ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 875

ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨    ੴ ਸਤਿਗੁਰ ਪ੍ਰਸਾਦਿ ॥ ਮੁਕੰਦ ਮੁਕੰਦ ਜਪਹੁ ਸੰਸਾਰ ॥ ਬਿਨੁ ਮੁਕੰਦ ਤਨੁ ਹੋਇ ਅਉਹਾਰ ॥ ਸੋਈ ਮੁਕੰਦੁ ਮੁਕਤਿ ਕਾ ਦਾਤਾ ॥ ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥ ਜੀਵਤ ਮੁਕੰਦੇ ਮਰਤ ਮੁਕੰਦੇ ॥ ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥ ਜਪਿ ਮੁਕੰਦ ਮਸਤਕਿ ਨੀਸਾਨੰ ॥ ਸੇਵ ਮੁਕੰਦ ਕਰੈ ਬੈਰਾਗੀ ॥ ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥ ਏਕੁ ਮੁਕੰਦੁ ਕਰੈ ਉਪਕਾਰੁ ॥ ਹਮਰਾ ਕਹਾ ਕਰੈ ਸੰਸਾਰੁ ॥ ਮੇਟੀ ਜਾਤਿ ਹੂਏ ਦਰਬਾਰਿ ॥ ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥ ਉਪਜਿਓ ਗਿਆਨੁ ਹੂਆ ਪਰਗਾਸ ॥ ਕਰਿ ਕਿਰਪਾ ਲੀਨੇ ਕੀਟ ਦਾਸ ॥ ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥ ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥ {ਪੰਨਾ 875}

ਪਦਅਰਥ: ਮੁਕੰਦ = {Skt. मुकुन्द = मुकुं ददाति इति = One who gives salvation} ਮੁਕਤੀ = ਦਾਤਾ ਪ੍ਰਭੂ। ਸੰਸਾਰ = ਹੇ ਸੰਸਾਰ! ਹੇ ਲੋਕੋ! ਅਉਹਾਰ = {Skt. अवहार्य = to be taken away} ਨਾਸਵੰਤ (ਭਾਵ, ਵਿਅਰਥ ਜਾਣ ਵਾਲਾ) ੧।

ਜੀਵਤ = ਜੀਊਂਦਿਆਂ, ਸਾਰੀ ਉਮਰ। ਮਰਤ = ਮਰਨ ਵੇਲੇ ਭੀ। ਤਾ ਕੇ = ਉਸ ਮੁਕੰਦ ਦੇ।੧।ਰਹਾਉ।

ਪ੍ਰਾਨੰ = ਜਿੰਦ, ਆਸਰਾ। ਮਸਤਕਿ = ਮੱਥੇ ਉੱਤੇ। ਨੀਸਾਨੰ = ਨਿਸ਼ਾਨ, ਨੂਰ। ਸੇਵ ਮੁਕੰਦ = ਮੁਕੰਦ ਦੀ ਸੇਵਾ। ਬੈਰਾਗੀ = ਵੈਰਾਗਵਾਨ। ਦੁਰਬਲ = ਕਮਜ਼ੋਰ ਨੂੰ, ਨਿਰਧਨ ਨੂੰ। ਲਾਧੀ = (ਮੈਨੂੰ) ਲੱਭਾ।੨।

ਉਪਕਾਰੁ = ਮਿਹਰ, ਭਲਾਈ। ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ। ਦਰਬਾਰਿ = ਦਰਬਾਰੀ, ਪ੍ਰਭੂ ਦੀ ਹਜ਼ੂਰੀ ਵਿਚ ਵੱਸਣ ਵਾਲੇ। ਜੋਗ ਜੁਗ = ਜੁਗਾਂ ਜੁਗਾਂ ਵਿਚ। ਤਾਰਿ = ਤਾਰਨਹਾਰ।੩।

ਪਰਗਾਸ = ਚਾਨਣ। ਕੀਟ = ਕੀੜੇ, ਨਿਮਾਣੇ। ਚੂਕੀ = ਮੁੱਕ ਗਈ। ਤਾਹੂ ਕੀ = ਉਸ ਮੁਕੰਦ ਦੀ ਹੀ। ਜਪਿ = ਜਪੀਂ, ਮੈਂ ਜਪਦਾ ਹਾਂ।੪।

ਅਰਥ: ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹ ਜਿਊਂਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ) ੧।ਰਹਾਉ।

ਹੇ ਲੋਕੋ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ, ਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ। ਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ, ਉਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ।੧।

ਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ, ਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ; ਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ, ਮੈਨੂੰ ਗ਼ਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ।੨।

ਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ, ਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ। ਹੇ ਪ੍ਰਭੂ! ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ; ਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈਂ।੩।

(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ। ਮਿਹਰ ਕਰ ਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ। ਹੇ ਰਵਿਦਾਸ! ਆਖ-ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ, ਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ।੪।੧।

ਸ਼ਬਦ ਦਾ ਭਾਵ: ਪਰਮਾਤਮਾ ਦਾ ਸਿਮਰਨ ਕਰਿਆ ਕਰੋ। ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ, ਤ੍ਰਿਸ਼ਨਾ ਮੁਕਾ ਦੇਂਦਾ ਹੈ।

ਗੋਂਡ ॥ ਜੇ ਓਹੁ ਅਠਸਠਿ ਤੀਰਥ ਨ੍ਹ੍ਹਾਵੈ ॥ ਜੇ ਓਹੁ ਦੁਆਦਸ ਸਿਲਾ ਪੂਜਾਵੈ ॥ ਜੇ ਓਹੁ ਕੂਪ ਤਟਾ ਦੇਵਾਵੈ ॥ ਕਰੈ ਨਿੰਦ ਸਭ ਬਿਰਥਾ ਜਾਵੈ ॥੧॥ ਸਾਧ ਕਾ ਨਿੰਦਕੁ ਕੈਸੇ ਤਰੈ ॥ ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥ ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥ ਅਰਪੈ ਨਾਰਿ ਸੀਗਾਰ ਸਮੇਤਿ ॥ ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥ ਕਰੈ ਨਿੰਦ ਕਵਨੈ ਨਹੀ ਗੁਨੈ ॥੨॥ ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥ ਭੂਮਿ ਦਾਨ ਸੋਭਾ ਮੰਡਪਿ ਪਾਵੈ ॥ ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥ ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥ ਨਿੰਦਾ ਕਹਾ ਕਰਹੁ ਸੰਸਾਰਾ ॥ ਨਿੰਦਕ ਕਾ ਪਰਗਟਿ ਪਾਹਾਰਾ ॥ ਨਿੰਦਕੁ ਸੋਧਿ ਸਾਧਿ ਬੀਚਾਰਿਆ ॥ ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥ {ਪੰਨਾ 875}

ਪਦਅਰਥ: ਅਠਸਠਿ = ਅਠਾਹਠ। ਦੁਆਦਸ ਸਿਲਾ = ਬਾਰਾਂ ਸ਼ਿਵਲਿੰਗ (ਸੋਮਨਾਥ, ਬਦਰੀਨਰੈਣ, ਕੇਦਾਰ, ਬਿਸ਼ੇਸ਼੍ਵਰ, ਰਾਮੇਸ਼੍ਵਰ, ਨਾਗੇਸ਼੍ਵਰ, ਬੈਜਨਾਥ, ਭੀਮਸ਼ੰਕਰ ਆਦਿਕ) ਨੋਟ:ਸਾਲਗ੍ਰਾਮ ਦੀ ਪੂਜਾ ਵਿਸ਼ਨੂੰ ਦੀ ਪੂਜਾ ਹੈ। 'ਸਿਲਾ' ਦੀ ਪੂਜਾ ਸ਼ਿਵ ਜੀ ਦੀ ਪੂਜਾ ਹੈ। ਕੂਪ = ਖੂਹ। ਤਟਾ = {नडाग} ਤਲਾਬ।੧।

ਕੈਸੇ ਤਰੈ = ਨਹੀਂ ਤਰ ਸਕਦਾ। ਸਰਪਰ = ਜ਼ਰੂਰ।੧।ਰਹਾਉ।

ਕੁਲਖੇਤਿ = ਕੁਲਖੇਤ੍ਰ (ਤੀਰਥ) ਉੱਤੇ (ਜਾ ਕੇ) ਗ੍ਰਹਨ ਕਰੈ = ਗ੍ਰਹਿਣ (ਸਮੇਂ ਦਾ ਇਸ਼ਨਾਨ) ਕਰੇ। ਅਰਪੈ = ਭੇਟਾ ਕਰੇ, ਦਾਨ ਕਰੇ। ਸ੍ਰਵਨੀ = ਕੰਨਾਂ ਨਾਲ।੨।

ਪ੍ਰਸਾਦ = ਭੋਜਨ, ਠਾਕਰਾਂ ਨੂੰ ਭੋਗ। ਮੰਡਪਿ = ਜਗਤ ਵਿਚ। ਬਿਗਾਰਿ = ਵਿਗਾੜ ਕੇ। ਸਾਂਢੈ = ਸਵਾਰੇ। ਹਾਂਢੈ = ਭਟਕਦਾ ਹੈ।੩।

ਕਹਾ = ਕਿਉਂ? ਪਰਗਟਿ = ਪਰਗਟੇ, ਪਰਗਟੈ, ਉੱਘੜ ਪੈਂਦਾ ਹੈ। ਪਹਾਰਾ = ਦੁਕਾਨ, (ਠੱਗ ਦੀ) ਹੱਟੀ। ਸੋਧਿ ਸਾਧਿ = ਚੰਗੀ ਤਰ੍ਹਾਂ ਵਿਚਾਰ ਕੇ। "ਕਹੁ, ਰਵਿਦਾਸ! ਸੋਧਿ ਸਾਧਿ ਬੀਚਾਰਿਆ, ਪਾਪੀ ਨਿੰਦਕੁ ਨਰਕਿ ਸਿਧਾਰਿਆ" = ਅਨਵੈ।੪।

ਅਰਥ: ਸਾਧੂ ਗੁਰਮੁਖਿ ਦੀ ਨਿੰਦਾ ਕਰਨ ਵਾਲਾ ਮਨੁੱਖ (ਜਗਤ ਦੀਆਂ ਨਿਵਾਣਾਂ ਵਿਚੋਂ) ਪਾਰ ਨਹੀਂ ਲੰਘ ਸਕਦਾ, ਯਕੀਨ ਨਾਲ ਜਾਣੋ ਉਹ ਸਦਾ ਨਰਕ ਵਿਚ ਹੀ ਪਿਆ ਰਹਿੰਦਾ ਹੈ।੧।ਰਹਾਉ।

ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ, ਜੇ ਬਾਰਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੇ, ਜੇ (ਲੋਕਾਂ ਦੇ ਭਲੇ ਲਈ) ਖੂਹ ਤਲਾਬ (ਆਦਿਕ) ਲਵਾਏ; ਪਰ ਜੇ ਉਹ (ਗੁਰਮੁਖਾਂ ਦੀ) ਨਿੰਦਿਆ ਕਰਦਾ ਹੈ, ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ।੧।

ਜੇ ਕੋਈ ਮਨੁੱਖ ਕੁਲਖੇਤ੍ਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੇ, ਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣਾਂ ਨੂੰ) ਦਾਨ ਕਰ ਦੇਵੇ, ਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣੇ; ਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਭੀ ਲਾਭ ਨਹੀਂ।੨।

ਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ, ਜ਼ਮੀਨ ਦਾ ਦਾਨ ਕਰੇ (ਜਿਸ ਕਰਕੇ) ਜਗਤ ਵਿਚ ਸ਼ੋਭਾ ਖੱਟ ਲਏ, ਜੇ ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦੇ ਕੰਮ ਸਵਾਰੇ, ਤਾਂ ਭੀ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੂਨਾਂ ਵਿਚ ਭਟਕਦਾ ਹੈ।੩।

ਹੇ ਦੁਨੀਆ ਦੇ ਲੋਕੋ! ਤੁਸੀ (ਸੰਤਾਂ ਦੀ) ਨਿੰਦਿਆ ਕਿਉਂ ਕਰਦੇ ਹੋ? (ਭਾਵੇਂ ਬਾਹਰੋਂ ਕਈ ਧਾਰਮਿਕ ਕੰਮ ਕਰੇ, ਪਰ ਜੇ ਮਨੁੱਖ ਸੰਤ ਦੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇਕ ਠੱਗੀ ਹੀ ਹੈ, ਤੇ) ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉੱਘੜ ਪੈਂਦੀ ਹੈ। ਹੇ ਰਵਿਦਾਸ! ਆਖ-ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ ਕਿ ਸੰਤ ਦਾ ਨਿੰਦਕ ਕੁਕਰਮੀ ਰਹਿੰਦਾ ਹੈ ਤੇ ਨਰਕ ਵਿਚ ਪਿਆ ਰਹਿੰਦਾ ਹੈ।੪।੨।੧੧।੭।੨।੪੯।

ਨੋਟ: ਗੌਂਡ ਰਾਗ ਦੇ ਸ਼ਬਦਾਂ ਦਾ ਵੇਰਵਾ:

: = ; ਮ: ੫ = ੨੨; ਅਸਟਪਦੀ ਮ: ੫ = ; ਕਬੀਰ ਜੀ = ੧੧; ਨਾਮਦੇਵ ਜੀ = ; ਰਵਿਦਾਸ ਜੀ = ; ਕੁਲ ਜੋੜ = ੪੯

ਭਾਵ: ਗੁਰਮੁਖਾਂ ਦੇ ਨਿੰਦਕ ਦਾ ਕੋਈ ਭੀ ਧਾਰਮਿਕ ਉੱਦਮ ਉਸ ਨਿੰਦਕ ਨੂੰ ਸੌਜਲ ਨਹੀਂ ਸਕਦਾ।

TOP OF PAGE

Sri Guru Granth Darpan, by Professor Sahib Singh