ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 860

ਗੋਂਡ ਮਹਲਾ ੪ ॥ ਐਸਾ ਹਰਿ ਸੇਵੀਐ ਨਿਤ ਧਿਆਈਐ ਜੋ ਖਿਨ ਮਹਿ ਕਿਲਵਿਖ ਸਭਿ ਕਰੇ ਬਿਨਾਸਾ ॥ ਜੇ ਹਰਿ ਤਿਆਗਿ ਅਵਰ ਕੀ ਆਸ ਕੀਜੈ ਤਾ ਹਰਿ ਨਿਹਫਲ ਸਭ ਘਾਲ ਗਵਾਸਾ ॥ ਮੇਰੇ ਮਨ ਹਰਿ ਸੇਵਿਹੁ ਸੁਖਦਾਤਾ ਸੁਆਮੀ ਜਿਸੁ ਸੇਵਿਐ ਸਭ ਭੁਖ ਲਹਾਸਾ ॥੧॥ ਮੇਰੇ ਮਨ ਹਰਿ ਊਪਰਿ ਕੀਜੈ ਭਰਵਾਸਾ ॥ ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥੧॥ ਰਹਾਉ ॥ ਜੇ ਅਪਨੀ ਬਿਰਥਾ ਕਹਹੁ ਅਵਰਾ ਪਹਿ ਤਾ ਆਗੈ ਅਪਨੀ ਬਿਰਥਾ ਬਹੁ ਬਹੁਤੁ ਕਢਾਸਾ ॥ ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ ਜੋ ਤੁਮ੍ਹ੍ਹਰੇ ਦੂਖ ਤਤਕਾਲ ਕਟਾਸਾ ॥ ਸੋ ਐਸਾ ਪ੍ਰਭੁ ਛੋਡਿ ਅਪਨੀ ਬਿਰਥਾ ਅਵਰਾ ਪਹਿ ਕਹੀਐ ਅਵਰਾ ਪਹਿ ਕਹਿ ਮਨ ਲਾਜ ਮਰਾਸਾ ॥੨॥ ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ ॥ ਜਿਤੁ ਦਿਨਿ ਉਨ੍ਹ੍ਹ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ ॥ ਮਨ ਮੇਰੇ ਅਪਨਾ ਹਰਿ ਸੇਵਿ ਦਿਨੁ ਰਾਤੀ ਜੋ ਤੁਧੁ ਉਪਕਰੈ ਦੂਖਿ ਸੁਖਾਸਾ ॥੩॥ ਤਿਸ ਕਾ ਭਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਉਸਰਿ ਰਖਿ ਨ ਸਕਾਸਾ ॥ ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨ੍ਹ੍ਹ ਅੰਤਿ ਛਡਾਏ ਜਿਨ੍ਹ੍ਹ ਹਰਿ ਪ੍ਰੀਤਿ ਚਿਤਾਸਾ ॥ ਜਨ ਨਾਨਕ ਅਨਦਿਨੁ ਨਾਮੁ ਜਪਹੁ ਹਰਿ ਸੰਤਹੁ ਇਹੁ ਛੂਟਣ ਕਾ ਸਾਚਾ ਭਰਵਾਸਾ ॥੪॥੨॥ {ਪੰਨਾ 860}

ਪਦਅਰਥ: ਸੇਵੀਐ = ਸਿਮਰਨਾ ਚਾਹੀਦਾ ਹੈ। ਧਿਆਈਐ = ਧਿਆਨ ਧਰਨਾ ਚਾਹੀਦਾ ਹੈ। ਕਿਲਵਿਖ = ਪਾਪ। ਸਭਿ = ਸਾਰੇ। ਤਿਆਗਿ = ਤਿਆਗ ਕੇ। ਕੀਜੈ = ਕੀਤੀ ਜਾਏ। ਘਾਲ = ਮੇਹਨਤ। ਮਨ = ਹੇ ਮਨ! ਜਿਸੁ ਸੇਵਿਐ = ਜਿਸ ਦੀ ਸੇਵਾ = ਭਗਤੀ ਕੀਤਿਆਂ। ਸਭ ਭੁਖ = ਸਾਰੀ ਤ੍ਰਿਸ਼ਨਾ। ਲਹਾਸਾ = ਲਹਿ ਜਾਂਦੀ ਹੈ।੧।

ਕੀਜੈ = ਕਰਨਾ ਚਾਹੀਦਾ ਹੈ। ਜਹ = ਜਿੱਥੇ। ਪੈਜ = ਲਾਜ, ਇੱਜ਼ਤ।੧।ਰਹਾਉ।

ਬਿਰਥਾ = {व्यथा} ਪੀੜਾ, ਦੁੱਖ। ਪਹਿ = ਪਾਸ, ਕੋਲ। ਕਢਾਸਾ = ਕੱਢਦੇ ਹਨ, ਸੁਣਾਂਦੇ ਹਨ। ਤਤਕਾਲ = ਤੁਰਤ। ਛੋਡਿ = ਛੱਡ ਕੇ। ਕਹੀਐ = ਜੇ ਆਖੀਏ। ਕਹਿ = ਆਖ ਕੇ। ਮਨ = ਹੇ ਮਨ! ਲਾਜ ਮਰਾਸਾ = ਸ਼ਰਮ ਨਾਲ ਮਰੀਦਾ ਹੈ, ਸ਼ਰਮਿੰਦਾ ਹੋਵੀਦਾ ਹੈ।੨।

ਦੀਸਹਿ = ਦਿੱਸਦੇ ਹਨ। ਅਪਨੈ ਸੁਆਇ = ਅਪਣੀ ਗ਼ਰਜ਼ ਦੇ ਕਾਰਨ {ਸੁਆਇ = ਲਫ਼ਜ਼ 'ਸੁਆਉ' ਤੋਂ 'ਕਰਨ ਕਾਰਕ', ਇਕ-ਵਚਨ}ਜਿਤੁ = ਜਿਸ ਵਿਚ। ਦਿਨਿ = ਦਿਨ ਵਿਚ। ਜਿਤੁ ਦਿਨਿ = ਜਿਸ ਦਿਨ ਵਿਚ। ਸੁਆਉ = ਮਨੋਰਥ, ਗ਼ਰਜ਼। ਹੋਇ ਨ ਆਵੈ = ਪੂਰਾ ਨਾਹ ਹੋ ਸਕੇ। ਤਿਤੁ = ਉਸ ਵਿਚ। ਤਿਤੁ ਦਿਨਿ = ਉਸ ਦਿਨ ਵਿਚ (on that day) ਸੇਵਿ = ਸਿਮਰ। ਉਪਕਰੈ = ਪੁੱਕਰਦਾ ਹੈ, (ਦੁਖ ਸੁਖ ਵੇਲੇ) ਬਹੁੜਦਾ ਹੈ। ਦੂਖਿ = ਦੁਖ ਵਿਚ, ਦੁਖ ਵੇਲੇ।੩।

ਤਿਸ ਕਾ = {ਲਫ਼ਜ਼ 'ਤਿਸੁ ਦਾ ਨਾਹ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ}ਅੰਤੀ = ਅਖ਼ੀਰਲੇ। ਅਉਸਰਿ = ਅਉਸਰ ਵਿਚ, ਸਮੇ ਵਿਚ, ਮੌਕੇ ਤੇ। ਲੈ = ਲੈ ਕੇ। ਅੰਤਿ = ਅਖ਼ੀਰਲੇ ਸਮੇ। ਅਨਦਿਨੁ = {अनुदिनं} ਹਰ ਰੋਜ਼। ਸੰਤਹੁ = ਹੇ ਸੰਤ ਜਨੋ!੪।

ਅਰਥ: ਹੇ ਮੇਰੇ ਮਨ! ਸਦਾ) ਪਰਮਾਤਮਾ ਉਤੇ ਭਰੋਸਾ ਰੱਖਣਾ ਚਾਹੀਦਾ ਹੈ, ਕਿਉਂਕਿ, ਹੇ ਮੇਰੇ ਮਨ! ਜਿੱਥੇ ਭੀ ਜਾਈਏ, ਉਹ ਮੇਰਾ ਮਾਲਕ-ਪ੍ਰਭੂ ਸਦਾ ਅੰਗ-ਸੰਗ ਰਹਿੰਦਾ ਹੈ, ਤੇ, ਉਹ ਪ੍ਰਭੂ ਆਪਣੇ ਦਾਸਾਂ ਦੀ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ।੧।ਰਹਾਉ।

ਹੇ ਮੇਰੇ ਮਨ! ਜੇਹੜਾ ਹਰੀ ਇਕ ਖਿਨ ਵਿਚ ਸਾਰੇ ਪਾਪ ਨਾਸ ਕਰ ਸਕਦਾ ਹੈ, ਸਦਾ ਉਸ ਨੂੰ ਸਿਮਰਨਾ ਚਾਹੀਦਾ ਹੈ, ਸਦਾ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਹੇ ਮਨ! ਜੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੀ (ਸਹਾਇਤਾ ਦੀ) ਆਸ ਰੱਖੀਏ, ਤਾਂ ਉਹ ਪਰਮਾਤਮਾ (ਜੀਵ ਦੀ ਉਸ) ਸਾਰੀ ਕੀਤੀ ਮੇਹਨਤ ਨੂੰ ਅਸਫਲ ਕਰ ਦੇਂਦਾ ਹੈ, ਜ਼ਾਇਆ ਕਰ ਦੇਂਦਾ ਹੈ। ਸੋ, ਹੇ ਮੇਰੇ ਮਨ! ਸਾਰੇ ਸੁਖ ਦੇਣ ਵਾਲੇ ਮਾਲਕ ਹਰੀ ਦਾ ਸਿਮਰਨ ਕਰਿਆ ਕਰ, ਉਸ ਦਾ ਸਿਮਰਨ ਕਰਨ ਨਾਲ ਸਾਰੀ ਤ੍ਰਿਸ਼ਨਾ-ਭੁੱਖ ਲਹਿ ਜਾਂਦੀ ਹੈ।੧।

ਹੇ ਭਾਈ! ਜੇ ਤੂੰ ਆਪਣਾ ਕੋਈ ਦੁੱਖ-ਦਰਦ (ਪ੍ਰਭੂ ਨੂੰ ਛੱਡ ਕੇ) ਹੋਰਨਾਂ ਅੱਗੇ ਪੇਸ਼ ਕਰਦਾ ਫਿਰੇਂਗਾ, ਤਾਂ ਉਹ ਲੋਕ ਅੱਗੋਂ ਆਪਣੇ ਅਨੇਕਾਂ ਦੁੱਖ-ਦਰਦ ਸੁਣਾ ਦੇਣਗੇ। ਹੇ ਭਾਈ! ਆਪਣਾ ਹਰੇਕ ਦੁੱਖ-ਦਰਦ ਆਪਣੇ ਮਾਲਕ ਪਰਮਾਤਮਾ ਪਾਸ ਹੀ ਬਿਆਨ ਕਰ, ਉਹ ਤਾਂ ਤੇਰੇ ਸਾਰੇ ਦੁੱਖ ਤੁਰਤ ਕੱਟ ਕੇ ਰੱਖ ਦੇਵੇਗਾ। ਹੇ ਭਾਈ! ਜੇ ਇਹੋ ਜਿਹੇ ਸਮਰੱਥ ਪ੍ਰਭੂ ਨੂੰ ਛੱਡ ਕੇ ਆਪਣੀ ਪੀੜਾ ਹੋਰਨਾਂ ਅੱਗੇ ਪੇਸ਼ ਕੀਤੀ ਜਾਇਗੀ, ਹੋਰਨਾਂ ਪਾਸ ਆਖ ਕੇ, ਹੇ ਮਨ! ਸ਼ਰਮਿੰਦਾ ਹੋਣਾ ਪੈਂਦਾ ਹੈ।੨।

ਹੇ ਮੇਰੇ ਮਨ! ਦੁਨੀਆ ਵਾਲੇ ਇਹ ਸਾਕ-ਅੰਗ, ਮਿੱਤਰ, ਭਰਾ ਜੇਹੜੇ ਭੀ ਦਿੱਸਦੇ ਹਨ, ਇਹ ਤਾਂ ਆਪੋ ਆਪਣੀ ਗ਼ਰਜ਼ ਦੀ ਖ਼ਾਤਰ ਹੀ ਮਿਲਦੇ ਹਨ। ਜਦੋਂ ਉਹਨਾਂ ਦੀ ਗ਼ਰਜ਼ ਪੂਰੀ ਨਾਹ ਹੋ ਸਕੇ, ਤਦੋਂ ਉਹਨਾਂ ਵਿਚੋਂ ਕੋਈ ਭੀ ਨੇੜੇ ਨਹੀਂ ਛੁੰਹਦਾ। ਸੋ, ਹੇ ਮੇਰੇ ਮਨ! ਦਿਨ ਰਾਤ ਹਰ ਵੇਲੇ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹੁ, ਉਹੀ ਹਰੇਕ ਦੁਖ ਸੁਖ ਵਿਚ ਤੈਨੂੰ ਪੁੱਕਰ ਸਕਦਾ ਹੈ।੩।

ਹੇ ਮੇਰੇ ਮਨ! ਜੇਹੜਾ ਕੋਈ ਅੰਤਲੇ ਸਮੇ (ਮੌਤ ਪਾਸੋਂ ਸਾਨੂੰ) ਬਚਾ ਨਹੀਂ ਸਕਦਾ, ਉਸ ਦਾ ਭਰੋਸਾ ਨਹੀਂ ਕਰਨਾ ਚਾਹੀਦਾ। ਗੁਰੂ ਦਾ ਉਪਦੇਸ਼ ਲੈ ਕੇ (ਗੁਰੂ ਦੀ ਸਿੱਖਿਆ ਉਤੇ ਤੁਰ ਕੇ) ਪਰਮਾਤਮਾ ਦਾ ਨਾਮ-ਮੰਤ੍ਰ ਜਪਿਆ ਕਰ। ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਦਾ ਪਿਆਰ ਵੱਸਦਾ ਹੈ, ਉਹਨਾਂ ਨੂੰ ਪਰਮਾਤਮਾ ਅਖ਼ੀਰ ਵੇਲੇ (ਜਮਾਂ ਦੇ ਡਰ ਤੋਂ) ਛੁਡਾ ਲੈਂਦਾ ਹੈ। ਹੇ ਦਾਸ ਨਾਨਕ! ਆਖ-) ਹੇ ਸੰਤ ਜਨੋ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ। (ਦੁੱਖਾਂ ਕਲੇਸ਼ਾਂ ਤੋਂ) ਬਚਣ ਦਾ ਇਹੀ ਪੱਕਾ ਵਸੀਲਾ ਹੈ।੪।੨।

ਗੋਂਡ ਮਹਲਾ ੪ ॥ ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥ ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥ ਮੇਰੇ ਮਨ ਅਨਦਿਨੁ ਧਿਆਇ ਨਾਮੁ ਹਰਿ ਜਪਨਾ ॥ ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥੧॥ ਰਹਾਉ ॥ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥ ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ ॥੨॥ ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਊਤਮੁ ਸੰਤੁ ਭਇਓ ਬਡ ਬਡਨਾ ॥ ਤਿਸੁ ਜਨ ਕੀ ਵਡਿਆਈ ਹਰਿ ਆਪਿ ਵਧਾਈ ਓਹੁ ਘਟੈ ਨ ਕਿਸੈ ਕੀ ਘਟਾਈ ਇਕੁ ਤਿਲੁ ਤਿਲੁ ਤਿਲਨਾ ॥੩॥ ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥ ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥੪॥੩॥ {ਪੰਨਾ 860}

ਪਦਅਰਥ: ਸਿਮਰਤ = ਸਿਮਰਦਿਆਂ। ਅੰਤਰਿ = ਹਿਰਦੇ ਵਿਚ। ਸੀਤਲ = ਠੰਢਾ। ਸਕਤਿ = ਮਾਇਆ। ਸੂਰੁ = ਸੂਰਜ। ਜਲਤਾ = ਤਪਦਾ। ਸਸਿ = ਚੰਦ੍ਰਮਾ। ਤਪਨ = ਤਪਸ਼।੧।

ਮਨ = ਹੇ ਮਨ! ਅਨਦਿਨੁ = ਹਰ ਰੋਜ਼, ਹਰ ਵੇਲੇ। ਜਹਾ ਕਹਾ = ਜਿੱਥੇ ਕਿੱਥੇ, ਹਰ ਥਾਂ। ਠਾਈ = ਥਾਈਂ। ਸੇਵਿ = ਸਿਮਰ।੧।ਰਹਾਉ।

ਜਾ ਮਹਿ = ਜਿਸ (ਹਰੀ) ਵਿਚ। ਸਭਿ = ਸਾਰੇ। ਨਿਧਾਨ = ਖ਼ਜ਼ਾਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਖੋਜਿ = ਖੋਜ ਕੇ। ਲਹਹੁ = ਲੱਭੋ। ਜਿਸ = ਜਿਨ੍ਹਾਂ ਨੇ {ਜਿਨਿ = ਜਿਸ ਨੇ}ਤਿਨ ਕੇ ਹਰਿ ਦਸਨਾ = ਤਿਨ ਹਰਿ ਦਸਨਾ ਕੇ, ਉਹਨਾਂ ਹਰੀ ਦੇ ਦਾਸਾਂ ਦੇ।੨।

ਪਛਾਣਿ = ਪਛਾਣ ਕੇ, ਸਾਂਝ ਪਾ ਕੇ। ਬਡ ਬਡਨਾ = ਬਹੁਤ ਵੱਡਾ। ਓਹ = ਉਹ ਵਡਿਆਈ।੩।

ਜਿਸ ਤੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਤੇ' ਦੇ ਕਾਰਨ ਉੱਡ ਗਿਆ ਹੈ}ਕਰ = ਹੱਥ {ਬਹੁ-ਵਚਨ}ਜੁਰਨਾ = ਜੋੜ ਕੇ। ਕਉ = ਨੂੰ। ਹਰਿ = ਹੇ ਹਰੀ! ਮੋਹਿ ਰਿਦੈ = ਮੇਰੇ ਹਿਰਦੇ ਵਿਚ।੪।

ਅਰਥ: ਹੇ-ਮੇਰੇ ਮਨ! ਹਰ ਵੇਲੇ ਪਰਮਾਤਮਾ ਦੇ ਨਾਮ ਦਾ ਧਿਆਨ ਧਰ, ਪ੍ਰਭੂ ਦਾ ਨਾਮ ਜਪਦਾ ਰਹੁ! ਹੇ ਮਨ! ਉਹ ਪ੍ਰਭੂ ਹਰ ਥਾਂ ਹੀ ਤੇਰੀ ਰਾਖੀ ਕਰਨ ਵਾਲਾ ਹੈ, ਉਸ ਆਪਣੇ ਪ੍ਰਭੂ ਨੂੰ ਸਦਾ ਹੀ ਸਿਮਰਦਾ ਰਹੁ।੧।ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ, ਹਿਰਦੇ ਵਿਚ ਸ਼ਾਂਤੀ ਟਿਕੀ ਰਹਿੰਦੀ ਹੈ, ਮਨ ਠੰਢਾ-ਠਾਰ ਰਹਿੰਦਾ ਹੈ। ਜਿਵੇਂ ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਤੇ, ਗੁਰੂ-ਚੰਦ੍ਰਮਾ ਦਾ ਦਰਸ਼ਨ ਕੀਤਿਆਂ (ਮਾਇਆ ਦੇ ਮੋਹ ਦੀ) ਸਾਰੀ ਤਪਸ਼ ਦੂਰ ਹੋ ਜਾਂਦੀ ਹੈ।੧।

ਹੇ ਮੇਰੇ ਮਨ! ਉਸ ਪ੍ਰਭੂ ਦਾ ਨਾਮ ਜਪਿਆ ਕਰ, ਜਿਸ ਵਿਚ ਸਾਰੇ ਹੀ ਖ਼ਜ਼ਾਨੇ ਹਨ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ-ਰਤਨ ਨੂੰ (ਆਪਣੇ ਅੰਦਰੋਂ) ਖੋਜ ਕੇ ਲੱਭ ਲੈ। ਜਿਨ੍ਹਾਂ ਮਨੁੱਖ ਨੇ ਹਰਿ-ਨਾਮ ਵਿਚ ਧਿਆਨ ਜੋੜਿਆ, ਉਹਨਾਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ। ਹੇ ਮਨ! ਉਹਨਾਂ ਹਰੀ ਦੇ ਦਾਸਾਂ ਦੇ ਚਰਨ ਘੁੱਟਿਆ ਕਰ।੨।

ਹੇ ਮਨ! ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਹਰਿ-ਨਾਮ ਦਾ ਰਸ ਪ੍ਰਾਪਤ ਕਰ। (ਜੇਹੜਾ ਮਨੁੱਖ ਇਹ ਨਾਮ-ਰਸ ਹਾਸਲ ਕਰਦਾ ਹੈ) ਉਹ ਸ੍ਰੇਸ਼ਟ ਸੰਤ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ। ਅਜੇਹੇ ਮਨੁੱਖ ਦੀ ਇੱਜ਼ਤ ਪ੍ਰਭੂ ਨੇ ਆਪ ਵਧਾਈ ਹੈ, ਕਿਸੇ ਦੇ ਘਟਾਇਆਂ ਉਹ ਇੱਜ਼ਤ ਇਕ ਤਿਲ ਜਿਤਨੀ ਭੀ ਨਹੀਂ ਘਟ ਸਕਦੀ।੩।

ਹੇ ਮੇਰੇ ਮਨ! ਜਿਸ ਪ੍ਰਭੂ ਪਾਸੋਂ ਤੂੰ ਸਾਰੇ ਸੁਖ ਪਾ ਰਿਹਾ ਹੈਂ, ਉਸ ਨੂੰ ਸਦਾ ਹੀ ਦੋਵੇਂ ਹੱਥ ਜੋੜ ਕੇ (ਪੂਰੀ ਨਿਮ੍ਰਤਾ ਨਾਲ) ਸਿਮਰਿਆ ਕਰ। ਹੇ ਹਰੀ! ਆਪਣੇ) ਦਾਸ ਨਾਨਕ ਨੂੰ ਇਕ ਖ਼ੈਰ ਪਾ ਕਿ ਤੇਰੇ ਚਰਨ ਮੇਰੇ ਹਿਰਦੇ ਵਿਚ ਸਦਾ ਹੀ ਵੱਸਦੇ ਰਹਿਣ।੪।੩।

TOP OF PAGE

Sri Guru Granth Darpan, by Professor Sahib Singh