ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 893

ਰਾਮਕਲੀ ਮਹਲਾ ੫ ॥ ਰੈਣਿ ਦਿਨਸੁ ਜਪਉ ਹਰਿ ਨਾਉ ॥ ਆਗੈ ਦਰਗਹ ਪਾਵਉ ਥਾਉ ॥ ਸਦਾ ਅਨੰਦੁ ਨ ਹੋਵੀ ਸੋਗੁ ॥ ਕਬਹੂ ਨ ਬਿਆਪੈ ਹਉਮੈ ਰੋਗੁ ॥੧॥ ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥ ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥ ਨਾਮ ਬਿਨਾ ਕੋ ਸਕੈ ਨ ਤਾਰਿ ॥ ਸਗਲ ਉਪਾਵ ਨ ਚਾਲਹਿ ਸੰਗਿ ॥ ਭਵਜਲੁ ਤਰੀਐ ਪ੍ਰਭ ਕੈ ਰੰਗਿ ॥੨॥ ਦੇਹੀ ਧੋਇ ਨ ਉਤਰੈ ਮੈਲੁ ॥ ਹਉਮੈ ਬਿਆਪੈ ਦੁਬਿਧਾ ਫੈਲੁ ॥ ਹਰਿ ਹਰਿ ਅਉਖਧੁ ਜੋ ਜਨੁ ਖਾਇ ॥ ਤਾ ਕਾ ਰੋਗੁ ਸਗਲ ਮਿਟਿ ਜਾਇ ॥੩॥ ਕਰਿ ਕਿਰਪਾ ਪਾਰਬ੍ਰਹਮ ਦਇਆਲ ॥ ਮਨ ਤੇ ਕਬਹੁ ਨ ਬਿਸਰੁ ਗਪਾਲ ॥ ਤੇਰੇ ਦਾਸ ਕੀ ਹੋਵਾ ਧੂਰਿ ॥ ਨਾਨਕ ਕੀ ਪ੍ਰਭ ਸਰਧਾ ਪੂਰਿ ॥੪॥੨੨॥੩੩॥ {ਪੰਨਾ 893}

ਪਦਅਰਥ: ਰੈਣਿ = {रजनि} ਰਾਤ। ਦਿਨਸੁ = ਦਿਨ। ਜਪਉ = ਜਪਉਂ, ਮੈਂ ਜਪਦਾ ਰਹਾਂ। ਆਗੈ = ਪਰਲੋਕ ਵਿਚ। ਪਾਵਉ = ਪਾਵਉਂ, ਮੈਂ ਹਾਸਲ ਕਰ ਲਵਾਂ। ਸੋਗੁ = ਗ਼ਮ, ਚਿੰਤਾ। ਹੋਵੀ = ਹੋਵੇਗਾ। ਨਾ ਬਿਆਪੈ = ਆਪਣਾ ਜ਼ੋਰ ਨਹੀਂ ਪਾ ਸਕਦਾ।੧।

ਸੰਤਹੁ = ਹੇ ਸੰਤ ਜਨੋ! ਬ੍ਰਹਮ ਗਿਆਨੀ = ਪਰਮਾਤਮਾ ਨਾਲ ਸਾਂਝ ਰੱਖਣ ਵਾਲਾ। ਬ੍ਰਹਮ ਗਿਆਨੀ ਸੰਤਹੁ = ਪਰਮਾਤਮਾ ਨਾਲ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਖੋਜਹੁ = ਭਾਲ ਕਰੋ। ਬਿਸਮ = ਅਸਚਰਜ। ਬਿਸਮਨ ਬਿਸਮ = ਬਹੁਤ ਹੀ ਹੈਰਾਨ ਕਰਨ ਵਾਲੀ। ਬਿਸਮਾਦਾ = ਹੈਰਾਨੀ ਪੈਦਾ ਕਰਨ ਵਾਲੀ ਅਵਸਥਾ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਪਰਾਨੀ = ਹੇ ਪ੍ਰਾਣੀ!੧।ਰਹਾਉ।

ਗਨਿ = ਗਿਣ ਕੇ। ਮਿਨਿ = ਮਿਣ ਕੇ। ਬੀਚਾਰਿ = ਵਿਚਾਰ ਕੇ। ਕੋ = ਕੋਈ। ਸਕੈ ਨ ਤਾਰਿ = ਤਾਰਿ ਨ ਸਕੈ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}ਸਗਲ = ਸਾਰੇ। ਸੰਗਿ = ਨਾਲ। ਭਵਜਲੁ = ਸੰਸਾਰ = ਸਮੁੰਦਰ। ਤਰੀਐ = ਤਰਿਆ ਜਾ ਸਕਦਾ ਹੈ। ਕੈ ਰੰਗਿ = ਦੇ ਪ੍ਰੇਮ ਵਿਚ ਰਿਹਾਂ।੨।

ਦੇਹੀ = ਸਰੀਰ। ਧੋਇ = ਧੋ ਕੇ। ਦੁਬਿਧਾ = ਦੁ = ਚਿੱਤਾ = ਪਨ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣਾ। ਫੈਲੁ = ਖਿਲਾਰਾ, ਪਸਾਰਾ। ਅਉਖਧੁ = ਦਾਰੂ, ਦਵਾਈ। ਤਾ ਕਾ = ਉਸ (ਮਨੁੱਖ) ਦਾ।੩।

ਤੇ = ਤੋਂ। ਕਬਹੁ ਨ = ਕਦੇ ਭੀ ਨ। ਗਪਾਲ = ਹੇ ਗੋਪਾਲ! {ਅੱਖਰ 'ਗ' ਦੇ ਨਾਲ ਦੋ ਲਗਾਂ ਹਨ– ੋ ਅਤੇ ੁ। ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ) ਹੋਵਾ = ਹੋਵਾਂ, ਮੈਂ ਹੋ ਜਾਵਾਂ। ਸਰਧਾ = ਤਾਂਘ, ਇੱਛਾ। ਪੂਰਿ = ਪੂਰੀ ਕਰ।੪।

ਅਰਥ: ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਸਦਾ ਪਰਮਾਤਮਾ ਦੀ ਖੋਜ ਕਰਦੇ ਰਹੋ। ਹੇ ਪ੍ਰਾਣੀ! ਸਦਾ) ਪਰਮਾਤਮਾ ਦਾ ਸਿਮਰਨ ਕਰਦਾ ਰਹੁ; (ਸਿਮਰਨ ਦੀ ਬਰਕਤਿ ਨਾਲ) ਬੜੀ ਹੀ ਹੈਰਾਨ ਕਰਨ ਵਾਲੀ ਅਸਚਰਜ ਆਤਮਕ ਅਵਸਥਾ ਬਣ ਜਾਇਗੀ, ਤੂੰ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਏਂਗਾ।੧।ਰਹਾਉ।

(ਹੇ ਪ੍ਰਭੂ! ਕਿਰਪਾ ਕਰ) ਮੈਂ ਦਿਨ ਰਾਤ ਹਰਿ-ਨਾਮ ਜਪਦਾ ਰਹਾਂ, (ਤੇ ਇਸ ਤਰ੍ਹਾਂ) ਪਰਲੋਕ ਵਿਚ ਤੇਰੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲਵਾਂ। (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਨੂੰ) ਸਦਾ ਆਨੰਦ ਬਣਿਆ ਰਹਿੰਦਾ ਹੈ, ਕਦੇ ਉਸ ਨੂੰ ਚਿੰਤਾ ਨਹੀਂ ਵਾਪਰਦੀ; ਹਉਮੈ ਦਾ ਰੋਗ ਕਦੇ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।੧।

ਹੇ ਸੰਤ ਜਨੋ! ਸਾਰੇ ਗਹੁ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ। (ਨਾਮ ਤੋਂ ਬਿਨਾ) ਹੋਰ ਸਾਰੇ ਹੀ ਹੀਲੇ (ਮਨੁੱਖ ਦੇ) ਨਾਲ ਨਹੀਂ ਜਾਂਦੇ (ਸਹਾਇਤਾ ਨਹੀਂ ਕਰਦੇ) ਪ੍ਰਭੂ ਦੇ ਪ੍ਰੇਮ-ਰੰਗ ਵਿਚ ਰਿਹਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।੨।

(ਹੇ ਸੰਤ ਜਨੋ! ਤੀਰਥ ਆਦਿਕਾਂ ਤੇ) ਸਰੀਰ ਨੂੰ ਧੋਤਿਆਂ (ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਨਹੀਂ ਹੁੰਦੀ, (ਸਗੋਂ ਇਹ) ਹਉਮੈ ਆਪਣਾ ਦਬਾਉ ਪਾ ਲੈਂਦੀ ਹੈ (ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰ ਆਇਆ ਹਾਂ। ਮਨੁੱਖ ਦੇ ਅੰਦਰ) ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਦਾ ਪਸਾਰਾ ਪਸਰ ਜਾਂਦਾ ਹੈ (ਮਨੁੱਖ ਪਖੰਡੀ ਹੋ ਜਾਂਦਾ ਹੈ। ਹੇ ਸੰਤ ਜਨੋ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੀ ਦਵਾਈ ਖਾਂਦਾ ਹੈ, ਉਸ ਦਾ ਸਾਰਾ (ਮਾਨਸਕ) ਰੋਗ ਦੂਰ ਹੋ ਜਾਂਦਾ ਹੈ।੩।

ਹੇ ਪਾਰਬ੍ਰਹਮ! ਹੇ ਦਇਆ ਦੇ ਘਰ! ਮੇਰੇ ਉਤੇ) ਕਿਰਪਾ ਕਰ। ਹੇ ਗੋਪਾਲ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਵਿੱਸਰ। ਹੇ ਪ੍ਰਭੂ! ਮੈਂ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ-ਨਾਨਕ ਦੀ ਇਹ ਤਾਂਘ ਪੂਰੀ ਕਰ।੪।੨੨।੩੩।

ਰਾਮਕਲੀ ਮਹਲਾ ੫ ॥ ਤੇਰੀ ਸਰਣਿ ਪੂਰੇ ਗੁਰਦੇਵ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਸਮਰਥੁ ਪੂਰਨ ਪਾਰਬ੍ਰਹਮੁ ॥ ਸੋ ਧਿਆਏ ਪੂਰਾ ਜਿਸੁ ਕਰਮੁ ॥੧॥ ਤਰਣ ਤਾਰਣ ਪ੍ਰਭ ਤੇਰੋ ਨਾਉ ॥ ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ ॥੧॥ ਰਹਾਉ ॥ ਜਪਿ ਜਪਿ ਜੀਵਾ ਤੇਰਾ ਨਾਉ ॥ ਆਗੈ ਦਰਗਹ ਪਾਵਉ ਠਾਉ ॥ ਦੂਖੁ ਅੰਧੇਰਾ ਮਨ ਤੇ ਜਾਇ ॥ ਦੁਰਮਤਿ ਬਿਨਸੈ ਰਾਚੈ ਹਰਿ ਨਾਇ ॥੨॥ ਚਰਨ ਕਮਲ ਸਿਉ ਲਾਗੀ ਪ੍ਰੀਤਿ ॥ ਗੁਰ ਪੂਰੇ ਕੀ ਨਿਰਮਲ ਰੀਤਿ ॥ ਭਉ ਭਾਗਾ ਨਿਰਭਉ ਮਨਿ ਬਸੈ ॥ ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥੩॥ ਕੋਟਿ ਜਨਮ ਕੇ ਕਾਟੇ ਫਾਹੇ ॥ ਪਾਇਆ ਲਾਭੁ ਸਚਾ ਧਨੁ ਲਾਹੇ ॥ ਤੋਟਿ ਨ ਆਵੈ ਅਖੁਟ ਭੰਡਾਰ ॥ ਨਾਨਕ ਭਗਤ ਸੋਹਹਿ ਹਰਿ ਦੁਆਰ ॥੪॥੨੩॥੩੪॥ {ਪੰਨਾ 893}

ਪਦਅਰਥ: ਗੁਰਦੇਵ = ਹੇ ਗੁਰਦੇਵ! ਸਮਰਥੁ = ਸਭ ਤਾਕਤਾਂ ਦਾ ਮਾਲਕ। ਸੋ = ਉਹ ਬੰਦਾ। ਜਿਸੁ = ਜਿਸ ਉਤੇ। ਕਰਮੁ = ਬਖ਼ਸ਼ਸ਼।੧।

ਤਰਣ = ਬੇੜੀ। ਪ੍ਰਭ = ਹੇ ਪ੍ਰਭੂ! ਗਹੀ = ਫੜੀ। ਮਨ ਮੇਰੈ = ਮੇਰੇ ਮਨ ਨੇ। ਠਾਉ = ਥਾਂ।੧।ਰਹਾਉ।

ਜਪਿ = ਜਪ ਕੇ। ਜਪਿ ਜਪਿ = ਮੁੜ ਮੁੜ ਜਪ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਦਾ ਹਾਂ। ਮਨ ਤੇ = ਮਨ ਤੋਂ। ਜਾਇ = ਚਲਾ ਜਾਂਦਾ ਹੈ। ਦੁਰਮਤਿ = ਭੈੜੀ ਮਤਿ। ਰਾਚੈ = ਰਚਦਾ ਹੈ, ਲੀਨ ਹੁੰਦਾ ਹੈ। ਨਾਇ = ਨਾਮ ਵਿਚ।੨।

ਸਿਉ = ਨਾਲ। ਚਰਨ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਨਿਰਮਲ = ਪਵਿੱਤਰ। ਰੀਤਿ = ਮਰਯਾਦਾ। ਭਉ = ਡਰ। ਨਿਰਭਉ = ਡਰ = ਰਹਿਤ ਪਰਮਾਤਮਾ। ਮਨਿ = ਮਨ ਵਿਚ। ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਰਸਨਾ = ਜੀਭ (ਨਾਲ) ੩।

ਕੋਟਿ = ਕ੍ਰੋੜਾਂ। ਸਚਾ = ਸਦਾ ਕਾਇਮ ਰਹਿਣ ਵਾਲਾ। ਲਾਹੇ = ਖੱਟੀ, ਨਫ਼ਾ। ਤੋਟਿ = ਘਾਟਾ। ਅਖੁਟ = ਕਦੇ ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ। ਸੋਹਹਿ = ਸੋਭਦੇ ਹਨ। ਦੁਆਰ = ਦੁਆਰਿ, ਦਰਵਾਜ਼ੇ ਤੇ।੪।

ਅਰਥ: ਹੇ ਪ੍ਰਭੂ! ਤੇਰਾ ਨਾਮ (ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਲਈ ਜਹਾਜ਼ ਹੈ। ਮੇਰੇ ਮਨ ਨੇ ਇਕ ਤੇਰੀ ਹੀ ਓਟ ਲਈ ਹੈ। ਹੇ ਪ੍ਰਭੂ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਆਸਰੇ ਵਾਲੀ) ਥਾਂ ਨਹੀਂ ਸੁੱਝਦੀ।੧।ਰਹਾਉ।

ਹੇ ਸਰਬ-ਗੁਣ ਭਰਪੂਰ ਤੇ ਸਭ ਤੋਂ ਵੱਡੇ ਦੇਵਤੇ! ਮੈਂ ਤੇਰੀ ਸਰਨ ਆਇਆ ਹਾਂ। ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ। ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹਰ ਥਾਂ ਵਿਆਪਕ ਪਰਮੇਸ਼ਰ ਹੈਂ। ਉਹੀ ਮਨੁੱਖ ਤੇਰਾ ਧਿਆਨ ਧਰ ਸਕਦਾ ਹੈ ਜਿਸ ਉਤੇ ਤੇਰੀ ਪੂਰੀ ਬਖ਼ਸ਼ਸ਼ ਹੋਵੇ।੧।

ਹੇ ਮੇਰੇ ਗੁਰਦੇਵ! ਤੇਰਾ ਨਾਮ ਜਪ ਜਪ ਕੇ ਮੈਂ (ਇਥੇ) ਆਤਮਕ ਜੀਵਨ ਹਾਸਲ ਕਰ ਰਿਹਾ ਹਾਂ, ਅਗਾਂਹ ਤੇਰੀ ਹਜ਼ੂਰੀ ਵਿਚ ਮੈਂ (ਟਿਕਣ ਜੋਗਾ) ਥਾਂ ਪ੍ਰਾਪਤ ਕਰ ਸਕਾਂਗਾ। ਹੇ ਪ੍ਰਭੂ! ਜਿਹੜਾ ਮਨੁੱਖ ਤੇਰੇ ਨਾਮ ਵਿਚ ਲੀਨ ਹੁੰਦਾ ਹੈ, (ਉਸ ਦੇ ਅੰਦਰੋਂ) ਭੈੜੀ ਮਤਿ ਦੂਰ ਹੋ ਜਾਂਦੀ ਹੈ, ਉਸ ਦੇ ਮਨ ਤੋਂ ਦੁੱਖ-ਕਲੇਸ਼ ਤੇ (ਮਾਇਆ ਦੇ ਮੋਹ ਦਾ) ਹਨੇਰਾ ਚਲਾ ਜਾਂਦਾ ਹੈ।੨।

(ਹੇ ਭਾਈ! ਪਰਮਾਤਮਾ ਦਾ ਨਾਮ ਜਪਣਾ ਹੀ) ਪੂਰੇ ਗੁਰੂ ਦੀ ਪਵਿੱਤਰ ਜੀਵਨ-ਮਰਯਾਦਾ ਹੈ (ਜਿਹੜਾ ਮਨੁੱਖ ਇਹ ਮਰਯਾਦਾ ਧਾਰਨ ਕਰਦਾ ਹੈ, ਉਸ ਦਾ) ਪਿਆਰ (ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ। ਜਿਹੜਾ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਨਿੱਤ ਜਪਦਾ ਹੈ, ਡਰ-ਰਹਿਤ ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ (ਇਸ ਵਾਸਤੇ ਉਸ ਦਾ ਹਰੇਕ) ਡਰ ਦੂਰ ਹੋ ਜਾਂਦਾ ਹੈ।੩।

ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ। (ਭਗਤੀ ਦਾ ਸਦਕਾ ਉਹਨਾਂ ਦੇ ਪਹਿਲੇ ਕ੍ਰੋੜਾਂ ਜਨਮਾਂ ਦੇ (ਮਾਇਆ ਦੇ) ਬੰਧਨ ਕੱਟੇ ਜਾਂਦੇ ਹਨ (ਜੀਵ ਇਥੇ ਜਗਤ ਵਿਚ ਹਰਿ-ਨਾਮ-ਧਨ ਦਾ ਵਣਜ ਕਰਨ ਆਉਂਦੇ ਹਨ। ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ) ਸਦਾ ਕਾਇਮ ਰਹਿਣ ਵਾਲਾ ਨਾਮ-ਧਨ-ਨਫ਼ਾ ਖੱਟ ਲੈਂਦੇ ਹਨ (ਉਹਨਾਂ ਪਾਸ ਇਸ ਨਾਮ-ਧਨ ਦੇ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਭਰ ਜਾਂਦੇ ਹਨ ਜਿਨ੍ਹਾਂ ਵਿਚ) ਕਦੇ ਘਾਟਾ ਨਹੀਂ ਪੈਂਦਾ।੪।੨੩।੩੪।

ਰਾਮਕਲੀ ਮਹਲਾ ੫ ॥ ਰਤਨ ਜਵੇਹਰ ਨਾਮ ॥ਸਤੁ ਸੰਤੋਖੁ ਗਿਆਨ ॥ ਸੂਖ ਸਹਜ ਦਇਆ ਕਾ ਪੋਤਾ ॥ ਹਰਿ ਭਗਤਾ ਹਵਾਲੈ ਹੋਤਾ ॥੧॥ ਮੇਰੇ ਰਾਮ ਕੋ ਭੰਡਾਰੁ ॥ ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥ ਕੀਰਤਨੁ ਨਿਰਮੋਲਕ ਹੀਰਾ ॥ ਆਨੰਦ ਗੁਣੀ ਗਹੀਰਾ ॥ ਅਨਹਦ ਬਾਣੀ ਪੂੰਜੀ ॥ ਸੰਤਨ ਹਥਿ ਰਾਖੀ ਕੂੰਜੀ ॥੨॥ ਸੁੰਨ ਸਮਾਧਿ ਗੁਫਾ ਤਹ ਆਸਨੁ ॥ ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥ ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥ ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥ ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥ ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥ ਦਇਆਲ ਪੁਰਖ ਨਾਨਕ ਅਰਦਾਸਿ ॥ ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥ {ਪੰਨਾ 893-894}

ਪਦਅਰਥ: ਸਤੁ = ਦਾਨ, ਸੇਵਾ। ਗਿਆਨ = ਪਰਮਾਤਮਾ ਨਾਲ ਜਾਣ-ਪਛਾਣ, ਉੱਚੇ ਆਤਮਕ ਜੀਵਨ ਦੀ ਸੂਝ। ਸਹਜ = ਆਤਮਕ ਅਡੋਲਤਾ। ਪੋਤਾ = ਪੋਤਹ, ਖ਼ਜ਼ਾਨਾ। ਭਗਤਾ ਹਵਾਲੈ = ਭਗਤਾਂ ਦੇ ਵੱਸ ਵਿਚ।੧।

ਕੋ = ਦਾ। ਭੰਡਾਰੁ = ਖ਼ਜ਼ਾਨਾ। ਖਾਤ = ਖਾਂਦਿਆਂ। ਖਰਚਿ = ਖ਼ਰਚ ਕੇ, ਵਰਤ ਕੇ। ਤੋਟਿ = ਕਮੀ। ਪਾਰਾਵਾਰੁ = {ਪਾਰ = ਅਵਾਰ} ਪਾਰਲਾ ਤੇ ਉਰਲਾ ਬੰਨਾ।੧।ਰਹਾਉ।

ਨਿਰਮੋਲਕ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ। ਗੁਣੀ = ਗੁਣਾਂ ਦਾ ਮਾਲਕ ਪ੍ਰਭੂ। ਗਹੀਰਾ = ਡੂੰਘਾ, ਸਮੁੰਦਰ। ਅਨਹਦ {अन्हत} ਬਿਨਾ ਵਜਾਏ ਵੱਜਣ ਵਾਲੀ, ਇੱਕ = ਰਸ ਜਾਰੀ ਰਹਿਣ ਵਾਲੀ। ਬਾਣੀ = ਸਿਫ਼ਤਿ-ਸਾਲਾਹ ਦੀ ਰੌ। ਪੂੰਜੀ = ਸਰਮਾਇਆ, ਰਾਸ। ਸੰਤਨ ਹਥਿ = ਸੰਤਾਂ ਦੇ ਹੱਥ ਵਿਚ। ਕੂੰਜੀ = ਕੁੰਜੀ।੨।

ਸੁੰਨ = ਸੁੰਞ, ਫੁਰਨਿਆਂ ਦਾ ਅਭਾਵ, ਜਿੱਥੇ ਕੋਈ ਮਾਇਕ ਫੁਰਨਾ ਨਾਹ ਉੱਠੇ। ਤਹ = ਉਥੇ, ਉਸ ਹਿਰਦੇ ਵਿਚ। ਗੁਫਾ ਆਸਨੁ = ਗੁਫ਼ਾ ਵਿਚ ਟਿਕਾਣਾ। ਬਾਸਨੁ = ਵਾਸ। ਸੰਗਿ = ਨਾਲ। ਗੋਸਟਿ = ਮਿਲਾਪ। ਹਰਖ = ਖ਼ੁਸ਼ੀ। ਸੋਗ = ਗ਼ਮ। ਮਰਤ ਮੌਤ।੩।

ਕਰਿ = ਕਰ ਕੇ। ਜਿਸੁ = ਜਿਸ ਮਨੁੱਖ ਨੂੰ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਤਿਨਿ = ਉਸ (ਮਨੁੱਖ) ਨੇ। ਦਇਆਲ = ਹੇ ਦਇਆ ਦੇ ਘਰ ਪ੍ਰਭੂ! ਨਾਨਕ ਅਰਦਾਸਿ = ਨਾਨਕ ਦੀ ਅਰਜ਼ੋਈ। ਵਰਤਣਿ = ਹਰ ਵੇਲੇ ਵਰਤੀ ਜਾਣ ਵਾਲੀ ਸ਼ੈ। ਰਾਸਿ = ਪੂੰਜੀ, ਸਰਮਾਇਆ।੪।

ਅਰਥ: (ਹੇ ਭਾਈ!) ਪਿਆਰੇ ਪ੍ਰਭੂ ਦਾ ਖ਼ਜ਼ਾਨਾ (ਐਸਾ ਹੈ ਕਿ ਉਸ ਨੂੰ) ਆਪ ਵਰਤਦਿਆਂ ਤੇ ਹੋਰਨਾਂ ਨੂੰ ਵੰਡਦਿਆਂ (ਉਸ ਵਿਚ) ਕਮੀ ਨਹੀਂ ਆਉਂਦੀ। ਉਸ ਪਰਮਾਤਮਾ ਦੇ ਖ਼ਜ਼ਾਨੇ ਦਾ ਅੰਤ ਨਹੀਂ ਲੱਭਦਾ, ਉਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭਦਾ।੧।ਰਹਾਉ।

(ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਨਾਮ (ਹੀ) ਰਤਨ ਤੇ ਜਵਾਹਰਾਤ ਹਨ, ਉਸ ਵਿਚ ਸਤ ਸੰਤੋਖ ਤੇ ਉੱਚੇ ਆਤਮਕ ਜੀਵਨ ਦੀ ਸੂਝ ਕੀਮਤੀ ਪਦਾਰਥ ਹਨ। ਉਹ ਖ਼ਜ਼ਾਨਾ ਸੁਖ, ਆਤਮਕ ਅਡੋਲਤਾ ਤੇ ਦਇਆ ਦਾ ਸੋਮਾ ਹੈ। ਪਰ ਉਹ ਖ਼ਜ਼ਾਨਾ ਪਰਮਾਤਮਾ ਦੇ ਭਗਤਾਂ ਦੇ ਸਪੁਰਦ ਹੋਇਆ ਹੋਇਆ ਹੈ।੧।

(ਹੇ ਭਾਈ! ਪਿਆਰੇ ਪ੍ਰਭੂ ਦਾ ਖ਼ਜ਼ਾਨਾ ਐਸਾ ਹੈ ਜਿਸ ਵਿਚ ਉਸ ਦਾ) ਕੀਰਤਨ ਇਕ ਅਜਿਹਾ ਹੀਰਾ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ (ਉਸ ਕੀਰਤਨ ਦੀ ਬਰਕਤਿ ਨਾਲ) ਗੁਣਾਂ ਦੇ ਮਾਲਕ ਸਮੁੰਦਰ-ਪ੍ਰਭੂ (ਦੇ ਮਿਲਾਪ) ਦਾ ਆਨੰਦ (ਪ੍ਰਾਪਤ ਹੁੰਦਾ ਹੈ) । (ਕੀਰਤਨ ਦੀ ਬਰਕਤ ਨਾਲ ਪੈਦਾ ਹੋਈ) ਇੱਕ-ਰਸ ਜਾਰੀ ਰਹਿਣ ਵਾਲੀ ਸਿਫ਼ਤਿ-ਸਾਲਾਹ ਦੀ ਰੌ (ਉਸ ਖ਼ਜ਼ਾਨੇ ਵਿਚ ਮਨੁੱਖ ਲਈ) ਸਰਮਾਇਆ ਹੈ। (ਪਰ ਪਰਮਾਤਮਾ ਨੇ ਇਸ ਖ਼ਜ਼ਾਨੇ ਦੀ) ਕੁੰਜੀ ਸੰਤਾਂ ਦੇ ਹੱਥ ਵਿਚ ਰੱਖੀ ਹੋਈ ਹੈ।੨।

(ਹੇ ਭਾਈ! ਜਿਸ ਹਿਰਦੇ-ਘਰ ਵਿਚ ਉਹ ਖ਼ਜ਼ਾਨਾ ਆ ਵੱਸਦਾ ਹੈ) ਉਥੇ ਐਸੀ ਸਮਾਧੀ ਬਣੀ ਰਹਿੰਦੀ ਹੈ ਜਿਸ ਵਿਚ ਕੋਈ ਮਾਇਕ ਫੁਰਨਾ ਨਹੀਂ ਉੱਠਦਾ, (ਪਹਾੜਾਂ ਦੀਆਂ ਕੰਦ੍ਰਾਂ ਦੇ ਥਾਂ ਉਸ ਹਿਰਦੇ-) ਗੁਫ਼ਾ ਵਿਚ ਮਨੁੱਖ ਦੀ ਸੁਰਤੀ ਟਿਕੀ ਰਹਿੰਦੀ ਹੈ, ਉਸ ਹਿਰਦੇ-ਘਰ ਵਿਚ ਸਿਰਫ਼ ਪੂਰਨ ਪਰਮਾਤਮਾ ਦਾ ਨਿਵਾਸ ਬਣਿਆ ਰਹਿੰਦਾ ਹੈ। (ਜਿਸ ਭਗਤ ਦੇ ਹਿਰਦੇ ਵਿਚ ਉਹ ਖ਼ਜ਼ਾਨਾ ਪਰਗਟ ਹੋ ਪੈਂਦਾ ਹੈ ਉਸ) ਭਗਤ ਨਾਲ ਪ੍ਰਭੂ ਮਿਲਾਪ ਬਣਾ ਲੈਂਦਾ ਹੈ, ਉਸ ਹਿਰਦੇ ਵਿਚ ਖ਼ੁਸ਼ੀ ਗ਼ਮੀ ਜਨਮ-ਮਰਨ (ਦੇ ਗੇੜ ਦੇ ਡਰ) ਦਾ ਕੋਈ ਅਸਰ ਨਹੀਂ ਹੁੰਦਾ।੩।

(ਪਰ, ਹੇ ਭਾਈ! ਸਿਰਫ਼) ਉਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹ ਨਾਮ-ਧਨ ਲੱਭਾ ਹੈ ਜਿਸ ਨੂੰ ਪ੍ਰਭੂ ਨੇ ਆਪ ਕਿਰਪਾ ਕਰ ਕੇ ਇਹ ਧਨ ਦਿਵਾਇਆ ਹੈ। ਹੇ ਦਇਆ ਦੇ ਸੋਮੇ ਅਕਾਲ ਪੁਰਖ! (ਤੇਰੇ ਸੇਵਕ) ਨਾਨਕ ਦੀ ਭੀ ਇਹੀ ਅਰਜ਼ੋਈ ਹੈ ਕਿ ਤੇਰਾ ਨਾਮ ਮੇਰਾ ਸਰਮਾਇਆ ਬਣਿਆ ਰਹੇ, ਤੇਰਾ ਨਾਮ ਮੇਰੀ ਹਰ ਵੇਲੇ ਦੀ ਵਰਤਣ ਵਾਲੀ ਸ਼ੈ ਬਣੀ ਰਹੇ।੪।੨੪।੩੫।

TOP OF PAGE

Sri Guru Granth Darpan, by Professor Sahib Singh