ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 853 ਸਲੋਕ ਮਃ ੩ ॥ ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥ ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥ ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥ {ਪੰਨਾ 853} ਪਦਅਰਥ: ਸੰਸਾ = ਤੌਖ਼ਲਾ। ਮੂਲਿ ਨ = ਬਿਲਕੁਲ ਨਹੀਂ। ਸਹਜੇ = ਸੁਤੇ ਹੀ, ਪਰਮਾਤਮਾ ਦੀ ਰਜ਼ਾ ਵਿਚ। ਲਇਅਨੁ = ਲਏ ਹਨ ਉਸ ਨੇ। ਪੰਨੈ = ਪੱਲੇ ਵਿਚ। ਪੰਨੈ ਪਾਇ ਲਇਅਨੁ = ਉਸ ਨੇ ਆਪਣੇ ਪੱਲੇ ਪਾ ਲਿਆ ਹੈ। ਅਰਥ: ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਨੂੰ (ਕਿਸੇ ਕਿਸਮ ਦਾ) ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ। (ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸੰਸਾਰ ਵਿਚ) ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ, ਉਸ ਉਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਲੜ ਲਾ ਲੈਂਦਾ ਹੈ ਉਹਨਾਂ ਦੀ ਅਰਜ਼ੋਈ (ਪਰਮਾਤਮਾ ਸਦਾ) ਆਪ ਸੁਣਦਾ ਹੈ।੧। ਮਃ ੩ ॥ ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥ ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥ ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥ ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥ {ਪੰਨਾ 853} ਪਦਅਰਥ: ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ। ਮਾਰਿ = ਮੁਕਾ ਕੇ। ਮਨਸਾ = ਮਨ ਦਾ ਮਾਇਕ ਫੁਰਨਾ। ਮਨਹਿ = ਮਨ ਵਿਚ ਹੀ। ਸਮਾਣੀ = ਲੀਨ ਕਰ ਲੈਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜੇ = ਆਤਮਕ ਅਡੋਲਤਾ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ = ਰਸ। ਪਿਆਉ = ਖ਼ੁਰਾਕ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ (ਗੁਰੂ ਦੀ) ਬਾਣੀ ਦੀ ਰਾਹੀਂ। ਨਿਜ ਘਰਿ = ਆਪਣੇ ਘਰ ਵਿਚ, ਪ੍ਰਭੂ ਦੀ ਯਾਦ ਵਿਚ। ਸੋਹਦੇ = ਸੋਭਦੇ ਹਨ, ਸੋਹਣੇ ਜੀਵਨ ਵਾਲੇ ਹੁੰਦੇ ਹਨ। ਪਾਉ = ਪਾਉਂ, ਮੈਂ ਹਾਸਲ ਕਰਦਾ ਹਾਂ।੨। ਅਰਥ: ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ ਉਹ ਆਤਮਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿਚ ਹੀ ਦੱਬ ਦੇਂਦਾ ਹੈ। ਉਹ ਮਨੁੱਖ (ਮਾਇਆ ਦੇ ਹੱਲਿਆਂ ਵਲੋਂ) ਹਰ ਵੇਲੇ ਸੁਚੇਤ ਰਹਿੰਦਾ ਹੈ, ਕਦੇ ਉਹ (ਗ਼ਫ਼ਲਤ ਦੀ ਨੀਂਦ ਵਿਚ) ਨਹੀਂ ਸੌਂਦਾ। ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਅੰਮ੍ਰਿਤ (ਉਸ ਦੀ) ਖ਼ੁਰਾਕ ਹੁੰਦਾ ਹੈ। ਉਹ ਮਨੁੱਖ (ਸਦਾ) ਮਿੱਠਾ ਬੋਲਦਾ ਹੈ, (ਸਤਿਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ। ਇਹੋ ਜਿਹੇ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਹੇ ਨਾਨਕ! ਆਖ-ਹੇ ਭਾਈ!) ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਭੀ ਆਤਮਕ ਆਨੰਦ ਮਾਣਦਾ ਹਾਂ।੨। ਪਉੜੀ ॥ ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥ ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥ ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥ ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥ ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥ {ਪੰਨਾ 853} ਪਦਅਰਥ: ਜਵੇਹਰੀ = ਜਵਾਹਰਾਤ, ਹੀਰੇ। ਗੁਰਿ = ਗੁਰੂ ਨੇ। ਪਾਸਹੁ = ਕੋਲੋਂ, ਤੋਂ। ਕਿਹੁ = ਕੁਝ। ਅਕੈ = ਜਾਂ। ਜੋਰਿ ਕੀਤੈ = ਜੇ ਧੱਕਾ ਕੀਤਾ ਜਾਏ, ਬਦੋ = ਬਦੀ। ਸਰਧਾ = ਪਰਤੀਤ। ਹਥਿ = ਹੱਥ ਵਿਚ। ਹਥਿ ਆਵੈ = ਮਿਲਦੀ ਹੈ। ਵੰਡ = ਹਿੱਸਾ। ਧੁਰਿ = ਧੁਰ ਤੋਂ, ਮੁੱਢ ਤੋਂ, ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਖਤੁ = ਪਟਾ, ਮਲਕੀਅਤ ਦਾ ਪਟਾ, ਲਿਖਤ। ਸੀਵ ਬੰਨੈ = ਵੱਟ = ਬੰਨੇ ਦਾ। ਰੋਲੁ = ਰੌਲਾ, ਝਗੜਾ। ਬਖੀਲੀ = ਚੁਗ਼ਲੀ, ਈਰਖਾ। ਦਿਹੁ ਦਿਹੁ = ਹਰ ਰੋਜ਼। ਚੜੈ ਸਵਾਇਆ = ਵਧਦਾ ਹੈ।੯। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ-ਧਨ ਰਤਨ ਹੀਰੇ ਹਨ। ਇਹ ਹਰਿ-ਨਾਮ-ਧਨ (ਜਿਸ ਨੂੰ) ਪਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ (ਹੀ) ਦਿਵਾਇਆ ਹੈ। ਜੇ ਕਿਸੇ ਮਨੁੱਖ ਨੂੰ (ਗੁਰੂ ਤੋਂ ਬਿਨਾ ਕਿਸੇ ਹੋਰ ਕੋਲ) ਕੁਝ ਦਿੱਸ ਪਏ ਤਾਂ (ਉਸ ਪਾਸੋਂ ਕੋਈ) ਕੁਝ ਮੰਗ ਭੀ ਲਏ, ਜਾਂ, ਕੋਈ ਕੁਝ ਦਿਵਾ ਦੇਵੇ। ਪਰ ਇਹ ਨਾਮ-ਧਨ ਧੱਕਾ ਕਰ ਕੇ (ਭੀ) ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ (ਇਹ ਤਾਂ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ) । ਹੇ ਭਾਈ! ਪਰਮਾਤਮਾ ਨੇ ਧੁਰੋਂ ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਪਰਮਾਤਮਾ ਉਸ ਮਨੁੱਖ ਦੀ ਗੁਰੂ ਵਿਚ ਸਰਧਾ ਬਣਾਂਦਾ ਹੈ, ਤੇ (ਗੁਰੂ ਦੀ ਰਾਹੀਂ) ਉਸ ਮਨੁੱਖ ਨੂੰ ਨਾਮ-ਧਨ ਦਾ ਹਿੱਸਾ ਮਿਲਦਾ ਹੈ। ਹੇ ਭਾਈ! ਇਹ ਨਾਮ-ਧਨ (ਐਸੀ ਜਾਇਦਾਦ ਹੈ ਕਿ) ਇਸ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ (ਇਸ ਉਤੇ) ਕੋਈ ਜੱਦੀ ਹੱਕ ਨਹੀਂ ਬਣਾ ਸਕਦਾ, ਕਿਸੇ ਕੋਲ ਇਸ ਦੀ ਮਲਕੀਅਤ ਦਾ ਪਟਾ ਭੀ ਨਹੀਂ ਹੋ ਸਕਦਾ। (ਜਿਵੇਂ ਜ਼ਿਮੀਂਦਾਰਾਂ ਦਾ ਜ਼ਮੀਨ ਦੇ) ਵੱਟੇ-ਬੰਨੇ ਦਾ ਰੌਲਾ (ਪੈ ਸਕਦਾ ਹੈ) , ਇਸ ਹਰਿ-ਧਨ ਦਾ ਕੋਈ ਅਜਿਹਾ ਰੌਲਾ ਭੀ ਨਹੀਂ ਹੋ ਸਕਦਾ। (ਕਿਸੇ ਗੁਰਮੁਖ ਨੂੰ ਵੇਖ ਕੇ) ਜੇ ਕੋਈ ਮਨੁੱਖ ਇਸ ਨਾਮ-ਧਨ ਦੀ (ਖ਼ਾਤਰ) ਈਰਖਾ ਕਰਦਾ ਹੈ, ਉਸ ਨੂੰ ਸਗੋਂ ਹਰ ਪਾਸੇ ਫਿਟਕਾਰ ਹੀ ਪੈਂਦੀ ਹੈ। (ਹੇ ਭਾਈ! ਇਹ ਨਾਮ-ਧਨ ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ ਦੇਂਦਾ ਹੈ, ਤੇ) ਜੇ ਪਰਮਾਤਮਾ ਕਿਸੇ ਨੂੰ ਇਹ ਨਾਮ-ਧਨ ਦੇਵੇ ਤਾਂ ਕਿਸੇ ਹੋਰ ਦਾ ਜ਼ੋਰ ਨਹੀਂ ਚੜ੍ਹ ਸਕਦਾ, ਕਿਸੇ ਦੀ ਈਰਖਾ ਕੁਝ ਵਿਗਾੜ ਨਹੀਂ ਸਕਦੀ (ਇਹ ਐਸੀ ਦਾਤਿ ਹੈ ਕਿ) ਇਹ ਹਰ ਰੋਜ਼ ਸਦਾ ਵਧਦੀ ਹੀ ਜਾਂਦੀ ਹੈ।੯। ਸਲੋਕ ਮਃ ੩ ॥ ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥ ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥ {ਪੰਨਾ 853} ਪਦਅਰਥ: ਜਲੰਦਾ = (ਵਿਕਾਰਾਂ ਵਿਚ) ਸੜਦਾ। ਰਖਿ ਲੈ = ਬਚਾ ਲੈ। ਧਾਰਿ = ਧਾਰ ਕੇ, ਕਰ ਕੇ। ਜਿਤੁ ਦੁਆਰੈ = ਜਿਸ ਦਰ ਤੇ, ਜਿਸ ਤਰੀਕੇ ਨਾਲ। ਉਬਰੈ = ਬਚ ਸਕੇ। ਤਿਤੈ = ਉਸੇ ਤਰ੍ਹਾਂ ਹੀ। ਸਤਿਗੁਰਿ = ਗੁਰੂ ਨੇ। ਸੁਖੁ = ਆਤਮਕ ਆਨੰਦ। ਸਚਾ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਬੀਚਾਰਿ = ਵਿਚਾਰ ਕੇ, ਮਨ ਵਿਚ ਟਿਕਾ ਕੇ। ਅਵਰੁ = ਕੋਈ ਹੋਰ।੧। ਅਰਥ: ਹੇ ਪ੍ਰਭੂ! ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ, ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ। ਹੇ ਨਾਨਕ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ।੧। ਮਃ ੩ ॥ ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥ ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥ ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥ ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥ ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥ {ਪੰਨਾ 853} ਪਦਅਰਥ: ਹਉਮੈ = 'ਮੈਂ, ਮੈਂ' ਦਾ ਪ੍ਰਭਾਵ। ਹਉਮੈ ਮਾਇਆ = ਮਾਇਆ ਦੀ ਹਉਮੈ, ਮਾਇਆ ਦੀ ਤਾਂਘ। ਦੂਜੈ = (ਪ੍ਰਭੂ ਤੋਂ ਬਿਨਾ) ਹੋਰ (ਦੇ ਮੋਹ) ਵਿਚ। ਹਟਿ = ਹੱਟੀ ਵਿਚ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਪਰਜਾਲੀਐ = ਚੰਗੀ ਤਰ੍ਹਾਂ ਸਾੜ ਦਿੱਤੀ ਜਾਏ। ਉਜਲਾ = ਪਵਿੱਤਰ। ਮਨਿ = ਮਨ ਵਿਚ। ਮਾਰਣੁ = ਪ੍ਰਭਾਵ ਮੁਕਾਣ ਦਾ ਵਸੀਲਾ।੨। ਅਰਥ: ਹੇ ਭਾਈ! ਮਾਇਆ ਦੀ ਹਉਮੈ (ਸਾਰੇ ਸੰਸਾਰ ਨੂੰ) ਆਪਣੇ ਵੱਸ ਵਿਚ ਕਰਨ ਦੀ ਸਮਰਥਾ ਵਾਲੀ ਹੈ, (ਇਸ ਦੇ ਅਸਰ ਹੇਠ ਜੀਵ ਪਰਮਾਤਮਾ ਨੂੰ ਵਿਸਾਰ ਕੇ) ਹੋਰ (ਦੇ ਮੋਹ) ਵਿਚ ਜਾ ਫਸਦਾ ਹੈ। ਇਹ ਹਉਮੈ ਨਾਹ (ਕਿਸੇ ਪਾਸੋਂ) ਮਾਰੀ ਜਾ ਸਕਦੀ ਹੈ, ਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ। ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦੇਈਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ। (ਹੇ ਭਾਈ! ਜਿਸ ਮਨੁੱਖ ਦੇ ਅੰਦਰੋਂ ਮਾਇਆ ਦੀ ਹਉਮੈ ਮੁੱਕਦੀ ਹੈ ਉਸ ਦਾ) ਤਨ (ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ।੨। ਪਉੜੀ ॥ ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥ ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥ ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥ ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥ ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥ {ਪੰਨਾ 853} ਪਦਅਰਥ: ਵਡਿਆਈ = ਬਜ਼ੁਰਗੀ, ਇੱਜ਼ਤ। ਸਤਿਗੁਰਿ = ਸਤਿਗੁਰੂ ਨੇ। ਧੁਰਹੁ = ਧੁਰ ਤੋਂ, ਹਜ਼ੂਰੀ ਤੋਂ। ਹੁਕਮੁ = ਰਜ਼ਾ। ਬੁਝਿ = ਸਮਝ ਕੇ। ਨੀਸਾਣੁ = ਨਿਸ਼ਾਨ, ਪਰਵਾਨਾ, ਰਾਹਦਾਰੀ। ਪੁਤੀ = ਪੁੱਤਰਾਂ ਨੇ। ਭਾਤੀਈ = ਭਤੀਜਿਆਂ ਨੇ। ਸਕੀ = ਸੱਕਿਆਂ ਨੇ, ਸਾਕ = ਸੰਬੰਧੀਆਂ ਨੇ। ਅਗਹੁ ਪਿਛਹੁ = ਚੰਗੀ ਤਰ੍ਹਾਂ। ਟੋਲਿ = ਖੋਜ ਕੇ। ਲਾਹਿਓਨੁ = ਲਾਹ ਦਿੱਤਾ ਉਸ ਨੇ। ਕੋ = ਕੋਈ ਮਨੁੱਖ। ਬਖਸਿਓਸੁ = ਉਸ ਨੇ ਬਖ਼ਸ਼ਿਆ। ਜਿ = ਜਿਹੜਾ ਮਨੁੱਖ। ਮਿਲਿ = ਮਿਲ ਕੇ। ਮੰਨੇ = ਪਤੀਜਦਾ ਹੈ। ਸੁ = ਉਹ ਮਨੁੱਖ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਸਿਝੈ = ਕਾਮਯਾਬ ਹੁੰਦਾ ਹੈ। ਫਿਰੈ = ਭਟਕਦਾ ਫਿਰਦਾ ਹੈ। ਥਾਨੁ = ਹਿਰਦਾ = ਥਾਂ। ਭਰਿਆ = (ਵਿਕਾਰਾਂ ਨਾਲ) ਗੰਦਾ। ਜਨ ਕੈ ਵਲਿ = (ਆਪਣੇ) ਸੇਵਕ ਦੇ ਪੱਖ ਤੇ। ਸੁਜਾਨੁ = ਸਿਆਣਾ, ਸਭ ਦੇ ਦਿਲ ਦੀ ਜਾਣਨ ਵਾਲਾ। ਭਿਤਿ = ਚੋਗ, ਖ਼ੁਰਾਕ, ਆਤਮਕ ਭੋਜਨ। ਸਭਿ ਆਇ = ਸਾਰੇ ਆਏ। ਲਾਹਿਓਨੁ = ਉਸ ਨੇ ਲਾਹ ਦਿੱਤਾ। ਕਿਅਹੁ ਮਨਹੁ = ਦਿਆਂ ਮਨਾਂ ਤੋਂ।੧੦। ਅਰਥ: (ਜਿਹੜੀ) ਇੱਜ਼ਤ ਗੁਰੂ (ਅਮਰਦਾਸ ਜੀ) ਦੀ (ਹੋਈ, ਉਹ) ਗੁਰੂ (ਅੰਗਦ ਸਾਹਿਬ) ਨੇ ਪਰਮਾਤਮਾ ਦੀ ਹਜ਼ੂਰੀ ਤੋਂ (ਮਿਲਿਆ) ਹੁਕਮ ਸਮਝ ਕੇ ਪਰਵਾਨਾ ਸਮਝ ਕੇ (ਉਹਨਾਂ ਨੂੰ) ਦਿੱਤੀ। ਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ (ਗੁਰੂ ਨੇ) ਸਭਨਾਂ ਦਾ ਮਾਣ ਦੂਰ ਕਰ ਦਿੱਤਾ। ਹੇ ਭਾਈ! ਪਰਮਾਤਮਾ ਨੇ (ਗੁਰੂ ਦੀ ਰਾਹੀਂ) ਸਾਰੇ ਸੰਸਾਰ ਨੂੰ (ਨਾਮ ਦੀ) ਬਖ਼ਸ਼ਸ਼ ਕੀਤੀ ਹੈ; ਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤਿ ਦੇਣ ਲਈ ਮੌਜੂਦ) ਹੈ। ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ। ਹੇ ਨਾਨਕ! ਆਖ-) ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ। ਹੇ ਭਾਈ! ਗੁਰੂ ਦੇ ਦਰ ਤੋਂ) ਆਤਮਕ ਖ਼ੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀਂ ਆ ਲੱਗੇ। ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ।੧੦। |
Sri Guru Granth Darpan, by Professor Sahib Singh |