ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 873 ਗੋਂਡ ॥ ਧੰਨੁ ਗੁਪਾਲ ਧੰਨੁ ਗੁਰਦੇਵ ॥ ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥ ਧਨੁ ਓਇ ਸੰਤ ਜਿਨ ਐਸੀ ਜਾਨੀ ॥ ਤਿਨ ਕਉ ਮਿਲਿਬੋ ਸਾਰਿੰਗਪਾਨੀ ॥੧॥ ਆਦਿ ਪੁਰਖ ਤੇ ਹੋਇ ਅਨਾਦਿ ॥ ਜਪੀਐ ਨਾਮੁ ਅੰਨ ਕੈ ਸਾਦਿ ॥੧॥ ਰਹਾਉ ॥ਜਪੀਐ ਨਾਮੁ ਜਪੀਐ ਅੰਨੁ ॥ ਅੰਭੈ ਕੈ ਸੰਗਿ ਨੀਕਾ ਵੰਨੁ ॥ ਅੰਨੈ ਬਾਹਰਿ ਜੋ ਨਰ ਹੋਵਹਿ ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥੨॥ ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥ ਜਗ ਮਹਿ ਬਕਤੇ ਦੂਧਾਧਾਰੀ ॥ ਗੁਪਤੀ ਖਾਵਹਿ ਵਟਿਕਾ ਸਾਰੀ ॥੩॥ ਅੰਨੈ ਬਿਨਾ ਨ ਹੋਇ ਸੁਕਾਲੁ ॥ ਤਜਿਐ ਅੰਨਿ ਨ ਮਿਲੈ ਗੁਪਾਲੁ ॥ ਕਹੁ ਕਬੀਰ ਹਮ ਐਸੇ ਜਾਨਿਆ ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥੪॥੮॥੧੧॥ {ਪੰਨਾ 873} ਪਦਅਰਥ: ਧੰਨੁ = {Skt. धन्य = 1. Bestowing wealth 2. wealthy, rich, 3. good, excellent, virtuous, 4. blessed, fortunate, lucky} ਭਾਗਾਂ ਵਾਲਾ, ਸੁਹਣਾ, ਗੁਣਵਾਨ। ਗੁਪਾਲ = ਧਰਤੀ ਦਾ ਪਾਲਣ ਵਾਲਾ ਪ੍ਰਭੂ। ਗੁਰਦੇਵ = ਸਤਿਗੁਰੂ। ਅਨਾਦਿ = ਅੰਨ ਆਦਿ, ਅਨਾਜ। ਕਵਲੁ = ਹਿਰਦਾ। ਟਹਕੇਵ = ਟਹਿਕ ਪੈਂਦਾ ਹੈ, ਖਿੜ ਪੈਂਦਾ ਹੈ। ਜਿਨ = ਜਿਨ੍ਹਾਂ ਨੇ। ਮਿਲਿਬੋ = ਮਿਲੇਗਾ। ਸਾਰਿੰਗ ਪਾਨੀ = ਧਨਖਧਾਰੀ ਪ੍ਰਭੂ।੧। ਆਦਿ ਪੁਰਖ = ਪਰਮਾਤਮਾ। ਅੰਨ ਕੈ ਸਦਿ = ਅੰਨ ਦੇ ਸੁਆਦ ਨਾਲ, ਅੰਨ ਖਾਧਿਆਂ।੧।ਰਹਾਉ। ਅੰਭ = ਪਾਣੀ। ਵੰਨੁ = ਰੰਗ। ਅਪਨੀ = ਆਪਣੀ (ਇੱਜ਼ਤ) ।੨। ਰੰਡ = ਰੰਡੀਆਂ। ਬਕਤੇ = ਆਖਦੇ ਹਨ। ਦੂਧਾਧਾਰੀ = ਦੂਧ = ਆਧਾਰੀ, ਦੁੱਧ ਦੇ ਆਸਰੇ ਰਹਿਣ ਵਾਲੇ, ਨਿਰਾ ਦੁੱਧ ਪੀ ਕੇ ਜੀਵਨ = ਨਿਰਬਾਹ ਕਰਨ ਵਾਲੇ। ਗੁਪਤੀ = ਲੁਕ ਕੇ। ਵਟਿਕਾ = {Skt. वटिका = A kind of cake or bread made of rice and mash} ਚਉਲ ਤੇ ਮਾਂਹ ਦੀ ਬਣੀ ਹੋਈ ਪਿੰਨੀ ਜਾਂ ਰੋਟੀ।੩। ਤਜਿਐ ਅੰਨਿ = ਜੇ ਅੰਨ ਤਜਿਆ ਜਾਏ, ਅੰਨ ਛੱਡਿਆਂ।੪। ਅਰਥ: (ਹੇ ਭਾਈ!) ਅੰਨ (ਜਿਸ ਨੂੰ ਤਿਆਗਣ ਵਿਚ ਤੁਸੀ ਭਗਤੀ ਸਮਝਦੇ ਹੋ) ਪਰਮਾਤਮਾ ਤੋਂ ਹੀ ਪੈਦਾ ਹੁੰਦਾ ਹੈ, ਤੇ ਪਰਮਾਤਮਾ ਦਾ ਨਾਮ ਭੀ ਅੰਨ ਖਾਧਿਆਂ ਹੀ ਜਪਿਆ ਜਾ ਸਕਦਾ ਹੈ।੧।ਰਹਾਉ। ਸੋ, ਧੰਨ ਹੈ ਧਰਤੀ ਦਾ ਪਾਲਣ ਵਾਲਾ ਪ੍ਰਭੂ (ਜੋ ਅੰਨ ਪੈਦਾ ਕਰਦਾ ਹੈ) , ਧੰਨ ਹੈ ਸਤਿਗੁਰੂ (ਜੋ ਐਸੇ ਪ੍ਰਭੂ ਦੀ ਸੂਝ ਬਖ਼ਸ਼ਦਾ ਹੈ) , ਤੇ ਧੰਨ ਹੈ ਅੰਨ ਜਿਸ ਨਾਲ ਭੁੱਖੇ ਮਨੁੱਖ ਦਾ ਹਿਰਦਾ (ਫੁੱਲ ਵਾਂਗ) ਟਹਿਕ ਪੈਂਦਾ ਹੈ। ਉਹ ਸੰਤ ਭੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਮਝ ਆਈ ਹੈ (ਕਿ ਅੰਨ ਨਿੰਦਣ-ਜੋਗ ਨਹੀਂ ਹੈ ਤੇ ਅੰਨ ਖਾ ਕੇ ਪ੍ਰਭੂ ਨੂੰ ਸਿਮਰਦੇ ਹਨ) , ਉਹਨਾਂ ਨੂੰ ਪਰਮਾਤਮਾ ਮਿਲਦਾ ਹੈ।੧। (ਤਾਂ ਤੇ) ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਤੇ ਅੰਨ ਨੂੰ ਭੀ ਪਿਆਰ ਕਰਨਾ ਚਾਹੀਦਾ ਹੈ (ਭਾਵ, ਅੰਨ ਤੋਂ ਤਰਕ ਕਰਨ ਦੇ ਥਾਂ ਅੰਨ ਨੂੰ ਇਉਂ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਨਾਮ ਸਿਮਰਨਾ ਹੈ) । (ਵੇਖੋ, ਜਿਸ ਪਾਣੀ ਨੂੰ ਰੋਜ਼ ਵਰਤਦੇ ਹੋ, ਉਸੇ) ਪਾਣੀ ਦੀ ਸੰਗਤ ਨਾਲ ਇਸ ਅੰਨ ਦਾ ਕੇਹਾ ਸੁਹਣਾ ਰੰਗ ਨਿਕਲਦਾ ਹੈ! ਜੇ ਪਾਣੀ ਵਰਤਣ ਵਿਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ?) । ਜੋ ਮਨੁੱਖ ਅੰਨ ਤੋਂ ਤਰਕ ਕਰਦੇ ਹਨ ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਹਨ (ਭਾਵ, ਅੰਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ) ।੨। ਜੋ ਲੋਕ ਅੰਨ ਛੱਡ ਦੇਂਦੇ ਹਨ ਤੇ (ਇਹ) ਪਖੰਡ ਕਰਦੇ ਹਨ, ਉਹ (ਉਹਨਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ ਜੋ) ਨਾਹ ਸੋਹਾਗਣਾਂ ਹਨ ਨਾਹ ਰੰਡੀਆਂ। (ਅੰਨ ਛੱਡਣ ਵਾਲੇ ਸਾਧੂ,) ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ, ਪਰ ਚੋਰੀ ਚੋਰੀ ਸਾਰੀ ਦੀ ਸਾਰੀ ਪਿੰਨੀ ਖਾਂਦੇ ਹਨ।੩। ਅੰਨ ਤੋਂ ਬਗ਼ੈਰ ਸੁਕਾਲ ਨਹੀਂ ਹੋ ਸਕਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ। ਹੇ ਕਬੀਰ! ਬੇਸ਼ੱਕ) ਆਖ-ਸਾਨੂੰ ਇਹ ਨਿਸ਼ਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰ ਕੇ) ਸਾਡਾ ਮਨ ਪਰਮਾਤਮਾ ਨਾਲ ਜੁੜਦਾ ਹੈ।੪।੮।੧੧। ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਅਸੁਮੇਧ ਜਗਨੇ ॥ਤੁਲਾ ਪੁਰਖ ਦਾਨੇ ॥ ਪ੍ਰਾਗ ਇਸਨਾਨੇ ॥੧॥ ਤਉ ਨ ਪੁਜਹਿ ਹਰਿ ਕੀਰਤਿ ਨਾਮਾ ॥ ਅਪੁਨੇ ਰਾਮਹਿ ਭਜੁ ਰੇ ਮਨ ਆਲਸੀਆ ॥੧॥ ਰਹਾਉ ॥ਗਇਆ ਪਿੰਡੁ ਭਰਤਾ ॥ ਬਨਾਰਸਿ ਅਸਿ ਬਸਤਾ ॥ ਮੁਖਿ ਬੇਦ ਚਤੁਰ ਪੜਤਾ ॥੨॥ ਸਗਲ ਧਰਮ ਅਛਿਤਾ ॥ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥ ਖਟੁ ਕਰਮ ਸਹਿਤ ਰਹਤਾ ॥੩॥ ਸਿਵਾ ਸਕਤਿ ਸੰਬਾਦੰ ॥ ਮਨ ਛੋਡਿ ਛੋਡਿ ਸਗਲ ਭੇਦੰ ॥ ਸਿਮਰਿ ਸਿਮਰਿ ਗੋਬਿੰਦੰ ॥ ਭਜੁ ਨਾਮਾ ਤਰਸਿ ਭਵ ਸਿੰਧੰ ॥੪॥੧॥ {ਪੰਨਾ 873} ਪਦਅਰਥ: ਅਸੁਮੇਧ = {Skt. अश्वमेधः अश्वः प्रधानतया मेध्यते हिस्यतेsत्र} ਵੇਦਕ ਸਮੇ ਸੰਤਾਨ ਦੀ ਖ਼ਾਤਰ ਰਾਜੇ ਇਹ ਜੱਗ ਕਰਦੇ ਸਨ। ਫਿਰ ਉਹ ਰਾਜੇ ਭੀ ਕਰਨ ਲੱਗ ਪਏ ਜੋ ਆਂਢ = ਗੁਆਂਢ ਦੇ ਰਜਵਾੜਿਆਂ ਵਿਚ ਸਭ ਤੋਂ ਵੱਡਾ ਅਖਵਾਉਣਾ ਚਾਹੁੰਦੇ ਸਨ। ਇਕ ਘੋੜਾ ਸਜਾ ਕੇ ਕੁਝ ਸੂਰਬੀਰਾਂ ਦੀ ਨਿਗਰਾਨੀ ਵਿਚ ਇਕ ਸਾਲ ਲਈ ਛੱਡ ਦਿੱਤਾ ਜਾਂਦਾ ਸੀ; ਜਿਸ ਓਪਰੇ ਰਜਵਾੜੇ ਵਿਚੋਂ ਘੋੜਾ ਲੰਘੇ, ਉਹ ਰਾਜਾ ਜਾਂ ਲੜੇ ਜਾਂ ਈਨ ਮੰਨੇ। ਸਾਲ ਪਿੱਛੋਂ ਜਦੋਂ ਉਹ ਘੋੜਾ ਆਪਣੇ ਰਾਜ ਵਿਚ ਆਵੇ ਤਾਂ ਜੱਗ ਕੀਤਾ ਜਾਂਦਾ ਸੀ। ਅਜਿਹੇ ੧੦੦ ਜੱਗ ਕੀਤਿਆਂ ਇੰਦਰ ਦੀ ਪਦਵੀ ਮਿਲਦੀ ਮੰਨੀ ਜਾਂਦੀ ਸੀ। ਤਾਹੀਏਂ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਇੰਦਰ ਇਹਨਾਂ ਜੱਗਾਂ ਦੇ ਰਾਹ ਵਿਚ ਰੋਕ ਪਾਇਆ ਕਰਦਾ ਸੀ। ਤੁਲਾ = ਤੁਲ ਕੇ ਬਰਾਬਰ ਦਾ, ਸਾਵਾਂ। ਪ੍ਰਾਗ = ਹਿੰਦੂ = ਤੀਰਥ; ਇਸ ਸ਼ਹਿਰ ਦਾ ਨਾਮ ਅੱਜ ਕਲ ਅਲਾਹਬਾਦ ਹੈ।੧। ਗਇਆ = ਹਿੰਦੂ ਤੀਰਥ, ਜੋ ਹਿੰਦੂ ਦੀਵੇ = ਵੱਟੀ ਖੁਣੋਂ ਮਰ ਜਾਏ ਉਸ ਦੀ ਕਿਰਿਆ ਗਇਆ ਜਾ ਕੇ ਕਰਾਈ ਜਾਂਦੀ ਹੈ। ਪਿੰਡੁ = ਚਉਲਾਂ ਜਾਂ ਜੌਂ ਦੇ ਆਟੇ ਦੇ ਪੇੜੇ ਜੋ ਪਿਤਰਾਂ ਨਿਮਿਤ ਮਣਸੀਦੇ ਹਨ। ਅਸਿ = ਬਨਾਰਸ ਦੇ ਨਾਲ ਵਗਦੀ ਨਦੀ ਦਾ ਨਾਮ ਹੈ। ਮੁਖਿ = ਮੂੰਹੋਂ। ਚਤੁਰ = ਚਾਰ।੨। ਅਛਿਤਾ = {Skt. अक्षर} ਸੰਯੁਕਤ। ਦ੍ਰਿੜਤਾ = ਵੱਸ ਵਿਚ ਰੱਖੇ। ਖਟੁ ਕਰਮ = ਛੇ ਕਰਮ (ਵਿੱਦਿਆ ਪੜ੍ਹਨਾ ਤੇ ਪੜ੍ਹਾਉਣਾ, ਜੱਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ) ।੩। ਸਿਵਾ ਸਕਤਿ ਸੰਬਾਦ = ਸ਼ਿਵ ਤੇ ਪਾਰਬਤੀ ਦੀ ਪਰਸਪਰ ਗੱਲ = ਬਾਤ, ਰਾਮਾਇਣ। ਰਾਮਾਇਣ ਦੀ ਸਾਰੀ ਵਾਰਤਾ, ਸ਼ਿਵ ਜੀ ਨੇ ਪਾਰਬਤੀ ਨੂੰ ਇਹ ਵਾਰਤਾ ਵਾਪਰਨ ਤੋਂ ਪਹਿਲਾਂ ਹੀ ਸੁਣਾਈ ਦੱਸੀ ਜਾਂਦੀ ਹੈ। ਭੇਦ = (ਪ੍ਰਭੂ ਨਾਲੋਂ) ਵਿੱਥ ਤੇ ਰੱਖਣ ਵਾਲੇ ਕੰਮ। ਤਰਸਿ = ਤਰੇਂਗਾ। ਭਵ ਸਿੰਧ = ਭਵ ਸਾਗਰ, ਸੰਸਾਰ = ਸਮੁੰਦਰ।੪। ਅਰਥ: ਜੇ ਕੋਈ ਮਨੁੱਖ ਅਸਮੇਧ ਜੱਗ ਕਰੇ, ਆਪਣੇ ਨਾਲ ਸਾਵਾਂ ਤੋਲ ਕੇ (ਸੋਨਾ ਚਾਂਦੀ ਆਦਿਕ) ਦਾਨ ਕਰੇ ਅਤੇ ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ।੧।; ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ, ਬਰਾਬਰੀ ਨਹੀਂ ਕਰ ਸਕਦੇ। ਸੋ, ਹੇ ਮੇਰੇ ਆਲਸੀ ਮਨ! ਆਪਣੇ ਪਿਆਰੇ ਪ੍ਰਭੂ ਨੂੰ ਸਿਮਰ।੧।ਰਹਾਉ। ਜੇ ਮਨੁੱਖ ਗਇਆ ਤੀਰਥ ਤੇ ਜਾ ਕੇ ਪਿਤਰਾਂ ਨਿਮਿੱਤ ਪਿੰਡ ਭਰਾਏ, ਜੇ ਕਾਂਸ਼ੀ ਦੇ ਨਾਲ ਵਗਦੀ ਅਸਿ ਨਦੀ ਦੇ ਕੰਢੇ ਰਹਿੰਦਾ ਹੋਵੇ, ਜੇ ਮੂੰਹੋਂ ਚਾਰੇ ਵੇਦ (ਜ਼ਬਾਨੀ) ਪੜ੍ਹਦਾ ਹੋਵੇ।੨।; ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ, ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇੰਦ੍ਰੀਆਂ ਨੂੰ ਕਾਬੂ ਵਿਚ ਰੱਖਦਾ ਹੋਵੇ, ਜੇ ਬ੍ਰਾਹਮਣਾਂ ਵਾਲੇ ਛੇ ਹੀ ਕਰਮ ਸਦਾ ਕਰਦਾ ਰਹੇ,।੩।; ਰਾਮਾਇਣ (ਆਦਿਕ) ਦਾ ਪਾਠ-ਹੇ ਮੇਰੇ ਮਨ! ਇਹ ਸਾਰੇ ਕਰਮ ਛੱਡ ਦੇਹ, ਛੱਡ ਦੇਹ, ਇਹ ਸਭ ਪ੍ਰਭੂ ਨਾਲੋਂ ਵਿੱਥ ਪਾਣ ਵਾਲੇ ਹੀ ਹਨ। ਹੇ ਨਾਮਦੇਵ! ਗੋਬਿੰਦ ਦਾ ਭਜਨ ਕਰ, (ਪ੍ਰਭੂ ਦਾ) ਨਾਮ ਸਿਮਰ, (ਨਾਮ ਸਿਮਰਿਆਂ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ।੪।੧। ਭਾਵ: ਜੱਗ, ਦਾਨ, ਤੀਰਥ-ਇਸ਼ਨਾਨ ਆਦਿਕ ਕੋਈ ਭੀ ਕਰਮ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ, ਰਾਮਕਲੀ ਵਿਚ ਨਾਮਦੇਵ ਜੀ ਦਾ ਸ਼ਬਦ ਨੰ: ੪। ਗੋਂਡ ॥ ਨਾਦ ਭ੍ਰਮੇ ਜੈਸੇ ਮਿਰਗਾਏ ॥ ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥੧॥ ਐਸੇ ਰਾਮਾ ਐਸੇ ਹੇਰਉ ॥ ਰਾਮੁ ਛੋਡਿ ਚਿਤੁ ਅਨਤ ਨ ਫੇਰਉ ॥੧॥ ਰਹਾਉ ॥ਜਿਉ ਮੀਨਾ ਹੇਰੈ ਪਸੂਆਰਾ ॥ ਸੋਨਾ ਗਢਤੇ ਹਿਰੈ ਸੁਨਾਰਾ ॥੨॥ ਜਿਉ ਬਿਖਈ ਹੇਰੈ ਪਰ ਨਾਰੀ ॥ ਕਉਡਾ ਡਾਰਤ ਹਿਰੈ ਜੁਆਰੀ ॥੩॥ ਜਹ ਜਹ ਦੇਖਉ ਤਹ ਤਹ ਰਾਮਾ ॥ ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥੪॥੨॥ {ਪੰਨਾ 873} ਪਦਅਰਥ: ਨਾਦ = ਆਵਾਜ਼, ਘੰਡੇਹੇੜੇ ਦੀ ਅਵਾਜ਼, ਹਰਨ ਨੂੰ ਫੜਨ ਲਈ ਘੜੇ ਉੱਤੇ ਖੱਲ ਮੜ੍ਹ ਕੇ ਬਣਾਇਆ ਹੋਇਆ ਸਾਜ, ਇਸ ਦੀ ਅਵਾਜ਼ ਹਰਨ ਨੂੰ ਮੋਹ ਲੈਂਦੀ ਹੈ। ਭ੍ਰਮੇ = ਭਟਕਦਾ ਹੈ, ਦੌੜਦਾ ਹੈ। ਮਿਰਗਾਏ = ਮਿਰਗ, ਹਰਨ। ਵਾ ਕੋ = ਉਸ (ਨਾਦ) ਦਾ।੧। ਹੇਰਉ = ਮੈਂ ਵੇਖਦਾ ਹਾਂ। ਅਨਤ = ਹੋਰ ਪਾਸੇ {अन्यत्र}। ਨ ਫੇਰਉ = ਮੈਂ ਨਹੀਂ ਫੇਰਦਾ।੧।ਰਹਾਉ। ਮੀਨਾ = ਮੱਛੀਆਂ। ਪਸੂਆਰਾ = {पशुहारिन्} ਮਾਹੀਗੀਰ, ਝੀਵਰ। ਗਢਤੇ = ਘੜਦਿਆਂ। ਹਿਰੈ = ਹੇਰੈ, ਗਹੁ ਨਾਲ ਤੱਕਦਾ ਹੈ।੨। ਬਿਖਈ = ਵਿਸ਼ਈ ਮਨੁੱਖ। ਹੇਰੈ = ਤੱਕਦਾ ਹੈ। ਡਾਰਤ = ਸੁੱਟਦਿਆਂ। ਹਿਰੈ = ਹੇਰੈ, ਤੱਕਦਾ ਹੈ ਕਿ ਕੀਹ ਸੋਟ ਪਈ ਹੈ।੩। ਜਹ ਜਹ = ਜਿੱਧਰ।੪। ਨੋਟ: 'ਰਹਾਉ' ਦੀ ਤੁੱਕ ਵਿਚ ਜ਼ਿਕਰ ਹੈ ਕਿ ਮੈਂ ਰਾਮ ਨੂੰ 'ਹੇਰਦਾ ਹਾਂ' ਵੇਖਦਾ ਹਾਂ, ਇਸ ਤਰ੍ਹਾਂ ਹੋਰ ਖ਼ਿਆਲ ਭੁਲਾ ਕੇ ਵੇਖਦਾ ਹਾਂ, ਜਿਵੇਂ ਹਰਨ, ਪਸੂਆਰਾ ਵਿਸ਼ਈ ਆਦਿਕ। ਜੁਆਰੀਆ ਕਉਡਾਂ ਸੁੱਟ ਕੇ ਉਹਨਾਂ ਨੂੰ ਚੁਰਾਉਂਦਾ ਨਹੀਂ ਗਹੁ ਨਾਲ ਵੇਖਦਾ ਹੈ ਕਿ ਕਉਡਾਂ ਸੁੱਟਿਆਂ ਕੀਹ ਦਾਉ ਪਿਆ ਹੈ। ਸੋ, ਇੱਥੇ ਲਫ਼ਜ਼ "ਹਿਰੈ" ਲਫ਼ਜ਼ "ਹੇਰੈ" ਦੇ ਥਾਂ ਵਰਤਿਆ ਹੈ। ਇਸੇ ਤਰ੍ਹਾਂ "ਹਿਰੈ ਸੁਨਾਰਾ" ਦਾ ਭਾਵ ਹੈ "ਹੇਰੈ ਸੁਨਾਰਾ" ਇਹ ਸਾਰੇ ਦ੍ਰਿਸ਼ਟਾਂਤ 'ਹੇਰਨ' (ਵੇਖਣ) ਦੇ ਹੀ ਸੰਬੰਧ ਵਿਚ ਹਨ। ਅਰਥ: ਮੈਂ ਆਪਣੇ ਪਿਆਰੇ ਪ੍ਰਭੂ ਦੀ ਯਾਦ ਛੱਡ ਕੇ ਕਿਸੇ ਹੋਰ ਪਾਸੇ ਵਲ ਆਪਣੇ ਚਿੱਤ ਨੂੰ ਨਹੀਂ ਜਾਣ ਦੇਂਦਾ, ਮੈਂ ਭੀ ਪ੍ਰਭੂ ਨੂੰ ਇਉਂ ਹੀ ਤੱਕਦਾ ਹਾਂ।੧।ਰਹਾਉ।; ਜਿਵੇਂ ਹਰਨ (ਆਪਣਾ ਆਪ ਭੁਲਾ ਕੇ) ਨਾਦ ਦੇ ਪਿੱਛੇ ਦੌੜਦਾ ਹੈ, ਜਿੰਦ ਦੇ ਦੇਂਦਾ ਹੈ ਪਰ ਉਸ ਨੂੰ ਉਸ ਨਾਦ ਦਾ ਧਿਆਨ ਨਹੀਂ ਵਿੱਸਰਦਾ।੧।; ਜਿਵੇਂ ਮਾਹੀਗੀਰ ਮੱਛੀਆਂ ਵਲ ਤੱਕਦਾ ਹੈ, ਜਿਵੇਂ ਸੋਨਾ ਘੜਦਿਆਂ ਸੁਨਿਆਰਾ (ਸੋਨੇ ਵਲ ਗਹੁ ਨਾਲ) ਤੱਕਦਾ ਹੈ।੨।; ਜਿਵੇਂ ਵਿਸ਼ਈ ਮਨੁੱਖ ਪਰਾਈ ਨਾਰ ਵਲ ਤੱਕਦਾ ਹੈ, ਜਿਵੇਂ (ਜੂਆ ਖੇਡਣ ਲੱਗਾ) ਜੁਆਰੀਆ ਕਉਡਾਂ ਸੁੱਟ ਕੇ ਗਹੁ ਨਾਲ ਤੱਕਦਾ ਹੈ (ਕਿ ਕੀਹ ਦਾਉ ਪਿਆ ਹੈ) ।੩। ਮੈਂ ਨਾਮਦੇਵ ਭੀ (ਇਹਨਾਂ ਵਾਂਗ) ਸਦਾ ਆਪਣੇ ਪ੍ਰਭੂ ਨੂੰ ਸਿਮਰਦਾ ਹਾਂ ਤੇ ਜਿੱਧਰ ਤੱਕਦਾ ਹਾਂ ਪ੍ਰਭੂ ਨੂੰ ਹੀ ਵੇਖਦਾ ਹਾਂ (ਮੇਰੀ ਸੁਰਤਿ ਸਦਾ ਪ੍ਰਭੂ ਵਿਚ ਹੀ ਰਹਿੰਦੀ ਹੈ) ।੪।੨। ਭਾਵ: ਪ੍ਰਭੂ ਨਾਲ ਪ੍ਰੀਤ ਇਹੋ ਜਿਹੀ ਹੋਵੇ ਕਿ ਆਪਾ ਭੁੱਲ ਜਾਏ, ਸੁਰਤਿ ਸਦਾ ਪ੍ਰਭੂ ਵਿਚ ਰਹੇ। ਗੋਂਡ ॥ ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥ ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥ ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥ {ਪੰਨਾ 873} ਪਦਅਰਥ: ਮੋ ਕਉ = ਮੈਨੂੰ। ਰਾਮਾ = ਹੇ ਰਾਮ! {ਨੋਟ:ਨਾਮਦੇਵ ਜੀ ਜਿਸ ਨੂੰ "ਬਾਪ ਬੀਠੁਲਾ" ਕਹਿ ਰਹੇ ਹਨ ਉਸੇ ਨੂੰ ਹੀ 'ਰਾਮ' ਕਹਿ ਕੇ ਪੁਕਾਰਦੇ ਹਨ, ਸੋ, ਕਿਸੇ 'ਬੀਠੁਲ' = ਮੂਰਤੀ ਵਲ ਇਸ਼ਾਰਾ ਨਹੀਂ ਹੈ, ਪਰਮਾਤਮਾ ਅੱਗੇ ਅਰਦਾਸ ਹੈ। ਧ੍ਰੂਅ ਤੇ ਨਾਰਦ ਦਾ ਸੰਬੰਧ ਕਿਸੇ ਬੀਠੁਲ = ਮੂਰਤੀ ਨਾਲ ਨਹੀਂ ਹੋ ਸਕਦਾ}। ਤਰਿਬੇ ਨ ਜਾਨਉ = ਮੈਂ ਤਰਨਾ ਨਹੀਂ ਜਾਣਦਾ। ਦੇ = ਦੇਹ, ਫੜਾ।੧।ਰਹਾਉ। ਤੇ = ਤੋਂ। ਸੁਰ = ਦੇਵਤੇ। ਨਿਮਖ ਮੈ = ਅੱਖ ਫਰਕਣ ਦੇ ਸਮੇ ਵਿਚ। ਮੈ = ਵਿਚ, ਮਹਿ, ਮਾਹਿ। ਸਤਿਗੁਰ ਬੁਧਿ ਸਿਖਲਾਈ = ਗੁਰੂ ਦੀ ਸਿਖਾਈ ਹੋਈ ਮੱਤ ਨਾਲ। ਉਪਜਿ = ਉਪਜ ਕੇ, ਪੈਦਾ ਹੋ ਕੇ। ਅਵਖਧ = ਦਵਾਈ। ਪਾਈ = ਪਾਈਂ, ਪਾ ਲਵਾਂ।੧। ਜਹਾ ਜਹਾ = ਜਿਸ ਆਤਮਕ ਅਵਸਥਾ ਵਿਚ। ਟੇਕੇ = ਟਿਕਾਏ ਹਨ, ਇਸਥਿਤ ਕੀਤੇ ਹਨ। ਨੈਕੁ = {Skt. नैकश = Repeatedly, often. न एकशः = Not once} ਸਦਾ। ਮੋਹਿ = ਮੈਨੂੰ। ਅਵਿਲੰਬ = ਆਸਰਾ। ਅਵਿਲੰਬਿ = ਆਸਰੇ ਨਾਲ। ਉਧਰੇ = (ਸੰਸਾਰ = ਸਮੁੰਦਰ ਦੇ ਵਿਕਾਰਾਂ ਤੋਂ) ਬਚ ਗਏ। ਨਿਜ ਮਤਿ = ਆਪਣੀ ਮੱਤ, ਪੱਕਾ ਨਿਸ਼ਚਾ।੨। ਅਰਥ: ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ। ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ।ਰਹਾਉ। (ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਹੇ ਪਿਤਾ! ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ) ।੧। ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ, ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ।੨।੩। ਭਾਵ: ਪ੍ਰਭੂ ਤੋਂ ਨਾਮ ਸਿਮਰਨ ਦੀ ਮੰਗ। ਨਾਮ ਦੀ ਬਰਕਤ ਨਾਲ ਸੁਰਗ ਦੀ ਭੀ ਲਾਲਸਾ ਨਹੀਂ ਰਹਿੰਦੀ। |
Sri Guru Granth Darpan, by Professor Sahib Singh |