੁਚਲ = ਗੰਦੇ। ਕਛੋਤਿ = ਭੈੜੀ ਛੂਤ ਵਾਲੇ। ਸਰੋਤਿ = ਸਿੱਖਿਆ। ਮਾਨੈ = ਮੰਨਦਾ ਹੈ, ਸਰਧਾ ਲਿਆਉਂਦਾ ਹੈ।੬। ਦ੍ਰਿੜਾਮੰ = ਦ੍ਰਿੜ੍ਹ ਕਰਾਂਦੇ ਹਨ, ਤਾਕੀਦ ਕਰਦੇ ਹਨ। ਊਤਮਾ ਕਰਮੰ = ਸ੍ਰੇਸ਼ਟ ਕਰਮ। ਵਸਾਮੰ = ਵਸਾਇਆਂ।੭। ਸਚੀ = ਸਦਾ-ਥਿਰ ਰਹਿਣ ਵਾਲੀ। ਪਤਿ = ਇੱਜ਼ਤ। ਵੇਖਾ = ਮੈਂ ਵੇਖਾਂ। ਦੇਖਿ = ਵੇਖ ਕੇ। ਕਹਉ = ਮੈਂ ਆਖਦਾ ਹਾਂ, ਮੈਂ ਸਿਫ਼ਤਿ-ਸਾਲਾਹ ਕਰਦਾ ਹਾਂ। ਭਾਵੈ = ਪਿਆਰਾ ਲੱਗਦਾ ਹੈ। ਸੋਇ = ਉਹ ਪ੍ਰਭੂ।੮। ਅਰਥ: ਪਰਮਾਤਮਾ ਦਾ ਨਾਮ ਇਕ ਅਜੇਹਾ (ਸ੍ਰੇਸ਼ਟ) ਪਦਾਰਥ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਕਰ ਦੇਂਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਇਹ ਪਦਾਰਥ) ਹਾਸਲ ਕਰਦਾ ਹੈ, ਉਹ (ਇਸ ਦੇ) ਰਸ ਵਿਚ ਭਿੱਜ ਕੇ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ।੧।ਰਹਾਉ। ਪਰਮਾਤਮਾ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਉਹ ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ, ਪਰ ਇਹ ਭੇਤ ਕੋਈ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿ ਕੇ ਨਾਮ ਜਪਦਾ ਹੈ। ਜਿਤਨਾ ਚਿਰ (ਇਹ) ਡਰ ਪੈਦਾ ਹੋਵੇ (ਕਿ ਉਹ ਹਰ ਵੇਲੇ ਨੇੜੇ ਵੇਖ ਰਿਹਾ ਹੈ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਜੇਹੜੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ (ਨਾਮ-ਰੰਗ ਵਿਚ) ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।੧। (ਜ਼ਬਾਨੀ ਜ਼ਬਾਨੀ ਤਾਂ) ਹਰ ਕੋਈ ਆਖਦਾ ਹੈ (ਕਿ ਮੈਨੂੰ ਪਰਮਾਤਮਾ ਦਾ) ਗਿਆਨ (ਪ੍ਰਾਪਤ ਹੋ ਗਿਆ ਹੈ,) ਗਿਆਨ (ਮਿਲ ਗਿਆ ਹੈ) , (ਜਿਉਂ ਜਿਉਂ ਗਿਆਨ ਗਿਆਨ) ਆਖ ਕੇ ਚਰਚਾ ਕਰਦਾ ਹੈ (ਉਸ ਚਰਚਾ ਵਿਚੋਂ) ਕਲੇਸ਼ ਹੀ ਪੈਦਾ ਹੁੰਦਾ ਹੈ। ਚਰਚਾ ਕਰ ਕੇ (ਅਜੇਹੀ ਆਦਤ ਪੈ ਜਾਂਦੀ ਹੈ ਕਿ) ਚਰਚਾ ਕਰਨ ਤੋਂ ਜੀਵ ਹਟਦਾ ਭੀ ਨਹੀਂ। (ਪਰ ਚਰਚਾ ਤੋਂ ਕੋਈ ਆਤਮਕ ਆਨੰਦ ਨਹੀਂ ਮਿਲਦਾ, ਕਿਉਂਕਿ) ਪਰਮਾਤਮਾ ਦੇ ਨਾਮ-ਰਸ ਵਿਚ ਰੰਗੇ ਜਾਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ।੨। ਪਰਮਾਤਮਾ ਨਾਲ ਡੂੰਘੀ ਸਾਂਝ ਤੇ ਉਸ ਵਿਚ ਸੁਰਤਿ ਦਾ ਟਿਕਾਉ-ਇਹ ਸਭ ਕੁਝ ਗੁਰੂ ਤੋਂ ਹੀ ਮਿਲਦਾ ਹੈ। (ਜਿਸ ਨੂੰ ਮਿਲਦਾ ਹੈ ਉਸ ਦੀ) ਰਹਿਣੀ ਪਵਿਤ੍ਰ ਹੋ ਜਾਂਦੀ ਹੈ ਉਸ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਵੱਸ ਪੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਗਿਆਨ ਦੀਆਂ ਨਿਰੀਆਂ) ਗੱਲਾਂ ਹੀ ਕਰਦਾ ਹੈ, ਪਰ ਉਸ ਦੀ ਰਹਿਣੀ (ਪਵਿਤ੍ਰ) ਨਹੀਂ ਹੁੰਦੀ। ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੂੰ (ਮਾਇਆ ਦੀ ਭਟਕਣ ਤੋਂ ਬਚਣ ਲਈ) ਕੋਈ ਆਸਰਾ ਨਹੀਂ ਮਿਲਦਾ।੩। ਮਾਇਆ ਨੇ (ਜੀਵਾਂ ਦੇ) ਮਨ ਨੂੰ (ਮੋਹ ਦੇ) ਤੀਰਾਂ ਦੇ ਜਾਲ ਵਿਚ ਬੰਨਿ੍ਹਆ ਹੋਇਆ ਹੈ। (ਭਾਵੇਂ ਪਰਮਾਤਮਾ) ਹਰੇਕ ਸਰੀਰ ਵਿਚ ਮੌਜੂਦ ਹੈ, ਪਰ (ਮਾਇਆ ਦੇ ਮੋਹ ਦਾ) ਜ਼ਹਿਰ ਭੀ ਹਰੇਕ ਦੇ ਅੰਦਰ ਹੀ ਹੈ, (ਇਸ ਵਾਸਤੇ) ਜੋ ਭੀ (ਜਗਤ ਵਿਚ) ਜੰਮਦਾ ਹੈ ਉਹ ਆਤਮਕ ਮੌਤ ਦੇ ਵੱਸ ਵਿਚ ਦਿੱਸ ਰਿਹਾ ਹੈ। ਪਰਮਾਤਮਾ ਨੂੰ ਹਿਰਦੇ ਵਿਚ ਯਾਦ ਕਰਨ ਨਾਲ ਹੀ (ਮਨੁੱਖਾ ਜੀਵਨ ਵਿਚ) ਕਰਨ-ਜੋਗ ਕੰਮ ਸਿਰੇ ਚੜ੍ਹਦਾ ਹੈ।੪। ਉਹੀ ਮਨੁੱਖ ਗਿਆਨ-ਵਾਨ (ਅਖਵਾ ਸਕਦਾ) ਹੈ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਅਧੀਨ ਰਹਿ ਕੇ ਆਪਣੀ ਇੱਜ਼ਤ ਗਵਾਂਦਾ ਹੈ। (ਪਰ ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪਣੀ ਭਗਤੀ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵ ਨੂੰ) ਗੁਰੂ ਦੇ ਸਨਮੁਖ ਕਰ ਕੇ ਵਡਿਆਈ ਦੇਂਦਾ ਹੈ।੫। (ਸਿਮਰਨ ਤੋਂ ਬਿਨਾ ਮਨੁੱਖ ਦੀ ਉਮਰ) ਇਕ ਹਨੇਰੀ ਰਾਤ ਹੈ, ਪਰਮਾਤਮਾ ਦੀ ਜੋਤਿ ਦੇ ਪਰਗਟ ਹੋਣ ਨਾਲ ਹੀ ਇਹ ਰੌਸ਼ਨ ਹੋ ਸਕਦੀ ਹੈ। ਨਾਮ ਤੋਂ ਵਾਂਜੇ ਹੋਏ ਬੰਦੇ ਝੂਠੇ ਹਨ ਗੰਦੇ ਹਨ ਤੇ ਭੈੜੀ ਛੂਤ ਵਾਲੇ ਹਨ, (ਭਾਵ, ਹੋਰਨਾਂ ਨੂੰ ਭੀ ਕੁਰਾਹੇ ਪਾ ਦੇਂਦੇ ਹਨ। ਵੇਦ ਆਦਿਕ ਹਰੇਕ ਧਰਮ-ਪੁਸਤਕ ਭਗਤੀ ਦੀ ਸਿੱਖਿਆ ਹੀ ਪੁਕਾਰ ਪੁਕਾਰ ਕੇ ਦੱਸਦਾ ਹੈ। ਜੋ ਜੋ ਜੀਵ ਇਸ ਸਿੱਖਿਆ ਨੂੰ ਸੁਣ ਸੁਣ ਕੇ ਸਰਧਾ ਲਿਆਉਂਦਾ ਹੈ ਉਹ ਰੱਬੀ ਜੋਤਿ ਨੂੰ (ਹਰ ਥਾਂ) ਵੇਖਦਾ ਹੈ।੬। ਸਿਮ੍ਰਿਤੀਆਂ ਸ਼ਾਸਤ੍ਰ ਆਦਿਕ ਧਰਮ-ਪੁਸਤਕ ਭੀ ਨਾਮ ਸਿਮਰਨ ਦੀ ਤਾਕੀਦ ਕਰਦੇ ਹਨ, ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਮਰਦੇ ਹਨ ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ, ਉਹਨਾਂ ਦੀ ਰਹਿਣੀ ਸ਼੍ਰੇਸ਼ਟ ਹੋ ਜਾਂਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਨਮ ਮਰਨ ਦੇ ਦੁੱਖ ਸਹਾਰਦੇ ਹਨ, ਇਹ ਬੰਧਨ ਤਦੋਂ ਹੀ ਟੁੱਟਦੇ ਹਨ ਜੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਵਸਾਇਆ ਜਾਏ।੭। ਪਰਮਾਤਮਾ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ, ਜੇਹੜਾ ਬੰਦਾ ਉਸ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਦ੍ਰਿੜ੍ਹ ਕਰਦਾ ਹੈ ਉਸ ਨੂੰ ਸੱਚੀ ਇੱਜ਼ਤ ਮਿਲਦੀ ਹੈ, ਉਸ ਦਾ ਆਦਰ ਹੁੰਦਾ ਹੈ। ਨਾਨਕ ਆਖਦਾ ਹੈ-ਮੈਂ ਹਰ ਥਾਂ ਉਸੇ ਨੂੰ ਵੇਖਦਾ ਹਾਂ, ਉਸ ਤੋਂ ਬਿਨਾ ਉਸ ਵਰਗਾ ਕੋਈ ਹੋਰ ਨਹੀਂ ਹੈ। ਉਸ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਉਹੀ ਮੈਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ।੮।੧। |
Sri Guru Granth Darpan, by Professor Sahib Singh |