ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 863

ਗੋਂਡ ਮਹਲਾ ੫ ॥ ਨਾਮ ਸੰਗਿ ਕੀਨੋ ਬਿਉਹਾਰੁ ॥ ਨਾਮਹੀ ਇਸੁ ਮਨ ਕਾ ਅਧਾਰੁ ॥ ਨਾਮੋ ਹੀ ਚਿਤਿ ਕੀਨੀ ਓਟ ॥ ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥ ਰਾਸਿ ਦੀਈ ਹਰਿ ਏਕੋ ਨਾਮੁ ॥ ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥ਨਾਮੁ ਹਮਾਰੇ ਜੀਅ ਕੀ ਰਾਸਿ ॥ ਨਾਮੋ ਸੰਗੀ ਜਤ ਕਤ ਜਾਤ ॥ ਨਾਮੋ ਹੀ ਮਨਿ ਲਾਗਾ ਮੀਠਾ ॥ ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥ ਨਾਮੇ ਦਰਗਹ ਮੁਖ ਉਜਲੇ ॥ ਨਾਮੇ ਸਗਲੇ ਕੁਲ ਉਧਰੇ ॥ ਨਾਮਿ ਹਮਾਰੇ ਕਾਰਜ ਸੀਧ ॥ ਨਾਮ ਸੰਗਿ ਇਹੁ ਮਨੂਆ ਗੀਧ ॥੩॥ ਨਾਮੇ ਹੀ ਹਮ ਨਿਰਭਉ ਭਏ ॥ ਨਾਮੇ ਆਵਨ ਜਾਵਨ ਰਹੇ ॥ ਗੁਰਿ ਪੂਰੈ ਮੇਲੇ ਗੁਣਤਾਸ ॥ ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥ {ਪੰਨਾ 863}

ਪਦਅਰਥ: ਨਾਮ ਸੰਗਿ = ਪ੍ਰਭੂ ਦੇ ਨਾਮ ਨਾਲ। ਕੀਨੋ = ਕੀਤਾ ਹੈ। ਨਾਮ = {ਅੱਖਰ 'ਮ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਨਾਮੁ' ਹੈ, ਇਥੇ 'ਨਾਮੋ' ਪੜ੍ਹਨਾ ਹੈ}ਅਧਾਰੁ = ਆਸਰਾ। ਚਿਤਿ = ਚਿੱਤ ਵਿਚ! ਓਟ = ਆਸਰਾ। ਮਿਟਹਿ = ਮਿਟ ਜਾਂਦੇ ਹਨ। ਕੋਟਿ = ਕ੍ਰੋੜਾਂ।੧।

ਰਾਸਿ = ਪੂੰਜੀ, ਸਰਮਾਇਆ। ਦੀਈ = ਦਿੱਤੀ ਹੈ (ਗੁਰੂ ਨੇ। ਇਸਟੁ = ਸਭ ਤੋਂ ਪਿਆਰਾ (ਪੂਜਣ = ਜੋਗ) ੧।ਰਹਾਉ।

ਜੀਅ ਕੀ = ਜਿੰਦ ਦੀ। ਸੰਗੀ = ਸਾਥੀ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਜਾਤ = ਜਾਂਦਾ ਹੈ। ਮਨਿ = ਮਨ ਵਿਚ। ਜਲਿ = ਜਲ ਵਿਚ। ਥਲਿ = ਧਰਤੀ ਵਿਚ, ਧਰਤੀ ਉਤੇ। ਨਾਮੋ = ਨਾਮ ਹੀ, ਪਰਮਾਤਮਾ ਹੀ।

ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਮੁਖ ਉਜਲੇ = ਸੁਰਖ਼ਰੂ। ਸਗਲੇ = ਸਾਰੇ। ਉਧਰੇ = (ਸੰਸਾਰ = ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਨਾਮਿ = ਨਾਮ ਦੀ ਰਾਹੀਂ। ਸੀਧ = ਸਿੱਧ, ਸਫਲ। ਗੀਧ = ਗਿੱਝ ਗਿਆ ਹੈ।੩।

ਆਵਨ ਜਾਵਨ = ਜਨਮ ਮਰਨ ਦੇ ਗੇੜ। ਰਹੇ = ਮੁੱਕ ਜਾਂਦੇ ਹਨ। ਗੁਰਿ = ਗੁਰੂ ਨੇ। ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਸੁਖਿ = ਸੁਖ ਵਿਚ। ਸਹਜਿ = ਆਤਮਕ ਅਡੋਲਤਾ ਵਿਚ।੪।

ਅਰਥ: ਹੇ ਭਾਈ! ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਹੀ ਸਰਮਾਇਆ ਦਿੱਤਾ ਹੈ (ਤਾ ਕਿ ਮੈਂ ਉੱਚੇ ਆਤਮਕ ਜੀਵਨ ਦਾ ਵਪਾਰ ਕਰ ਸਕਾਂ) । (ਹੁਣ ਪ੍ਰਭੂ ਦਾ ਨਾਮ ਹੀ) ਮੇਰੇ ਮਨ ਦਾ ਸਭ ਤੋਂ ਵੱਡਾ ਪਿਆਰਾ (ਪੂਜਣ-ਜੋਗ ਦੇਵਤਾ ਬਣ ਗਿਆ) ਹੈ। (ਪਰ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਹਰਿ-ਨਾਮ ਦਾ ਧਿਆਨ ਬਣ ਸਕਦਾ ਹੈ (ਹਰਿ-ਨਾਮ ਵਿਚ ਸੁਰਤਿ ਜੁੜ ਸਕਦੀ ਹੈ) ੧।ਰਹਾਉ।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਪ੍ਰਭੂ ਦੇ ਨਾਮ ਨਾਲ (ਆਤਮਕ ਜੀਵਨ ਦਾ) ਵਪਾਰ ਕਰ ਰਿਹਾ ਹਾਂ। ਪ੍ਰਭੂ ਦਾ ਨਾਮ ਹੀ (ਮੇਰੇ) ਇਸ ਮਨ ਦਾ ਆਸਰਾ ਬਣ ਗਿਆ ਹੈ। ਨਾਮ ਨੂੰ ਹੀ ਮੈਂ ਆਪਣੇ ਚਿੱਤ ਵਿਚ (ਜੀਵਨ ਦਾ) ਸਹਾਰਾ ਬਣਾ ਲਿਆ ਹੈ। (ਹੇ ਭਾਈ! ਪ੍ਰਭੂ ਦਾ) ਨਾਮ ਜਪਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ।੧।

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ) ਨਾਮ ਮੇਰੀ ਜਿੰਦ ਦਾ ਸਰਮਾਇਆ ਬਣ ਚੁਕਾ ਹੈ, ਨਾਮ ਹੀ ਮੇਰਾ ਸਾਥੀ ਹਰ ਥਾਂ ਮੇਰੇ ਨਾਲ ਤੁਰਿਆ ਫਿਰਦਾ ਹੈ। ਪ੍ਰਭੂ ਦਾ ਨਾਮ ਹੀ ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ। ਪਾਣੀ ਵਿਚ ਧਰਤੀ ਉਤੇ ਸਭ ਜੀਵਾਂ ਵਿਚ ਮੈਨੂੰ ਹਰਿ-ਨਾਮ ਹੀ (ਹਰੀ ਹੀ) ਦਿੱਸ ਰਿਹਾ ਹੈ।੨।

ਹੇ ਭਾਈ! ਨਾਮ ਦੀ ਬਰਕਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੀਦਾ ਹੈ, ਨਾਮ ਦੀ ਰਾਹੀਂ ਸਾਰੀਆਂ ਕੁਲਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀਆਂ ਹਨ। ਪ੍ਰਭੂ ਦੇ ਨਾਮ ਵਿਚ ਜੁੜਿਆਂ ਮੇਰੇ ਸਾਰੇ ਕੰਮ-ਕਾਰ ਸਫਲ ਹੋ ਰਹੇ ਹਨ। ਹੁਣ ਮੇਰਾ ਇਹ ਮਨ ਪਰਮਾਤਮਾ ਦੇ ਨਾਮ ਨਾਲ ਗਿੱਝ ਗਿਆ ਹੈ।੩।

ਹੇ ਭਾਈ! ਪ੍ਰਭੂ-ਨਾਮ ਦਾ ਸਦਕਾ ਹੀ ਦੁਨੀਆ ਦਾ ਕੋਈ ਡਰ ਪੋਹ ਨਹੀਂ ਸਕਦਾ। ਹਰਿ-ਨਾਮ ਵਿਚ ਜੁੜਿਆਂ ਹੀ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ। (ਪਰ) ਪੂਰੇ ਗੁਰੂ ਨੇ (ਹੀ ਸਦਾ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨਾਲ (ਜੀਵਾਂ ਨੂੰ) ਮਿਲਾਇਆ ਹੈ (ਗੁਰੂ ਹੀ ਮਿਲਾਂਦਾ ਹੈ) ਹੇ ਨਾਨਕ! ਆਖ-(ਪ੍ਰਭੂ ਦੇ ਨਾਮ ਦੀ ਬਰਕਤਿ ਨਾਲ) ਆਨੰਦ ਵਿਚ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ।੪।੨।੪।

ਗੋਂਡ ਮਹਲਾ ੫ ॥ ਨਿਮਾਨੇ ਕਉ ਜੋ ਦੇਤੋ ਮਾਨੁ ॥ ਸਗਲ ਭੂਖੇ ਕਉ ਕਰਤਾ ਦਾਨੁ ॥ ਗਰਭ ਘੋਰ ਮਹਿ ਰਾਖਨਹਾਰੁ ॥ ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥ ਐਸੋ ਪ੍ਰਭੁ ਮਨ ਮਾਹਿ ਧਿਆਇ ॥ ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥ਰੰਕੁ ਰਾਉ ਜਾ ਕੈ ਏਕ ਸਮਾਨਿ ॥ ਕੀਟ ਹਸਤਿ ਸਗਲ ਪੂਰਾਨ ॥ ਬੀਓ ਪੂਛਿ ਨ ਮਸਲਤਿ ਧਰੈ ॥ ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥ ਜਾ ਕਾ ਅੰਤੁ ਨ ਜਾਨਸਿ ਕੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਆਪਿ ਅਕਾਰੁ ਆਪਿ ਨਿਰੰਕਾਰੁ ॥ ਘਟ ਘਟ ਘਟਿ ਸਭ ਘਟ ਆਧਾਰੁ ॥੩॥ ਨਾਮ ਰੰਗਿ ਭਗਤ ਭਏ ਲਾਲ ॥ ਜਸੁ ਕਰਤੇ ਸੰਤ ਸਦਾ ਨਿਹਾਲ ॥ ਨਾਮ ਰੰਗਿ ਜਨ ਰਹੇ ਅਘਾਇ ॥ ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥ {ਪੰਨਾ 863}

ਪਦਅਰਥ: ਮਾਨੁ = ਆਦਰ, ਸਤਕਾਰ। ਕਉ = ਨੂੰ। ਕਰਤਾ ਦਾਨੁ = ਦਾਨ ਕਰਦਾ ਹੈ। ਘੋਰ = ਭਿਆਨਕ।੧।

ਘਟਿ = (ਹਰੇਕ) ਸਰੀਰ ਵਿਚ। ਅਵਘਟ = ਸਰੀਰ ਤੋਂ ਬਾਹਰ। ਅਵਘਟਿ = ਸਰੀਰ ਤੋਂ ਬਾਹਰਲੇ ਥਾਂ ਵਿਚ। ਘਟਿ ਅਵਘਟਿ = ਸਰੀਰ ਦੇ ਅੰਦਰ ਅਤੇ ਬਾਹਰ। ਜਤ ਕਤਹਿ = ਜਿੱਥੇ ਕਿੱਥੇ, ਹਰ ਥਾਂ। ਸਹਾਇ = ਸਹਾਇਤਾ ਕਰਨ ਵਾਲਾ।੧।ਰਹਾਉ।

ਰੰਕੁ = ਕੰਗਾਲ ਮਨੁੱਖ। ਰਾਉ = ਰਾਜਾ। ਜਾ ਕੈ = ਜਿਸ ਦੀ ਨਜ਼ਰ ਵਿਚ। ਏਕ ਸਮਾਨਿ = ਇਕੋ ਜਿਹੇ। ਕੀਟ = ਕੀੜੇ। ਹਸਤਿ = ਹਾਥੀ। ਸਗਲ = ਸਭਨਾਂ ਵਿਚ। ਪੂਰਾਨ = ਪੂਰਨ, ਵਿਆਪਕ। ਬੀਓ = ਦੂਜਾ, ਕੋਈ ਹੋਰ। ਪੂਛਿ = ਪੁੱਛ ਕੇ। ਮਸਲਤਿ = ਮਸ਼ਵਰਾ। ਆਪਹਿ = ਆਪਿ ਹੀ, ਆਪ ਹੀ।੨।

ਜਾਨਸਿ = ਜਣ ਸਕੇਗਾ। ਨਿਰੰਜਨੁ = {ਨਿਰ = ਅੰਜਨੁ} ਮਾਇਆ ਦੇ ਪ੍ਰਭਾਵ ਤੋਂ ਪਰੇ। ਅਕਾਰੁ = ਦਿੱਸਦਾ ਜਗਤ। ਨਿਰੰਕਾਰੁ = {ਨਿਰ = ਆਕਾਰ} ਆਕਾਰ = ਰਹਿਤ, ਅਦ੍ਰਿਸ਼ਟ। ਘਟਿ = ਸਰੀਰ ਵਿਚ, ਹਿਰਦੇ ਵਿਚ। ਆਧਾਰੁ = ਆਸਰਾ।੩।

ਰੰਗਿ = ਰੰਗ ਵਿਚ, ਪਿਆਰ ਵਿਚ। ਜਸੁ = ਸਿਫ਼ਤਿ-ਸਾਲਾਹ। ਕਰਤੇ = ਕਰਦੇ। ਨਿਹਾਲ = ਪ੍ਰਸੰਨ। ਜਨ = (ਪ੍ਰਭੂ ਦੇ) ਸੇਵਕ। ਅਘਾਇ ਰਹੇ = ਰੱਜੇ ਰਹਿੰਦੇ ਹਨ, ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ। ਲਾਗੈ = ਲੱਗਦਾ ਹੈ। ਤਿਨ ਪਾਇ = ਉਹਨਾਂ ਦੀ ਪੈਰੀਂ।੪।

ਅਰਥ: ਹੇ ਭਾਈ! ਜੇਹੜਾ ਪ੍ਰਭੂ ਸਰੀਰ ਦੇ ਅੰਦਰ ਅਤੇ ਸਰੀਰ ਦੇ ਬਾਹਰ ਹਰ ਥਾਂ ਸਹਾਇਤਾ ਕਰਨ ਵਾਲਾ ਹੈ ਆਪਣੇ ਮਨ ਵਿਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ।੧।ਰਹਾਉ।

ਹੇ ਭਾਈ! ਉਸ ਮਾਲਕ-ਪ੍ਰਭੂ ਨੂੰ ਸਦਾ ਸਿਰ ਨਿਵਾਇਆ ਕਰ, ਜੇਹੜਾ ਨਿਮਾਣੇ ਨੂੰ ਮਾਣ ਦੇਂਦਾ ਹੈ, ਜੇਹੜਾ ਸਾਰੇ ਭੁੱਖਿਆਂ ਨੂੰ ਰੋਜ਼ੀ ਦੇਂਦਾ ਹੈ ਅਤੇ ਜੇਹੜਾ ਭਿਆਨਕ ਗਰਭ ਵਿਚ ਰੱਖਿਆ ਕਰਨ ਜੋਗਾ ਹੈ।੧।

(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ ਦੀ ਨਿਗਾਹ ਵਿਚ ਇਕ ਕੰਗਾਲ ਮਨੁੱਖ ਅਤੇ ਇਕ ਰਾਜਾ ਇੱਕੋ ਜਿਹੇ ਹਨ, ਜੋ ਕੀੜੇ ਹਾਥੀ ਸਭਨਾਂ ਵਿਚ ਹੀ ਵਿਆਪਕ ਹੈ, ਜੇਹੜਾ ਕਿਸੇ ਹੋਰ ਨੂੰ ਪੁੱਛ ਕੇ (ਕੋਈ ਕੰਮ ਕਰਨ ਦੀ) ਸਾਲਾਹ ਨਹੀਂ ਕਰਦਾ, (ਸਗੋਂ) ਜੋ ਕੁਝ ਕਰਦਾ ਹੈ ਉਹ ਆਪ ਕਰਦਾ ਹੈ।੨।

(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ (ਦੀ ਹਸਤੀ) ਦਾ ਅੰਤ ਕੋਈ ਭੀ ਜੀਵ ਜਾਣ ਨਹੀਂ ਸਕੇਗਾ। ਉਹ ਮਾਇਆ ਤੋਂ ਨਿਰਲੇਪ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ। ਇਹ ਸਾਰਾ ਦਿੱਸਦਾ ਜਗਤ ਉਸ ਦਾ ਆਪਣਾ ਹੀ ਸਰੂਪ ਹੈ, ਆਕਾਰ-ਰਹਿਤ ਭੀ ਉਹ ਆਪ ਹੀ ਹੈ। ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਸਾਰੇ ਸਰੀਰਾਂ ਦਾ ਆਸਰਾ ਹੈ।੩।

ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਸ ਦੇ ਨਾਮ ਦੇ ਰੰਗ ਵਿਚ ਲਾਲ ਹੋਏ ਰਹਿੰਦੇ ਹਨ। ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਏ ਸੰਤ ਜਨ ਸਦਾ ਖਿੜੇ ਰਹਿੰਦੇ ਹਨ। ਹੇ ਭਾਈ! ਪ੍ਰਭੂ ਦੇ ਸੇਵਕ ਪ੍ਰਭੂ ਦੇ ਨਾਮ ਦੇ ਪ੍ਰੇਮ ਵਿਚ ਟਿਕ ਕੇ ਮਾਇਆ ਦੀ ਤ੍ਰਿਸ਼ਨਾ ਤੋਂ ਬਚੇ ਰਹਿੰਦੇ ਹਨ। ਨਾਨਕ ਉਹਨਾਂ ਸੇਵਕਾਂ ਦੀ ਚਰਨੀਂ ਲੱਗਦਾ ਹੈ।੪।੩।੫।

ਗੋਂਡ ਮਹਲਾ ੫ ॥ ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥ ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥ ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥ ਜਾ ਕੈ ਸੰਗਿ ਰਿਦੈ ਪਰਗਾਸ ॥੧॥ ਸੇ ਸੰਤਨ ਹਰਿ ਕੇ ਮੇਰੇ ਮੀਤ ॥ ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥ ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥ ਜਾ ਕੈ ਉਪਦੇਸਿ ਭਰਮੁ ਭਉ ਨਸੈ ॥ ਜਾ ਕੈ ਕੀਰਤਿ ਨਿਰਮਲ ਸਾਰ ॥ ਜਾ ਕੀ ਰੇਨੁ ਬਾਂਛੈ ਸੰਸਾਰ ॥੨॥ ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥ ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥ ਸਰਬ ਜੀਆਂ ਕਾ ਜਾਨੈ ਭੇਉ ॥ ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥ ਪਾਰਬ੍ਰਹਮ ਜਬ ਭਏ ਕ੍ਰਿਪਾਲ ॥ ਤਬ ਭੇਟੇ ਗੁਰ ਸਾਧ ਦਇਆਲ ॥ ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥ ਸੂਖ ਸਹਜ ਆਨੰਦ ਹਰਿ ਨਾਏ ॥੪॥੪॥੬॥ {ਪੰਨਾ 863}

ਪਦਅਰਥ: ਜਾ ਕੈ ਸੰਗਿ = ਜਿਨ੍ਹਾਂ (ਸੰਤ ਜਨਾਂ) ਦੀ ਸੰਗਤਿ ਵਿਚ। ਨਿਰਮਲੁ = ਪਵਿੱਤਰ। ਕਿਲਬਿਖ = (ਸਾਰੇ) ਪਾਪ। ਹੋਹਿ = ਹੋ ਜਾਂਦੇ ਹਨ। ਰਿਦੈ = ਹਿਰਦੇ ਵਿਚ। ਪਰਗਾਸ = (ਆਤਮਕ ਜੀਵਨ ਦਾ) ਚਾਨਣ।੧।

ਸੇ = {ਬਹੁ-ਵਚਨ} ਉਹ। ਕੇਵਲ = ਸਿਰਫ਼। ਗਾਈਐ = ਗਾਇਆ ਜਾਂਦਾ ਹੈ। ਜਾ ਕੈ = ਜਿਨ੍ਹਾਂ ਦੇ ਘਰ ਵਿਚ। ਨੀਤ = ਨਿੱਤ, ਸਦਾ।੧।ਰਹਾਉ।

ਜਾ ਕੈ ਮੰਤ੍ਰਿ = ਜਿਨ੍ਹਾਂ (ਸੰਤ ਜਨਾਂ) ਦੇ ਉਪਦੇਸ਼ ਨਾਲ। ਮਨਿ = ਮਨ ਵਿਚ। ਭਉ = ਡਰ। ਭਰਮੁ = ਵਹਿਮ। ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਸਾਰ = ਸ੍ਰੇਸ਼ਟ। ਜਾ ਕੀ ਰੇਨੁ = ਜਿਨ੍ਹਾਂ ਦੀ ਚਰਨ = ਧੂੜ। ਬਾਂਛੈ = ਲੋਚਦਾ ਹੈ।੨।

ਕੋਟਿ ਪਤਿਤ = ਕ੍ਰੋੜਾਂ ਵਿਕਾਰੀ। ਉਧਾਰ = (ਵਿਕਾਰਾਂ ਤੋਂ) ਨਿਸਤਾਰਾ। ਨਿਰੰਕਾਰੁ = ਆਕਾਰ = ਰਹਿਤ ਪ੍ਰਭੂ। ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਨਾਮ ਅਧਾਰ = ਨਾਮ ਦਾ ਆਸਰਾ। ਭੇਉ = ਭੇਤ। ਨਿਧਾਨ = ਖ਼ਜ਼ਾਨਾ। ਦੇਉ = ਪ੍ਰਕਾਸ਼ = ਰੂਪ।੩।

ਤਬ = ਤਦੋਂ। ਭੇਟੇ = ਮਿਲਦੇ ਹਨ। ਦਇਆਲ = ਦਇਆ ਦੇ ਘਰ। ਰੈਣਿ = ਰਾਤ। ਨਾਨਕੁ ਧਿਆਏ = ਨਾਨਕ ਸਿਮਰਦਾ ਹੈ। ਸਹਜ = ਆਤਮਕ ਅਡੋਲਤਾ। ਹਰਿ ਨਾਏ = ਹਰਿ ਨਾਇ, ਹਰੀ ਦੇ ਨਾਮ ਵਿਚ ਜੁੜਿਆਂ।੪।

ਅਰਥ: ਹੇ ਭਾਈ! ਮੇਰੇ ਮਿੱਤਰ ਤਾਂ ਪ੍ਰਭੂ ਦੇ ਉਹ ਸੰਤ ਜਨ ਹਨ, ਜਿਨ੍ਹਾਂ ਦੀ ਸੰਗਤਿ ਵਿਚ ਸਦਾ ਸਿਰਫ਼ ਹਰਿ-ਨਾਮ ਗਾਇਆ ਜਾਂਦਾ ਹੈ।੧।ਰਹਾਉ।

(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਇਹ ਮਨ ਪਵਿੱਤਰ ਹੋ ਜਾਂਦਾ ਹੈ, ਜਿਨ੍ਹਾਂ ਦੀ ਸੰਗਤਿ ਵਿਚ ਸਦਾ ਹਰਿ-ਨਾਮ ਦਾ ਸਿਮਰਨ (ਕਰਨ ਦਾ ਮੌਕਾ ਮਿਲਦਾ) ਹੈ, ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ, ਅਤੇ ਜਿਨ੍ਹਾਂ ਦੀ ਸੰਗਤਿ ਵਿਚ ਟਿਕਿਆਂ ਹਿਰਦੇ ਵਿਚ (ਸੁੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ।੧।

(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ, ਜਿਨ੍ਹਾਂ ਦੇ ਉਪਦੇਸ਼ ਨਾਲ (ਮਨ ਵਿਚੋਂ) ਹਰੇਕ ਡਰ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸ੍ਰੇਸ਼ਟ ਅਤੇ ਪਵਿੱਤਰ ਕਰਨ ਵਾਲੀ ਹਰਿ-ਕੀਰਤੀ ਵੱਸਦੀ ਰਹਿੰਦੀ ਹੈ, ਅਤੇ ਜਿਨ੍ਹਾਂ ਦੀ ਚਰਨ-ਧੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ।੨।

(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਹਿ ਕੇ ਕ੍ਰੋੜਾਂ ਵਿਕਾਰੀਆਂ ਦਾ (ਵਿਕਾਰਾਂ ਵਲੋਂ) ਨਿਸਤਾਰਾ ਹੋ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ (ਹਰ ਵੇਲੇ) ਕੇਵਲ ਪਰਮਾਤਮਾ ਹੀ ਵੱਸਦਾ ਹੈ, ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਆਸਰਾ ਬਣਿਆ ਰਹਿੰਦਾ ਹੈ ਜੋ ਸਾਰੇ ਜੀਵਾਂ (ਦੇ ਦਿਲ) ਦਾ ਭੇਤ ਜਾਣਦਾ ਹੈ ਜੋ ਕਿਰਪਾ ਦਾ ਖ਼ਜ਼ਾਨਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜੋ ਪ੍ਰਕਾਸ਼-ਰੂਪ ਹੈ।੩।

(ਹੇ ਭਾਈ!) ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਦੋਂ ਇਹੋ ਜਿਹੇ ਦਿਆਲ ਸੰਤ ਜਨ ਮਿਲਦੇ ਹਨ ਤਦੋਂ ਸਤਿਗੁਰੂ ਜੀ ਮਿਲਦੇ ਹਨ। (ਹੇ ਭਾਈ! ਇਹੋ ਜਿਹੇ ਸੰਤ ਜਨਾਂ ਦੀ ਸੰਗਤਿ ਵਿਚ) ਨਾਨਕ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਅਤੇ ਹਰਿ-ਨਾਮ ਦੀ ਬਰਕਤ ਨਾਲ (ਨਾਨਕ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ।੪।੪।੬।

TOP OF PAGE

Sri Guru Granth Darpan, by Professor Sahib Singh